ਅਕਾਲ ਤਖ਼ਤ ਸਾਹਿਬ ਉੱਚਾ ਹੀ ਰੱਖੋ
Published : Nov 24, 2017, 10:52 pm IST
Updated : Nov 24, 2017, 5:22 pm IST
SHARE ARTICLE

ਅਕਾਲ ਤਖ਼ਤ ਸਾਹਿਬ ਦੀ ਨੀਂਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਰੱਖੀ। ਉਸ ਸਮੇਂ ਉੱਚੇ ਚੌਂਤਰੇ ਉਤੇ ਬੈਠ ਕੇ 6ਵੇਂ ਪਾਤਸ਼ਾਹ ਸ੍ਰੀਰਕ ਬਲ ਦੀਆਂ ਖੇਡਾਂ ਤੇ ਯੋਧਿਆਂ ਦੀਆਂ ਵਾਰਾਂ ਸੁਣਦੇ। ਉਹ ਚਾਹੁੰਦੇ ਸਨ ਕਿ ਸਿੱਖ ਅਪਣੇ ਮਸਲੇ ਅਕਾਲ ਤਖ਼ਤ ਸਾਹਿਬ ਉਤੇ ਬੈਠ ਕੇ ਮੁਕਾ ਲਿਆ ਕਰਨ। ਸਮੇਂ ਨਾਲ ਇਸ ਚੌਤਰੇ ਨੇ ਇਮਾਰਤ ਦਾ ਰੂਪ ਧਾਰ ਲਿਆ। ਦਸਵੇਂ ਪਾਤਸ਼ਾਹ ਨੇ ਹਜ਼ੂਰ ਸਾਹਿਬ (ਨਾਂਦੇੜ) ਵਿਚ ਅੰਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਦਿਤੀ। ਹੁਕਮ ਕਰ ਦਿਤਾ, ''ਆਗਿਆ ਭਈ ਅਕਾਲ ਕੀ, ਤਬੀ ਚਲਾਇਉ ਪੰਥ। ਸੱਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ£'' ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਿਨੋਦ ਸਿੰਘ ਵਿਚਕਾਰ ਫ਼ਰਕ ਆ ਗਿਆ। ਤੱਤ ਖ਼ਾਲਸਾ ਤੇ ਬੰਦਈ ਖ਼ਾਲਸੇ ਦਾ ਰੌਲਾ ਇਤਿਹਾਸ ਅਨੁਸਾਰ ਅੰਮ੍ਰਿਤ ਸਰੋਵਰ ਵਿਚ ਪਰਚੀਆਂ ਪਾ ਕੇ ਭਾਈ ਮਨੀ ਸਿੰਘ ਨੇ ਹੱਲ ਕੀਤਾ। ਸਾਰੇ ਤੱਤ ਖ਼ਾਲਸਾ ਹੀ ਹੋ ਗਏ। 1718 ਤੋਂ 65 ਤਕ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤੇ ਜ਼ਾਲਮ ਹਾਕਮਾਂ ਨੇ ਬੇਤਹਾਸ਼ਾ ਤਸ਼ੱਦਦ ਕੀਤਾ। ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਹੋਰ ਵੱਧ ਗਈ। ਸਾਰੇ ਸਿੱਖ ਜਥੇ ਦੀਵਾਲੀ ਤੇ ਵਿਸਾਖ਼ੀ ਨੂੰ ਜਿਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸਨ ਤੇ ਉੱਥੇ ਅਪਣੇ ਮਸਲੇ ਇਕੱਠੇ ਬੈਠ ਕੇ ਨਜਿੱਠ ਲੈਂਦੇ ਸੀ। ਸਿੱਖ ਰਾਜ ਦੇ ਪਤਨ ਤੋਂ ਪਿੱਛੋਂ ਆਰੀਆ ਸਮਾਜ ਨੇ ਸਿੱਖਾਂ ਤੇ ਹਮਲੇ ਸ਼ੁਰੂ ਕਰ ਦਿਤੇ। ਸਮੇਂ ਅਨੁਸਾਰ ਸਿੰਘ ਸਭਾ ਲਹਿਰ ਉੱਠੀ। ਇਸ ਨੂੰ ਕਈ ਸਿੱਖ ਰਈਸਾਂ ਨੇ ਉਤਸ਼ਾਹਤ ਕੀਤਾ ਤੇ ਪ੍ਰੋ. ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਆਦਿ ਨੇ ਡਟ ਕੇ ਟਾਕਰਾ ਕੀਤਾ। 20ਵੀਂ ਸਦੀ ਦੇ ਮੁੱਢ ਵਿਚ ਗਿਆਨੀ ਸ਼ੇਰ ਸਿੰਘ ਤੇ ਗਿਆਨੀ ਬਾਘ ਸਿੰਘ ਪਿਸ਼ਾਵਰ ਵਿਖੇ ਵੀ ਸੰਸਥਾ ਅਨੁਸਾਰ ਟਾਕਰਾ ਕਰਦੇ ਰਹੇ। ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਇਨ੍ਹਾਂ ਬਹਿਸਾਂ ਵਿਚ ਸਦਾ ਗਿਆਨੀ ਸ਼ੇਰ ਸਿੰਘ ਜੇਤੂ ਹੁੰਦੇ ਸਨ। ਅਸੀ ਜਾਣਦੇ ਹਾਂ ਕਿ ਪਹਿਲਾਂ ਦਰਬਾਰ ਸਾਹਿਬ ਦੀ ਪ੍ਰੀਕਰਮਾ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਨ, ਜੋ ਪੰਡਿਤ ਮਦਨ ਮੋਹਨ ਮਾਲਵੀਆ ਨੇ ਇਤਰਾਜ਼ ਹੋਣ 'ਤੇ, ਦੁਰਗਿਆਣਾ ਮੰਦਰ ਵਿਚ ਰੱਖ ਲਈਆਂ। ਫਿਰ ਵੀ ਆਰੀਆ ਸਮਾਜੀ ਤੇ ਮਹਾਸ਼ਾ ਕ੍ਰਿਸ਼ਨ ਆਦਿ ਸਿੱਖ ਮਸਲਿਆਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰਦੇ ਰਹੇ ਪਰ ਸ਼੍ਰੋਮਣੀ ਕਮੇਟੀ ਦੀ ਇਕਜੁਟਤਾ ਕਾਰਨ ਸਫ਼ਲ ਨਾ ਹੋਏ। 


ਆਰ. ਐਸ. ਐਸ ਕੱਟੜ ਹਿੰਦੂ ਜਮਾਤ ਹੈ, ਜੋ ਸਨਾਤਨੀ ਹਿੰਦੂਆਂ ਤੋਂ ਅਪਣੇ ਆਪ ਨੂੰ ਉੱਚਾ ਸਮਝਦੀ ਹੈ। ਆਰ. ਐਸ. ਐਸ. ਦੀ ਕੋਸ਼ਿਸ਼ ਹੈ ਕਿ ਛੋਟੇ ਧਰਮਾਂ ਨੂੰ ਨਿਗਲ ਜਾਵੇ ਤੇ ਹਿੰਦੂ ਰਾਸ਼ਟਰ ਬਣਾਏ। ਪਹਿਲਾਂ ਕੁੱਝ ਸੰਸਥਾਵਾਂ ਕਾਂਗਰਸ ਦੇ ਨੇੜੇ ਹੁੰਦੀਆਂ ਸਨ। 1947 ਤਕ ਅਕਾਲੀ ਦਲ ਦਾ ਮੈਂਬਰ ਕਾਂਗਰਸ ਦਾ ਮੈਂਬਰ ਵੀ ਹੁੰਦਾ ਸੀ। ਭਾਵੇਂ 1940 ਵਿਚ ਮਾ. ਤਾਰਾ ਸਿੰਘ ਤੇ ਗਿ. ਕਰਤਾਰ ਸਿੰਘ ਨੇ ਫ਼ੌਜ ਵਿਚ ਸਿੱਖਾਂ ਦੀ ਭਰਤੀ ਦੇ ਮਸਲੇ ਤੇ ਅਸਤੀਫ਼ੇ ਦੇ ਦਿਤੇ ਸਨ, ਪਰ ਜਥੇਦਾਰ ਊਧਮ ਸਿੰਘ ਨਾਗੋਕੇ ਦਾ ਧੜਾ ਕਾਂਗਰਸ ਲਈ ਹੀ ਸਰਗਰਮ ਰਿਹਾ। ਗੁਰਦਵਾਰਾ ਐਕਟ ਵਿਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੋਈ ਮਾਨਤਾ ਉਪਾਧੀ ਨਹੀਂ ਦਿਤੀ। ਉਨ੍ਹਾਂ ਨੂੰ ਇਕ ਗ੍ਰੰਥੀ ਹੀ ਕਹਿੰਦਾ ਹੈ। ਇਹ ਗੱਲ ਠੀਕ ਹੈ ਕਿ ਗੁਰਦਵਾਰਾ ਐਕਟ ਵਿਚ ਬਹੁਤ ਤਰਮੀਮਾਂ ਹੋਣ ਵਾਲੀਆਂ ਹਨ, ਪਰ ਸਮੇਂ ਨਾਲ ਅਸੀ ਵੀ ਬਦਲ ਜਾਂਦੇ ਹਾਂ। 1943 ਵਿਚ ਸ਼੍ਰੋਮਣੀ ਕਮੇਟੀ ਨੇ ਸਰਬਸੰਮਤੀ ਨਾਲ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਦਿਵਾਇਆ ਸੀ ਕਿਉਂਕਿ ਉਹ ਸਿੱਖ ਹੀ ਹਨ, ਪਰ ਹੁਣ ਅਸੀ ਉਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੀ ਵੋਟ ਦਾ ਹੱਕ ਖੋਹ ਲਿਆ ਹੈ। ਕੀ ਉਹ ਸਿੱਖ ਨਹੀਂ ਰਹੇ? ਹਿੰਦੂ ਸੰਗਠਨਾਂ ਖ਼ਾਸ ਕਰ ਕੇ ਆਰ. ਐਸ. ਐਸ. ਦੀ ਤਾਂ ਕੋਸ਼ਿਸ਼ ਹੈ ਕਿ ਸਿੱਖ ਹਿੰਦੂ ਹੀ ਹਨ। ਇਸੇ ਆਧਾਰ ਉਤੇ ਹੀ ਇਨ੍ਹਾਂ ਨੇ ਰਾਸ਼ਟਰੀ ਸਿੱਖ ਸੰਗਤ ਖੜੀ ਕੀਤੀ ਜਦੋਂ ਕਿ ਬਾਬੇ ਨਾਨਕ ਨੇ 500 ਸਾਲ ਪਹਿਲਾਂ ਕਹਿ ਦਿਤਾ ਸੀ, ''ਨਾ ਹਮ ਹਿੰਦੂ ਨਾ ਮੁਸਲਮਾਨ'' ਵਿਧਾਨ ਵਿਚ ਸਿੱਖ ਧਰਮ ਨੂੰ ਅੱਡ ਧਰਮ ਨਹੀਂ ਮੰਨਿਆ ਗਿਆ। ਬਾਦਲ ਸਾਹਿਬ ਆਪ 1984 ਵਿਚ ਵਿਧਾਨ ਦੀ ਧਾਰਾ 25 ਸਾੜ ਚੁੱਕੇ ਹਨ। ਪਹਿਲਾਂ 6 ਸਾਲ ਅਕਾਲੀ ਦਲ ਦੇ 2 ਮੰਤਰੀ ਕੇਂਦਰ ਵਿਚ ਰਹੇ, ਹੁਣ ਸਾਢੇ ਤਿੰਨ ਸਾਲ ਤੋਂ ਬੀਬੀ ਹਰਸਿਮਰਤ ਕੌਰ ਮੰਤਰੀ ਹਨ, ਪਰ ਕੇਂਦਰ ਵਿਚ ਸਿੱਖਾਂ ਦੀ ਅੱਡ ਹਸਤੀ ਦੀ ਗੱਲ ਨਹੀਂ ਕੀਤੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਬਹੁਤ ਉੱਚਾ ਹੈ, ਪਰ ਉਨ੍ਹਾਂ ਨੂੰ ਰੁਤਬੇ ਅਹੁਦੇ ਕੰਮ ਵੀ ਕਰਨਾ ਚਾਹੀਦਾ ਹੈ। 1998 ਦੇ ਦਸੰਬਰ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਿਰਫ਼ ਇਹ ਕਹਿ ਦਿਤਾ ਸੀ ਕਿ ਬਾਦਲ ਸਾਹਿਬ ਅਕਾਲੀ ਦਲ ਦੀ ਪ੍ਰਧਾਨਗੀ ਜਾਂ ਮੁੱਖ ਮੰਤਰੀ ਦੇ ਅਹੁਦੇ ਵਿਚੋਂ ਇਕ ਰੱਖ ਲੈਣ ਤਾਂ ਬਾਦਲ ਧੜੇ ਨੇ ਕੋਹਰਾਮ ਮਚਾ ਦਿਤਾ। ਬਾਦਲ ਧੜੇ ਨੇ 1996 ਦੀਆਂ ਗੁਰਦਵਾਰਾ ਚੋਣਾਂ ਸਮੇਂ ਹੀ ਜਥੇ. ਟੌਹੜਾ ਦੇ ਪਰ ਕੁਤਰ ਦਿਤੇ ਸਨ। ਜਾਣਬੁੱਝ ਕੇ ਟੌਹੜਾ ਧੜੇ ਨੂੰ ਸ਼੍ਰੋਮਣੀ ਕਮੇਟੀ ਵਿਚ ਘੱਟ ਟਿਕਟ ਦਿਤੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਸਨ। ਉਨ੍ਹਾਂ ਨੇ ਬੇਹਤਰੀ ਲਈ ਇਹ ਹੀ ਕਿਹਾ ਸੀ, ''ਖ਼ਾਲਸੇ ਦਾ 300 ਸਾਲਾ ਜਨਮ ਦਿਨ ਇਕੱਠੇ ਮਨਾ ਲਉ, ਫਿਰ ਬੇਸ਼ੱਕ ਅੱਡ ਹੋ ਜਾਇਉ।'' ਇਹ ਬਾਦਲ ਸਾਹਿਬ ਨੂੰ ਮਨਜ਼ੂਰ ਨਾ ਹੋਇਆ। ਉਨ੍ਹਾਂ ਦੀ ਕੁਰਬਾਨੀ ਦਾ ਕੋਈ ਖ਼ਿਆਲ ਨਾ ਰਖਿਆ ਸਗੋਂ ਅਗਜ਼ੈਕਟਿਵ ਦੀ ਮੀਟਿੰਗ ਸੱਦ ਕੇ ਜਥੇਦਾਰ ਰਣਜੀਤ ਸਿੰਘ ਨੂੰ ਅਹੁਦੇ ਤੋਂ ਲਾਹ ਦਿਤਾ ਤੇ ਬੇਇੱਜ਼ਤ ਕੀਤਾ। ਗਿਆਨੀ ਗੁਰਬਚਨ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਚਲੇ ਆ ਰਹੇ ਹਨ ਕਿਉਂਕਿ ਉਹ ਬਾਦਲ ਸਾਹਿਬ ਦੀ ਹਰ ਗੱਲ ਮੰਨਦੇ ਹਨ। ਜਥੇਦਾਰ ਇਕ ਤਰ੍ਹਾਂ ਬਾਦਲ ਸਾਹਿਬ ਦਾ ਪ੍ਰਵਾਰ ਹੀ ਹੈ। ਛੋਟਾ ਘੱਲੂਘਾਰਾ ਗੁਰਦਵਾਰਾ ਸਾਹਿਬ ਦੇ ਮਸਲੇ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਜਾਣਾ ਹੀ ਨਹੀਂ ਸੀ ਚਾਹੀਦਾ। ਚੰਬਾ ਵਿਖੇ ਸਰਬੱਤ ਖ਼ਾਲਸੇ ਦਾ ਇਕੱਠ ਕਰ ਕੇ ਜਥੇਦਾਰ ਨੂੰ ਲਾਹੁਣਾ ਤਾਂ ਠੀਕ ਕਿਹਾ ਜਾ ਸਕਦਾ ਹੈ, ਪਰ ਸਾਰੇ ਪੰਥ ਦੀ ਰਾਏ ਤੋਂ ਬਿਨਾਂ ਨਵੇਂ ਜਥੇਦਾਰ ਲਾਉਣੇ ਠੀਕ ਨਹੀਂ ਸੀ। ਹੁਣ ਦੀਵਾਲੀ ਤੇ ਦੋਵੇਂ ਕਿਸਮ ਦੇ ਜਥੇਦਾਰਾਂ ਦਾ ਵਿਵਾਦ ਗ਼ਲਤ ਸੀ। ਸਰਕਾਰ ਨੇ ਠੀਕ ਕੀਤਾ ਤੇ ਦੀਵਾਲੀ ਤੇ ਕੋਈ ਹੰਗਾਮਾ ਨਾ ਹੋਣ ਦਿਤਾ, ਪਰ ਗਿਆਨੀ ਗੁਰਬਚਨ ਸਿੰਘ ਦੀ ਪ੍ਰਤਿਸ਼ਠਾ ਘਟੀ ਹੀ ਹੈ। 2016 ਵਿਚ ਜਥੇਦਾਰ ਵਲੋਂ ਸਰਸੇ ਵਾਲੇ ਸਾਧ ਨੂੰ ਬਹਾਲ ਕਰਨ ਦੀ ਗੱਲ ਨਾਲ ਗਿਆਨੀ ਗੁਰਬਚਨ ਸਿੰਘ ਇਸ ਪਦਵੀਂ ਦੇ ਲਾਇਕ ਹੀ ਨਹੀਂ ਸਨ ਰਹਿ ਗਏ। ਚੰਗਾ ਹੁੰਦਾ ਜੇਕਰ ਉਹ ਆਪ ਹੀ ਪਾਸਾ ਵੱਟ ਲੈਂਦੇ। ਇਸ ਨਾਲ ਉਨ੍ਹਾਂ ਦੀ ਵਡਿਆਈ ਹੋਣੀ ਸੀ, ਸਾਧ ਨੂੰ ਪਹਿਲਾਂ ਮਾਫ਼ ਕਰਨਾ ਕਹਿ ਕੇ ਫਿਰ ਮੁਆਫ਼ੀਨਾਮਾ ਰੱਦ ਕਰ ਕੇ ਕਿਸੇ ਪਾਸੇ ਦੇ ਨਾ ਰਹੇ। ਸੁੱਚਾ ਸਿੰਘ ਲੰਗਾਹ ਦਾ ਕਾਰਨਾਮਾ ਮਾੜਾ ਸੀ, ਨਿੰਦਣਯੋਗ ਹੈ, ਪਰ ਅਜਿਹੇ ਜੁਰਮ ਬਹੁਤ ਸਿੱਖਾਂ ਨੇ ਕੀਤੇ ਹੋਣਗੇ, ਉਨ੍ਹਾਂ ਦੀਆਂ ਉਦਾਹਰਣਾਂ ਵੀ ਮਿਲ ਸਕਦੀਆਂ ਹਨ, ਅਕਾਲ ਤਖ਼ਤ ਕਿਸ-ਕਿਸ ਨੂੰ ਕਢਦਾ ਰਹੇਗਾ? ਮੈਂ ਲੰਗਾਹ ਦਾ ਸਮਰਥਕ ਨਹੀਂ, ਪਰ ਅਕਾਲੀ ਦਲ ਦੇ ਪ੍ਰਧਾਨ ਦੇ ਕਹਿਣ ਤੇ ਪੰਥ ਵਿਚੋਂ ਛੇਕ ਦੇਣਾ ਜਾਇਜ਼ ਨਹੀਂ ਸੀ, ਜਦੋਂ ਕਿ ਜੁਰਮ ਅਜੇ ਸਾਬਤ ਨਹੀਂ ਹੋਏ। ਉਸ ਨੂੰ ਅਜੇ ਅਦਾਲਤ ਨੇ ਦੋਸ਼ੀ ਕਰਾਰ ਨਹੀਂ ਦਿਤਾ। ਸਿਰਫ਼ ਗੁਰਦਾਸਪੁਰ ਦੀ ਚੋਣ ਨੂੰ ਮੁੱਖ ਰੱਖ ਕੇ ਪੰਥ ਵਿਚੋਂ ਛੇਕ ਦਿਤਾ। ਜਥੇਦਾਰ ਜੀ ਜਵਾਬ ਨਹੀਂ ਦੇ ਸਕੇ ਕਿ ਬੀਬੀ ਜੰਗੀਰ ਕੌਰ ਦੇ ਕੇਸ ਵਿਚ ਉਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ, ਭਾਵੇਂ ਅਦਾਲਤ ਵਿਚ ਅਪੀਲ ਪੈਂਡਿੰਗ ਹੈ, ਪਰ ਉਸ ਬਾਰੇ ਕੋਈ ਕਾਰਵਾਈ ਕਿਉਂ ਨਾ ਕਰ ਸਕੇ? ਚੁੱਪ ਹੀ ਰਹੇ। ਇਨ੍ਹਾਂ ਗੱਲਾਂ ਵਿਚ ਜਥੇਦਾਰ ਸਾਹਿਬ ਦੇ ਦਖਲ ਦੇਣ ਦੀ ਲੋੜ ਨਹੀਂ।ਰਾਸ਼ਟਰੀ ਸਿੱਖ ਸੰਗਤ ਆਰ.ਐੱਸ.ਐੱਸ. ਦੀ ਪੈਦਾਇਸ਼ ਹੈ। ਰੁਲਦਾ ਸਿੰਘ ਦੇ ਸਮੇਂ ਤੋਂ ਕੀ ਮੁੱਢ ਤੋਂ ਹੀ ਪੰਥ ਵਿਰੁਧ ਕਾਰਵਾਈਆਂ ਕਰ ਰਹੀ ਹੈ ਤੇ ਸਿੱਖਾਂ ਦੀ ਅੱਡ ਹਸਤੀ ਖ਼ਤਮ ਕਰਨਾ ਚਾਹੁੰਦੇ ਹਨ। ਇਹ ਤਾਂ ਕਹਿੰਦੇ ਹਨ ਕਿ ਸਿੱਖ ਹਿੰਦੂ ਧਰਮ ਦੀ ਰਾਖੀ ਲਈ ਹੀ ਸਾਜੇ ਗਏ ਸੀ, ਜਦੋਂ ਕਿ ਸਿੱਖ ਧਰਮ ਜ਼ੁਲਮ ਵਿਰੁਧ ਸਾਜਿਆ ਗਿਆ। 2004 ਵਿਚ ਜਥੇਦਾਰ ਸਾਹਿਬ ਅਕਾਲ ਤਖ਼ਤ ਨੇ ਇਨ੍ਹਾਂ ਵਿਰੁਧ ਹੁਕਮਨਾਮਾ ਜਾਰੀ ਕੀਤਾ ਸੀ, ਜੋ ਕਾਇਮ ਹੈ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਪਹਿਲਾਂ ਸਿੱਖ ਸੰਗਤ ਦੇ ਸਮਾਗਮ ਬਾਰੇ ਚੁੱਪ ਰਹੇ, ਫਿਰ ਇਹ ਗੱਲ ਮੰਨ ਗਏ ਕਿ 2004 ਦਾ ਹੁਕਮਨਾਮਾ ਅਜੇ ਤਕ ਕਾਇਮ ਹੈ, ਜਦੋਂਕਿ ਪਹਿਲਾਂ ਕਹਿ ਰਹੇ ਸੀ ਕਿ ਉਸ ਸਮੇਂ ਲਈ ਸੀ। ਸ਼ੁਕਰ ਹੈ ਕਿ ਜਥੇਦਾਰ ਸਾਹਿਬ ਸਮੇਂ ਸਿਰ ਸੰਭਲ ਗਏ। ਪਹਿਲਾਂ ਇਹ ਪਤਾ ਲੱਗਾ ਸੀ ਕਿ ਦਸਵੇਂ ਪਾਤਸ਼ਾਹ ਦਾ 250ਵਾਂ ਸਾਲਾ ਜਨਮ ਦਿਨ ਦਿੱਲੀ ਵਿਚ ਮਨਾ ਰਹੀ ਹੈ। ਪਹਿਲਾਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਨ੍ਹਾਂ ਨੂੰ ਸਹੂਲਤ ਦਿੰਦੀ ਰਹੀ ਤੇ ਮੀਟਿੰਗਾਂ ਵੀ ਅਟੈਂਡ ਕਰਦੀ ਰਹੀ, ਜਦੋਂ ਕਿ ਇਹ ਗੱਲ ਸਾਫ਼ ਸੀ ਕਿ ਇਸ ਸਮਾਗਮ ਵਿਚ ਆਰ. ਐਸ. ਐਸ. ਦੇ ਮੁੱਖ ਸੰਚਾਲਕ ਮੋਹਨ ਭਾਗਵਤ ਆਉਣਗੇ। ਉਹ ਆਏ ਵੀ ਭਾਵੇਂ ਗ੍ਰਹਿ ਮੰਤਰੀ ਸਮੇਤ ਹੋਰ ਵੀ ਸ਼ਾਮਲ ਹੋਏ। ਪਹਿਲਾਂ ਇਹ ਵੀ ਖ਼ਿਆਲ ਸੀ ਕਿ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਸ਼ਾਮਲ ਹੋਣਗੇ, ਪਰ ਅਖ਼ੀਰ ਸਮੇਂ ਉਹ ਸੰਭਲ ਗਏ। ਦਿੱਲੀ ਕਮੇਟੀ ਵਲੋਂ ਸਹਿਯੋਗ ਦੇਣਾ ਜਾਇਜ਼ ਨਹੀਂ ਸੀ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਚੰਗਾ ਕੀਤਾ ਕਿ ਅਖ਼ੀਰ ਸਮੇਂ 24 ਤਰੀਕ ਨੂੰ ਕਹਿ ਦਿਤਾ ਕਿ ਸਿੱਖ ਇਸ ਵਿਚ ਸ਼ਾਮਲ ਨਾ ਹੋਣ। ਇਹ ਸਮਾਗਮ ਤਾਲਕਟੋਰਾ ਸਟੇਡੀਅਮ ਵਿਚ ਹੋਇਆ, ਜਦੋਂ ਕਿ ਪਹਿਲਾਂ ਹੋਰ ਥਾਂ ਨਾਮਜ਼ਦ ਸੀ। ਖ਼ਾਲਸਾ ਜੀ ਸਮਾਂ ਮੰਗ ਕਰਦਾ ਹੈ ਕਿ ਪੰਥ ਦੇ ਭਲੇ ਲਈ ਵਿਦਵਾਨ, ਕੁਰਬਾਨੀ ਵਾਲੇ, ਖ਼ਾਲਸਾ ਪੰਥ ਦੇ ਮੁਦਈ ਆਵਾਜ਼ ਉਠਾਉਣ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਤੁਰੰਤ ਹੋਵੇ, ਸਮਾਂ ਲੰਘ ਗਿਆ ਹੈ। ਨੇਕ ਸਿੱਖ ਸਮਾਜ ਇਕੱਠਾ ਹੋ ਕੇ ਇਹ ਚੋਣਾਂ ਲੜੇ ਤਾਕਿ ਬਾਦਲ ਪ੍ਰਵਾਰ ਦਾ ਜੂਲਾ ਲਹਿ ਸਕੇ। ਸੋਚੋ, ਜ਼ਰੂਰੀ ਹੈ!

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement