ਆਈ ਦੀਵਾਲੀ : ਹਵਾ ਅਤੇ ਪਾਣੀ ਬਣੇ ਗੰਧਲੇ ਸਰਕਾਰ, ਕਿਸਾਨ ਤੇ ਸਮਾਜ ਰਲ ਕੇ ਇਸ ਸਮੱਸਿਆ ਦਾ ਹੱਲ ਲੱਭ ਸਕਦੇ ਹਨ!
Published : Oct 13, 2017, 12:00 am IST
Updated : Oct 12, 2017, 6:30 pm IST
SHARE ARTICLE

ਸਾਲ ਦਰ ਸਾਲ, ਇਨ੍ਹਾਂ ਮਹੀਨਿਆਂ ਵਿਚ ਦੀਵਾਲੀ ਦੀ ਆਤਿਸ਼ਬਾਜ਼ੀ ਅਤੇ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਸਾੜਨ ਕਰ ਕੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਪਰ ਅਫ਼ਸੋਸ ਕਿ ਇਸ ਸਮੱਸਿਆ ਦਾ ਹੱਲ ਅਜੇ ਵੀ ਨਹੀਂ ਨਿਕਲ ਰਿਹਾ। ਦੀਵਾਲੀ ਦੇ ਪ੍ਰਦੂਸ਼ਣ ਤੋਂ ਬਚਣ ਵਾਸਤੇ ਦਿੱਲੀ ਵਿਚ ਪਟਾਕਿਆਂ ਦੀ ਵਿਕਰੀ ਬੰਦ ਕਰਨ ਦੀ ਹਦਾਇਤ ਤਾਂ ਕਰ ਦਿਤੀ ਗਈ ਹੈ ਪਰ ਦਿੱਲੀ ਦੇ ਲੋਕ ਦਿੱਲੀ ਦੀਆਂ ਸਰਹੱਦਾਂ ਜਾਂ ਗੁਆਂਢੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਤੋਂ ਪਟਾਕੇ ਲਿਆ ਕੇ ਅਪਣੇ ਇਲਾਕੇ ਦੀ ਹਵਾ ਆਪ ਹੀ ਖ਼ਰਾਬ ਕਰ ਲੈਣਗੇ। ਪੰਜਾਬ ਵਿਚ ਖੇਤਾਂ ਨੂੰ ਅੱਗ ਲਾਉਣ ਤੇ ਪਾਬੰਦੀ ਲਾਈ ਗਈ ਸੀ ਪਰ ਉਸ ਦਾ ਅਸਰ ਤਾਂ ਕੁੱਝ ਨਹੀਂ ਸੀ ਹੋਇਆ।ਪੰਜਾਬ ਸਰਕਾਰ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਫ਼ਸਲ ਵੱਢਣ ਤੋਂ ਬਾਅਦ ਅੱਗ ਲਾਉਣ ਤੋਂ ਬਗ਼ੈਰ ਖੇਤ ਸਾਫ਼ ਕਰਨ ਦੇ ਤਰੀਕੇ ਸਿਖਾਏ ਅਤੇ ਉਨ੍ਹਾਂ ਨੂੰ ਇਸ ਲਈ ਸਹੂਲਤਾਂ ਵੀ ਦਿਤੀਆਂ। ਪੰਜਾਬ ਸਰਕਾਰ ਨੂੰ ਇਸ ਦਾ ਸਬੂਤ ਦੇਣ ਦੀ ਹਦਾਇਤ ਨੈਸ਼ਨਲ ਗਰੀਨ ਟਰੀਬਿਊਨਲ ਵਲੋਂ ਦਿਤੀ ਗਈ ਹੈ ਕਿਉਂਕਿ ਕਿਸਾਨਾਂ ਨੇ ਸਰਕਾਰ ਨੂੰ ਝੂਠਾ ਆਖਿਆ ਹੈ। ਪਰ ਜੇ ਸਰਕਾਰ ਸੱਚੀ ਵੀ ਨਿਕਲਦੀ ਹੈ ਤਾਂ ਇਸ ਵਿਚ ਕੋਈ ਵੱਡੀ ਗੱਲ ਨਹੀਂ ਕਿ 21 ਕਿਸਾਨਾਂ ਨੂੰ ਇਹ ਸਿਖਲਾਈ ਦਿਤੀ ਗਈ। ਕਿਸਾਨ, ਸਰਕਾਰ ਤੋਂ ਮੁਆਵਜ਼ਾ ਮੰਗਦੇ ਹਨ ਪਰ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਸਬਸਿਡੀਆਂ ਘਟਾਉਣ ਤੇ ਲੱਗੀ ਹੋਈ ਹੈ। ਹਰਿਆਣਾ ਵਿਚ ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਵਲੋਂ ਖੇਤਾਂ ਵਿਚ ਪਰਾਲੀ ਸਾੜੀ ਜਾ ਰਹੀ ਹੈ।ਗ੍ਰੀਨ ਟਰੀਬਿਊਨਲ ਵਲੋਂ ਸਰਕਾਰ ਦੀ ਖਿਚਾਈ ਕੀਤੀ ਗਈ ਹੈ ਪਰ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਇਸ ਨੂੰ ਸਰਕਾਰ ਅਤੇ ਕਿਸਾਨ ਵਿਚਕਾਰ ਲੜਾਈ ਵਜੋਂ ਨਹੀਂ ਲੈਣਾ ਚਾਹੀਦਾ। ਸਾਫ਼ ਹਵਾ ਦੀ ਤਾਂ ਕਿਸਾਨ ਦੇ ਬੱਚਿਆਂ ਨੂੰ ਵੀ ਜ਼ਰੂਰਤ ਹੈ ਅਤੇ ਸਰਕਾਰ ਨੂੰ ਵੀ। ਇਹ ਬੜੀ ਢੁਕਵੀਂ ਸੋਚ ਹੈ 

ਜਿਸ ਨੂੰ ਅਫ਼ਸੋਸ, ਭਾਰਤੀ ਸਮਾਜ ਨਹੀਂ ਅਪਣਾ ਰਿਹਾ। ਭਾਰਤੀ ਸੋਚ ਵਿਚ ਦੂਰਅੰਦੇਸ਼ੀ ਅਤੇ ਜ਼ਿੰਮੇਵਾਰੀ ਦਾ ਅੰਸ਼ ਬਹੁਤ ਘੱਟ ਹੈ ਅਤੇ ਲੋਕ ਇਹ ਵੀ ਨਹੀਂ ਸਮਝਦੇ ਕਿ ਉਹ ਅਪਣਾ ਹੀ ਨੁਕਸਾਨ ਕਰ ਰਹੇ ਹਨ। ਖੇਤਾਂ ਦੀਆਂ ਅੱਗਾਂ ਹੋਣ ਜਾਂ ਪਾਣੀ ਨੂੰ ਬਚਾਉਣ ਦੀ ਜ਼ਰੂਰਤ, ਅੱਜ ਆਮ ਭਾਰਤੀ ਨਾਗਰਿਕ ਅਤੇ ਸਰਕਾਰਾਂ ਦੋਵੇਂ ਹੀ ਦੋਸ਼ੀ ਹਨ। 
ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ। ਚੇਤਾਵਨੀਆਂ ਮਿਲਦੀਆਂ ਆ ਰਹੀਆਂ ਸਨ ਪਰ ਪੰਜਾਬ ਸਰਕਾਰ ਸਾਲਾਂ ਤੋਂ ਹੱਥ ਉਤੇ ਹੱਥ ਧਰ ਕੇ ਬੈਠੀ ਰਹੀ। ਅਕਾਲੀ ਸਰਕਾਰ ਲਈ ਚੋਣ ਜਿਤਣਾ ਏਨਾ ਜ਼ਰੂਰੀ ਸੀ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਜ਼ਮੀਨ ਹੇਠਲਾ ਪਾਣੀ ਕੱਢਣ ਦੀ ਇਜਾਜ਼ਤ ਦੇ ਦਿਤੀ ਤੇ ਅੱਜ ਪੂਰਾ ਪੰਜਾਬ ਉਸ ਦੀ ਕੀਮਤ ਤਾਰ ਰਿਹਾ ਹੈ। ਪੰਜਾਬ ਵਿਚ ਨਵੀਂ ਕਾਂਗਰਸ ਸਰਕਾਰ ਆਈ ਨੂੰ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਲੰਘ ਗਿਆ ਹੈ ਪਰ ਸੂਬੇ ਦੀਆਂ ਜੋ ਮੁਢਲੀਆਂ ਮੁਸ਼ਕਲਾਂ ਹਨ ਉਨ੍ਹਾਂ ਪ੍ਰਤੀ ਦੂਰਅੰਦੇਸ਼ੀ ਵਾਲੀ ਕੋਈ ਸੋਚ ਨਹੀਂ ਅਪਣਾਈ ਜਾ ਰਹੀ। ਕਿਸਾਨਾਂ ਦੀਆਂ ਵੋਟਾਂ ਉਨ੍ਹਾਂ ਲਈ ਕਰਜ਼ਾ ਮਾਫ਼ੀ ਦੇ ਐਲਾਨ ਤੋਂ ਮਿਲੀਆਂ ਸਨ ਅਤੇ ਅੱਜ ਕਿਸਾਨ ਹੀ ਸਰਕਾਰ ਵਿਰੁਧ ਡਾਂਗਾਂ ਚੁੱਕੀ ਖੜਾ ਹੈ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਕਾਂਗਰਸ, ਪੰਜਾਬ ਦੇ ਮਸਲਿਆਂ ਤੋਂ ਜਾਣੂ ਸੀ ਪਰ ਫਿਰ ਵੀ ਉਹ ਇਸ ਸਬੰਧ ਵਿਚ ਕੋਈ ਠੋਸ ਯੋਜਨਾ ਨਹੀਂ ਤਿਆਰ ਕਰ ਸਕੀ। 

ਰਾਜਸਥਾਨ ਵਿਚ ਵਸੁੰਧਰਾ ਰਾਜੇ ਨੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਕਰਨ ਦੇ ਉਪਰਾਲੇ ਸ਼ੁਰੂ ਕੀਤੇ। ਜਲ ਸਵਾਲੰਬਨ ਮੁਹਿੰਮ ਨਾਲ ਮਹੀਨਿਆਂ ਵਿਚ ਹੀ ਪਾਣੀ ਦੇ ਪੱਧਰ ਉਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਇਸ ਯੋਜਨਾ ਅਧੀਨ ਸਰਕਾਰ ਅਤੇ ਨਾਗਰਿਕਾਂ ਨੇ ਮਿਲ ਕੇ ਕੰਮ ਕੀਤਾ। ਹਰ ਸਰਕਾਰੀ ਅਫ਼ਸਰ ਉਤੇ ਨਜ਼ਰ ਰੱਖਣ ਵਾਸਤੇ ਤਕਨੀਕੀ ਟਰੈਕਿੰਗ (ਅਫ਼ਸਰਾਂ ਦੇ ਕੰਮ ਦਾ ਪਿੱਛਾ ਕਰਨ) ਦਾ ਪ੍ਰਯੋਗ ਕੀਤਾ ਗਿਆ। ਇਸ ਵਿਚ ਪੈਸੇ ਲਾਉਣ ਵਾਸਤੇ ਸਰਕਾਰ ਦੀ ਮਦਦ ਅਤੇ ਨਾਗਰਿਕ ਅਤੇ ਐਨ.ਜੀ.ਓ. ਅੱਗੇ ਆਏ ਅਤੇ 50 ਕਰੋੜ ਦੀ ਮਦਦ ਮਿਲੀ। ਇਸ ਉਪਰਾਲੇ ਵਿਚ ਪਾਣੀ ਬਚਾਉਣ ਦੇ ਪੁਰਾਤਨ ਤਰੀਕੇ ਵੀ ਅਪਣਾਏ ਗਏ।
ਕੁਦਰਤ ਤੋਂ ਬਗ਼ੈਰ ਇਨਸਾਨ ਕੁੱਝ ਵੀ ਨਹੀਂ ਅਤੇ ਕੁਦਰਤ ਦੀ ਸੰਭਾਲ ਨਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਹੈ ਬਲਕਿ ਕਿਸਾਨਾਂ ਦੀ ਬਰਾਬਰ ਦੀ ਭਾਈਵਾਲੀ ਵੀ ਜ਼ਰੂਰੀ ਹੈ। ਪਰ ਸਰਕਾਰ ਵਲੋਂ ਢਿੱਲ, ਕਿਸਾਨਾਂ ਵਲੋਂ 'ਮੁਫ਼ਤ ਦੇ ਮਾਲ' ਦੀ ਗ਼ਲਤ ਵਰਤੋਂ ਅਤੇ ਨਾਗਰਿਕਾਂ ਵਲੋਂ ਲਾਪ੍ਰਵਾਹੀ ਦੀ ਕੀਮਤ ਤਾਂ ਸਾਰਿਆਂ ਨੂੰ ਹੀ ਚੁਕਾਉਣੀ ਪਵੇਗੀ। ਤਾਂ ਫਿਰ ਕਿਉਂ ਨਹੀਂ ਸਾਰੇ ਮਿਲ ਕੇ ਪੰਜਾਬ ਦੇ ਪਾਣੀ ਅਤੇ ਹਵਾ ਦੀ ਜ਼ਿੰਮੇਵਾਰੀ ਲੈਂਦੇ?                                                                                              -ਨਿਮਰਤ ਕੌਰ

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement