ਬੱਚਿਆਂ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਵਾਲੀ ਖੇਡ¸ਬਲੂ ਵੇਲ੍ਹ
Published : Sep 8, 2017, 9:01 pm IST
Updated : Sep 8, 2017, 3:32 pm IST
SHARE ARTICLE


ਸ਼ੁਰੂ ਵਿਚ ਕੁੱਝ ਛੋਟੇ ਟੀਚੇ ਜਿਵੇਂ ਇਕ ਡਰਾਵਣੀ ਫ਼ਿਲਮ ਵੇਖਣੀ, ਅਪਣੇ ਆਪ ਨੂੰ ਛੋਟੇ ਛੋਟੇ ਹਾਦਸਿਆਂ 'ਚੋਂ ਲੰਘਾਉਣਾ ਆਦਿ ਦੇ ਟੀਚੇ ਹੁੰਦੇ ਹਨ ਜਿਨ੍ਹਾਂ ਨਾਲ ਹੌਲੀ ਹੌਲੀ ਬੱਚੇ ਨੂੰ ਨਿਡਰ ਹੋ ਕੇ ਖ਼ਤਰੇ ਸਹੇੜਨਾ ਚੰਗਾ ਲੱਗਣ ਲਗਦਾ ਹੈ ਅਤੇ ਉਸ ਨੂੰ ਖੇਡ ਮਾਸਟਰ ਦਾ ਗ਼ੁਲਾਮ ਬਣਾ ਲਿਆ ਜਾਂਦਾ ਹੈ। ਬੱਚੇ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਜੇ ਉਹ ਇਸ ਮਾਸਟਰ ਦੀ ਗੱਲ ਨਹੀਂ ਮੰਨੇਗਾ ਤਾਂ ਉਸ ਦਾ ਪ੍ਰਵਾਰ ਵੀ ਖ਼ਤਮ ਹੋ ਸਕਦਾ ਹੈ। ਦਿਮਾਗ਼ ਨੂੰ ਇਸ ਤਰ੍ਹਾਂ ਕਾਬੂ ਕੀਤਾ ਜਾਂਦਾ ਹੈ ਕਿ ਬੱਚਾ ਅਪਣੀ ਜਾਨ ਕੁਰਬਾਨ ਕਰਨ ਨੂੰ ਵੀ ਤਿਆਰ ਹੋ ਜਾਂਦਾ ਹੈ।

ਹਰ ਰੋਜ਼ ਭਾਰਤ ਦੇ ਕਿਸੇ ਨਾ ਕਿਸੇ ਸ਼ਹਿਰ ਵਿਚੋਂ ਨੌਜਵਾਨਾਂ ਵਲੋਂ ਅਪਣੀ ਜ਼ਿੰਦਗੀ ਨੂੰ ਦਾਅ ਉਤੇ ਲਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ। 'ਬਲੂ ਵੇਲ੍ਹ' ਨਾਂ ਦੀ ਇਕ ਖੇਡ ਨੇ ਦੁਨੀਆਂ ਭਰ ਵਿਚ 13-18 ਸਾਲ ਦੇ ਬੱਚਿਆਂ ਨੂੰ ਅਪਣੀ ਖੇਡ ਦਾ ਹਿੱਸਾ ਬਣਾ ਲਿਆ ਹੈ। ਇਹ ਖ਼ਤਰਨਾਕ ਖੇਡ 2013 ਵਿਚ ਰੂਸ ਵਿਚ ਸ਼ੁਰੂ ਹੋਈ ਸੀ ਤੇ ਇਸ ਨੂੰ ਬਣਾਉਣ ਵਾਲਾ ਵਿਅਕਤੀ 21 ਸਾਲ ਦਾ ਇਕ ਨੌਜੁਆਨ ਸੀ ਜੋ ਕਿ 2015 ਵਿਚ ਫੜਿਆ ਗਿਆ ਸੀ। ਉਸ ਨੇ ਕਬੂਲਿਆ ਸੀ ਕਿ ਉਸ ਨੇ 17 ਬੱਚਿਆਂ/ਨੌਜੁਆਨਾਂ ਨੂੰ ਇਸ ਖੇਡ ਰਾਹੀਂ ਆਤਮਹਤਿਆ ਲਈ ਉਕਸਾਇਆ। ਪਰ ਉਸ ਨੂੰ ਹਿਰਾਸਤ ਵਿਚ ਲਏ ਜਾਣ ਮਗਰੋਂ ਵੀ ਇਹ ਖੇਡ ਰੁਕੀ ਨਹੀਂ। ਹਾਲ ਵਿਚ ਹੀ ਇਸ ਨੂੰ ਚਲਾਉਣ ਵਾਲੀ ਇਕ 17 ਸਾਲ ਦੀ ਰੂਸੀ ਕੁੜੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਪਰ ਜਿਸ ਤਰ੍ਹਾਂ ਇਸ ਖੇਡ ਵਿਚ ਫਸਣ ਵਾਲੇ ਨੌਜੁਆਨਾਂ ਦੀ ਗਿਣਤੀ ਦੁਨੀਆਂ ਭਰ ਵਿਚ ਫੈਲ ਗਈ, ਇਸ ਖੇਡ ਨੂੰ ਚਲਾਉਣ ਵਾਲੇ ਵੀ ਦੁਨੀਆਂ ਭਰ ਵਿਚ ਫੈਲ ਗਏ ਲਗਦੇ ਹਨ। ਇਹ ਖੇਡ ਕੋਈ ਮੋਬਾਈਲ ਐਪ ਜਾਂ ਵੈੱਬਸਾਈਟ ਨਹੀਂ ਜਿਸ ਨੂੰ ਬੰਦ ਕੀਤਾ ਜਾ ਸਕੇ। ਇਹ ਬੱਚਿਆਂ ਉਤੇ ਚੁਪ ਚੁਪੀਤੇ ਵਾਰ ਕਰਦੀ ਹੈ¸ਜਦੋਂ ਬੱਚੇ ਕਿਸੇ ਆਨਲਾਈਨ ਚੈਟਰੂਮ ਵਿਚ ਗੱਲਾਂ ਕਰ ਰਹੇ ਹੁੰਦੇ ਹਨ।

ਇਹ ਗੱਲ ਕਈ ਵਾਰ ਪਹਿਲਾਂ ਵੀ ਸਾਹਮਣੇ ਆਈ ਹੈ ਕਿ ਅਨਜਾਣੇ ਲੋਕਾਂ ਨਾਲ ਇੰਟਰਨੈੱਟ ਉਤੇ ਦੋਸਤੀ ਬਣਾਉਣੀ ਖ਼ਤਰਨਾਕ ਸਾਬਤ ਹੁੰਦੀ ਹੈ। ਕਈ ਵਾਰ ਆਦਮੀ ਜਵਾਨ ਕੁੜੀਆਂ ਜਾਂ ਬੱਚੀਆਂ ਨੂੰ ਅਪਣੀ ਉਮਰ ਘੱਟ ਦੱਸ ਕੇ, ਅਪਣੇ ਪਿਆਰ ਦੇ ਜਾਲ ਵਿਚ ਫਸਾ ਲੈਂਦੇ ਹਨ ਅਤੇ ਫਿਰ ਮਿਲਣ ਲਈ ਮਜਬੂਰ ਕਰਦੇ ਹਨ। ਇਹ ਮੁਲਾਕਾਤਾਂ ਬਲਾਤਕਾਰ ਜਾਂ ਅਗਵਾ ਕਰਨ ਦਾ ਸਾਧਨ ਵੀ ਬਣਦੀਆਂ ਹਨ। ਬੱਚਿਆਂ ਦਾ ਸ਼ੋਸ਼ਣ ਕਰਨ ਲਈ ਵੀ ਇੰਟਰਨੈੱਟ ਵਰਤਿਆ ਗਿਆ ਹੈ। ਜਦ ਦਾ ਵੀਡੀਉ ਚੈਟ ਅਤੇ ਤਸਵੀਰਾਂ ਭੇਜਣਾ ਸੌਖਾ ਹੋ ਗਿਆ ਹੈ, ਇੰਟਰਨੈੱਟ ਨਾਲ ਸਬੰਧਤ ਅਪਰਾਧਾਂ ਦੀ ਮਾਤਰਾ ਵੀ ਵਧੀ ਹੈ। ਪਰ ਬਲੂ ਵੇਲ੍ਹ ਵਾਂਗ ਮਾਨਸਿਕ ਦਬਾਅ ਬਣਾਉਣ ਵਿਚ ਅਜੇ ਹੋਰ ਕੋਈ ਕਾਮਯਾਬ ਨਹੀਂ ਹੋਇਆ।


'ਬਲੂ ਵੇਲ' ਇਕ ਜਥੇਬੰਦ ਸਾਜ਼ਸ਼ ਬਣ ਚੁੱਕੀ ਹੈ ਜੋ ਬੱਚਿਆਂ ਨੂੰ 50 ਕਦਮ ਚਲਵਾ ਕੇ ਹੀ ਮਾਨਸਿਕ ਤੌਰ ਤੇ ਗ਼ੁਲਾਮ ਬਣਾ ਲੈਂਦੀ ਹੈ। ਬੱਚਿਆਂ ਵਾਸਤੇ ਇਕ ਇਕ ਕਰ ਕੇ ਇਸ ਤਰ੍ਹਾਂ ਦੇ ਟੀਚੇ ਮਿਥੇ ਜਾਂਦੇ ਹਨ ਜੋ ਉਨ੍ਹਾਂ ਲਈ ਇਕ ਚੁਨੌਤੀ ਬਣ ਜਾਂਦੇ ਹਨ। ਹਰ ਟੀਚਾ ਦੇਰ ਰਾਤ ਦੋ ਵਜੇ ਤੋਂ ਬਾਅਦ ਭੇਜਿਆ ਜਾਂਦਾ ਹੈ ਅਤੇ ਡਰ ਉਸ ਦਾ ਵੱਡਾ ਹਿੱਸਾ ਹੁੰਦਾ ਹੈ। ਸ਼ੁਰੂ ਵਿਚ ਕੁੱਝ ਛੋਟੇ ਟੀਚੇ ਜਿਵੇਂ ਇਕ ਡਰਾਵਣੀ ਫ਼ਿਲਮ ਵੇਖਣੀ, ਅਪਣੇ ਆਪ ਨੂੰ ਛੋਟੇ ਛੋਟੇ ਹਾਦਸਿਆਂ 'ਚੋਂ ਲੰਘਾਉਣਾ ਆਦਿ ਦੇ ਟੀਚੇ ਹੁੰਦੇ ਹਨ ਜਿਨ੍ਹਾਂ ਨਾਲ ਹੌਲੀ ਹੌਲੀ ਬੱਚੇ ਨੂੰ ਨਿਡਰ ਹੋ ਕੇ ਖ਼ਤਰੇ ਸਹੇੜਨਾ ਚੰਗਾ ਲੱਗਣ ਲਗਦਾ ਹੈ ਅਤੇ ਉਸ ਨੂੰ ਖੇਡ ਮਾਸਟਰ ਦਾ ਗ਼ੁਲਾਮ ਬਣਾ ਲਿਆ ਜਾਂਦਾ ਹੈ। ਬੱਚੇ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਜੇ ਉਹ ਇਸ ਮਾਸਟਰ ਦੀ ਗੱਲ ਨਹੀਂ ਮੰਨੇਗਾ ਤਾਂ ਉਸ ਦਾ ਪ੍ਰਵਾਰ ਵੀ ਖ਼ਤਮ ਹੋ ਸਕਦਾ ਹੈ। ਦਿਮਾਗ਼ ਨੂੰ ਇਸ ਤਰ੍ਹਾਂ ਕਾਬੂਕੀਤਾ ਜਾਂਦਾ ਹੈ ਕਿ ਬੱਚਾ ਅਪਣੀ ਜਾਨ ਕੁਰਬਾਨ ਕਰਨ ਨੂੰ ਵੀ ਤਿਆਰ ਹੋ ਜਾਂਦਾ ਹੈ।

ਖੇਡ ਨੂੰ ਰਚਣ ਵਾਲੇ ਬੜੇ ਪੁੱਠੀ ਸੋਚ ਵਾਲੇ ਅਤੇ ਬਹੁਤ ਸ਼ਾਤਰ ਲੋਕ ਹਨ ਜੋ ਅੱਜ ਦੇ ਬੱਚੇ ਦੀਆਂ ਕਮਜ਼ੋਰੀਆਂ ਨੂੰ ਪਕੜ ਕੇ ਅਪਣੇ ਸ਼ੈਤਾਨ ਦਿਮਾਗ਼ ਦੇ ਮਨੋਰੰਜਨ ਵਾਸਤੇ ਬੱਚੇ ਨੂੰ ਗ਼ੁਲਾਮ ਬਣਾ ਲੈਂਦੇ ਹਨ। ਅੱਜ ਦੀਆਂ ਨਵੀਆਂ ਪੀੜ੍ਹੀਆਂ ਨੂੰ ਜੰਮਦੇ ਹੀ ਫ਼ੋਨ, ਆਈ-ਪੈਡ, ਕੰਪਿਊਟਰ, ਟੀ.ਵੀ. ਦੇ ਸਾਹਮਣੇ ਗੁੱਡੇ ਵਾਂਗ ਬਿਠਾ ਦਿਤਾ ਜਾਂਦਾ ਹੈ। ਹੁਣ ਤਾਂ ਪੰਘੂੜੇ ਉਤੇ ਵੀ ਕੋਈ ਸਕ੍ਰੀਨ ਟੰਗ ਦਿਤੀ ਜਾਂਦੀ ਹੈ ਤਾਕਿ ਬੱਚਾ ਰੋਵੇ ਨਾ। ਉਸ ਨੂੰ ਅਪਣਾ ਦਿਮਾਗ਼ ਵਰਤਣ, ਸਮੱਸਿਆਵਾਂ ਨਾਲ ਜੂਝਣ ਦੀ ਕਾਬਲੀਅਤ ਅਤੇ ਸਮਝਦਾਰੀ ਤੋਂ ਕੰਮ ਲੈਣ ਦਾ ਮੌਕਾ ਹੀ ਨਹੀਂ ਮਿਲਦਾ। ਜਿੰਨਾ ਮਨੋਰੰਜਨ ਇਹ ਨਕਲੀ ਇੰਟਰਨੈੱਟ, ਦੁਨੀਆਂ ਨੂੰ ਦੇਂਦਾ ਹੈ, ਓਨਾ ਕਦੇ ਅਸਲੀ ਜੀਵਨ 'ਚ ਨਹੀਂ ਮਿਲ ਸਕਦਾ। ਸੋ ਇਹ ਬੱਚੇ 'ਬੋਰ' (ਨੀਰਸ) ਹੋ ਜਾਂਦੇ ਹਨ ਅਤੇ ਅਪਣੇ ਆਪ ਨੂੰ ਖ਼ੁਸ਼ ਕਰਨ ਦਾ ਤਰੀਕਾ ਇੰਟਰਨੈੱਟ 'ਚੋਂ ਲੱਭਣ ਲਗਦੇ ਹਨ। ਸ਼ਹਿਰੀ ਬੱਚੇ ਕੋਲ ਘਰ ਤੋਂ ਬਾਹਰ ਖੇਡਣ ਦੀ ਥਾਂ ਘੱਟ ਹੈ, ਖ਼ਤਰੇ ਵਧਦੇ ਜਾਂਦੇ ਹਨ, ਸੋ ਮਾਂ-ਬਾਪ, ਫ਼ੋਨ, ਆਈ-ਪੈਡ ਇਕ ਮਜਬੂਰੀ ਸਮਝ ਕੇ ਇਨ੍ਹਾਂ ਨੂੰ ਸੌਂਪ ਦੇਂਦੇ ਹਨ। ਪਰ ਇਸ ਤਰ੍ਹਾਂ ਕੀਤਿਆਂ, ਅਨਜਾਣੇ ਵਿਚ ਉਹ ਇਨ੍ਹਾਂ ਬੱਚਿਆਂ ਨੂੰ ਕਮਜ਼ੋਰ ਕਰ ਰਹੇ ਹੁੰਦੇ ਹਨ ਅਤੇ ਖ਼ਤਰੇ ਵਿਚ ਪਾ ਦੇਂਦੇ ਹਨ।

ਇਨ੍ਹਾਂ ਕਮਜ਼ੋਰ ਬੱਚਿਆਂ ਸਾਹਮਣੇ ਇਕ ਹੋਰ ਅਜੀਬ ਚੁਨੌਤੀ ਆ ਖੜੀ ਹੋਈ ਹੈ। ਹਰ ਬੱਚਾ 'ਆਪ' ਤੋਂ 'ਬਾਪ' ਬਣਨਾ ਚਾਹੁੰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਤਰੀਕੇ ਖ਼ੂਬਸੂਰਤ ਜਾਂ ਤਾਕਤਵਰ ਬਣਨਾ ਚਾਹੁੰਦਾ ਹੈ ਅਤੇ ਲੋਕਾਂ ਦੀ ਤਾਰੀਫ਼ ਦਾ ਗ਼ੁਲਾਮ ਬਣ ਚੁਕਾ ਹੈ। ਭਾਰਤ ਵਿਚ 40 ਤੋਂ ਵੱਧ ਲੋਕ 'ਬਲੂ ਵੇਲ੍ਹ' ਬਾਰੇ ਗੂਗਲ ਉਤੇ ਖੋਜ ਵੀ ਕਰ ਰਹੇ ਹਨ ਤੇ ਸੱਭ ਤੋਂ ਵੱਧ ਲੋਕ ਅਪਣੀਆਂ ਹੀ ਤਸਵੀਰਾਂ ਖਿਚਦੇ ਮਰ ਵੀ ਰਹੇ ਹਨ। ਨਵੀਂ ਪੀੜ੍ਹੀ ਨੂੰ ਇੰਟਰਨੈੱਟ ਨੇ ਉਸ ਨਕਲੀ ਦੁਨੀਆਂ ਦਾ ਗ਼ੁਲਾਮ ਬਣਾ ਦਿਤਾ ਹੈ ਜਿਸ ਨੂੰ ਆਪਸ ਵਿਚ ਗੱਲ ਕਰਨੀ ਵੀ ਨਹੀਂ ਆਉਂਦੀ, ਜੋ ਸਿਰ ਝੁਕਾ ਕੇ ਫ਼ੋਨ ਵਿਚ ਖੁਭੀ ਰਹਿੰਦੀ ਹੈ। ਆਮ ਜ਼ਿੰਦਗੀ ਦੀਆਂ ਆਮ ਖ਼ੁਸ਼ੀਆਂ ਬਾਰੇ ਇਨ੍ਹਾਂ ਨੂੰ ਪਤਾ ਹੀ ਕੁੱਝ ਨਹੀਂ ਹੁੰਦਾ। ਚਾਰ ਦੋਸਤ ਮਿਲ ਬੈਠ ਕੇ ਵੀ ਅਜਨਬੀ ਬਣੇ ਰਹਿੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਕੋਈ ਕੰਪਿਊਟਰ ਜਾਂ ਪਲੇਅ-ਸਟੇਸ਼ਨ ਨਾ ਦਿਤਾ ਗਿਆ ਹੋਵੇ। ਅਮੀਰ ਆਧੁਨਿਕ ਦੁਨੀਆਂ ਦੀਆਂ ਖ਼ੁਸ਼ੀਆਂ ਅਤੇ ਅਮੀਰ ਪੱਬਾਂ ਤੋਂ ਵਾਂਝੀ ਗ਼ਰੀਬ ਪੀੜ੍ਹੀ, ਆਜ਼ਾਦ ਦੁਨੀਆਂ ਵਿਚ ਵੀ ਗ਼ੁਲਾਮ ਹੈ। ਸ਼ਾਇਦ ਉਹ ਦਿਨ ਸਚਮੁਚ ਹੀ ਆ ਪ੍ਰਗਟ ਹੋਵੇ ਜਿਸ ਦਿਨ ਰੋਬੋਟ ਇਨਸਾਨ ਉਤੇ ਰਾਜ ਕਰਨ ਲੱਗ ਜਾਣਗੇ।  -ਨਿਮਰਤ ਕੌਰ

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement