ਡੇਰਾਵਾਦ ਬਨਾਮ ਲੋਕਮਨ
Published : Oct 24, 2017, 10:25 pm IST
Updated : Oct 24, 2017, 4:55 pm IST
SHARE ARTICLE

25 ਤੇ 28 ਅਗੱਸਤ 2017 ਨੂੰ ਸੀ.ਬੀ.ਆਈ. ਅਦਾਲਤ ਨੇ ਅਪਣੇ ਇਤਿਹਾਸਕ ਫ਼ੈਸਲਿਆਂ ਰਾਹੀਂ 'ਕੂੜ ਦੀ ਦੀਵਾਰ' ਨੂੰ ਡੇਗ ਕੇ ਜੋ 'ਸੱਚ ਦਾ ਮਾਰਗ' ਦਰਸਾਇਆ ਹੈ ਉਸ ਨੂੰ 'ਮਾਰਗ ਦਰਸ਼ਨ' ਬਣਾਉਣ ਦੀ ਇਤਿਹਾਸਕ ਲੋੜ ਹੈ। ਪਰ ਹਕੀਕਤ ਇਹ ਹੈ ਕਿ ਉਸ ਮਾਰਗ ਨੂੰ ਹੋਰ ਸਾਫ਼-ਸੁਥਰਾ, ਸਿੱਧਾ ਅਤੇ ਸਪੱਸ਼ਟ ਬਣਾਉਣ ਦੀ ਬਜਾਏ ਸਾਰਾ ਜ਼ੋਰ ਕੂੜ ਦੀ ਡਿੱਗੀ ਹੋਈ ਦੀਵਾਰ ਦੀਆਂ ਇੱਟਾਂ ਗਿਣਨ ਅਤੇ ਸੰਭਾਲਣ ਉਤੇ ਲੱਗ ਰਿਹਾ ਹੈ। ਟੀ.ਵੀ. ਚੈਨਲਾਂ ਉਤੇ ਹੁੰਦੀਆਂ 'ਆੜ-ਫਾਸ' ਵਾਲੀਆਂ ਬਹਿਸਾਂ ਇਸ ਦਾ ਪ੍ਰਮਾਣ ਹਨ। ਨਤੀਜੇ ਵਜੋਂ ਡੇਰਾਵਾਦ ਨੂੰ ਸਮਝਣ ਅਤੇ ਡੇਰਾਵਾਦ ਫੈਲਣ ਦੇ ਮੂਲ ਕਾਰਨ ਖੋਜਣ ਦੀ ਬਜਾਏ ਆਰਥਕ, ਸਮਾਜਕ ਅਤੇ ਰਾਜਨੀਤਕ ਧਰਾਤਲਾਂ ਨੂੰ ਫਰੋਲਿਆ ਜਾ ਰਿਹਾ ਹੈ। ਬਿਨਾਂ ਸ਼ੱਕ, ਇਹ ਧਰਾਤਲਾਂ ਅਹਿਮ ਹਨ ਪਰ ਇਹ ਡੇਰਾਵਾਦ ਦੀ ਨੀਂਹ ਨਹੀਂ, 'ਉਪਰ ਹੋਈ ਉਸਾਰੀ' ਹੈ। ਲੋੜ ਹੈ ਨੀਂਹ ਨੂੰ ਫਰੋਲਣ ਦੀ ਅਤੇ ਇਹ ਨੀਂਹ ਹੈ 'ਲੋਕਮਨ'।ਲੋਕਮਨ ਆਦਿ-ਮਨ ਦਾ ਹੀ ਲੋਕਧਾਰਾਈ ਰੂਪ ਹੈ ਜਿਸ ਦਾ ਸਬੰਧ ਸਮੂਹਕ ਅਵਚੇਤਨ ਨਾਲ ਹੈ। ਸਮੂਹਕ ਅਵਚੇਤਨ ਨੂੰ ਉਸ ਜਨ-ਸਮੂਹ (ਲੋਕਾਂ) ਨੇ ਸਿਰਜਿਆ ਹੈ ਜਿਸ ਦਾ ਸਿੱਧਾ ਵਾਹ ਕੁਦਰਤੀ ਹੋਂਦਾਂ, ਸ਼ਕਤੀਆਂ ਅਤੇ ਵਰਤਾਰਿਆਂ ਨਾਲ ਪਿਆ। ਅਪਣੇ ਡੂੰਘੇ ਜੀਵਨ ਅਨੁਭਵ ਦੇ ਆਧਾਰ ਜਨਸਮੂਹ ਦੇ ਕੁਦਰਤ ਦੀਆਂ ਉਸਾਰੂ (ਲੋਕਿਕ) ਤੇ ਮਾਰੂ ਸ਼ਕਤੀਆਂ ਨੂੰ ਦੇਵੀ-ਦੇਵਤਿਆਂ ਦੇ ਰੂਪ ਵਿਚ ਚਿਤਵ ਕੇ ਉਸਾਰੂ ਸ਼ਕਤੀਆਂ ਤੋਂ ਵਰਦਾਨ ਪ੍ਰਾਪਤ ਕਰਨ ਲਈ ਸਿਫ਼ਤੀ ਉਸਤਤਾਂ ਸਿਰਜ ਲਈਆਂ ਅਤੇ ਮਾਰੂ ਸ਼ਕਤੀਆਂ ਦੇ ਕਹਿਰ ਤੋਂ ਬਚਣ ਲਈ ਉਨ੍ਹਾਂ ਨੂੰ ਵੱਸ ਵਿਚ ਕਰਨ ਲਈ ਜੰਤਰ, ਮੰਤਰ ਅਤੇ ਤੰਤਰ ਵਿਧੀਆਂ ਹੋਂਦ ਵਿਚ ਲਿਆਂਦੀਆਂ। ਇਸ ਨਾਲ ਹੀ ਜਨਸਮੂਹ ਨੇ ਕੁਦਰਤੀ ਸ਼ਕਤੀਆਂ ਬਾਰੇ ਮਿੱਥਾਂ, ਪ੍ਰਤੀਕ, ਬਿੰਬ ਘੜ ਲਏ ਜਿਸ ਅਨੁਸਾਰ ਕੁਦਰਤੀ ਸ਼ਕਤੀਆਂ ਨੂੰ ਦੈਵੀ ਸ਼ਕਤੀਆਂ ਵਜੋਂ ਪੂਜਿਆ ਜਾਣ ਲਗਿਆ। ਇਹ ਸੱਭ ਕੁੱਝ ਜਦੋਂ ਜਨਸਮੂਹ ਦੀ ਜੀਵਨ ਜਾਚ ਦਾ ਸਹਿਜ ਅੰਗ ਬਣ ਗਿਆ ਤਾਂ ਮਨੋਵਿਗਿਆਨੀਆਂ ਨੇ ਇਸ ਨੂੰ 'ਸਮੂਹਕ ਅਵਚੇਤਨ' ਦਾ ਨਾਂ ਦੇ ਦਿਤਾ। ਵਿਵਹਾਰਕ ਤੌਰ 'ਤੇ ਸਮੂਹਕ ਅਵਚੇਤਨ ਨਿਆਸਰਿਆਂ ਲਈ 'ਆਸਰਾ' ਤੇ ਨਿਓਟਿਆਂ ਲਈ 'ਓਟ' ਬਣ ਗਿਆ। ਸਮੇਂ ਦੇ ਬੀਤਣ ਨਾਲ ਜਨਸਮੂਹ ਵਿਚੋਂ ਵਧੇਰੇ ਚੇਤੰਨ ਤੇ ਚਤੁਰ ਵਿਅਕਤੀਆਂ ਨੇ ਜਨਸਮੂਹ ਉਤੇ ਅਪਣੀ ਚੌਧਰ ਸਥਾਪਤ ਕਰ ਕੇ ਉਨ੍ਹਾਂ ਦੀ ਲੁੱਟ ਕਰਨ ਲਈ ਸਮੂਹਕ ਅਵਚੇਤਨ ਨੂੰ ਅਪਣੇ ਹਿਤਾਂ ਅਨੁਸਾਰ ਤੋੜਿਆ-ਮਰੋੜਿਆ ਅਤੇ 'ਧਰਮ' ਰੂਪੀ ਹਥਿਆਰ ਨਾਲ ਜਨਸਮੂਹ ਦੀ ਸਮੂਹਕ ਸ਼ਕਤੀ ਨੂੰ ਖੁੰਢਾ ਕਰ ਦਿਤਾ। ਨਤੀਜੇ ਵਜੋਂ ਇਹ ਚੇਤਨ ਤੇ ਚਤੁਰ ਵਿਅਕਤੀ ਧਰਮ ਦਾ ਲਿਬਾਸ ਪਾ ਕੇ ਬੇਵੱਸ ਤੇ ਅਧੀਨ ਕੀਤੇ ਜਨਸਮੂਹ ਲਈ ਰੱਬ ਤੇ ਖ਼ੁਦਾ ਬਣ ਬੈਠੇ। ਸਿਤਮ ਇਹ ਹੋਇਆ ਕਿ ਲੋਕ-ਮਨ ਨੇ ਇਨ੍ਹਾਂ ਨੂੰ ਰੱਬ ਤੇ ਖ਼ੁਦਾ ਪ੍ਰਵਾਨ ਕਰ ਲਿਆ। ਡੇਰਾਵਾਦ ਦੀ ਇਹੀ ਪੱਕੀ ਨੀਂਹ ਹੈ। ਡੇਰਾਵਾਦ ਵੀ ਵਧੇਰੇ ਚੇਤੰਨ ਤੇ ਚਤੁਰ ਵਿਅਕਤੀਆਂ ਦੀ ਉਪਜ ਹੈ। ਮੁਢਲੇ ਰੂਪ ਵਿਚ 'ਡੇਰਾ' ਦੁਨਿਆਵੀ ਵਸੋਂ ਤੇ ਝਮੇਲਿਆਂ ਤੋਂ ਦੂਰ ਕਿਸੇ ਏਕਾਂਤ ਜਗ੍ਹਾ ਉਤੇ ਕਿਸੇ ਸੱਚੇ ਸਾਧੂ-ਫ਼ਕੀਰ ਦਾ ਆਰਜ਼ੀ ਟਿਕਾਣਾ ਹੁੰਦਾ ਸੀ। ਇਨ੍ਹਾਂ ਸਾਧੂ, ਫ਼ਕੀਰਾਂ ਪ੍ਰਤੀ ਸ਼ਰਧਾ ਰੱਖਣ ਵਾਲੇ ਲੋਕ ਸੇਵਾ ਭਾਵਨਾ ਨਾਲ ਇਨ੍ਹਾਂ ਡੇਰਿਆਂ ਵਿਚ ਰਸਦ-ਪਾਣੀ ਪਹੁੰਚਾਉਂਦੇ ਜਿਸ ਨਾਲ ਕਿਸੇ ਰਾਹੀ-ਪਾਈ ਜਾਂ ਲੋੜਵੰਦ ਵਿਅਕਤੀ ਨੂੰ ਕੁੱਝ ਆਸਰਾ ਮਿਲ ਜਾਂਦਾ।  ਹੌਲੀ-ਹੌਲੀ ਅਜਿਹੇ ਡੇਰਿਆਂ ਦੀ ਮਾਨਤਾ ਅਤੇ ਮਹੱਤਤਾ ਵਧਣ ਨਾਲ ਇਹ ਆਰਜ਼ੀ ਟਿਕਾਣਿਆਂ ਦੀ ਥਾਂ ਪੱਕੇ ਵਸੇਬੇ ਬਣ ਗਏ। ਚਤੁਰ ਅਤੇ ਚਾਲਾਕ ਵਿਅਕਤੀਆਂ ਨੇ ਅਪਣੀਆਂ ਸਾਜ਼ਸ਼ਾਂ ਨਾਲ ਇਨ੍ਹਾਂ ਨੂੰ ਵੀ ਹਥਿਆ ਲਿਆ। ਸੱਚੇ-ਸੁੱਚੇ ਸਾਧੂ ਫ਼ਕੀਰਾਂ ਦੀ ਥਾਂ ਮੁਖੌਟਾਧਾਰੀ 'ਗੁਰੂ' ਸਥਾਪਤ ਕਰ ਦਿਤੇ ਅਤੇ ਡੇਰਿਆਂ ਦੀਆਂ ਸੰਸਥਾਵਾਂ ਬਣਾ ਦਿਤੀਆਂ। 

ਇਨ੍ਹਾਂ ਸੰਸਥਾਵਾਂ ਨੂੰ ਬਕਾਇਦਾ ਯੋਜਨਾਬੱਧ ਅਤੇ ਸਾਜ਼ਿਸ਼ੀ ਢੰਗਾਂ ਨਾਲ ਚਲਾਇਆ ਜਾਣ ਲੱਗਾ। ਨਤੀਜੇ ਵਜੋਂ ਲੋਕਮਨ ਦਾ ਇਨ੍ਹਾਂ ਵਲ ਆਕਰਸ਼ਿਤ ਹੋਣਾ ਸੁਭਾਵਕ ਸੀ ਕਿਉਂਕਿ ਲੋਕਮਨ ਵਿਗਿਆਨ ਅਤੇ ਮਨੋਵਿਗਿਆਨ ਨੇ ਵੀ ਇਹ ਸਪੱਸ਼ਟ ਕਰ ਦਿਤਾ ਹੈ ਕਿ ਸਮੂਹਕ ਅਵਚੇਤਨ ਦਾ ਧਾਰਨੀ ਲੋਕਮਨ ਅਪਣੇ ਅੰਦਰ ਆਦਮ ਪ੍ਰਵਿਰਤੀਆਂ, ਵਿਸ਼ਵਾਸਾਂ ਆਦਿ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਸੰਚਾਰਦਾ ਤੇ ਸਾਂਭਦਾ ਰਹਿੰਦਾ ਹੈ। ਡੇਰਿਆਂ ਦੇ ਚੁਸਤ ਤੇ ਚਲਾਕ ਕਰਤਾ-ਧਰਤਾ ਇਸ ਲੋਕ ਮਾਨਸਿਕਤਾ ਦਾ ਫ਼ਾਇਦਾ ਉਠਾ ਕੇ ਹੀ ਅਪਣੇ ਆਪ ਨੂੰ ਅਤੇ ਅਪਣੇ ਡੇਰਾਵਾਦ ਨੂੰ ਪ੍ਰਫ਼ੁੱਲਤ ਕਰਦੇ ਰਹਿੰਦੇ ਹਨ। ਇਹ ਅਪਣੀਆਂ ਸਾਜ਼ਸ਼ਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਕਰਾਮਾਤਾਂ ਵਿਚ ਤਬਦੀਲ ਕਰ ਕੇ ਲੋਕਮਨ ਨੂੰ ਭਰਮਾਈ ਅਤੇ ਉਲਝਾਈ ਰਖਦੇ ਹਨ। 
ਸਮੂਹਕ ਅਵਚੇਤਨ ਨਾਲ ਜੁੜੀ ਹੋਣ ਕਰ ਕੇ ਲੋਕ ਮਾਨਸਿਕਤਾ ਹਮੇਸ਼ਾ ਭੀੜ ਦਾ ਅੰਗ ਬਣੀ ਰਹਿੰਦੀ ਹੈ। ਭੀੜ ਲਾਈਲੱਗ ਅਤੇ ਜਨੂੰਨੀ ਲੋਕਾਂ ਦਾ ਹਜੂਮ ਹੁੰਦੀ ਹੈ। ਭੀੜ ਵਿਚ ਕੁੱਤਾ ਵੀ ਸ਼ੇਰ ਬਣ ਜਾਂਦਾ ਹੈ ਜਿਸ ਦੇ ਪਿਉ ਨੇ ਬਿੱਲੀ ਨਹੀਂ ਮਾਰੀ ਹੁੰਦੀ ਉਸ ਦਾ ਪੁੱਤਰ ਸ਼ੇਰ ਮਾਰਨ ਤੁਰ ਪੈਂਦਾ ਹੈ। ਪਰ ਜਦੋਂ ਭੀੜ 'ਤੇ 'ਭੀੜ' ਪੈਂਦੀ ਹੈ ਤਾਂ ਉਹੀ ਸ਼ੇਰ ਭਿੱਜੀ ਬਿੱਲੀ ਬਣ ਜਾਂਦਾ ਹੈ। ਸਬੰਧਤ ਘਟਨਾਕ੍ਰਮ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅਪਣੇ ਆਪ ਨੂੰ ਖ਼ੁਦਾ ਸਮਝਣ ਵਾਲੇ ਖ਼ੁਦਾ ਤੋਂ ਹੀ ਰਹਿਮ ਦੀ ਭੀਖ ਮੰਗ ਰਹੇ ਹਨ।ਖ਼ੈਰ, ਮੁੱਖ ਮਸਲਾ ਇਹ ਹੈ ਕਿ ਕੀ ਡੇਰਾਵਾਦ ਉਤੇ ਕਾਨੂੰਨੀ ਸ਼ਿਕੰਜਾ ਕਸਿਆ ਜਾਣਾ ਚਾਹੀਦਾ ਹੈ? ਕੀ ਇਨ੍ਹਾਂ ਦੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ? ਟੀ.ਵੀ. ਚੈਨਲਾਂ ਦੇ ਸਰਵੇਖਣ ਅਨੁਸਾਰ 90 ਤੋਂ 95 ਫ਼ੀ ਸਦੀ ਲੋਕ 'ਹਾਂ' ਵਿਚ ਜਵਾਬ ਦਿੰਦੇ ਹਨ। ਸੋਚਣ ਤੇ ਚਿੰਤਨ ਕਰਨ ਵਾਲੀ ਗੱਲ ਇਹ ਹੈ ਕਿ ਕੀ 90 ਫ਼ੀ ਸਦੀ ਲੋਕ ਸੱਚਮੁਚ ਹੀ ਜਾਗਰੂਕ ਹੋ ਗਏ ਹਨ? ਜੇ ਇਹ ਸੱਚ ਹੈ ਤਾਂ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਨਹੀਂ, ਡੇਰਾਵਾਦ ਅਪਣੀ ਮੌਤ ਆਪ ਮਰ ਜਾਵੇਗਾ। ਪਰ ਇਹ ਹਕੀਕਤ ਨਹੀਂ ਹੈ ਸਿਰਫ਼ ਵਕਤੀ ਉਭਾਰ (ਜਾਗਰਤੀ) ਹੈ ਜੋ ਹੌਲੀ-ਹੌਲੀ ਮੱਠਾ ਪੈ ਕੇ ਫਿਰ ਡੇਰਿਆਂ ਵਲ ਜਾਂਦੇ ਰਾਹਾਂ ਉਤੇ ਤੁਰ ਪਵੇਗਾ। ਕਾਰਨ ਸਪੱਸ਼ਟ ਹੈ ਕਿ ਲੋਕਮਨ ਅਪਣੀਆਂ ਆਦਮ ਪ੍ਰਵਿਰਤੀਆਂ ਤੋਂ ਮੁਕਤ ਨਹੀਂ ਹੋ ਸਕਦਾ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਹਾਰਿਆ ਹੋਇਆ 'ਜੁਆਰੀਆ' ਕਦੇ ਵੀ ਹਾਰ ਨਹੀਂ ਮੰਨਦਾ। ਉਸ ਪਾਸ ਜਿੱਤਣ ਲਈ ਕਾਫ਼ੀ ਕੁੱਝ ਬਚਿਆ ਹੁੰਦਾ ਹੈ ਜਿਸ ਨੂੰ ਉਹ ਮੌਕੇ ਅਨੁਸਾਰ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਅਗਲੀ ਵਿਚਾਰਨਯੋਗ ਗੱਲ ਇਹ ਹੈ ਕਿ ਡੇਰਾਵਾਦ ਨਿਰੀ ਕਲਪਨਾ ਜਾਂ ਖਲਾਅ ਵਿਚ ਨਹੀਂ ਉਸਰਦਾ। ਇਸ ਦੀਆਂ ਜੜ੍ਹਾਂ ਧੁਰ ਪਾਤਾਲ ਤਕ ਹੀ ਨਹੀਂ, ਸਮਾਜਕ ਅਤੇ ਰਾਜਨੀਤਕ ਖੇਤਰਾਂ ਤਕ ਫੈਲੀਆਂ ਹੋਈਆਂ ਹਨ। ਜਦੋਂ ਤਕ ਇਹ ਜੜ੍ਹਾਂ ਹਰੀਆਂ ਹਨ, ਡੇਰਾਵਾਦ ਵੀ ਹਰਾ-ਭਰਾ ਰਹੇਗਾ। 

ਸੱਭ ਸੁਹਿਰਦ, ਸੋਚਵਾਨ ਅਤੇ ਫ਼ਿਕਰਮੰਦ ਵਿਦਵਾਨਾਂ ਅਤੇ ਇਨਸਾਨਾਂ ਲਈ ਡੇਰਾਵਾਦ ਦਾ ਮਸਲਾ ਬੜਾ ਗੰਭੀਰ ਅਤੇ ਪੇਚੀਦਾ ਹੈ। ਫ਼ੌਰੀ ਲੋੜ ਇਸ ਗੱਲ ਦੀ ਹੈ ਕਿ ਡੇਰਾ ਅਤੇ ਡੇਰਾਵਾਦ, ਸੰਤ ਅਤੇ 'ਬਾਬੇ' ਵਿਚਲੇ ਫ਼ਰਕ ਨੂੰ ਸਮਝਿਆ ਜਾਵੇ। ਬਹੁਤ ਸਾਰੇ ਡੇਰੇ, ਡੇਰਾਵਾਦ ਦੇ ਰਾਹ ਨਹੀਂ, ਲੋਕ-ਭਲਾਈ ਦੇ 'ਮਾਰਗ' ਉਤੇ ਚੱਲ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਸੰਤ ਸੱਚਮੁਚ ਹੀ ਸੰਤ ਹਨ 'ਬਾਬੇ' ਨਹੀਂ। ਉਹ ਅਪਣਾ ਮਾਨਵਵਾਦੀ ਫ਼ਰਜ਼ ਬਾਖ਼ੂਬੀ ਅਦਾ ਕਰ ਰਹੇ ਹਨ। ਸੋ, ਸੱਚੇ ਸੁੱਚੇ, ਡੇਰਿਆਂ ਅਤੇ ਸੰਤਾਂ ਦੀ ਪਛਾਣ ਤੇ ਉਨ੍ਹਾਂ ਦਾ ਸਹਿਯੋਗ ਮੁਢਲੀ ਲੋੜ ਹੈ। ਦੂਜੀ ਜ਼ਿੰਮੇਵਾਰੀ ਸਮਾਜ ਸੇਵੀ ਸੰਸਥਾਵਾਂ ਦੀ ਹੈ। ਉਨ੍ਹਾਂ ਨੂੰ ਅਜਿਹੇ ਲੋਕ ਭਲਾਈ ਕਾਰਜ ਕਰਨੇ ਚਾਹੀਦੇ ਹਨ। ਤੀਜੀ ਜ਼ਿੰਮੇਵਾਰੀ, ਵਿਗਿਆਨਕ ਸੋਚ ਨਾਲ ਪਰਨਾਈਆਂ ਸੁਸਾਇਟੀਆਂ ਦੀ ਹੈ। ਇਹ ਜ਼ਿੰਮੇਵਾਰੀ ਉਪਰੋਕਤ ਦੋਹਾਂ ਕਿਸਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਕਿਤੇ ਅਹਿਮ ਹੈ। ਅਹਿਮ ਇਸ ਲਈ ਕਿ ਇਸ ਨੇ ਹੀ ਲੋਕ ਮਨ ਨੂੰ ਵਿਗਿਆਨਕ ਸੋਚ ਨਾਲ ਜੋੜਨਾ ਹੈ। ਅਜਿਹਾ ਕਰਨ ਲਈ ਲੋਕ ਮਨ ਵਿਚ ਵਸੀਆਂ ਹੋਈਆਂ ਮਿੱਥਾਂ ਅਤੇ ਵਿਸ਼ਵਾਸ ਨੂੰ ਰੱਦ ਕਰਨ ਦੀ ਬਜਾਏ ਉਨ੍ਹਾਂ ਦੀ ਵਿਗਿਆਨਕ ਨਜ਼ਰੀਏ ਤੋਂ ਪੁਨਰਸੁਰਜੀਤੀ ਅਤਿ ਜ਼ਰੂਰੀ ਹੈ। ਬਹੁਤ ਚਿਰ ਪਹਿਲਾਂ ਅਜਿਹੀ ਪਹਿਲਕਦਮੀ ਪੰਜਾਬੀ ਦੇ ਮਾਰਕਸਵਾਦੀ ਚਿੰਤਕ ਪ੍ਰੋ. ਕਿਸ਼ਨ ਸਿੰਘ ਨੇ 'ਗੁਰਬਾਣੀ ਦਾ ਸੱਚ' ਪੇਸ਼ ਕਰ ਕੇ ਕੀਤੀ ਸੀ। ਕਹਿਣ ਦਾ ਭਾਵ ਹੈ ਕਿ ਉਸ ਨੇ ਤਰਕਸੰਗਤ ਢੰਗ ਨਾਲ ਗੁਰਮਤਿ ਅਤੇ ਮਾਰਕਸਵਾਦੀ ਨਜ਼ਰੀਏ ਤੋਂ ਨਿਭਾਇਆ ਸੀ। ਗੁਰਮਤਿ ਵਿਚਲੀਆਂ ਧਾਰਣਾਵਾਂ ਜਿਵੇਂ ਸਾਂਝੀਵਾਲਤਾ, ਬਰਾਬਰਤਾ, ਕਿਰਤ ਕਰੋ, ਵੰਡ ਛਕੋ ਆਦਿ ਨੂੰ ਅਤੇ ਗੁਰਮੁਖ ਅਤੇ ਬ੍ਰਹਮਗਿਆਨੀ ਦੇ ਸੰਕਲਪਾਂ ਨੂੰ ਮਾਰਕਸਵਾਦੀ ਧਾਰਨਾਵਾਂ ਤੇ ਸੰਕਲਪਾਂ ਨਾਲੋਂ ਉਚਿਆਇਆ ਸੀ ਅਤੇ ਉਨ੍ਹਾਂ ਨੂੰ ਮਾਨਵਵਾਦੀ ਸਮਾਜ ਦਾ ਅੰਗ ਬਣਾਏ ਜਾਣ ਬਾਰੇ ਸੰਕੇਤ ਦਿਤਾ ਸੀ ਪਰ ਧਾਰਮਕ ਕੱਟੜਤਾ ਨੇ ਪ੍ਰੋ. ਕਿਸ਼ਨ ਸਿੰਘ ਦੀ ਦੇਣ ਨੂੰ ਅੱਖੋਂ ਪਰੋਖੇ ਕਰ ਦਿਤਾ।ਚੌਥੀ ਮਹੱਤਵਪੂਰਨ ਜ਼ਿੰਮੇਵਾਰੀ, ਅਧਿਆਪਕ ਵਰਗ ਉਤੇ ਆ ਟਿਕਦੀ ਹੈ। ਇਹ ਸਮਝਣਯੋਗ ਹੈ ਕਿ ਅਧਿਆਪਕ ਇਕ ਪਵਿੱਤਰ ਸ਼ਬਦ ਹੈ ਜੋ ਅਧਿ+ਆਪ+ਕ ਦਾ ਸੁਮੇਲ ਹੈ ਜਿਸ ਦਾ ਅਰਥ ਹੈ ਕਿ ਅਪਣੇ ਆਪ (ਸਵੈ) ਤੋਂ ਉਪਰ ਉੱਠ ਕੇ ਹੀ ਅਧਿਆਪਕ ਬਣੀਦਾ ਹੈ। ਸਪੱਸ਼ਟ ਹੈ ਕਿ ਖ਼ੁਦਗਰਜ਼ੀਆਂ ਨਾਲ ਜੁੜਿਆ ਅਧਿਆਪਕ ਨਹੀਂ ਹੋ ਸਕਦਾ। ਅਧਿਆਪਕ ਨੂੰ ਤਾਂ ਗੁਰੂ ਦੀ ਪਦਵੀ ਹਾਸਲ ਹੈ। ਸੋ ਅਧਿਆਪਕ ਨੂੰ ਗੁਰੂ ਵਾਲੀ ਜ਼ਿੰਮੇਵਾਰੀ ਨਿਭਾਉਣ ਲਈ ਅਪਣੇ ਵਿਦਿਆਰਥੀਆਂ ਨੂੰ ਅਜਿਹਾ 'ਗਿਆਨ-ਅੰਜੁਨ' ਪ੍ਰਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਵਿਚ ਪਸਰਿਆ ਹੋਇਆ ਅਗਿਆਨ ਰੂਪੀ ਹਨੇਰ ਖ਼ਤਮ ਹੋ ਜਾਵੇ। ਉਨ੍ਹਾਂ ਦੀ ਦ੍ਰਿਸ਼ਟੀ ਸ਼ੁੱਧ, ਪਾਕ ਅਤੇ ਵਿਗਿਆਨਕ ਬਣ ਜਾਵੇ। ਮੇਰਾ ਅਟੱਲ ਵਿਸ਼ਵਾਸ ਹੈ ਕਿ ਜੇ ਉਪਰੋਕਤ ਕਿਸਮ ਦੀਆਂ ਚਾਰੇ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਈਆਂ ਜਾਣ ਤਾਂ ਸਾਡੇ ਚਾਰੇ ਪਾਸੇ ਫੈਲਿਆ ਹੋਇਆ 'ਹਨੇਰ' ਖ਼ਤਮ ਹੋ ਜਾਵੇਗਾ। ਇਸ ਸਬੰਧ ਵਿਚ ਮਹੱਤਵਪੂਰਨ ਗੱਲ ਇਹ ਹੈ ਕਿ 'ਹਨੇਰ' ਨੂੰ ਭੰਡਣ ਜਾਂ ਨਿੰਦਣ ਉਤੇ ਸਾਰਾ ਜ਼ੋਰ ਲਾਉਣ ਦੀ ਬਜਾਏ 'ਚਾਨਣ' ਦੀ ਸਿਰਜਣਾ ਉਤੇ ਗਿਆਨ ਕੇਂਦਰਤ ਕੀਤਾ ਜਾਵੇ ਤਾਂ ਹਨੇਰ ਅਪਣੇ ਆਪ ਹੀ ਅਲੋਪ ਹੋ ਜਾਵੇਗਾ। ਇਹ ਵਿਗਿਆਨਕ ਹਕੀਕਤ ਹੈ ਕਿ ਚਾਨਣ ਦੀ ਬਾਰੀਕ ਤੋਂ ਬਾਰੀਕ ਰਿਸ਼ਮ ਵੀ ਸੰਘਣੇ ਤੋਂ ਸੰਘਣੇ ਹਨੇਰੇ ਨੂੰ ਚੀਰ ਜਾਂਦੀ ਹੈ। ਸੋ ਆਉ, ਧਰਤੀ ਉਤੇ ਵੀ ਚਾਨਣ ਸਿਰਜ ਲਈਏ। ਤਾਰੇ ਬਹੁਤ ਨੇ ਆਸਮਾਨ ਵਿਚ ਲਿਸ਼ਕਣ ਵਾਸਤੇ, ਪੈਰਾਂ ਦਾ ਕਰਮ ਹੈ ਮੰਜ਼ਿਲ ਵਲ ਵਧਦੇ ਜਾਣਾ, ਇਹ ਹੁੰਦੇ ਨਹੀਂ ਰੁਕਣ ਜਾਂ ਥਿੜਕਣ ਵਾਸਤੇ।

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement