ਆਲ ਇੰਡੀਆ ਰੇਡੀਓ
Published : Dec 8, 2017, 11:24 pm IST
Updated : Dec 8, 2017, 5:54 pm IST
SHARE ARTICLE

ਜਲੰਧਰ ਤੋਂ ਪ੍ਰਸਾਰਤ ਆਲ ਇੰਡੀਆ ਰੇਡੀਉ ਤੇ ਮੇਰੀ ਪਹਿਲੀ ਗੱਲਬਾਤ ਹੋਣਾ ਮੇਰੇ ਲਈ ਇਕ ਅਨੋਖਾ ਤਜਰਬਾ ਸੀ। ਇਸ ਤੋਂ ਪਹਿਲਾਂ ਮੈਂ ਕਦੇ ਵੀ ਅਜਿਹਾ ਲਾਈਵ ਪ੍ਰੋਗਰਾਮ ਦੇਣ ਦੀ ਹਿੰਮਤ ਨਹੀਂ ਸੀ ਕੀਤੀ। ਇਹ ਸੱਭ ਕੁੱਝ ਰੋਜ਼ਾਨਾ ਅਖ਼ਬਾਰਾਂ ਵਿਚ ਛਪਦੇ ਮੇਰੇ ਲੇਖਾਂ ਕਰ ਕੇ ਸੰਭਵ ਹੋਇਆ ਸੀ। ਵੀਰਵਾਰ ਵਾਲੇ ਦਿਨ ਸ਼ਾਮ 4 ਵਜੇ ਰੇਡੀਉ ਐਂਕਰ ਦਾ ਫ਼ੋਨ ਆਇਆ ਕਿ 'ਅੱਜ ਸ਼ਾਮ 5 ਵਜੇ ਅਸੀ ਸਿਹਤ ਸਬੰਧੀ ਪ੍ਰੋਗਰਾਮ ਪੇਸ਼ ਕਰਨਾ ਹੈ। ਇਸ ਵਾਰ ਤੁਹਾਡੇ ਨਾਲ ਹੱਡੀਆਂ ਅਤੇ ਜੋੜਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਚਰਚਾ ਕਰਨੀ ਹੈ।' ਮੈਂ ਉਤਸ਼ਾਹਿਤ ਹੋਣ ਦੇ ਨਾਲ ਘਬਰਾਇਆ ਹੋਇਆ ਵੀ ਸੀ ਕਿਉਕਿ ਸਮਾਂ ਥੋੜਾ ਸੀ ਏਨੇ ਘੱਟ ਸਮੇਂ ਵਿਚ ਵਿਸ਼ੇ ਨੂੰ ਯਾਦ ਕਰ ਕੇ ਲਾਈਵ ਬੋਲਣਾ ਮੁਸ਼ਕਲ ਕੰੰਮ ਹੈ ਪਰ ਮੇਰੇ ਲਈ ਇਹ ਇਕ ਨਵਾਂ ਤਜਰਬਾ ਸੀ। ਇਸ ਲਈ ਰੇਡੀਉ ਦੀ ਟੀਮ ਨੂੰ ਨਾਂਹ ਨੁੱਕਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਭਾਵੇਂ ਮੈਂ ਰੰਗਮੰਚ ਦਾ ਪੁਰਾਣਾ ਖਿਡਾਰੀ ਰਿਹਾ ਹਾਂ ਕਿਉਂਕਿ ਇਸ ਤੋਂ ਪਹਿਲਾਂ ਕਾਲਜ ਸਮੇਂ ਭੰਡਾਂ ਵਾਲੇ ਕਾਰੇ ਕਰ ਚੁੱਕਾ ਹਾਂ। ਇਥੇ ਹੀ ਬਸ ਨਹੀਂ ਕਾਰਤਕ ਪ੍ਰੋਡਕਸ਼ਨ ਦੀ ਲਘੂ ਫ਼ਿਲਮ ਵਿਚ ਵੀ ਕੰਮ ਕਰ ਚੁੱਕਾ ਸੀ ਜਿਸ ਨੂੰ ਯੂ-ਟਿਊਬ ਉਤੇ ਵੇਖਿਆ ਜਾ ਸਕਦਾ ਹੈ। ਮੇਰੇ ਵਲੋਂ ਨਿਭਾਏ ਗਏ ਰੋਲ ਸੀਬੋ ਭੂਆ, ਨਾਟਕ 'ਤੂੜੀ ਵਾਲਾ ਕੋਠਾ' ਅਤੇ ਮੋਨੋਐਕਟਿੰਗ ਜ਼ਰੀਏ ਕਮੇਡੀਅਨ ਜਸਵਿੰਦਰ ਭੱਲੇ ਦੀ ਕੀਤੀ ਮਸ਼ਕਰੀ ਅੱਜ ਵੀ ਯਾਦ ਕੀਤੀ ਜਾਂਦੀ ਹੈ। ਪਰ ਕੰਮ ਦਾ ਜ਼ਿਆਦਾ ਰੁਝਾਨ ਹੋਣ ਕਰ ਕੇ ਮੇਰਾ ਅਦਾਕਾਰੀ ਵਾਲਾ ਕੀੜਾ ਲਗਭਗ ਸ਼ਾਂਤ ਹੋ ਚੁੱਕਾ ਸੀ।ਸੱਭ ਤੋਂ ਘਾਟੇ ਵਾਲੀ ਗੱਲ ਇਹ ਹੈ ਕਿ ਮੇਰੇ ਸੁਭਾਅ ਵਿਚ ਕੰਮ ਦੀ ਪੂਰੀ ਸਥਿਰਤਾ ਨਹੀਂ ਹੈ। ਮੇਰਾ ਸੁਭਾਅ ਪਲ ਵਿਚ ਤੋਲਾ ਤੇ ਪਲ ਵਿਚ ਮਾਸੇ ਵਰਗਾ ਹੈ। ਸ਼ਾਇਦ ਇਸ ਕਰ ਕੇ ਸੱਭ ਕੁੱਝ ਆਉਣ ਦੇ ਬਾਵਜੂਦ ਕਈ ਵਾਰੀ ਅਪਣੇ ਅਸਲ ਮੁੱਦੇ ਤੋਂ ਭਟਕ ਜਾਂਦਾ ਹਾਂ। ਇਸ ਲਈ ਪਹਿਲੇ ਵਾਰਤਾਲਾਪ ਨੂੰ ਲੈ ਕੇ ਜ਼ਿਆਦਾ ਨਰਵਸ ਹੋਣ ਵਾਲਾ ਸੀ। ਇਸ ਸਥਿਤੀ ਵਿਚੋਂ ਨਿਕਲਣ ਲਈ ਹੱਡੀਆਂ ਸਬੰਧੀ ਪੁਰਾਣੇ ਛੱਪ ਚੁੱਕੇ ਲੇਖ ਨਾਲ ਮੱਥਾ ਮਾਰ ਰਿਹਾ ਸੀ। ਮੇਰੇ ਲਈ ਆਲ ਇੰਡੀਆ ਰੇਡੀਉ ਤੇ ਪਹਿਲੀ ਵਾਰਤਾਲਾਪ ਚਿੱਕੜ ਭਰੀ ਗਲੀ ਵਿਚ ਮੋਟਰਸਾਈਕਲ ਚਲਾਉਣ ਵਰਗੀ ਮੁਸ਼ਕਲ ਲੱਗ ਰਹੀ ਸੀ। ਪਰ ਇਹ ਨਹੀਂ ਪਤਾ ਸੀ ਕਿ ਅਜਿਹੀ ਵਾਰਤਾਲਾਪ ਨਾਲ ਮੇਰੇ ਅੰਦਰ ਮਰ ਚੁੱਕੀ ਕਲਾਕਾਰੀ ਫਿਰ ਤੋਂ ਸੁਰਜੀਤ ਹੋਣ ਵਾਲੀ ਸੀ। ਮੇਰੇ ਵਿਸ਼ੇ ਸਬੰਧੀ ਰੇਡੀਉ ਦੀ ਐਂਕਰ ਮੈਡਮ ਨਾਲ  ਗੱਲਬਾਤ ਬਹੁਤ ਹੀ ਸੁਖਾਲੀ ਰਹੀ ਸੀ ਜਿਸ ਲਈ ਨਾ ਤਾਂ ਮੈਂ ਜਲੰਧਰ ਜਾਣਾ ਸੀ ਤੇ ਨਾ ਹੀ ਮੇਰੀ ਕੋਈ ਜੇਬ ਉਤੇ ਭਾਰ ਪੈਣਾ ਸੀ।
ਬਸ ਮੋਬਾਈਲ ਰਾਹੀਂ ਅਜਿਹੀ ਅਨੋਖੀ ਤੇ ਦਿਲਚਸਪ ਗੱਲਬਾਤ ਦਾ ਦੌਰ ਸੀ। ਜਿਸ ਨਾਲ ਮੇਰੇ ਹਾਵ-ਭਾਵ ਪਤਾ ਨਹੀਂ ਲਗਦੇ ਸਨ ਬਸ ਮੇਰੀ ਆਵਾਜ਼ ਹੀ ਮੇਰੀ ਪਛਾਣ ਸੀ ਜਿਸ ਤਰ੍ਹਾਂ ਅਕਸਰ ਰੇਡੀਉ ਚੈਨਲ ਦੇ ਪ੍ਰਸਾਰਣ ਦੌਰਾਨ ਹੁੰਦਾ ਹੈ। ਸ਼ਾਮ ਦੇ ਠੀਕ 5:05 ਮਿੰਟ ਤੇ ਸਿਹਤ ਸਬੰਧੀ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਸਰੀਰ ਦੀਆਂ 206 ਹੱਡੀਆਂ ਦੀ ਦੇਖਭਾਲ ਬਾਰੇ ਦਸ ਰਿਹਾ ਸੀ ਕਿਉਂਕਿ ਅਜਕਲ ਦਾ ਕੈਮੀਕਲ ਵਾਲਾ ਭੋਜਨ, ਵਾਤਾਵਰਣ ਵਿਚ ਪ੍ਰਦੂਸ਼ਣ ਅਤੇ ਕੁਪੋਸ਼ਣ ਨੇ ਸਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਦਿਤਾ ਹੈ, ਨਤੀਜਾ ਇਹ ਹੈ ਕਿ ਛੋਟੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਹੱਡੀਆਂ ਅਤੇ ਜੋੜਾਂ ਦੀਆਂ ਤਕਲੀਫ਼ਾਂ ਹੋ ਰਹੀਆਂ ਹਨ। ਸਾਡੀ ਗ਼ਲਤ ਜੀਵਨਸ਼ੈਲੀ ਅਤੇ ਫ਼ਾਸਟ ਫੂਡ ਨਾਲ ਅਸੀ ਕਈ ਬੀਮਾਰੀਆਂ ਸਹੇੜ ਲਈਆਂ ਹਨ। ਜਿਵੇਂ ਕਿ ਮੋਟਾਪਾ, ਪੇਟ ਦਾ ਅਲਸਰ, ਖ਼ੁਨ ਦੀ ਕਮੀ, ਬਵਾਸੀਰ, ਸਿਰਦਰਦ, ਬਲੱਡ-ਪ੍ਰੈਸ਼ਰ, ਪਾਚਨ ਕਿਰਿਆ ਵਿਚ ਗੜਬੜੀ ਆਦਿ। ਇਥੇ ਇਹ ਵੀ ਵਰਨਣਯੋਗ ਹੈ ਕਿ ਮੈਂ ਫ਼ਾਸਟ ਫ਼ੂਡ ਦੇ ਵਿਰੁਧ ਸਿਰਫ਼ ਲਿਖ ਹੀ ਨਹੀਂ ਰਿਹਾ ਸੀ ਸਗੋਂ ਇਸ ਨੂੰ ਨਿਜੀ ਜ਼ਿੰਦਗੀ ਵਿਚ ਵੀ ਅਪਣਾਇਆ ਹੋਇਆ ਹੈ। ਇਸ ਲਈ ਬਰਗਰ, ਨਿਊਡਲਜ਼, ਡੱਬਾਬੰਦ ਭੋਜਨ ਗੋਲਗੱਪੇ, ਪਕੌੜਿਆਂ ਤੇ ਟਮਾਟੋ ਕੈਚਅੱਪ ਨੂੰ ਕਦੇ ਇਸਤੇਮਾਲ ਹੀ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੀ ਚੀਜ਼ ਜੀਭ ਨੂੰ ਸਵਾਦ ਲਗਦੀ ਹੈ, ਉਹ ਹੀ ਬਿਮਾਰੀ ਦਾ ਘਰ ਹੈ ਜਿਵੇਂ ਕਿ ਆਇਰਨ ਦੀ ਕਮੀ ਵਾਲੇ ਬੱਚੇ ਨੂੰ ਮਿੱਟੀ ਖਾਣਾ ਚੰਗਾ ਲਗਦਾ ਅਤੇ ਸ਼ੂਗਰ ਦੇ ਮਰੀਜ਼ ਨੂੰ ਮਿੱਠਾ ਚੰਗਾ ਲਗਦਾ ਹੈ। ਸ਼ਾਇਦ ਇਸ ਕਰ ਕੇ ਲੋਕ ਮੈਨੂੰ ਪੁਛਦੇ ਹਨ ਕਿ ਤੁਹਾਡੀ ਫ਼ਿੱਟਨੈੱਸ ਦਾ ਕੀ ਰਾਜ਼ ਹੈ?ਇਹ ਗੱਲਬਾਤ ਸਿਰਫ਼ 10 ਮਿੰਟ ਦੀ ਸੀ ਜਿਸ ਵਿਚ ਰੇਡੀਉ ਦੀ ਐਂਕਰ ਨੇ ਮੇਰੇ ਉਤੇ ਸਵਾਲਾਂ ਦੀ ਝੜੀ ਲਾ ਦਿਤੀ ਸੀ। ਮੈਂ ਲਾਈਵ ਪ੍ਰੋਗਰਾਮ ਦੀ ਮਹੱਤਤਾ ਨੂੰ ਸਮਝਦਾ ਹੋਇਆ ਬਿਨਾਂ ਝਿਜਕ ਤੋਂ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਭਾਵੇਂ ਆਲ ਇੰਡੀਆ ਰੇਡੀਉ ਦੀ ਟੀਮ ਨੇ ਹਾਲੇ ਮੈਨੂੰ ਫ਼ੀਡਬੈਕ ਨਾ ਦਿਤੀ ਹੋਵੇ ਪਰ ਮੈਨੂੰ ਲਗਦਾ ਹੈ ਕਿ ਮੇਰੀ ਪਹਿਲੀ ਗੱਲਬਾਤ ਬੇਹੱਦ ਕਾਮਯਾਬ ਰਹੀ। ਮੈਂ ਹੱਡੀਆਂ ਦੀ ਮਹੱਤਤਾ ਦੱਸ ਕੇ ਅਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰ ਚੁੱਕਾ ਸੀ। ਮੇਰੇ ਲਈ ਇਹ ਸੁਖਦਾਈ ਪਲ ਸਨ ਜਿਸ ਨੇ ਮੇਰੀ ਭਾਸ਼ਣ ਕਲਾ ਨੂੰ ਹੋਰ ਵੀ ਮਜ਼ਬੂਤ ਕੀਤਾ ਸੀ। ਇਸ ਦਾ ਇਕ ਲਾਭ ਹੋਰ ਵੀ ਹੋਇਆ ਹੈ, ਮੈਂ ਹੁਣ ਰੇਡੀਉ ਦੇ ਮਿਆਰੀ ਪ੍ਰੋਗਰਾਮਾਂ ਨੂੰ ਨਿਜੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਜਿਸ ਲਈ ਮੈਂ ਨਵਾਂ ਰੇਡੀਉ ਖ਼ਰੀਦ ਕੇ ਸ਼ਾਮ ਨੂੰ ਪ੍ਰਸਾਰਤ ਹੋਣ ਵਾਲੇ ਪ੍ਰੋਗਰਾਮਾਂ ਨੂੰ ਅਪਣੇ ਜੀਵਨ ਵਿਚ ਸ਼ਾਮਲ ਕਰ ਲਿਆ ਹੈ, ਜਿਵੇਂ ਕਿ ਗੁਲਦਸਤਾ, ਸ਼ਾਮ-ਸੁਹਾਨੀ, ਯੋਗ ਬਾਣੀ ਆਦਿ। ਅਜਿਹੇ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਸੁਣ ਕੇ ਅਪਣੇ ਗਿਆਨ ਵਿਚ ਵਾਧਾ ਕਰ ਰਿਹਾ ਹਾਂ। ਸ਼ੁਕਰੀਆ ਆਲ ਇੰਡੀਆ ਰੇਡੀਉ ਜਿਸ ਨੂੰ ਸੁਣ ਕੇ ਪੁਰਾਣੇ ਜ਼ਮਾਨੇ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ। 2017 ਵਾਲਾ ਰੇਡੀਉ ਅਹਿਸਾਸ ਕਰਵਾਉਂਦਾ ਹੈ ਜਿਵੇਂ ਕਿ ਪੁਰਾਣੀ ਬੋਤਲ ਵਿਚ ਨਵੀਂ ਸ਼ਰਾਬ ਦਾ ਸੁਆਦ ਹੋਵੇ ਜਿਸ ਨੂੰ ਸੁਣ ਕੇ ਪੁਰਾਣੀ ਪੀੜ੍ਹੀ ਨੂੰ ਵੀ ਨਵੇਂਪਨ ਦਾ ਅਹਿਸਾਸ ਹੋ ਰਿਹਾ ਹੈ।

SHARE ARTICLE
Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement