ਅਸਲ ਅਪਰਾਧੀ ਬਾਬਾ ਜਾਂ ਉਸ ਦਾ ਅਪਰਾਧ ਸਾਬਤ ਹੋਣ ਤੇ ਚੁੱਪੀ ਧਾਰਨ ਵਾਲੇ 'ਧਰਮੀ' ਤੇ ਸਿਆਸਤਦਾਨ? ਇਹ ਸਾਰੇ ਤਾਂ ਆਪਸ ਵਿਚ 'ਵੋਟ-ਭਾਈਵਾਲ' ਹਨ ਤੇ ਚੁੱਪ ਰਹਿ ਕੇ ਦੁਖ ਮਨਾ ਰਹੇ ਹਨ ਕਿ ਉਨ੍ਹਾਂ ਦਾ ਇਕ ਸਾਥੀ ਕਿਉਂ ਜੇਲ ਵਿਚ ਭੇਜ ਦਿਤਾ ਗਿ
Published : Aug 29, 2017, 10:18 pm IST
Updated : Aug 29, 2017, 4:48 pm IST
SHARE ARTICLE



ਬਲਾਤਕਾਰੀ ਬਾਬੇ ਨੂੰ ਅਪਰਾਧੀ ਠਹਿਰਾਏ ਜਾਣ ਤੋਂ ਬਾਅਦ ਹੋਣ ਵਾਲੀ ਤਬਾਹੀ ਨੂੰ ਕਾਬੂ ਹੇਠ ਨਾ ਕਰ ਸਕਣ ਦੇ ਪਿੱਛੇ ਦੀ ਹਰਿਆਣਾ ਸਰਕਾਰ ਦੀ ਢਿੱਲ ਮੱਠ ਵਾਲੀ ਕਹਾਣੀ, ਭਾਜਪਾ ਦੇ ਆਗੂ ਸਾਕਸ਼ੀ ਮਹਾਰਾਜ ਦੇ ਬਿਆਨ ਤੋਂ ਸਮਝ ਆਉਂਦੀ ਹੈ। ਸਾਕਸ਼ੀ ਮਹਾਰਾਜ ਦਾ ਕਹਿਣਾ ਹੈ ਕਿ 'ਅਦਾਲਤ ਦਾ ਫ਼ੈਸਲਾ ਠੀਕ ਨਹੀਂ ਕਿਉਂਕਿ ਸਿਰਫ਼ ਇਕ ਕੁੜੀ ਦੀ ਗੱਲ ਸੁਣੀ ਜਾ ਰਹੀ ਹੈ ਅਤੇ ਜੋ ਕਰੋੜਾਂ ਲੋਕ ਬਾਬੇ ਨੂੰ ਪੂਜਦੇ ਹਨ, ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ।' ਉਨ੍ਹਾਂ ਮੁਤਾਬਕ ਇਹ ਫ਼ੈਸਲਾ ਭਾਰਤੀ ਸੰਸਕ੍ਰਿਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
ਅਜਿਹੇ ਲੋਕ, ਇਕ ਪੀੜਤ ਨੂੰ ਨਿਆਂ ਦੇਣ ਦੀ ਲੜਾਈ ਦੀ ਮਹੱਤਤਾ ਨੂੰ ਨਹੀਂ ਸਮਝਦੇ ਕਿਉਂਕਿ ਇਨ੍ਹਾਂ ਵਰਗੇ ਸਿਆਸਤਦਾਨਾਂ ਨੂੰ ਡੇਰੇ ਨਾਲ ਜੁੜੇ ਕਰੋੜਾਂ ਲੋਕਾਂ ਦੀ ਵੋਟ ਦੀ ਪ੍ਰਵਾਹ ਜ਼ਿਆਦਾ ਹੈ ਅਤੇ ਇਸੇ ਵੋਟ ਨੂੰ ਉਹ ਸੰਸਕ੍ਰਿਤੀ ਮੰਨਦੇ ਹਨ। ਇਨ੍ਹਾਂ ਨੂੰ ਨਿਆਂ ਦੀ ਫ਼ਿਕਰ ਨਹੀਂ, ਨਾ ਹੀ ਇਸ ਗੱਲ ਦੀ ਕਿ ਜਿਸ ਹੈਵਾਨ ਦੇ ਅੱਗੇ ਉਹ ਸਿਰ ਝੁਕਾਉਂਦੇ ਫਿਰਦੇ ਹਨ, ਉਹ ਗ਼ਰੀਬਾਂ ਤੋਂ ਉਨ੍ਹਾਂ ਦੀਆਂ ਕੁੜੀਆਂ ਅਪਣੀ ਹਵਸ ਪੂਰੀ ਕਰਨ ਵਾਸਤੇ ਮੰਗਦਾ ਹੈ ਅਤੇ ਅਪਣੀ ਗੰਦੀ ਯੋਜਨਾ ਨੂੰ ਜਨਤਾ ਅਤੇ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਅਪਣੇ ਆਸਪਾਸ ਤਾਇਨਾਤ ਸੁਰੱਖਿਆ ਕਰਨ ਵਾਲੇ ਸਾਧੂਆਂ ਨੂੰ ਨਿਪੁੰਸਕ ਬਣਾ ਦਿੰਦਾ ਹੈ। ਇਨ੍ਹਾਂ ਨੂੰ ਤਾਂ ਸੰਸਕ੍ਰਿਤੀ ਦਾ ਮਤਲਬ ਹੀ ਨਹੀਂ ਪਤਾ। ਬਲਾਤਕਾਰੀ ਸੌਦਾ ਸਾਧ ਕੋਲ ਕੋਈ ਚਮਤਕਾਰੀ ਸ਼ਕਤੀਆਂ ਤਾਂ ਨਹੀਂ ਪਰ ਉਸ ਨੇ ਪੂਰੀ ਹਰਿਆਣਾ ਸਰਕਾਰ ਨੂੰ ਵੀ ਨਿਪੁੰਸਕ ਬਣਾ ਦਿਤਾ। ਉਸ ਦਾ ਚਮਤਕਾਰ ਉਸ ਦੀ ਵੋਟ ਬੈਂਕ ਦੀ ਤਾਕਤ ਹੈ ਅਤੇ ਜਿਵੇਂ ਹਰਿਆਣਾ ਵਿਚ ਸੌਦਾ ਸਾਧ ਦੀ ਸੇਵਾ ਕੀਤੀ ਗਈ, ਉਸ ਤੋਂ ਸਾਫ਼ ਹੈ ਕਿ ਭਾਜਪਾ ਸਰਕਾਰ ਉਸ ਦੇ ਪ੍ਰਭਾਵ ਹੇਠਲੇ ਵੋਟ ਬੈਂਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 2014 ਵਿਚ 90 ਵਿਚੋਂ 44 ਭਾਜਪਾ ਉਮੀਦਵਾਰ ਸੌਦਾ ਸਾਧ ਅੱਗੇ ਸਿਰ ਝੁਕਾਉਣ, ਉਸ ਕੋਲੋਂ ਪ੍ਰਸ਼ਾਦ ਲੈਣ ਅਤੇ ਵੋਟ ਮੰਗਣ ਗਏ ਸਨ। ਬਲਾਤਕਾਰੀ ਬਾਬਾ ਦੀ ਧੀ ਵਲੋਂ ਇਹ ਕਿਹਾ ਜਾਣਾ ਕਿ ਭਾਜਪਾ ਨੇ ਉਨ੍ਹਾਂ ਨੂੰ ਇਹ ਕੇਸ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਛਡਦਾ।
ਹੁਣ ਅੱਗੇ ਕੀ ਹੋਵੇਗਾ? ਖ਼ਾਸ ਕਰ ਕੇ ਇਸ ਡੇਰੇ ਦਾ ਕੀ ਹੋਵੇਗਾ? ਇਕ ਪਾਸੇ ਅਦਾਲਤਾਂ ਡੇਰੇ ਦੀ ਸਾਰੀ ਦੌਲਤ ਜ਼ਬਤ ਕਰਨਾ ਚਾਹੁੰਦੀਆਂ ਹਨ ਤਾਕਿ ਸਾਰੇ ਨੁਕਸਾਨ ਦੀ ਭਰਪਾਈ ਇਸ ਦੌਲਤ 'ਚੋਂ ਕੀਤੀ ਜਾਵੇ ਪਰ ਦੂਜੇ ਪਾਸੇ ਹਰਿਆਣਾ ਸਰਕਾਰ ਆਖਦੀ ਹੈ ਕਿ ਖ਼ਾਸ ਨੁਕਸਾਨ ਨਹੀਂ ਹੋਇਆ। ਪ੍ਰਧਾਨ ਮੰਤਰੀ ਦਾ ਦਫ਼ਤਰ ਚੁੱਪੀ ਧਾਰੀ ਬੈਠਾ ਹੈ ਪਰ ਅਦਾਲਤ ਵਲੋਂ ਮੁਆਵਜ਼ੇ ਦੀ ਗੱਲ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸੰਦੇਸ਼ ਆ ਗਿਆ ਕਿ ਨੁਕਸਾਨ ਦੀ ਜਾਂਚ ਪ੍ਰਧਾਨ ਮੰਤਰੀ ਦਫ਼ਤਰ ਖ਼ੁਦ ਕਰੇਗਾ।
ਗੱਲ ਸ਼ੀਸ਼ੇ ਵਾਂਗ ਸਾਫ਼ ਹੈ ਕਿ ਸਿਆਸਤਦਾਨ ਡੇਰੇ ਨਾਲ ਬੁਰੀ ਤਰ੍ਹਾਂ ਜੋੜੇ ਗਏ ਹਨ ਅਤੇ ਗ਼ਲਤ ਨੂੰ ਗ਼ਲਤ ਕਹਿਣ ਲਈ ਆਜ਼ਾਦ ਨਹੀਂ। ਅਕਾਲੀ ਦਲ ਵਲੋਂ ਵੀ ਬਲਾਤਕਾਰੀ ਬਾਬੇ ਬਾਰੇ ਕੋਈ ਬਿਆਨ ਨਹੀਂ ਆਇਆ। ਪੰਜਾਬ ਵਿਚ ਔਰਤਾਂ ਦਾ ਜੀਵਨ ਬਚਾਉਣ ਦੀ ਮੁਹਿੰਮ ਚਲਾਉਣ ਦੀ ਪਹਿਲ ਕਰਨ ਵਾਲੇ ਹਰਸਿਮਰਤ ਕੌਰ ਬਾਦਲ, ਨੰਨ੍ਹੀ ਛਾਂ ਚਲਾਉਂਦੇ ਹਨ ਪਰ ਇਕ ਕੁੜੀ ਨੂੰ 15 ਸਾਲ ਮਗਰੋਂ ਮਿਲੇ ਨਿਆਂ ਬਾਰੇ ਇਕ ਲਫ਼ਜ਼ ਨਹੀਂ ਆਖ ਸਕੇ। ਚੋਣਾਂ ਤੋਂ ਪਹਿਲਾਂ ਇਸੇ ਬਲਾਤਕਾਰੀ ਅਤੇ ਢੋਂਗੀ ਬਾਬੇ ਨੂੰ ਅਕਾਲ ਤਖ਼ਤ ਵਲੋਂ ਮਾਫ਼ੀ ਦੇਣ ਵਾਲੀ ਐਸ.ਜੀ.ਪੀ.ਸੀ. ਵੀ ਚੁੱਪ ਬੈਠੀ ਹੈ। ਐਸ.ਜੀ.ਪੀ.ਸੀ. ਨੂੰ ਜੋਗਿੰਦਰ ਸਿੰਘ ਪੰਜਾਬ ਦੀ ਸੱਚੀ ਆਵਾਜ਼ ਚੁੱਕਣ ਵਾਲੇ ਸਿੱਖ ਨਹੀਂ ਜਾਪਦੇ, ਪਰ ਇਕ ਬਲਾਤਕਾਰੀ ਅਤੇ ਕਾਤਲ ਉਸ ਨੂੰ ਸੱਚਾ ਸਿੱਖ ਜਾਪਦਾ ਹੈ। ਸਿਆਸਤਦਾਨਾਂ ਦੇ ਨਾਲ ਨਾਲ, ਸਿੱਖ ਧਰਮ ਦੇ ਆਗੂ ਵੀ ਇਸ ਬਲਾਤਕਾਰੀ ਅੱਗੇ ਸਿਰ ਝੁਕਾਉਂਦੇ ਹਨ।
ਅੱਜ ਇਸ ਜਿੱਤ ਦਾ ਸਾਰਾ ਸਿਹਰਾ ਉਨ੍ਹਾਂ ਲੋਕਾਂ ਦੇ ਸਿਰ ਬਝਦਾ ਹੈ ਜਿਨ੍ਹਾਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਦੋ ਸਾਧਵੀਆਂ, ਸੀ.ਬੀ.ਆਈ. ਦੇ ਜਾਂਚ ਕਰਤਾ ਅਧਿਕਾਰੀ ਜੱਜ ਜਗਦੀਪ ਸਿੰਘ ਅਤੇ ਵਕੀਲ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਇਸ ਬਲਾਤਕਾਰੀ ਦਾ ਸੱਚ ਲੋਕਾਂ ਸਾਹਮਣੇ ਅਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਲਿਆਂਦਾ। ਜੇ ਇਸ ਤਰ੍ਹਾਂ ਦੇ ਲੋਕ ਨਾ ਹੁੰਦੇ ਤਾਂ ਕਿੰਨੀਆਂ ਹੀ ਹੋਰ ਔਰਤਾਂ, ਇਸ ਬਾਬੇ ਦੀ ਹਵਸ ਦੀ ਵੇਦੀ ਉਤੇ ਕੁਰਬਾਨ ਹੁੰਦੀਆਂ ਰਹਿੰਦੀਆਂ। ਆਉਣ ਵਾਲੇ ਸਮੇਂ ਵਿਚ ਹੁਣ ਸੌਦਾ ਸਾਧ ਵਲੋਂ ਕੀਤੇ ਕਤਲਾਂ ਅਤੇ 400 ਮਰਦਾਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵੀ ਸਾਹਮਣੇ ਆਉਣਗੇ। ਸਜ਼ਾ ਸੁਣ ਕੇ ਤਾਂ ਇਹ ਢੋਂਗੀ ਵੀ ਜ਼ਮੀਨ ਤੇ ਡਿੱਗ ਪਿਆ। ਉਸ ਵੇਲੇ ਤਾਂ ਉਸ ਨੂੰ ਵੀ ਰੱਬ ਯਾਦ ਆ ਗਿਆ ਹੋਵੇਗਾ।
ਪਰ ਡੇਰਿਆਂ ਪਿੱਛੇ ਲੱਗੀ ਜਨਤਾ ਨੂੰ ਰੱਬ ਦੀ ਕਦੋਂ ਯਾਦ ਆਵੇਗੀ? ਜਿਸ ਧਰਤੀ ਉਤੇ ਰੱਬ ਨਾਲ ਜੁੜਨ ਦਾ ਸਿੱਧਾ ਰਸਤਾ ਵਿਖਾਉਣ ਵਾਲਾ ਸਿੱਖੀ ਦਾ ਫ਼ਲਸਫ਼ਾ ਜੰਮਿਆ, ਉਥੇ ਹੀ ਬਾਬਿਆਂ ਦਾ ਵਪਾਰ ਸੱਭ ਤੋਂ ਵੱਧ ਚਲਦਾ ਹੈ ਅਤੇ ਕੁੜੀਆਂ ਦੇ ਇਸ ਸ਼ੋਸ਼ਣ ਵਿਚ ਮਾਪਿਆਂ ਦੀ ਰਜ਼ਾਮੰਦੀ ਜਾਂ ਚੁੱਪੀ, ਸਾਡੇ ਸਮਾਜ ਦੀ ਡੂੰਘੀ ਮਾਨਸਿਕ ਕਮਜ਼ੋਰੀ ਦਰਸਾਉਂਦੀ ਹੈ। ਜਦੋਂ ਤਕ ਜਨਤਾ ਮਾਨਸਿਕ ਸੋਚ ਦੀ ਕਮਜ਼ੋਰੀ ਦਰਸਾਉਂਦੀ ਰਹੇਗੀ, ਜਦੋਂ ਤਕ ਜਨਤਾ ਅਪਣੇ ਆਪ ਨੂੰ ਇਨ੍ਹਾਂ ਢੋਂਗੀਆਂ ਬਾਰੇ ਜਾਗਰੂਕ ਨਹੀਂ ਬਣਾਵੇਗੀ, ਉਦੋਂ ਤਕ ਢੋਂਗੀ ਸਿਆਸਤਦਾਨਾਂ, ਢੋਂਗੀਆਂ ਅਤੇ ਧਰਮਾਂ ਦੀ ਸਾਂਝ ਨਾਲ ਇਸ ਤਰ੍ਹਾਂ ਦਾ ਵਪਾਰ ਚਲਦਾ ਰਹੇਗਾ।  -ਨਿਮਰਤ ਕੌਰ

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement