
ਇਸ ਦੇਸ਼ ਵਿਚ ਸਮਾਂ ਬੀਤਣ ਨਾਲ ਪੈਸਾ ਆ ਰਿਹਾ ਹੈ, ਵਿਕਾਸ ਹੋ ਰਿਹਾ ਹੈ ਪਰ ਇਹ ਦੇਸ਼ ਗਿਆਨ ਤੋਂ ਦੂਰ ਜਾ ਰਿਹਾ ਹੈ। 40 ਦੇਸ਼ਾਂ 'ਚ ਕੀਤਾ ਇਕ ਸਰਵੇਖਣ ਸਾਹਮਣੇ ਆਇਆ ਹੈ ਜਿਸ ਵਿਚ ਦਸਿਆ ਗਿਆ ਹੈ ਕਿ ਸਾਲ 2016 ਵਿਚ ਭਾਰਤ ਸੱਭ ਤੋਂ ਵੱਧ ਅਗਿਆਨੀ ਦੇਸ਼ ਵਜੋਂ ਚੁਣਿਆ ਗਿਆ ਹੈ। 2015 ਵਿਚ ਭਾਰਤ ਦੂਜੇ ਸਥਾਨ ਤੇ ਸੀ।
ਭੁੱਲ ਹੀ ਗਏ ਕਿ ਉਹ ਤਾਂ ਸਾਡੇ ਦਿਲ ਦੀ ਰੌਸ਼ਨੀ ਸੀ
ਜੋ ਚੰਨ ਦੇ ਪਰਛਾਵੇਂ ਨੂੰ ਚੰਨ ਬਣਾ ਬੈਠੀ।
ਅੱਜ ਦਾ ਚੰਨ, ਇਨਸਾਨ ਤੇ ਉਨ੍ਹਾਂ ਦਾ ਪਿਆਰ ਨਹੀਂ, ਪਰ ਹੁਣ ਦੀਵੇ, ਧੰਨ ਤੇ ਸੋਨੇ ਪਏ ਬਲਦੇ ਤੇ ਜਗਮਗ ਕਰਦੇ ਹਨ ਜਿਨ੍ਹਾਂ ਤੋਂ ਸਮਾਜ ਵਿਚ ਪਿਆਰ ਨਹੀਂ, ਨਫ਼ਰਤ ਫੈਲਦੀ ਹੈ। ਦੀਵਾਲੀ ਦੀ ਰਾਤ ਦੀਵੇ ਬਾਲ-ਬਾਲ ਸਾਰਾ ਦੇਸ਼ ਚਮਕਦਾ ਹੈ। ਇਸ ਕਦਰ ਚਮਕਦਾ ਹੈ ਕਿ ਦੂਰ ਅਸਮਾਨ 'ਚ ਸੈਟੇਲਾਈਟ ਤੋਂ ਭਾਰਤ ਦੁਨੀਆਂ ਤੋਂ ਵਖਰਾ ਨਜ਼ਰ ਆਉਂਦਾ ਹੈ। ਐਨੀ ਰੌਸ਼ਨੀ ਹੁੰਦੀ ਹੈ ਭਾਰਤ ਵਿਚ ਕਿ ਦੀਵਾਲੀ ਦੀ ਰਾਤ ਨੂੰ ਇਹ ਦੇਸ਼ ਧਰਤੀ ਦੇ ਸਿਰ ਤੇ ਜੜਿਆ ਕੋਹੇਨੂਰ ਹੀਰਾ ਜਾਪਦਾ ਹੈ। ਪਰ ਕੋਹੇਨੂਰ ਵਾਂਗ ਇਸ ਦੇਸ਼ ਦੀ ਚਮਕ ਵੀ ਫੋਕੀ ਹੈ। ਘਰਾਂ ਵਿਚ ਚੁੱਲ੍ਹਾ ਬਾਲਣ ਨੂੰ ਤੇਲ ਨਹੀਂ ਪਰ ਮੰਦਰਾਂ ਵਿਚ, ਸਰਕਾਰੀ ਇਮਾਰਤਾਂ ਵਿਚ ਤੇ ਅਮੀਰਾਂ ਦੇ ਦੌਲਤਖ਼ਾਨਿਆਂ ਵਿਚ ਘਿਉ ਦੇ ਦੀਵੇ ਬਲ ਰਹੇ ਹੁੰਦੇ ਹਨ। ਰੌਸ਼ਨੀ ਨਾਲ ਸਾਰਾ ਵਾਤਾਵਰਣ ਚਮਕ ਉਠਦਾ ਹੈ ਪਰ ਹਨੇਰੇ ਦੀ ਵੀ ਹੱਦ ਹੀ ਕੋਈ ਨਹੀਂ। ਇਸ ਦੇਸ਼ ਵਿਚ ਸਮਾਂ ਬੀਤਣ ਨਾਲ ਪੈਸਾ ਆ ਰਿਹਾ ਹੈ, ਵਿਕਾਸ ਹੋ ਰਿਹਾ ਹੈ ਪਰ ਇਹ ਦੇਸ਼ ਗਿਆਨ ਤੋਂ ਦੂਰ ਜਾ ਰਿਹਾ ਹੈ। 40 ਦੇਸ਼ਾਂ 'ਚ ਕੀਤਾ ਇਕ ਸਰਵੇਖਣ ਸਾਹਮਣੇ ਆਇਆ ਹੈ ਜਿਸ ਵਿਚ ਦਸਿਆ ਗਿਆ ਹੈ ਕਿ ਸਾਲ 2016 ਵਿਚ ਭਾਰਤ ਸੱਭ ਤੋਂ ਵੱਧ ਅਗਿਆਨੀ ਦੇਸ਼ ਵਜੋਂ ਚੁਣਿਆ ਗਿਆ ਹੈ। 2015 ਵਿਚ ਭਾਰਤ ਦੂਜੇ ਸਥਾਨ ਤੇ ਸੀ। ਭਾਰਤ ਦੇ ਪਿੱਛੇ ਚੀਨ, ਤਾਈਵਾਨ, ਦਖਣੀ ਅਫ਼ਰੀਕਾ, ਇੰਡੋਨੇਸ਼ੀਆ ਤੇ ਮੈਕਸੀਕੋ ਵਰਗੇ ਦੇਸ਼ ਹਨ।

ਸਿਖਿਆ ਪ੍ਰਾਪਤ ਕਰਨ ਵਾਲੇ ਲੋਕ ਵੱਧ ਰਹੇ ਹਨ ਪਰ ਸਾਡੀ ਸਿਖਿਆ ਬੁਨਿਆਦੀ ਇਨਸਾਨੀਅਤ ਨੂੰ ਮਾਨਤਾ ਤੇ ਪ੍ਰਧਾਨਤਾ ਦੇਣੋਂ ਅਸਮਰਥ ਹੋ ਗਈ ਹੈ। ਇਸ ਨੂੰ ਸੱਤਾ ਵਾਲਿਆਂ ਦਾ ਕਸੂਰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਮਾਜ ਸੱਤਾ ਵਿਚੋਂ ਨਹੀਂ ਸਗੋਂ ਸੱਤਾ ਸਮਾਜ ਵਿਚੋਂ ਜਨਮ ਲੈਂਦੀ ਹੈ ਜੋ ਸਾਡੇ ਅੰਦਰ ਅੰਧ ਵਿਸ਼ਵਾਸ ਤੇ ਨਫ਼ਰਤ ਪਾਲਦੀ ਹੈ। ਅੱਜ ਦੀ ਨਫ਼ਰਤ ਦੀ ਸਿਆਸਤ ਉਸੇ ਦੀ ਝਲਕ ਦੇਂਦੀ ਹੈ। ਸਾਡੀ ਬੁਨਿਆਦੀ ਸਿਖਿਆ ਸਿਰਫ਼ ਮਤਲਬ ਵਾਸਤੇ ਪੜ੍ਹਨਾ ਸਿਖਾਉਂਦੀ ਹੈ। ਨੰਬਰ ਆਉਣੇ ਚਾਹੀਦੇ ਹਨ, ਭਾਵੇਂ ਸਮਝ ਕੱਖ ਨਾ ਆਵੇ ਤੇ ਉਹੀ ਸੋਚ ਸਾਡੇ ਸਮਾਜ ਵਿਚ ਫੈਲਦੀ ਜਾ ਰਹੀ ਅਗਿਆਨਤਾ ਦਾ ਕਾਰਨ ਹੈ।
ਮਤਲਬੀ ਭਾਰਤੀ ਇਕ ਦੂਜੇ ਤੋਂ ਅਨਜਾਣ ਹੁੰਦੇ ਜਾ ਰਹੇ ਹਨ। ਸ਼ਾਇਦ ਅਣਜਾਣੇ ਲੋਕਾਂ ਨੂੰ ਮਾਰਨ ਵਿਚ ਤਕਲੀਫ਼ ਘੱਟ ਹੁੰਦੀ ਹੈ। ਇਸੇ ਅਗਿਆਨਤਾ ਨੂੰ ਮਾਪਦੇ ਹੋਏ, ਸਰਵੇਖਣ ਨੇ ਦਸਿਆ ਕਿ ਆਮ ਭਾਰਤੀ ਮੰਨਦੇ ਹਨ ਕਿ 28-30 ਫ਼ੀ ਸਦੀ ਭਾਰਤ ਵਾਸੀ ਮੁਸਲਮਾਨ ਹਨ ਜਦਕਿ ਅਸਲੀਅਤ ਵਿਚ ਮੁਸਲਮਾਨ ਅਬਾਦੀ ਸਿਰਫ਼ 14 ਫ਼ੀ ਸਦੀ ਹੀ ਹੈ। ਇਸ ਅਗਿਆਨਤਾ ਦਾ ਫ਼ਾਇਦਾ ਉਠਾਉਂਦੇ ਹੋਏ ਲੋਕ ਅੱਜ ਆਮ ਭਾਰਤੀ ਨੂੰ ਮੁਸਲਮਾਨਾਂ ਤੋਂ ਡਰਾ ਕੇ ਉਨ੍ਹਾਂ ਵਿਰੁਧ ਪ੍ਰਚਾਰ ਕਰ ਰਹੇ ਹਨ ਅਤੇ ਇਸੇ ਕਾਰਨ ਬਿਨਾਂ ਸੋਚੇ-ਸਮਝੇ, ਪਲਾਂ ਵਿਚ ਬਾਜ਼ਾਰਾਂ ਵਿਚ ਸ਼ਾਂਤ ਭਾਰਤੀ, ਇਕ ਫ਼ਿਰਕੂ ਭੀੜ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਇਕ ਬੱਚੇ ਨੂੰ ਵੀ ਹਲਾਲ ਕਰ ਦੇਂਦਾ ਹੈ।

ਭਾਰਤ ਵਿਚ ਦੁਨੀਆਂ ਦੀ ਸੱਭ ਤੋਂ ਵੱਧ ਆਬਾਦੀ ਦਾ ਕਾਰਨ ਵੀ ਅਗਿਆਨਤਾ ਹੈ। ਭਾਰਤੀ ਸਿਰਫ਼ ਅਪਣੇ ਹੱਕਾਂ ਬਾਰੇ ਚਿੰਤਤ ਰਹਿੰਦਾ ਹੈ, ਉਹ ਸਮਝਦਾ ਹੀ ਨਹੀਂ ਕਿ ਬਾਕੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਉਸ ਦੇ ਜੀਵਨ ਦਾ ਹਿੱਸਾ ਹੈ। ਜਾਤ ਦੇ ਨਾਂ ਤੇ ਜਾਂ ਗ਼ਰੀਬੀ ਦੇ ਨਾਂ ਤੇ ਪੈਸੇ ਵਾਲਾ ਜਾਂ 'ਉੱਚੀ ਜਾਤ' ਵਾਲਾ ਭਾਰਤੀ ਕੁਕਰਮੀ ਜੀਵਨ ਬਤੀਤ ਕਰਦਾ ਹੈ। ਅੰਧ ਵਿਸ਼ਵਾਸ ਦਾ ਅਜਿਹਾ ਬੁਖ਼ਾਰ ਚੜ੍ਹਿਆ ਹੋਇਆ ਹੈ ਕਿ ਔਰਤਾਂ ਅਪਣੀਆਂ ਗੁੱਤਾਂ ਕੱਟ ਕੇ, ਭੂਤ-ਭੂਤ ਦਾ ਢਿੰਡੋਰਾ ਪਿਟਦੀਆਂ ਰਹੀਆਂ। ਇਹ ਭਰਮ ਫੈਲਦਾ-ਫੈਲਦਾ ਬਿਹਾਰ, ਹਰਿਆਣਾ, ਪੰਜਾਬ ਅਤੇ ਕਸ਼ਮੀਰ ਵਿਚ ਵੀ ਹਾਵੀ ਹੁੰਦਾ ਆ ਰਿਹਾ ਹੈ। ਇਸ ਨਾਲ ਫੈਲਦੀਆਂ ਅਫ਼ਵਾਹਾਂ ਨੇ ਇਕ 62 ਸਾਲ ਦੀ ਔਰਤ ਦੀ ਜਾਨ ਵੀ ਲੈ ਲਈ ਅਤੇ ਕਸ਼ਮੀਰ ਵਿਚ ਇਕ ਭੀੜ ਨੇ ਵਿਦੇਸ਼ੀਆਂ ਤੇ ਹਮਲਾ ਕਰ ਦਿਤਾ। ਮਹੀਨਿਆਂ ਤੋਂ ਚਲਦੀਆਂ ਅਫ਼ਵਾਹਾਂ ਨੇ ਹੁਣ ਜੰਮੂ-ਕਸ਼ਮੀਰ ਵਿਚ ਗੜ੍ਹ ਬਣਾ ਲਿਆ ਹੈ ਅਤੇ ਦਹਿਸ਼ਤ ਫੈਲਾਈ ਜਾ ਰਹੀ ਹੈ।ਕਿੰਨੀਆਂ ਹੀ ਹੋਰ ਛੋਟੀਆਂ ਛੋਟੀਆਂ ਵਾਰਦਾਤਾਂ ਹਨ ਜੋ ਹਰ ਰੋਜ਼ ਸਾਡੀ ਜ਼ਿੰਦਗੀ ਵਿਚ ਵਧਦੀ ਅਗਿਆਨਤਾ ਨੂੰ ਦਰਸਾਉਂਦੀਆਂ ਹਨ। ਪਰ ਸੱਭ ਬਾਹਰ ਦੀ ਚਮਕ ਪਿਛੇ ਭਜਦੇ ਅੰਦਰ ਦੀ ਅਗਿਆਨਤਾ ਤੋਂ ਅਨਜਾਣ ਹਨ। ਅੱਜ ਚੀਨੀ ਲਾਈਟਾਂ ਹੋਣ ਜਾਂ ਮੋਮਬੱਤੀਆਂ, ਚਮਕ ਸਿਰਫ਼ ਬਾਹਰੀ ਖ਼ੁਸ਼ੀ ਤੇ ਟਿਕੀ ਹੋਈ ਹੈ। ਸਾਡਾ ਪਿਆਰ ਚੀਜ਼ਾਂ ਨਾਲ ਜ਼ਿਆਦਾ ਹੁੰਦਾ ਹੈ, ਅਪਣਿਆਂ ਨਾਲ ਘੱਟ। ਅਸੀ ਇਕ-ਦੂਜੇ ਨੂੰ ਸਮਝਣਾ ਨਹੀਂ ਚਾਹੁੰਦੇ। ਸਮਾਜਕ ਪੱਧਰ ਤੇ ਵੇਖੀਏ ਤਾਂ ਅਸੀ ਦੂਜੇ ਸੂਬੇ ਜਾਂ ਦੂਜੇ ਧਰਮਾਂ ਦੇ ਰੀਤੀ ਰਿਵਾਜਾਂ ਬਾਰੇ ਅਨਜਾਣ ਰਹਿਣਾ ਚਾਹੁੰਦੇ ਹਾਂ। ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਡੀ ਅਗਿਆਨਤਾ ਤੇ ਕਠੋਰਤਾ ਵਧਾਏਗੀ। ਮਹਾਰਾਸ਼ਟਰ ਦੇ ਲੋਕ ਸਿੱਖਾਂ ਬਾਰੇ ਨਹੀਂ ਜਾਣਦੇ ਅਤੇ ਸੰਤ ਭਿੰਡਰਾਂਵਾਲੇ ਨੂੰ ਅਪਣੀਆਂ ਕਿਤਾਬਾਂ ਵਿਚ ਅਤਿਵਾਦੀ ਦਸਦੇ ਹਨ। ਕਦੇ ਬੰਦੀ ਛੋੜ ਦਿਵਸ ਸੀ ਜਦ 52 ਹਿੰਦੂ ਪਹਾੜੀ ਰਾਜੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਲੜ ਲੱਗ ਕੇ ਰਿਹਾਅ ਹੋਏ ਸਨ। ਕੀ ਅੱਜ ਇਸ ਤਰ੍ਹਾਂ ਦਾ ਮਿਲਾਪ ਮੁਮਕਿਨ ਹੈ? ਕੀ ਅੱਜ ਦੇ ਹਿੰਦੂ 'ਰਾਜੇ' ਸਿੱਖ ਗੁਰੂ ਦੀ ਸ਼ਰਨ ਵਿਚ ਆ ਸਕਣਗੇ? ਨਿਜੀ ਰਿਸ਼ਤੇ ਵੀ ਤਾਂ ਵਸਤੂਆਂ ਦੇ ਪਿਆਰ ਵਾਸਤੇ ਕੁਰਬਾਨ ਹੋ ਰਹੇ ਹਨ। ਅੱਜ ਦੀਵੇ ਉਸ ਚੰਨ ਵਾਸਤੇ ਬਲਦੇ ਹਨ ਜੋ ਪਲਾਂ ਦਾ ਮਹਿਮਾਨ ਹੈ ਅਤੇ ਫਿਰ ਇਕ ਨਵਾਂ ਚੰਨ ਆ ਜਾਂਦਾ ਹੈ। ਸ਼ਾਲਾ! ਦੀਵੇ ਦਿਲਾਂ ਵਿਚ ਬਲਣ ਜੋ ਇਹ ਅਗਿਆਨਤਾ ਦਾ ਹਨੇਰਾ ਹਟਾਉਣ ਤੇ ਦਿਲਾਂ ਵਿਚ ਨਿੱਘ ਭਰ ਦੇਣ!! -ਨਿਮਰਤ ਕੌਰ