ਜੇ ਅਸੀ ਅੱਜ ਤੋਂ ਪੰਜਾਹ-ਸੱਠ ਸਾਲ ਪਹਿਲਾਂ ਦੇ ਪੰਜਾਬ ਦੀ ਗੱਲ ਕਰੀਏ ਤਾਂ ਸੱਚ ਵਿਚ ਹੀ ਪੰਜਾਬ ਵਿਚ ਦੁੱਧ-ਦਹੀਂ ਦੀਆਂ ਨਦੀਆਂ ਵਹਿਣ ਵਾਲੀ ਗੱਲ ਸੀ। ਲੋਕਾਂ ਦਾ ਪਸ਼ੂ ਧਨ ਨਾਲ ਬਹੁਤ ਪਿਆਰ ਸੀ। ਗ਼ਰੀਬ ਤੋਂ ਗ਼ਰੀਬ ਘਰ ਵਿਚ ਵੀ ਘਟੋ-ਘੱਟ ਇਕ ਮੱਝ ਜ਼ਰੂਰ ਹੁੰਦੀ ਸੀ। ਹਰ ਘਰ ਵਿਚ ਦੁੱਧ ਆਮ ਮਿਲ ਜਾਂਦਾ ਸੀ। ਜਿਨ੍ਹਾਂ ਘਰਾਂ ਵਿਚ ਚੰਗਾ ਦੁੱਧ ਹੁੰਦਾ ਸੀ, ਉਹ ਪ੍ਰਵਾਰ ਲਈ ਚਾਹ-ਪਾਣੀ ਤੇ ਮਹਿਮਾਨਾਂ ਲਈ ਦੁੱਧ ਰੱਖ ਕੇ ਬਾਕੀ ਦੇ ਦੁੱਧ ਨੂੰ ਹਾਰਿਆਂ ਵਿਚ ਕਾੜ੍ਹਨੀ ਵਿਚ ਕਾੜ੍ਹਿਆ ਜਾਂਦਾ ਸੀ ਤਾਕਿ ਦਹੀਂ ਲੱਸੀ ਤੇ ਮੱਖਣ ਤਿਆਰ ਕੀਤਾ ਜਾ ਸਕੇ। ਇਸ ਤਰ੍ਹਾਂ ਪਿੰਡਾਂ ਵਿਚ ਬੇਮਿਸਾਲ ਦੁੱਧ ਦਹੀਂ ਤੇ ਦੇਸੀ ਘਿਉ ਮਿਲਦਾ ਸੀ ਅਤੇ ਪੰਜਾਬ ਤਕੜੇ ਤੇ ਤੰਦਰੁਸਤ ਲੋਕਾਂ ਦਾ ਸੂਬਾ ਜਾਣਿਆ ਜਾਂਦਾ ਸੀ।ਮੈਨੂੰ ਉਨ੍ਹਾਂ ਦਿਨਾਂ ਦੀ ਯਾਦ ਆਉਂਦੀ ਹੈ ਜਦੋਂ ਅਸੀ ਅਪਣੇ ਹਾਈ ਸਕੂਲ ਵਿਚ ਪੜ੍ਹਦੇ ਸੀ ਅਤੇ ਸਿਆਲ ਦੇ ਦਿਨਾਂ ਵਿਚ ਜਦੋਂ ਤਿੰਨ-ਚਾਰ ਵਜੇ ਸਕੂਲੋਂ ਘਰ ਆਉਣਾ ਤਾਂ ਆਉਂਦੇ ਹੀ ਪਹਿਲਾਂ ਬਸਤਾ ਰੱਖ ਕੇ, ਗਲਾਸ ਚੁੱਕ ਕੇ, ਹਾਰੇ ਵਿਚੋਂ ਕੜ੍ਹ ਰਹੇ ਦੁੱਧ ਦੇ ਗਲਾਸ ਭਰ ਭਰ ਪੀ ਲੈਣੇ। ਕੜ੍ਹ-ਕੜ੍ਹ ਕੇ ਲਾਲ ਹੋਇਆ ਦੁੱਧ ਜਦੋਂ ਦੇਸੀ ਖੰਡ ਪਾ ਕੇ ਪੀਂਦੇ ਤਾਂ ਬੜਾ ਹੀ ਸਵਾਦ ਲਗਦਾ। ਘਰ ਵਾਲੇ ਸਾਨੂੰ ਅਜਿਹਾ ਦੁੱਧ ਪੀਣ ਤੋਂ ਕਦੇ ਨਾ ਰੋਕਦੇ, ਸਗੋਂ ਉਹ ਆਪ ਕਹਿੰਦੇ ਕਿ ਸਕੂਲੋਂ ਆ ਕੇ ਦੁੱਧ ਪੀ ਲਿਆ ਕਰੋ। ਕੜ੍ਹੇ ਹੋਏ ਇਸ ਦੁੱਧ ਦਾ ਸਵਾਦ ਵਖਰਾ ਹੀ ਹੁੰਦਾ ਸੀ ਅਤੇ ਅੱਜ ਵੀ ਉਸ ਦਾ ਸਵਾਦ ਨਹੀਂ ਭੁਲਦਾ।ਪੜ੍ਹ ਲਿਖ ਕੇ ਜਦੋਂ ਨੌਕਰੀ ਲਈ ਸ਼ਹਿਰ ਵਿਚ ਰਿਹਾਇਸ਼ ਕੀਤੀ ਤਾਂ ਸੱਭ ਤੋਂ ਵੱਧ ਤਾਂ ਮੁਸ਼ਕਿਲ ਦੁੱਧ ਦੀ ਹੀ ਆਈ। ਸ਼ਹਿਰ ਵਿਚ ਖ਼ਾਲਸ ਦੁੱਧ ਪ੍ਰਾਪਤ ਕਰਨਾ ਬੜਾ ਔਖਾ ਲਗਦਾ ਸੀ। ਕਈ ਵਾਰ ਕਿਸੇ ਦੋਧੀ ਤੋਂ ਦੁੱਧ ਮੁੱਲ ਲੈਣਾ ਜਾਂ ਫਿਰ ਕਈ ਵਾਰ ਸ਼ੀਸ਼ੇ ਦੀਆਂ ਬੋਤਲਾਂ ਵਾਲਾ ਦੁੱਧ ਖ਼ਰੀਦਣਾ, ਪਰ ਗੁਜ਼ਾਰਾ ਕਰਨ ਵਾਲਾ ਹੀ ਕੰਮ ਸੀ। ਨਾ ਉਸ ਘਰ ਦੇ ਦੁੱਧ ਦਾ ਸਵਾਦ ਤੇ ਨਾ ਹੀ ਉਸ ਵਰਗੀ ਸ਼ੁੱਧਤਾ ਪਰ ਕੋਈ ਚਾਰਾ ਨਹੀਂ ਸੀ। ਘਰ ਵਿਚ ਦੁੱਧ ਤੋਂ ਬਿਨਾਂ ਸਰਦਾ ਵੀ ਨਹੀਂ ਸੀ। ਚੰਡੀਗੜ੍ਹ ਵਰਗੇ ਸ਼ਹਿਰ ਵਿਚ ਤਾਂ ਮੱਝ ਕੀ, ਬਕਰੀ ਰੱਖਣ ਦੀ ਵੀ ਮਨਾਹੀ ਸੀ। ਘਰ ਦਾ ਸ਼ੁੱਧ ਦੁੱਧ ਮਿਲੇ ਤਾਂ ਮਿਲੇ ਕਿਥੋਂ?ਸਮਾਂ ਚਲਦਾ ਰਿਹਾ ਪਰ ਦੁੱਧ ਦੀ ਕਿੱਲਤ ਅਤੇ ਪ੍ਰਾਪਤੀ ਹੋਰ ਮੁਸ਼ਕਲ ਹੁੰਦੀ ਗਈ। ਗਰਮੀਆਂ ਵਿਚ ਤਾਂ ਦੁੱਧ ਹੋਰ ਵੀ ਮਹਿੰਗਾ ਹੋ ਜਾਂਦਾ ਤੇ ਮਿਲਣ ਵਿਚ ਵੀ ਤੰਗੀ ਹੁੰਦੀ। ਫਿਰ ਹੌਲੀ-ਹੌਲੀ ਦੁੱਧ ਪੈਕਟਾਂ ਵਿਚ ਆਉਣ ਲਗਿਆ। ਹੁਣ ਪੈਕਟਾਂ ਵਾਲਾ ਦੁੱਧ ਕੋਈ ਕਿੰਨਾ ਕੁ ਖ਼ਰੀਦੇ ਜਾਂ ਕਿਥੋਂ ਬਣਾਏ ਦਹੀਂ ਅਤੇ ਮੱਖਣ? ਦੁੱਧ ਤੋਂ ਦੇਸੀ ਘਿਉ ਤਿਆਰ ਕਰਨਾ ਤਾਂ ਹੋਰ ਵੀ ਨਾ ਮੁਸ਼ਕਲ ਹੋ ਗਿਆ। ਅਜਿਹੀ ਹਾਲਤ ਵਿਚ ਪਿੰਡ ਦਾ ਘਰ ਦਾ ਖੁੱਲ੍ਹਾ ਦੁੱਧ ਅਤੇ ਪੀਣ ਲਈ ਉਸ ਹਾਰੇ ਦੀ ਕਾੜ੍ਹਨੀ ਦਾ ਸਵਾਦੀ ਦੁੱਧ ਵਾਰ-ਵਾਰ ਯਾਦ ਆਉਂਦਾ। ਹੁਣ ਜਦੋਂ ਪੰਜਾਬ ਦੇ ਪਿੰਡਾਂ ਦੇ ਹਾਲਾਤ ਵੇਖੀਦੇ ਹਨ ਤਾਂ ਪਤਾ ਚਲਦਾ ਹੈ ਕਿ ਲੋਕਾਂ ਦਾ ਪਸ਼ੂ ਧਨ ਨਾਲ ਪਿਆਰ ਬਹੁਤ ਘਟਦਾ ਜਾ ਰਿਹਾ ਹੈ। ਬਹੁਤੇ ਘਰਾਂ ਨੂੰ ਦੁੱਧ ਮੁੱਲ ਹੀ ਲੈਣਾ ਪੈ ਰਿਹਾ ਹੈ। ਇਸ ਦੇ ਵੀ ਕਈ ਕਾਰਨ ਹਨ, ਜਿਨ੍ਹਾਂ ਵਿਚ ਮੱਝਾਂ ਤੇ ਗਾਵਾਂ ਦੇ ਮੁੱਲ ਬਹੁਤ ਵੱਧ ਜਾਵੇ, ਜ਼ਮੀਨਾਂ ਘਟਣ ਨਾਲ ਚਾਰੇ ਦੀ ਦਿੱਕਤ ਆ ਰਹੀ ਹੈ। ਪਸ਼ੂਆਂ ਦਾ ਚਾਰਾ ਜਿਨ੍ਹਾਂ ਵਿਚ ਵਧੇਰੇ ਦੁੱਧ ਪ੍ਰਾਪਤੀ ਲਈ ਖੱਲ-ਵੜੇਵੇਂ ਹਨ, ਬਹੁਤ ਹੀ ਕੀਮਤੀ ਹੋ ਗਏ ਹਨ। ਤੂੜੀ ਜਿਸ ਨੂੰ ਪਸ਼ੂ ਖ਼ੁਸ਼ੀ ਨਾਲ ਖਾਂਦੇ ਸਨ ਦੇ ਮੁੱਲ ਅਸਮਾਨੀਂ ਜਾਂ ਲੱਗੇ ਹਨ। ਲੋਕਾਂ ਵਿਚ ਵੀ ਦੁਧਾਰੂ ਪਸ਼ੂਆਂ ਦੀ ਸੇਵਾ ਕਰਨ ਦੀ ਪ੍ਰਵਿਰਤੀ ਘਟਦੀ ਜਾ ਰਹੀ ਹੈ।
ਅਜਿਹੀ ਹਾਲਤ ਵਿਚ ਕਿਥੋਂ ਵਗਣਗੀਆਂ ਦੁੱਧ ਦੀਆਂ ਨਦੀਆਂ? ਇਹੀ ਕਾਰਨ ਹੈ ਕਿ ਪੂਰੇ ਪੰਜਾਬ ਵਿਚ ਅੱਜ ਦੁੱਧ ਦਾ ਉਤਪਾਦਨ ਦਿਨ ਪ੍ਰਤੀ ਦਿਨ ਘਟਦਾ ਹੀ ਜਾ ਰਿਹਾ ਹੈ। ਲੋਕਾਂ ਨੂੰ ਪਿੰਡਾਂ ਵਿਚ ਵੀ ਸ਼ੁੱਧ-ਦੁੱਧ ਮਿਲਣਾ ਮੁਸ਼ਕਲ ਹੋ ਗਿਆ ਹੈ। ਜਿਨ੍ਹਾਂ ਘਰਾਂ ਵਿਚ ਦੁੱਧ ਚੰਗਾ ਹੁੰਦਾ ਹੈ ਉਹ ਦੁੱਧ ਵੇਚਣ ਦਾ ਕਿੱਤਾ ਕਰਨ ਲੱਗੇ ਹਨ। ਪਿੰਡਾਂ ਵਿਚ ਦੁੱਧ ਖ਼ਰੀਦਣ ਲਈ ਡੇਰੀਆਂ ਖੁੱਲ੍ਹ ਗਈਆਂ ਹਨ। ਦੁੱਧ ਕਢਿਆ ਅਤੇ ਡੇਅਰੀ ਵਿਚ ਪਾ ਆਏ, ਕੰਮ ਸੌਖਾ ਹੋ ਗਿਆ ਹੈ। ਤਾਂ ਫਿਰ ਕੌਣ ਬਣਾਏਗਾ ਹਾਰੇ? ਕਿਵੇਂ ਕੜ੍ਹੇਗਾ ਕਾੜ੍ਹਨੀ ਵਿਚ ਦੁੱਧ ਅਤੇ ਕਿਥੋਂ ਮਿਲੇਗਾ ਸ਼ੁੱਧ ਦਹੀ, ਮੱਖਣ ਤੇ ਘਿਉ? ਹਾਲਾਤ ਇਥੋਂ ਤਕ ਬਣ ਗਏ ਹਨ ਕਿ ਚੰਗੇ-ਚੰਗੇ ਪਿੰਡਾਂ ਵਿਚ ਦੁੱਧ ਕਾੜ੍ਹਨ ਵਾਲੇ ਹਾਰੇ ਨਹੀਂ ਮਿਲਦੇ। ਬਹੁਤ ਸਾਰੇ ਬਚਿਆਂ ਨੇ ਕਦੇ ਹਾਰੇ ਨਹੀਂ ਵੇਖੇ। ਸ਼ਹਿਰਾਂ ਦੇ ਬੱਚੇ ਤਾਂ ਹਾਰੇ ਦਾ ਨਾਂ ਤਕ ਨਹੀਂ ਜਾਣਦੇ। ਉਨ੍ਹਾਂ ਨੂੰ ਕੀ ਪਤਾ ਕਾੜ੍ਹਨੀ ਦੇ ਦੁੱਧ ਦਾ ਸਵਾਦ? ਵਿਗਿਆਨਿਕ ਦ੍ਰਿਸ਼ਟੀ ਤੋਂ ਸਿਹਤ ਲਈ ਦੁੱਧ ਜ਼ਰੂਰੀ ਹੈ। ਸ੍ਰੀਰ ਨੂੰ ਲੋੜੀਂਦੇ ਬਹੁਤ ਸਾਰੇ ਤੱਤ ਦੁੱਧ ਵਿਚੋਂ ਪ੍ਰਾਪਤ ਹੋ ਜਾਂਦੇ ਹਨ। ਇਸ ਤਰ੍ਹਾਂ ਦੁੱਧ ਦੀ ਅਣਹੋਂਦ ਵਿਚ ਬੱਚਿਆਂ ਦੇ ਸ੍ਰੀਰ ਕਮਜ਼ੋਰ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਅਨੀਮੀਆਂ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸ਼ਹਿਰਾਂ ਵਿਚ ਅਸੀ ਵੇਖਦੇ ਹਾਂ ਕਿ ਸਕੂਲਾਂ ਵਿਚ ਪੜ੍ਹਦੇ ਬਹੁਤ ਸਾਰੇ ਬੱਚਿਆਂ ਦੇ ਬਚਪਨ ਵਿਚ ਹੀ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ । ਚੰਡੀਗੜ੍ਹ ਵਰਗੇ ਆਧੁਨਕ ਸ਼ਹਿਰ ਵਿਚ 58‚ਫ਼ੀ ਸਦੀ ਸਕੂਲੀ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਇਸ ਸੱਭ ਕੁੱਝ ਦਾ ਕਾਰਨ ਸ਼ੁੱਧ ਅਤੇ ਘੱਟ ਦੁੱਧ ਦਾ ਮਿਲਣਾ ਵੀ ਹੋ ਸਕਦਾ ਹੈ। ਕੋਈ ਸਮਾਂ ਸੀ ਕਿ ਪਿੰਡਾਂ ਵਿਚ ਲੱਸੀ ਏਨੀ ਹੁੰਦੀ ਸੀ ਕਿ ਲੱਸੀ ਵੰਡਣਾ ਪੁੰਨ ਸਮਝਿਆਂ ਜਾਂਦਾ ਸੀ ਤੇ ਜਿਨ੍ਹਾਂ ਦੇ ਘਰ ਲੱਸੀ ਜ਼ਿਆਦਾ ਹੁੰਦੀ ਸੀ, ਉਹ ਦੂਜੇ ਜਾਂ ਗ਼ਰੀਬਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਮੁਫ਼ਤ ਲੱਸੀ ਵੰਡਦੇ ਸਨ। ਪਿੰਡਾਂ ਵਿਚ ਸਵੇਰ ਦੀ ਰੋਟੀ ਲੱਸੀ ਤੋਂ ਬਗੈਰ ਨਹੀਂ ਸੀ ਖਾਧੀ ਜਾਂਦੀ। ਪਰ ਅਜਕਲ ਪਿੰਡਾਂ ਵਿਚ ਵੀ ਲੋਕ ਲੱਸੀ ਨੂੰ ਤਰਸ ਰਹੇ ਹਨ ਅਤੇ ਯਾਦ ਕਰ ਰਹੇ ਹਨ ਉਨ੍ਹਾਂ ਪੁਰਾਣੇ ਦਿਨਾਂ ਨੂੰ ਜਦੋਂ ਹਾਰਿਆਂ ਵਿਚ ਦੁੱਧ ਕਾੜ੍ਹਿਆ ਜਾਂਦਾ ਸੀ ਅਤੇ ਖੁੱਲ੍ਹੀ ਮਿਲਦੀ ਸੀ ਪੀਣ ਲਈ ਖੱਟ ਮਿੱਠੀ ਲੱਸੀ। ਉਨ੍ਹਾਂ ਦਿਨਾਂ ਵਿਚ ਪਿੰਡਾਂ ਦੇ ਹਕੀਮ ਲੋਕ ਵੀ ਜੇ ਕਿਸੇ ਮਰੀਜ਼ ਨੂੰ ਦਵਾਈ ਦੇਂਦੇ ਤਾਂ ਉਸ ਦਵਾਈ ਨੂੰ ਲੱਸੀ ਨਾਲ ਲੈਣ ਲਈ ਕਹਿੰਦੇ। ਏਨੀ ਮਹੱਤਤਾ ਹੁੰਦੀ ਸੀ ਹਾਰੇ ਵਿਚ ਕੜ੍ਹੇ ਦੁੱਧ ਤੋਂ ਬਣੀ ਲੱਸੀ ਦੀ।ਪਿੰਡਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਪੁਰਾਣੇ ਸਭਿਆਚਾਰਕ ਵਿਰਸੇ ਤੋਂ ਦੂਰ ਨਾ ਜਾਣ ਤੇ ਸ੍ਰੀਰਕ ਤੰਦਰੁਸਤੀ ਲਈ ਪੁਰਾਣੀਆਂ ਰਵਾਇਤਾਂ ਦੀ ਕਦਰ ਕਰਨ। ਉਨ੍ਹਾਂ ਨੂੰ ਪਸ਼ੂ ਧਨ ਦਾ ਪੂਰਾ ਧਿਆਨ ਰਖਣਾ ਚਾਹੀਦਾ ਹੈ ਨਾ ਕਿ ਉਹ ਆਧੁਨਿਕਤਾ ਦੇ ਨਾਂ ਤੇ ਪੁਰਾਣੇ ਰੀਤੀ ਰਿਵਾਜਾਂ ਨੂੰ ਤਿਆਗ ਦੇਣ। ਜੋ ਪੁਰਾਣੇ ਸਮਿਆਂ ਦੀਆਂ ਚੰਗੀਆਂ ਗੱਲਾਂ ਹਨ, ਉਨ੍ਹਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਅਤੇ ਅਪਣੇ ਬੱਚਿਆਂ ਨੂੰ ਮੁੜ ਹਾਰੇ ਵਾਲੇ ਕਾੜ੍ਹਨੀ ਦੇ ਦੁੱਧ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਵਿਸ਼ੇਸ਼ ਤੌਰ ਉਤੇ ਪਸ਼ੂ ਧਨ ਵਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਜਿਥੇ ਲੋਕਾਂ ਦੀ ਆਰਥਕਤਾ ਮਜ਼ਬੂਤ ਹੁੰਦੀ ਹੈ, ਉਥੇ ਸਿਹਤ ਦਾ ਵੀ ਧਿਆਨ ਰਖਿਆ ਜਾਂਦਾ ਹੈ। ਇਕ ਤੰਦਰੁਸਤ ਸਮਾਜ ਹੀ ਇਕ ਚੰਗੀ ਸਰਕਾਰ ਦੀ ਬਿਹਤਰ ਕਾਰਗੁਜ਼ਾਰੀ ਦੀ ਨਿਸ਼ਾਨੀ ਹੈ।