Editorial: ਹਵਾਈ ਸੈਨਾ ਮੁਖੀ ਦੀਆਂ ਖਰੀਆਂ ਖਰੀਆਂ...
Published : May 31, 2025, 6:41 am IST
Updated : May 31, 2025, 7:39 am IST
SHARE ARTICLE
The Air Force Chief's remarks Editorial
The Air Force Chief's remarks Editorial

ਅਪਰੇਸ਼ਨ ਸਿੰਧੂਰ ਤੋਂ ਇਹ ਸਪਸ਼ਟ ਹੋ ਹੀ ਗਿਆ ਹੈ ਕਿ ਅਜੋਕੇ ਸਮਿਆਂ ਵਿਚ ਜੰਗ ਰਵਾਇਤੀ ਢੰਗ ਨਾਲ ਨਹੀਂ ਲੜੀ ਜਾਂਦੀ

The Air Force Chief's remarks Editorial: ਅਪਰੇਸ਼ਨ ਸਿੰਧੂਰ ਦੀ ਕਾਮਯਾਬੀ ਦੇ ਬਾਵਜੂਦ ਭਾਰਤੀ ਹਵਾਈ ਸੈਨਾ ਦੇ ਮੁਖੀ, ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਅਪਣੀ ਸਾਫ਼ਗੋਈ ਤਿਆਗੀ ਨਹੀਂ। ਰੱਖਿਆ ਮਾਮਲਿਆਂ ਵਿਚ ਢਿੱਲ-ਮੱਠ ਦੇ ਖ਼ਿਲਾਫ਼ ਸਪਸ਼ਟ-ਬਿਆਨੀ ਰਾਹੀਂ ਉਹ ਸਰਕਾਰੀ ਆਗੂਆਂ ਤੇ ਬਾਬੂਆਂ ਨੂੰ ਫ਼ਰਵਰੀ ਮਹੀਨੇ ਤੋਂ ਇਹ ਸੁਨੇਹਾ ਦਿੰਦੇ ਆ ਰਹੇ ਹਨ ਕਿ ਅਤਿਆਧੁਨਿਕ ਜੰਗੀ ਸਾਜ਼ੋ-ਸਾਮਾਨ ਤੋਂ ਬਿਨਾਂ ਜਾਂਬਾਜ਼ ਤੋਂ ਜਾਂਬਾਜ਼ ਫ਼ੌਜ ਵੀ ਜੰਗਾਂ ਨਹੀਂ ਜਿੱਤ ਸਕਦੀ। ਉਨ੍ਹਾਂ ਨੇ ਇਹ ਸਿਲਸਿਲਾ ਬੰਗਲੌਰ ਏਅਰੋ ਸ਼ੋਅ ਸਮੇਂ ਸ਼ੁਰੂ ਕੀਤਾ ਸੀ।

ਉਸ ਸਮੇਂ ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ (ਹਾਲ) ਦੇ ਬੰਗਲੌਰ ਕੈਂਪਸ ਦਾ ਦੌਰਾ ਕਰਦਿਆਂ ਉਨ੍ਹਾਂ ਨੇ ਸਰਕਾਰੀ ਖੇਤਰ ਦੇ ਇਸ ‘ਨਵਰਤਨ’ ਅਦਾਰੇ ਦੇ ਪ੍ਰਬੰਧਕਾਂ ਨੂੰ ਯਾਦ ਕਰਵਾਇਆ ਸੀ ਕਿ ਤੇਜਸ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 31 ਦਸੰਬਰ 2024 ਤਕ ਸਪਲਾਈ ਕਰਨ ਦਾ ਵਾਅਦਾ ਇਸ ਅਦਾਰੇ ਨੇ ਪੂਰਾ ਨਹੀਂ ਕੀਤਾ ਅਤੇ ਭਾਰਤੀ ਹਵਾਈ ਫ਼ੌਜ ਨੂੰ ਇਸ ਖੇਪ ਦਾ ਇਕ ਵੀ ਜਹਾਜ਼ (ਦੋ ਵਾਰ ਵਧਾਈ ਗਈ ਮੌਹਲਤ ਦੇ ਬਾਵਜੂਦ) ਦਸੰਬਰ ਵਾਲੀ ਸਮਾਂ-ਸੀਮਾ ਦੌਰਾਨ ਨਹੀਂ ਮਿਲਿਆ। ਉਨ੍ਹਾਂ ਨੇ ‘ਹਾਲ’ ਸਮੇਤ ਸਾਰੀਆਂ ‘ਫ਼ੌਜੀ’ ਕੰਪਨੀਆਂ ਨੂੰ ਜੰਗੀ ਸਾਮਾਨ ਦੀ ਡਿਲੀਵਰੀ ਵਾਸਤੇ ਤੈਅਸ਼ੁਦਾ ਸਮਾਂ-ਸੀਮਾ ਦਾ ਪਾਬੰਦ ਰਹਿਣ ਦੀ ਤਾਕੀਦ ਕੀਤੀ ਸੀ ਅਤੇ ਚਿਤਾਵਨੀ ਦਿਤੀ ਸੀ ਕਿ ਇਹ ਕੰਪਨੀਆਂ ਸਮੇਂ ਦੀ ਪਾਬੰਦਗੀ ਛੇਤੀ ਤੋਂ ਛੇਤੀ ਸਿੱਖਣ ਨਹੀਂ ਤਾਂ ਹਵਾਈ ਸੈਨਾ ਅਪਣੀਆਂ ਲੋੜਾਂ ਦੀ ਪੂਰਤੀ ਹਿੱਤ ਭਾਰਤ ਤੋਂ ਬਾਹਰਲੇ ਸਰੋਤਾਂ ਦੀ ਤਲਾਸ਼ ਸ਼ੁਰੂ ਕਰ ਦੇਵੇਗੀ।


ਵੀਰਵਾਰ ਨੂੰ ਨਵੀਂ ਦਿੱਲੀ ਵਿਚ ਸੀ.ਆਈ.ਆਈ. ਦੇ ਕਾਰੋਬਾਰੀ ਸਿਖਰ ਸੰਮੇਲਨ ਵਿਚ ਹਿੱਸਾ ਲੈਂਦਿਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਹਾਜ਼ਰੀ ਵਿਚ ਏਅਰ ਚੀਫ਼ ਮਾਰਸ਼ਲ ਨੇ ਫ਼ਰਵਰੀ ਵਾਲੇ ਅਪਣੇ ਬਚਨ-ਬਿਲਾਸ ਦੁਹਰਾਏ। ਨਾਲ ਹੀ ਉਨ੍ਹਾਂ ਅਤਿਆਧੁਨਿਕ ਜੰਗੀ ਸਾਜ਼-ਸਮੱਗਰੀ ਦੀ ਘਾਟ ਅਤੇ ਭਾਰਤੀ ਸਨਅਤੀ ਅਦਾਰਿਆਂ ਦੀ ਨਾਅਹਿਲੀਅਤ ਦਾ ਵਿਸ਼ਾ ਮੁੜ ਉਠਾਇਆ ਅਤੇ ਕਿਹਾ ਕਿ ਫ਼ੌਜੀ ਪ੍ਰਾਜੈਕਟਾਂ ਲਈ ਜੋ ਸਮਾਂ-ਸੀਮਾਵਾਂ ਤੈਅ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ‘ਮੁਕੱਦਸ’ ਮੰਨਿਆ ਜਾਣਾ ਚਾਹੀਦਾ ਹੈ। ਹਰ ਪ੍ਰਾਜੈਕਟ ਨੂੰ ਤੈਅਸ਼ੁਦਾ ਸਮੇਂ ਦੇ ਅੰਦਰ ਪੂਰਾ ਕਰਨ ਦਾ ਹੁਨਰ ਤੇ ਖ਼ੂਬੀ, ਰੱਖਿਆ ਖੇਤਰ ਨਾਲ ਜੁੜੇ ਅਦਾਰਿਆਂ ਦਾ ਇਕੋਇਕ ਟੀਚਾ ਹੋਣਾ ਚਾਹੀਦਾ ਹੈ। ਸਰਕਾਰੀ ਖੇਤਰ ਦੇ ਅਦਾਰੇ ਅਜਿਹੇ ਟੀਚਿਆਂ ਦੀ ਅਣਦੇਖੀ ਕਰਨ ਲਈ ਬਦਨਾਮ ਰਹੇ ਹਨ। ਇਸ ਬਿਰਤੀ ਦਾ ਅਸਰ, ਰੱਖਿਆ ਖੇਤਰ ਨਾਲ ਜੁੜੇ ਪ੍ਰਾਈਵੇਟ ਅਦਾਰਿਆਂ ਉੱਤੇ ਵੀ ਪੈਣ ਲੱਗਾ ਹੈ।

ਉਹ ਵੀ ਮੋਹਲਤ ਦੀ ਪਾਬੰਦਗੀ ਨੂੰ ਨਜ਼ਰਅੰਦਾਜ਼ ਕਰਨ ਦੇ ਰਾਹ ’ਤੇ ਤੁਰ ਪਏ ਹਨ। ਉਨ੍ਹਾਂ ਚਿਤਾਵਨੀ ਦਿਤੀ ਕਿ ‘‘ਇਸ ਰੁਝਾਨ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਲੀਆਂ ਭੇਡਾਂ ਨੂੰ ਕਾਲੀਆਂ ਭੇਡਾਂ ਦੱਸਣ ਦਾ ਅਮਲ ਬਹੁਤ ਛੇਤੀ ਸ਼ੁਰੂ ਕੀਤਾ ਜਾਵੇਗਾ।’’ ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਨੂੰ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਹਿਫ਼ਾਜ਼ਤ ਕਰਨ ਵਾਸਤੇ ਲੜਾਕੂ ਜਹਾਜ਼ਾਂ ਦੀਆਂ ਘੱਟੋਘਟ 42 ਸਕੁਐਡਰਨਾਂ ਦੀ ਲੋੜ ਹੈ, ਪਰ ਇਸ ਵੇਲੇ ਉਸ ਕੋਲ ਮਹਿਜ਼ 30 ਸਕੁਐਡਰਨਾਂ ਲਈ ਲੋੜੀਂਦੇ ਲੜਾਕੂ ਜਹਾਜ਼ ਹਨ। ਇਸ ਨੇ 83 ਲੜਾਕੂ ਤੇਜਸ ਜਹਾਜ਼ਾਂ ਦੀ ਸਪਲਾਈ ਦਾ ਠੇਕਾ 2021 ਵਿਚ ‘ਹਾਲ’ ਨਾਲ ਕੀਤਾ ਸੀ। ਇਸੇ ਤਰ੍ਹਾਂ ਇਕ ਹੋਰ ਅਨੁਬੰਧ ਦੇ ਤਹਿਤ ‘ਹਾਲ’ ਨੇ 70 ਬੁਨਿਆਦੀ ਟ੍ਰੇਨਰ ਜਹਾਜ਼ਾਂ (ਐੱਚ.ਟੀ.ਵੀ.-40) ਦੀ ਸਪਲਾਈ ਇਸ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਕਰਨੀ ਹੈ, ਪਰ ਇਸ ਦਿਸ਼ਾ ਵਿਚ ਵੀ ਪ੍ਰਗਤੀ ਦੀ ਰਫ਼ਤਾਰ ਬਹੁਤ ਸੁਸਤ ਹੈ। ਅਜਿਹੀ ਸੂਰਤ ਵਿਚ ਹਵਾਈ ਸੈਨਾ ਦੇ ਚੀਫ਼ ਦਾ ਪਾਰਾ ਜੇ ਉੱਚਾ ਚੜਿ੍ਹਆ ਹੋਇਆ ਹੈ ਤਾਂ ਇਸ ’ਤੇ ਕਿਸੇ ਨੂੰ ਵੀ ਉਜ਼ਰ ਨਹੀਂ ਹੋਣਾ ਚਾਹੀਦਾ। 


ਅਪਰੇਸ਼ਨ ਸਿੰਧੂਰ ਤੋਂ ਇਹ ਸਪਸ਼ਟ ਹੋ ਹੀ ਗਿਆ ਹੈ ਕਿ ਅਜੋਕੇ ਸਮਿਆਂ ਵਿਚ ਜੰਗ ਰਵਾਇਤੀ ਢੰਗ ਨਾਲ ਨਹੀਂ ਲੜੀ ਜਾਂਦੀ। ਇਹ ਟੈਕਨਾਲੋਜੀ ਨਾਲ ਲੜੀ ਜਾਂਦੀ ਹੈ। ਪਾਕਿਸਤਾਨੀ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਅਜ਼ਰਬਾਇਜਾਨ ਵਿਚ ਸਪਸ਼ਟ ਤੌਰ ’ਤੇ ਕਬੂਲਿਆ ਕਿ ਭਾਰਤ ਵਲੋਂ ਬ੍ਰਹਿਮੌਸ ਮਿਸਾਈਲਾਂ ਦੀ ਵਰਤੋਂ ਨੇ ਪਾਕਿਸਤਾਨ ਨੂੰ ਜੰਗਬੰਦੀ ਦੇ ਰਾਹ ਪਾਇਆ। ਇਨ੍ਹਾਂ ਮਿਸਾਈਲਾਂ ਨੇ ਨੂਰ ਖ਼ਾਨ (ਰਾਵਲਪਿੰਡੀ), ਸ਼ਾਹ ਮੁਰੀਦ (ਚਕਲਾਲਾ) ਤੇ ਰਹੀਮ ਯਾਰ ਖ਼ਾਨ (ਸਰਗੋਧਾ) ਸਥਿਤ ਫ਼ੌਜੀ ਹਵਾਈ ਅੱਡਿਆਂ ਨੂੰ ਫ਼ੌਰੀ ਤੌਰ ’ਤੇ ਵਰਤੋਂਯੋਗ ਨਹੀਂ ਸੀ ਰਹਿਣ ਦਿਤਾ। ਇਸੇ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਭਾਰਤੀ ਹਵਾਈ ਸੈਨਾ ਕੋਲ ਬ੍ਰਹਿਮੋਸ ਵਰਤਣ ਲਈ ਲੋੜੀਂਦੀ ਟੈਕਨਾਲੋਜੀ ਨਾ ਹੁੰਦੀ ਤਾਂ ਇਹ ਮਿਸਾਈਲ ‘ਬ੍ਰਹਮਸਤਰ’ ਸਾਬਤ ਨਹੀਂ ਸੀ ਹੋਣੀ।

ਕੁਲ ਮਿਲਾ ਕੇ ਜੋ ਸਾਫ਼ਗੋਈ ਉਨ੍ਹਾਂ ਵਲੋਂ ਦਰਸਾਈ ਜਾ ਰਹੀ ਹੈ, ਉਸ ਨੂੰ ਰੱਖਿਆ ਨਿਰਮਾਣ ਅਦਾਰਿਆਂ ਦੀ ਨੁਕਤਾਚੀਨੀ ਵਜੋਂ ਨਹੀਂ ਬਲਕਿ ਉਨ੍ਹਾਂ ਨੂੰ ਹਲੂਣਨ ਦੀ ਕੋਸ਼ਿਸ਼ ਮੰਨਿਆ ਜਾਣਾ ਚਾਹੀਦਾ ਹੈ। ਡੀ.ਆਰ.ਡੀ.ਓ. ਜਾਂ ‘ਹਾਲ’ ਵਰਗੇ ਅਦਾਰੇ ਹਰ ਕੰਮ ਸੁਸਤੀ ਨਾਲ ਕਰਨ ਦੇ ਆਦੀ ਸਮਝੇ ਜਾਂਦੇ ਰਹੇ ਹਨ, ਪਰ ਸਮਾਂ ਹੁਣ ਸੁਸਤੀ ਦਿਖਾਉਣ ਦਾ ਨਹੀਂ ਰਿਹਾ। ਸੁਸਤੀ ਨੂੰ ਚੁਸਤੀ ਵਿਚ ਬਦਲਣ ਲਈ ਏਅਰ ਚੀਫ਼ ਦੀਆਂ ਖਰੀਆਂ ਖਰੀਆਂ ਜੇਕਰ ਕਾਰਗਰ ਸਾਬਤ ਹੁੰਦੀਆਂ ਹਨ ਤਾਂ ਇਸ ਵਿਚ ਰਾਸ਼ਟਰ ਦਾ ਵੀ ਭਲਾ ਹੈ ਅਤੇ ਇਨ੍ਹਾਂ ਅਦਾਰਿਆਂ ਦਾ ਵੀ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement