
ਕੋਮਾਂਤਰੀ ਬੇਟੀ ਦਿਵਸ, ਭਾਰਤ 'ਚ ਬੇਟੀਆਂ ਦੀ ਸੱਚਾਈ ਉਤੇ ਨਜ਼ਰ ਮਾਰਨ ਦਾ ਇਕ ਦਿਹਾੜਾ ਹੋਣਾ ਚਾਹੀਦਾ ਹੈ ਨਾਕਿ ਫੋਕੀਆਂ ਮੁਹਿੰਮਾਂ ਨਾਲ ਸੁਰਖ਼ੀਆਂ ਵਿਚ ਆਉਣ ਦਾ ਮੌਕਾ। ਅਜਕਲ ਕੁੜੀਆਂ ਦੇ ਹੱਕ ਵਿਚ ਬੋਲਣਾ ਇਕ ਫ਼ੈਸ਼ਨ ਬਣ ਗਿਆ ਹੈ। ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਕਈ ਵੱਡੇ ਸ਼ਹਿਰਾਂ ਵਿਚ ਹੋਣ ਵਾਲੇ ਭਿਆਨਕ ਬਲਾਤਕਾਰਾਂ ਮਗਰੋਂ ਲੋਕ ਸੜਕਾਂ ਉਤੇ ਨਿਕਲ ਆਉਂਦੇ ਹਨ। ਇਹ ਉਹੀ ਮੁੱਠੀ ਭਰ ਲੋਕ ਹਨ ਜੋ ਪਹਿਲਾਂ ਵੀ ਔਰਤਾਂ ਪ੍ਰਤੀ ਚੰਗੀ ਸੋਚ ਰਖਦੇ ਸਨ ਅਤੇ ਅੱਜ ਵੀ ਉਸ ਨੂੰ ਸਾਹਮਣੇ ਲਿਆਉਣ ਤੋਂ ਹਿਚਕਿਚਾਉਂਦੇ ਨਹੀਂ। ਅਸਲ ਵਿਚ ਜੇ ਭਾਰਤ ਨੇ ਕੁੱਝ ਕਦਮ ਅੱਗੇ ਵਲ ਪੁੱਟੇ ਵੀ ਹਨ ਤਾਂ ਪਿੱਛੇ ਵਲ ਉਸ ਤੋਂ ਕਈ ਗੁਣਾਂ ਵੱਧ ਕਦਮ ਪੁੱਟੇ ਹਨ। ਕੁੜੀਆਂ ਲਈ ਸਕੂਲ ਵਿਚ ਜਾਣ ਦੀਆਂ ਸਹੂਲਤਾਂ ਵਧੀਆ ਹਨ, ਕੁੜੀਆਂ ਵਾਸਤੇ ਵਖਰੇ ਪਖ਼ਾਨੇ ਬਣਾਏ ਜਾਂਦੇ ਹਨ ਪਰ ਕੰਮਕਾਜ ਵਿਚ ਕੁੜੀਆਂ ਦਾ ਹਿੱਸਾ ਅਜੇ ਵੀ ਬਹੁਤ ਘੱਟ ਹੈ। ਸਿਰਫ਼ 27% ਔਰਤਾਂ ਹੀ ਭਾਰਤ ਦੀ ਕਮਾਊ ਆਬਾਦੀ ਦਾ ਹਿੱਸਾ ਹਨ। ਜੇ ਔਰਤਾਂ ਬਰਾਬਰੀ ਤੇ ਆ ਕੇ ਕੰਮ ਕਰਨ ਲੱਗ ਜਾਣ ਤਾਂ ਭਾਰਤ ਵਿਚ ਕਮਾਊ ਆਬਾਦੀ ਵਿਚ 200 ਮਿਲੀਅਨ ਤੋਂ ਵੱਧ ਲੋਕ ਜੁੜ ਜਾਣਗੇ ਜਿਸ ਨਾਲ ਭਾਰਤ ਦੀ ਤਰੱਕੀ ਵਖਰੀ ਹੀ ਨਜ਼ਰ ਆਉਣ ਲੱਗੇਗੀ ਪਰ ਭਾਰਤੀ ਬਾਪ ਲਈ ਤਾਂ ਅਜੇ ਬੇਟੀ ਲਈ ਪੜ੍ਹਾਈ ਦਾ ਪ੍ਰਬੰਧ ਕਰਨ ਦਾ ਮੋਰਚਾ ਫ਼ਤਹਿ ਕਰਨਾ ਵੀ ਔਖਾ ਹੋਇਆ ਪਿਆ ਹੈ।ਔਰਤ ਦੇ ਵਜੂਦ ਨੂੰ ਜਦੋਂ ਤਕ ਪ੍ਰਵਾਰ ਦੇ ਵਜੂਦ ਨਾਲੋਂ ਵੱਧ ਅਹਿਮੀਅਤ ਨਹੀਂ ਦਿਤੀ ਜਾਵੇਗੀ, ਔਰਤਾਂ ਨੂੰ ਮਨੁੱਖੀ ਅਧਿਕਾਰਾਂ ਵਿਚ ਬਰਾਬਰੀ ਨਹੀਂ ਮਿਲੇਗੀ। ਬਾਲ ਵਿਆਹਾਂ ਵਿਚ ਕਮੀ ਆਈ ਹੈ ਪਰ ਵਿਆਹ ਵਿਚ ਔਰਤਾਂ ਨਾਲ ਹੋ ਰਹੇ ਰਵਈਏ ਵਿਚ ਤਬਦੀਲੀ ਨਹੀਂ ਆਈ। ਸੱਭ ਤੋਂ ਡਰਾਉਣਾ ਸੱਚ ਇਹ ਹੈ ਕਿ ਇਕ ਔਰਤ ਨੂੰ ਸੱਭ ਤੋਂ ਵੱਧ ਖ਼ਤਰਾ ਅਨਜਾਣ ਲੋਕਾਂ ਤੋਂ ਨਹੀਂ ਬਲਕਿ ਅਪਣੇ ਘਰ ਦੇ ਲੋਕਾਂ ਤੋਂ ਹੈ ਅਤੇ ਉਸ ਦੇ 'ਅਪਣੇ' ਲੋਕਾਂ ਤੋਂ ਹੈ। ਅਸੀ ਸੜਕਾਂ ਉਤੇ ਦੇਰ ਰਾਤ ਦੇ ਹਨੇਰੇ ਵਿਚ ਹੁੰਦੇ ਬਲਾਤਕਾਰਾਂ ਵਿਰੁਧ ਤਾਂ ਉਤਰ ਆਉਂਦੇ ਹਾਂ ਪਰ ਚਾਰ ਦੀਵਾਰੀ ਵਿਚ ਹੋ ਰਹੇ ਵੱਡੇ ਪਾਪਾਂ ਉਤੇ ਪਰਦਾ ਪਾਉਣ ਦੀ ਕੋਸ਼ਿਸ਼ ਹੀ ਕਰਦੇ ਰਹਿੰਦੇ ਹਾਂ।
ਸੁੱਚਾ ਸਿੰਘ ਲੰਗਾਹ ਵਲੋਂ ਔਰਤ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦੇ ਹੋਏ ਇਕ ਕੁੜੀ ਨਾਲ ਸਰੀਰਕ ਸਬੰਧ ਰਖੇ ਗਏ। ਉਸ ਲੜਕੀ ਨੇ ਅਕਾਲੀ ਦਲ ਦੀ ਤਾਕਤ ਬਾਰੇ ਪੂਰੀ ਤਰ੍ਹਾਂ ਜਾਣਦੇ ਹੋਏ ਵੀ ਅਪਣੀ ਦੁਖ-ਭਰੀ ਕਹਾਣੀ ਪੁਲਿਸ ਸਾਹਮਣੇ ਪੇਸ਼ ਕਰਨ ਦੀ ਹਿੰਮਤ ਕੀਤੀ ਅਤੇ ਉਸ ਕੁੜੀ ਉਤੇ ਉਲਟੇ ਇਲਜ਼ਾਮ ਲਗਣੇ ਸ਼ੁਰੂ ਹੋ ਗਏ। ਵੀਡੀਉ ਪੁਲਿਸ ਕੋਲੋਂ ਲੀਕ ਹੋਈ ਅਤੇ ਹੋਛੀ ਨਜ਼ਰ ਰੱਖਣ ਵਾਲਿਆਂ ਨੇ ਪੂਰੀ ਵੀਡੀਉ ਦਾ ਆਨੰਦ ਮਾਣਿਆ ਅਤੇ ਫਿਰ ਫ਼ੈਸਲਾ ਸੁਣਾਇਆ ਕਿ ਕੁੜੀ ਤਾਂ ਮਜ਼ੇ ਲੈ ਰਹੀ ਸੀ। ਇਹ ਨਹੀਂ ਸੋਚਿਆ ਕਿ ਉਸ ਨੇ ਖ਼ੁਦ ਵੀਡੀਉ ਬਣਾ ਕੇ ਦੁਨੀਆਂ ਤੋਂ ਕਿਉਂ ਮਦਦ ਮੰਗੀ? ਇਕ ਤਾਕਤਵਰ ਆਗੂ ਅਤੇ ਧਾਰਮਕ ਆਗੂ ਨੇ ਇਕ ਵਿਧਵਾ ਦੀ ਨੌਕਰੀ ਦੀ ਮੰਗ ਨੂੰ ਅਪਣੀ ਹਵਸ ਪੂਰੀ ਕਰਨ ਦਾ ਰਸਤਾ ਬਣਾ ਲਿਆ ਅਤੇ ਅੱਜ ਉਂਗਲਾਂ ਕੁੜੀ ਉਤੇ ਉਠ ਰਹੀਆਂ ਹਨ। ਸੁਪ੍ਰੀਮ ਕੋਰਟ ਨੇ ਵੀ ਕਹਿ ਦਿਤਾ ਹੈ ਕਿ ਕੁੜੀ ਵਲੋਂ ਇਕ ਹਲਕੀ ਜਹੀ ਨਾਂਹ, ਨਾਂਹ ਨਹੀਂ ਮੰਨੀ ਜਾਵੇਗੀ। ਫਿਰ ਅਸੀ ਆਖਦੇ ਹਾਂ ਕਿ ਬੇਟੀ ਬਚਾਉ। ਕੌਣ ਬਚਾਉਣ ਲੱਗਾ ਹੈ ਬੇਟੀਆਂ ਨੂੰ ਇਸ ਕਠੋਰ ਦੁਨੀਆਂ ਕੋਲੋਂ? ਕੀ ਫ਼ਾਇਦਾ ਜੇ ਕੁੜੀ ਨੂੰ ਪੜ੍ਹਾ ਲਿਖਾ ਦਿਤਾ? ਆਖ਼ਰ ਉਸ ਨੇ ਕਿਸੇ ਪਰਾਏ ਘਰ ਵਿਚ ਜਾ ਕੇ ਇਕ ਚੌਥੇ ਦਰਜੇ ਦੇ ਕਰਮਚਾਰੀ ਤੋਂ ਵੀ ਜ਼ਿਆਦਾ ਮਿਹਨਤ ਕਰਨੀ ਹੈ ਅਤੇ ਨਾਲ ਉਸ ਦੇ ਮਾਂ-ਬਾਪ ਨੂੰ ਜ਼ਿੰਦਗੀ ਭਰ ਸਹੁਰੇ ਅਤੇ ਜਵਾਈ ਰਾਜੇ ਦੀ ਜੀ ਹਜ਼ੂਰੀ ਕਰਨੀ ਹੈ।
ਕਾਨੂੰਨ ਬਣ ਜ਼ਰੂਰ ਗਏ ਹਨ ਪਰ ਕਾਨੂੰਨ ਨੂੰ ਲਾਗੂ ਕਰਨ ਦੀ ਰਫ਼ਤਾਰ ਏਨੀ ਮੱਧਮ ਹੈ ਕਿ ਭਾਰਤ ਵਿਚ ਸਿਰਫ਼ 10% ਔਰਤਾਂ ਹੀ ਅਦਾਲਤ ਵਿਚ ਇਨਸਾਫ਼ ਮੰਗਣ ਜਾਂਦੀਆਂ ਹਨ। ਕਾਨੂੰਨ ਵਿਚ ਘਰੇਲੂ ਹਿੰਸਾ ਦੀ ਸ਼ਿਕਾਇਤ ਵੱਡੀ ਗੱਲ ਨਹੀਂ। ਮਾਮਲਾ ਤਾਂ ਕਦੇ ਕਦੇ ਹੀ ਦਰਜ ਹੁੰਦਾ ਹੈ ਅਤੇ ਜ਼ਮਾਨਤ ਤਾਂ ਝੱਟ ਮਿਲ ਜਾਂਦੀ ਹੈ। ਦਾਜ ਬਾਰੇ ਕਾਨੂੰਨ ਕਿਸੇ ਸਮੇਂ ਬੜਾ ਸਖ਼ਤ ਸੀ ਪਰ ਹੁਣ ਉਸ ਨੂੰ ਵੀ ਕਮਜ਼ੋਰ ਕਰ ਦਿਤਾ ਗਿਆ ਹੈ ਅਤੇ ਇਕ ਦਿਨ ਵਿਚ ਹੀ ਜ਼ਮਾਨਤ ਮਿਲ ਜਾਂਦੀ ਹੈ। ਬੇਟੀ ਨੂੰ ਤਾਕਤਵਰ ਬਣਾਉਣਾ ਸ਼ਾਇਦ ਬੜੇ ਘੱਟ ਲੋਕਾਂ ਦੀ ਦਿਲੀ ਇੱਛਾ ਹੈ ਅਤੇ ਜੋ ਕਰਨਾ ਚਾਹੁੰਦੇ ਹਨ, ਉਹ ਕਰ ਵੀ ਰਹੇ ਹਨ। ਬਾਕੀਆਂ ਵਾਸਤੇ ਸਮਾਜ, ਕਾਨੂੰਨ, ਸਰਕਾਰ ਨੇ ਔਰਤ ਨੂੰ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦਾ ਮਿਲਣਾ ਏਨਾ ਔਖਾ ਬਣਾ ਦਿਤਾ ਹੈ ਕਿ ਸੋਚ ਕਦੇ ਬਦਲਣੀ ਹੀ ਨਹੀਂ। ਜੇ ਔਰਤ ਅਪਣੇ ਹੱਕ ਮੰਗੇ ਤਾਂ ਉਹ ਲੜਾਕੀ ਹੈ। ਜੇ ਔਰਤ ਬਰਾਬਰੀ ਦੀ ਗੱਲ ਕਰੇ ਤਾਂ ਉਹ ਮਰਦਾਂ ਵਿਰੁਧ ਹੈ। ਕਦੇ ਅਬਲਾ ਬਣਾ ਦੇਂਦੇ ਹਨ ਅਤੇ ਕਦੇ ਮਹਿਲਾਵਾਦੀ ਪਰ ਇਨਸਾਨ ਨਹੀਂ ਬਣਨ ਦੇਂਦੇ। ਔਰਤ ਦੇ ਮਨੁੱਖੀ ਹੱਕਾਂ ਵਾਸਤੇ ਸਮਾਜ ਵਿਚ ਮਰਦਾਂ ਨੂੰ ਅਪਣੀ ਕਾਮ, ਕ੍ਰੋਧ, ਹਵਸ ਦੀਆਂ ਕਮਜ਼ੋਰੀਆਂ ਉਤੇ ਪਾਬੂ ਪਾਉਣਾ ਪਵੇਗਾ ਅਤੇ ਭਾਰਤੀ ਸਮਾਜ ਨੂੰ ਅਪਣੀਆਂ ਚਾਰ ਦੀਵਾਰਾਂ ਵਿਚ ਚਲ ਰਹੀਆਂ 7 ਗ਼ਲਤ ਪ੍ਰਥਾਵਾਂ ਤੋਂ ਪਰਦਾ ਚੁਕਣਾ ਪਵੇਗਾ। ਭਾਰਤ ਦੇ ਜਿਗਰੇ ਵਿਚ ਇਹ ਸੱਚ ਕਬੂਲਣ ਦੀ ਤਾਕਤ ਅਜੇ ਤਕ ਨਹੀਂ ਆਈ। ਉਹ ਅਜੇ ਵੀ ਪੁਰਾਣੀਆਂ ਪ੍ਰਥਾਵਾਂ ਅਤੇ ਸੋਚ ਹੇਠ ਬੇਟੀਆਂ ਦੇ ਵਜੂਦ ਕੁਰਬਾਨ ਕਰਦਾ ਜਾ ਰਿਹਾ ਹੈ। -ਨਿਮਰਤ ਕੌਰ