
ਅਮਰੀਕਾ ਵਿਚ ਪੁਲਿਸ ਦੇ ਹੱਥੋਂ ਇਕ ਨਾਗਰਿਕ ਨਾਲ ਲੋੜ ਤੋਂ ਜ਼ਿਆਦਾ ਤਾਕਤ ਦੀ ਵਰਤੋਂ ਕੀਤੇ ਜਾਣ ਕਾਰਨ ਹੋਈ ......
ਅਮਰੀਕਾ ਵਿਚ ਪੁਲਿਸ ਦੇ ਹੱਥੋਂ ਇਕ ਨਾਗਰਿਕ ਨਾਲ ਲੋੜ ਤੋਂ ਜ਼ਿਆਦਾ ਤਾਕਤ ਦੀ ਵਰਤੋਂ ਕੀਤੇ ਜਾਣ ਕਾਰਨ ਹੋਈ ਮੌਤ ਦੇ ਬਾਅਦ ਉਸੇ ਤਰ੍ਹਾਂ ਦਾ ਇਕ ਮਾਮਲਾ ਤਾਮਿਲਨਾਡੂ ਵਿਚ ਅੱਗੇ ਆ ਕੇ ਤੂਲ ਫੜੀ ਜਾ ਰਿਹਾ ਹੈ। ਇਕ ਦੁਕਾਨਦਾਰ, ਜੇਰਾਜ ਵਲੋਂ ਕਰਫ਼ਿਊ ਵਿਚ ਮਿਲੀ ਖੁਲ੍ਹ ਤੋਂ ਬਾਅਦ ਵੀ ਦੁਕਾਨ ਖੋਲ੍ਹਣ 'ਤੇ, ਉਸ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਤੇ ਫਿਰ ਜਦ ਪੁੱਤਰ ਫ਼ੀਨੀਕਸ, ਪਿਉ ਦਾ ਪਤਾ ਲੈਣ ਲਈ ਗਿਆ ਤਾਂ ਉਸ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ।
George Floyd
ਉਸ ਦੇ ਬਾਅਦ ਪੁਲਿਸ ਹਿਰਾਸਤ ਵਿਚ ਉਨ੍ਹਾਂ ਉਤੇ ਜੋ ਤਸ਼ੱਦਦ ਹੋਇਆ, ਉਸ ਦਾ ਵੇਰਵਾ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ। ਜਦ ਕੋਈ ਪੰਜਾਬੀ ਉਹ ਵੇਰਵਾ ਪੜ੍ਹੇਗਾ ਤਾਂ ਉਸ ਦੇ ਦਿਲ ਵਿਚ ਪੁਲਿਸ ਪ੍ਰਤੀ ਕਦੀ ਹਮਦਰਦੀ ਦੀ ਭਾਵਨਾ ਨਹੀਂ ਜਾਗੇਗੀ। ਤਾਮਿਲਨਾਡੂ ਦੇ ਇਸ ਪਿਉ-ਪੁੱਤਰ ਦੇ ਗੁਪਤ ਅੰਗਾਂ 'ਤੇ ਡੰਡਿਆਂ ਨਾਲ ਇੰਨਾ ਤਸ਼ੱਦਦ ਕੀਤਾ ਗਿਆ ਕਿ ਉਨ੍ਹਾਂ ਦੋਵਾਂ ਨੂੰ ਖ਼ੂਨ ਵਗਣ ਲੱਗ ਪਿਆ।
File Photo
ਉਨ੍ਹਾਂ ਦੇ ਨਿਜੀ ਅੰਗਾਂ 'ਤੇ ਡੰਡੇ ਇਸ ਤਰ੍ਹਾਂ ਮਾਰੇ ਗਏ ਜਿਵੇਂ ਦੌਰੀ ਵਿਚ ਚਟਣੀ ਰਗੜੀ ਜਾ ਰਹੀ ਹੁੰਦੀ ਹੈ। ਇਹ ਸੱਭ ਪੜ੍ਹ ਕੇ ਉਹ ਵੇਰਵੇ ਯਾਦ ਆਉਂਦੇ ਹਨ ਜਦ ਪੰਜਾਬ ਵਿਚ ਅਤਿਵਾਦੀ ਕਰਾਰ ਦਿਤੇ ਨੌਜਵਾਨ ਮਰਦਾਂ ਅਤੇ ਔਰਤਾਂ ਦੇ ਗੁਪਤ ਅੰਗਾਂ ਅੰਦਰ ਮਿਰਚਾਂ ਲਾ ਕੇ ਇਸੇ ਤਰ੍ਹਾਂ ਉਨ੍ਹਾਂ ਨੂੰ ਡੰਡੇ ਮਾਰੇ ਜਾਂਦੇ ਸਨ। ਕਈ ਅਨਾਥ ਬੱਚਿਆਂ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਉਨ੍ਹਾਂ ਦੇ ਮਾਂ-ਬਾਪ ਨੂੰ ਪੁਲਿਸ ਦੀਆਂ ਗੱਡੀਆਂ ਪਿਛੇ ਬੰਨ੍ਹੀ ਪਿੰਡ ਦੇ ਰੜੇ ਮੈਦਾਨਾਂ ਵਿਚ ਉਦੋਂ ਤਕ ਘਸੀਟਿਆ ਜਾਂਦਾ ਸੀ
File Photo
ਜਦ ਤਕ ਗੋਡੇ ਛਿੱਲੇ ਜਾਣ ਮਗਰੋਂ ਸ੍ਰੀਰ ਦੀ ਹੱਡੀ ਹੱਡੀ ਵੀ ਪਿਸ ਨਹੀਂ ਸੀ ਜਾਂਦੀ। ਇਤਿਹਾਸ ਵਿਚ ਮੰਨਿਆ ਜਾਂਦਾ ਹੈ ਕਿ ਚੀਨ ਵਿਚ ਤਸ਼ੱਦਦ ਕਰਨ ਦੇ ਤਰੀਕੇ ਬਹੁਤ ਖ਼ੂੰਖ਼ਾਰ ਹੁੰਦੇ ਸਨ। ਪਰ ਜਦ ਅਮਰੀਕਾ ਨੇ ਅਪਣੇ ਦੇਸ਼ ਤੋਂ ਬਾਹਰ ਅੰਤਰਰਾਸ਼ਟਰੀ ਅਤਿਵਾਦ ਨੂੰ ਕਾਬੂ ਕਰਨ ਦੇ ਕੇਂਦਰ ਬਣਾਉਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੇ ਤਸ਼ੱਦਦ ਕਰਨ ਵਿਚ ਚੀਨ ਨੂੰ ਵੀ ਪਿਛੇ ਛੱਡ ਦਿਤਾ।
Police
ਅਪਣੇ ਸੂਬੇ ਦੀ ਪੁਲਿਸ ਹੋਵੇ ਜਾਂ ਤਾਮਿਲਨਾਡੂ ਦੀ, ਭਾਰਤ ਦੀ ਹੋਵੇ, ਚੀਨ ਦੀ ਹੋਵੇ ਜਾਂ ਅਮਰੀਕਾ ਦੀ ਹੋਵੇ, ਇਕ ਗੱਲ ਸਾਰਿਆਂ ਵਿਚ ਸਾਂਝੀ ਹੈ ਕਿ ਵਰਦੀ ਪਾਉਂਦੇ ਹੀ ਇਨਸਾਨ ਹੈਵਾਨ ਬਣ ਜਾਂਦਾ ਹੈ। ਕਿੰਨੇ ਹੀ ਕਿੱਸੇ ਸੁਣੇ ਜਦ ਬਚਪਨ ਦੇ ਦੋਸਤ ਵੱਖ-ਵੱਖ ਰਸਤੇ ਚਲ ਪਏ ਤੇ ਦੋਹਾਂ ਵਿਚੋਂ ਇਕ ਨੂੰ ਵਰਦੀ ਵਾਲੀ ਨੌਕਰੀ ਮਿਲ ਗਈ ਜਿਸ ਮਗਰੋਂ ਵਰਦੀ ਪਾਈ ਪੁਲਸੀਏ ਨੇ ਅਪਣੇ ਹੀ ਦੋਸਤ ਉਤੇ ਉਹ ਤਸ਼ੱਦਦ ਢਾਹਿਆ ਜੋ ਸ਼ਾਇਦ ਸ਼ੈਤਾਨ ਨੂੰ ਵੀ ਨਾ ਢਾਹ ਸਕਦਾ।
Nirbhaya Case
ਨਿਰਭਇਆ-ਜੋਤੀ ਸਿੰਘ ਦੇ ਬਲਾਤਕਾਰੀਆਂ ਤੇ ਇਸ ਤਰ੍ਹਾਂ ਦੇ ਪੁਲਿਸ ਅਫ਼ਸਰਾਂ ਵਿਚ ਕੀ ਅੰਤਰ ਹੈ? ਸਿਰਫ਼ ਇਕ ਵਰਦੀ ਹੈ ਜੋ ਇਨ੍ਹਾਂ ਦੇ ਹਰ ਤਸ਼ੱਦਦ ਨੂੰ ਬਚਾ ਲੈਂਦੀ ਹੈ! ਸਾਲ 2019 ਦੀ ਤਸ਼ੱਦਦ ਬਾਰੇ ਰੀਪੋਰਟ ਮੁਤਾਬਕ ਭਾਰਤ ਵਿਚ ਹਰ ਰੋਜ਼ ਪੰਜ ਲੋਕ ਹਿਰਾਸਤ ਵਿਚ ਮਰ ਜਾਂਦੇ ਹਨ। ਸਾਲ ਵਿਚ 1,731 ਮੌਤਾਂ ਵਿਚੋਂ 1,606 ਜੁਡੀਸ਼ੀਅਲ ਕਸਟਡੀ ਵਿਚ ਤੇ 125 ਪੁਲਿਸ ਹਿਰਾਸਤ ਵਿਚ ਹੋਈਆਂ।
Rape
ਉਤਰ ਪ੍ਰਦੇਸ਼ ਵਿਚ 14 ਤੇ ਤਾਮਿਲਨਾਡੂ ਤੇ ਪੰਜਾਬ ਵਿਚ 11 ਮੌਤਾਂ, ਪੁਲਿਸ ਹਿਰਾਸਤ (2019) ਵਿਚ ਹੋਈਆਂ। ਇਨ੍ਹਾਂ ਮੌਤਾਂ ਦੇ ਵੇਰਵੇ ਪੜ੍ਹ ਕੇ ਇੰਜ ਜਾਪਦਾ ਹੈ ਕਿ ਅੱਜ ਜਿਹੜਾ ਸਮਾਜਕ ਜੀਵ ਦਾ ਮਖੌਟਾ ਇਨਸਾਨ ਪਾਈ ਘੁੰਮਦਾ ਫਿਰ ਰਿਹਾ ਹੈ, ਉਹ ਨਿਰਾ ਝੂਠਾ ਹੈ। ਅਸਲ ਵਿਚ ਇਨਸਾਨ ਅਜੇ ਵੀ ਇਕ ਜੰਗਲੀ ਜਾਨਵਰ ਅਖਵਾਉਣ ਦੇ ਕਾਬਲ ਹੀ ਬਣ ਸਕਿਆ ਹੈ ਤੇ ਵਰਦੀ ਪਾ ਕੇ ਹੀ ਇਸ ਜਾਨਵਰ ਨੂੰ ਅਪਣੀ ਅਸਲੀਅਤ ਵਿਖਾਉਣ ਦੀ ਤਾਕਤ ਮਿਲ ਜਾਂਦੀ ਹੈ।
Police
ਸੱਚ ਦਸਾਂ ਤਾਂ ਅੱਜ ਸਾਡੇ ਘਰਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਹਿੰਸਾ ਦਾ ਸ਼ਿਕਾਰ ਬਣਾਏ ਜਾਂਦੇ ਹਨ। ਜਾਨਵਰਾਂ ਨਾਲ ਖੋਜ ਨਾਲ ਸਬੰਧਤ ਤਜਰਬੇ, ਤਕਨੀਕੀ ਵਿਕਾਸ, ਸੰਵਾਦ ਦੇ ਨਾਮ 'ਤੇ ਅਣਕਹਿਆ ਤਸ਼ੱਦਦ ਢਾਹਿਆ ਜਾਂਦਾ ਹੈ। ਸਾਨੂੰ ਪੁਲਿਸ ਦਾ ਤਸ਼ੱਦਦ ਸੱਭ ਤੋਂ ਜ਼ਿਆਦਾ ਚੁਭਦਾ ਹੈ ਕਿਉਂਕਿ ਉਸ ਨੂੰ ਸਜ਼ਾ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਵੀ ਪੁਲਿਸ ਅੱਗੇ ਹੀ ਝੁਕਣਾ ਪੈਂਦਾ ਹੈ। ਪਰ ਅਸਲ ਗੱਲ ਇਹ ਸਮਝਣ ਦੀ ਹੈ ਕਿ ਹਰ ਇਨਸਾਨ ਜੋ ਤਾਕਤ ਵਿਚ ਆਉਂਦਾ ਹੈ, ਉਹ ਸੱਤਾ ਦਾ ਇਕ ਅੰਸ਼ ਵੀ ਹੱਥ ਵਿਚ ਆਉਂਦਿਆਂ ਹੀ, ਜਾਨਵਰ ਕਿਉਂ ਬਣ ਜਾਂਦਾ ਹੈ? - ਨਿਮਰਤ ਕੌਰ