ਦੇਸ਼ ਅੰਦਰ ਪੈਦਾ ਹੋਏ ਗੁੱਤ ਕਟਣੇ ਭੂਤ ਦਾ ਪਰਦੇ ਪਿਛਲਾ ਸੱਚ
Published : Oct 23, 2017, 10:49 pm IST
Updated : Oct 23, 2017, 5:19 pm IST
SHARE ARTICLE

ਕਦੇ ਛਲੇਡਾ ਆ ਗਿਆ, ਕਦੇ ਨਲਕੇ ਵਿਚ ਅੰਮ੍ਰਿਤ ਜਲ, ਕਦੇ ਕਿਸੇ ਪਿੰਡ-ਸ਼ਹਿਰ ਦੀ ਸੁਨਸਾਨ ਪਈ ਕੋਠੀ ਵਿਚ ਚੁੜੇਲਾਂ ਦਾ ਵਾਸ, ਕਦੇ ਕਿਸੇ ਸਾਧ ਨੂੰ ਸੁਪਨੇ ਵਿਚ ਜ਼ਮੀਨ ਹੇਠਾਂ ਦਬਿਆ ਸੋਨਾ ਦਿਸਦਾ ਹੈ ਅਤੇ ਸਰਕਾਰ ਜ਼ਮੀਨ ਦੀ ਖੁਦਾਈ ਕਰਵਾਉਣ ਲੱਗ ਜਾਂਦੀ ਹੈ, ਕਦੇ ਬਿੱਜੂ ਦੀ ਦਹਿਸ਼ਤ ਅਤੇ ਪਿੱਛੇ ਜਹੇ ਪੈਦਾ ਹੋਇਆ ਗੁੱਤਾਂ ਕਟਣਾ ਭੂਤ ਜਿਸ ਦੇ ਕਹਿਰ ਤੋਂ ਬਚਣ ਲਈ ਜੋਤਸ਼ੀਆਂ, ਸਾਧਾਂ ਤੇ ਚੇਲਿਆਂ ਵਲੋਂ ਘਰਾਂ ਦੇ ਬੂਹਿਆਂ ਤੇ ਨਿੰਮ, ਨਿੰਬੂ, ਮਿਰਚਾਂ, ਮਹਿੰਦੀ ਤੇ ਹਲਦੀ ਦੇ ਰੱਪੇ ਲਗਵਾਉਣ ਦੇ ਨਾਲ-ਨਾਲ ਇਸ ਤੋਂ ਬਚਣ ਦੇ ਉਪਾਅ ਕਰਵਾਉਣ ਦੀ ਮੋਟੀ ਰਕਮ ਵਸੂਲੀ ਗਈ। ਇਹ ਸਾਰੇ ਭੂਤ ਸਾਡੇ ਦੇਸ਼ ਵਿਚ ਹੀ ਕਿਉਂ ਪੈਦਾ ਹੁੰਦੇ ਹਨ? ਅਜਿਹੀਆਂ ਅਫ਼ਵਾਹਾਂ ਪ੍ਰਤੀ ਕੁੱਝ ਅਗਾਂਹਵਧੂ ਵਿਚਾਰਧਾਰਾ ਵਾਲੇ ਲੋਕਾਂ ਦਾ ਤਾਂ ਇਹ ਕਹਿਣਾ ਹੈ ਕਿ ਜਦੋਂ ਕੋਈ ਮਸਲਾ ਸਮੇਂ ਦੀ ਸਰਕਾਰ ਦੇ ਗਲੇ ਦੀ ਹੱਡੀ ਬਣ ਜਾਵੇ ਤਾਂ ਕੁੱਝ ਸਰਕਾਰੀ ਏਜੰਸੀਆਂ ਵਲੋਂ ਇਥੇ ਵਸਦੇ ਵੱਡੀ ਗਿਣਤੀ ਅਨਪੜ੍ਹਾਂ ਤੋਂ ਇਲਾਵਾ ਪੜ੍ਹੇ-ਲਿਖੇ ਕਮਜ਼ੋਰ ਮਾਨਸਿਕਤਾ ਵਾਲੇ ਲੋਕਾਂ ਦਾ ਲਾਹਾ ਲੈ ਕੇ ਕੋਈ ਨਾ ਕੋਈ ਅਜਿਹੀ ਸ਼ੁਰਲੀ ਛੱਡੀ ਜਾਂਦੀ ਹੈ ਕਿ ਸੱਭ ਦਾ ਪੂਰੇ ਦਾ ਪੂਰਾ ਧਿਆਨ ਉਸੇ ਤੇ ਕੇਂਦਰਤ ਹੋ ਜਾਂਦਾ ਹੈ। ਲੋਕ ਮੁਦਿਆਂ ਤੋਂ ਭਟਕ ਜਾਂਦੇ ਹਨ ਅਤੇ ਸਰਕਾਰਾਂ ਅਪਣਾ ਉੱਲੂ ਸਿੱਧਾ ਕਰ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕੁੱਝ ਕੁ ਅਫ਼ਵਾਹਾਂ ਨੂੰ ਸਮੇਂ ਦੇ ਹਾਲਾਤ ਨਾਲ ਜੋੜ ਕੇ ਵੇਖਿਆ ਜਾਵੇ ਕਿ ਇਸ ਗੱਲ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ, ਸੱਚਮੁਚ ਸਰਕਾਰਾਂ ਦੀਆਂ ਘੜੀਆਂ-ਮਿਥੀਆਂ ਨੀਤੀਆਂ ਹੁੰਦੀਆਂ ਹਨ। ਅਜਿਹੀਆਂ ਅਫ਼ਵਾਹਾਂ ਤੇ ਅਮਲ ਕਰਨ ਵਾਲੇ ਲੋਕ ਜਿਥੇ ਅਪਣੇ ਹੱਕਾਂ ਦੀ ਬਲੀ ਦੇਂਦੇ ਹਨ, ਉਥੇ ਲੁੱਟ ਦਾ ਸ਼ਿਕਾਰ ਵੀ ਹੁੰਦੇ ਹਨ। 21ਵੀਂ ਸਦੀ 'ਚ ਜਿਥੇ ਦੁਨੀਆਂ ਦੇ ਛੋਟੇ-ਛੋਟੇ ਦੇਸ਼ ਵਿਗਿਆਨ ਦੇ ਯੁੱਗ ਵਿਚ ਆਧੁਨਿਕ ਤਕਨੀਕਾਂ ਰਾਹੀਂ ਤਰੱਕੀ ਦੇ ਰਾਹਾਂ ਵਲ ਤੇਜ਼ੀ ਨਾਲ ਵੱਧ ਰਹੇ ਹਨ, ਉਥੇ ਪਿਛਲੇ ਦਿਨੀਂ ਸਿਰ ਦੇ ਵਾਲ ਕਟਣੇ ਅਖੌਤੀ ਭੂਤ ਪਿੱਛੇ ਦੌੜਦੇ ਪੂਰੇ ਦੇਸ਼ ਨੂੰ ਵੇਖਦਿਆਂ, ਦੇਸ਼ ਨੂੰ ਮਹਾਨ ਅਤੇ ਖ਼ੁਸ਼ਹਾਲ ਬਣਾਉਣ ਦਾ ਢੰਡੋਰਾ ਪਿੱਟਣ ਵਾਲੇ ਦੇਸ਼ ਦੇ ਸਿਆਸਤਦਾਨਾਂ ਦੇ ਦਾਅਵਿਆਂ ਤੇ ਹਾਸਾ ਵੀ ਆਇਆ ਤੇ ਦੁੱਖ ਵੀ ਹੋਇਆ। ਜਿਸ ਦੇਸ਼ ਦੇ 98 ਫ਼ੀ ਸਦੀ ਲੋਕਾਂ ਦੇ ਦਿਲਾਂ ਵਿਚੋਂ ਅੱਜ ਤਕ ਅਖੌਤੀ ਭੂਤਾਂ-ਪ੍ਰੇਤਾਂ ਦਾ ਡਰ ਨਹੀਂ ਨਿਕਲਿਆ, ਉਸ ਦੇਸ਼ ਦੇ ਸਿਆਸਤਦਾਨਾਂ ਲਈ 'ਤਰੱਕੀ' ਸ਼ਬਦ ਵਰਤਣਾ ਵੀ ਸ਼ਰਮ ਵਾਲੀ ਗੱਲ ਹੈ। 


ਦਰਅਸਲ ਸਿਰ ਦੇ ਵਾਲ ਵੱਢਣ ਵਾਲਾ ਭੂਤ ਸੋਸ਼ਲ ਮੀਡੀਆ ਦੀ ਪੈਦਾਇਸ਼ ਸੀ ਜੋ ਹਰਿਆਣੇ ਤੋਂ ਸ਼ੁਰੂ ਹੋਇਆ ਇਕ ਚੁਟਕਲਾ ਸੀ। ਇਸ ਵਿਚ ਲਿਖਿਆ ਸੀ ਕਿ ਫਲਾਣੀ ਥਾਂ ਤੇ 20 ਔਰਤਾਂ ਦੇ ਸਿਰ ਦੇ ਵਾਲ ਕੱਟੇ ਗਏ ਅਤੇ ਵੱਢਣ ਵਾਲੇ ਦਾ ਵੀ ਪਤਾ ਲੱਗ ਗਿਆ ਹੈ। ਉਸ ਦੇ ਹੇਠ ਜਾ ਕੇ ਕਾਫ਼ੀ ਲੰਮੀ ਖ਼ਾਲੀ ਥਾਂ ਛੱਡ ਕੇ ਲਿਖਿਆ ਸੀ-ਭਾਨਾ ਨਾਈ। ਸੋਸ਼ਲ ਮੀਡੀਆ ਤੇ ਹੀ ਵਾਇਰਲ ਹੋਈਆਂ ਖ਼ਬਰਾਂ ਮੁਤਾਬਕ ਫਿਰ ਇਸ ਚੁਟਕਲੇ ਦਾ ਅਪਣੇ-ਆਪ ਤੇ ਪ੍ਰਯੋਗ ਕੀਤਾ ਰਾਜਸਥਾਨ ਦੀ ਇਕ ਪੜ੍ਹੀ-ਲਿਖੀ 'ਮਾਨਸਿਕ ਰੋਗੀ' ਕੁੜੀ ਨੇ ਜੋ ਸਿਰ ਦੇ ਵਾਲ ਕੱਟ ਕੇ ਫ਼ੈਂਸੀ ਪੋਨੀ ਬਣਾਉਣਾ ਚਾਹੁੰਦੀ ਸੀ ਪਰ ਘਰ ਵਿਚ ਇਸ ਦੀ ਇਜਾਜ਼ਤ ਨਹੀਂ ਸੀ। ਉਸ ਨੇ ਰਾਤ ਨੂੰ ਸੌਣ ਸਮੇਂ ਅਪਣੀ ਗੁੱਤ ਕੱਟ ਕੇ ਸਿਰਹਾਣੇ ਰੱਖ ਲਈ। ਸਵੇਰੇ ਉਠ ਕੇ ਘਰੋਂ ਡਰਦੀ ਮਾਰੀ ਨੇ ਬੇਹੋਸ਼ ਹੋਣ ਦਾ ਨਾਟਕ ਰਚ ਕੇ ਇਕ ਮਨਘੜਤ ਕਹਾਣੀ ਸੁਣਾਈ ਕਿ ਉਸ ਦੀਆਂ ਅੱਖਾਂ ਸਾਹਮਣੇ ਇਕ ਕੈਂਚੀ ਦੀ ਛਾਂ ਜਿਹੀ ਪਈ ਅਤੇ ਉਸ ਤੋਂ ਬਾਅਦ ਉਸ ਨੂੰ ਕੁੱਝ ਵੀ ਪਤਾ ਨਾ ਲਗਿਆ ਕਿ ਉਹ ਕਿੱਥੇ ਹੈ। ਜਦ ਸਵੇਰੇ ਉਸ ਨੂੰ ਹੋਸ਼ ਆਇਆ ਤਾਂ ਉਸ ਦੀ ਗੁੱਤ ਕੱਟੀ ਹੋਈ ਸਿਰਹਾਣੇ ਪਈ ਸੀ। ਇਸ ਕੁੜੀ ਦੀ ਇਹ ਕਹਾਣੀ ਪਹੁੰਚੀ ਇਕ ਟੀ.ਵੀ. ਚੈਨਲ ਕੋਲ। ਉਸ ਚੈਨਲ ਨੇ ਬਗ਼ੈਰ ਇਸ ਘਟਨਾ ਦੀ ਪੜਤਾਲ ਕੀਤਿਆਂ, ਇਸ ਕਹਾਣੀ ਨੂੰ ਏਨਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਕਿ ਥੋੜ੍ਹੇ ਹੀ ਸਮੇਂ ਵਿਚ ਪੂਰੇ ਦੇਸ਼ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ। ਫਿਰ ਕੀ ਸੀ ਅਨਪੜ੍ਹਤਾ, ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ ਅਤੇ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਹੇ ਦੇਸ਼ ਦੇ ਵੱਡੀ ਗਿਣਤੀ ਲੋਕ ਜੋ ਅਪਣੀਆਂ, ਅਪਣੇ ਬੱਚਿਆਂ ਦੀਆਂ, ਪਤਨੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਅਸਮਰੱਥ ਹਨ ਤੇ ਜਾਂ ਉਹ ਪ੍ਰਵਾਰ ਜਿਨ੍ਹਾਂ ਵਿਚ ਬੱਚਿਆਂ, ਪਤਨੀਆਂ ਜਾਂ ਲੜਕੀਆਂ ਉਤੇ ਮਨਮਰਜ਼ੀ ਕਰਨ ਦੀਆਂ ਬੰਦਸ਼ਾਂ ਹਨ, ਇਸ ਤੋਂ ਇਲਾਵਾ 'ਮਾਨਸਿਕ ਰੋਗੀਆਂ' ਨੇ ਵੀ ਇਹ ਫ਼ਾਰਮੂਲਾ ਟੀ.ਵੀ. ਚੈਨਲ ਦੀ ਖ਼ਬਰ ਤੋਂ ਚੋਰੀ ਕਰ ਲਿਆ ਤੇ ਘਰ ਵਿਚ ਅਪਣੀ ਗੱਲ ਮਨਵਾਉਣ ਲਈ ਅਪਣੇ ਆਪ ਤੇ ਵਰਤਣਾ ਸ਼ੁਰੂ ਕਰ ਦਿਤਾ। ਇਸ ਦਾ ਪਹਿਲਾ ਪ੍ਰਗਟਾਵਾ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਵਿਖੇ ਇਕ ਔਰਤ ਦੀ ਗੁੱਤ ਕੱਟੇ ਜਾਣ ਦੀ ਘਟਨਾ ਤੋਂ ਬਾਅਦ ਹੋਇਆ।ਗੁੱਤ ਕਟਣੇ ਭੂਤ ਦੀ ਦਹਿਸ਼ਤ ਨੇ ਲੋਕਾਂ ਵਿਚ ਇਸ ਤੋਂ ਪਹਿਲਾਂ ਫੈਲਦੀਆਂ ਰਹੀਆਂ ਅਫ਼ਵਾਹਾਂ ਤੋਂ ਵੀ ਕਿਤੇ ਵੱਧ ਦਹਿਸ਼ਤ ਪੈਦਾ ਕਰ ਦਿਤੀ ਸੀ। ਜਿਥੇ ਵੀ ਘਟਨਾ ਵਾਪਰਦੀ ਸੀ, ਪਤਾ ਲਗਦਿਆਂ ਹੀ ਪੁਲਿਸ ਪ੍ਰਸ਼ਾਸਨ ਵੀ ਹਾਜ਼ਰ ਹੋ ਜਾਂਦਾ ਸੀ ਪਰ ਪੁਲਿਸ ਨੂੰ ਗੁੱਤ ਕੱਟਣ ਵਾਲੇ ਵਿਰੁਧ ਕੋਈ ਸੁਰਾਗ਼ ਨਹੀਂ ਸੀ ਲਭਦਾ। ਅਖ਼ਬਾਰਾਂ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਤਰਕਸ਼ੀਲਾਂ ਅਤੇ ਹੋਰ ਅਗਾਂਹਵਧੂ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਵਲੋਂ ਇਸ ਅਡੰਬਰ ਨੂੰ ਬੰਦ ਕਰਵਾਏ ਜਾਣ ਦਾ ਦਬਾਅ ਪਾਏ ਜਾਣ ਤੋਂ ਬਾਅਦ ਤਲਵੰਡੀ ਸਾਬੋ ਵਾਲੀ ਘਟਨਾ ਦੀ ਪੀੜਤ ਔਰਤ ਤੋਂ ਪੁਲਿਸ ਨੇ ਸਖ਼ਤਾਈ ਨਾਲ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਕਬੂਲਿਆ ਕਿ ਉਸ ਨੇ ਅਪਣੀ ਗੁੱਤ ਆਪ ਹੀ ਕੱਟੀ ਹੈ। ਬਸ ਇਸ ਤੋਂ ਬਾਅਦ ਪੁਲਿਸ ਨੂੰ ਕਹਾਣੀ ਸਮਝ ਆ ਗਈ। ਫਿਰ ਜਿਥੇ ਵੀ ਕਿਸੇ ਮਰਦ ਜਾਂ ਔਰਤ ਨਾਲ ਘਟਨਾ ਵਾਪਰਦੀ, ਪੁਲਿਸ ਵਲੋਂ ਸਖ਼ਤੀ ਨਾਲ ਪੁੱਛਣ ਤੇ ਹਰ ਪੀੜਤ ਇਹੀ ਕਹਿੰਦਾ ਸੀ ਕਿ ਉਸ ਨੇ ਅਪਣੇ ਵਾਲ ਖ਼ੁਦ ਕੱਟੇ ਹਨ। ਇਸ ਤੋਂ ਇਲਾਵਾ ਬਜ਼ੁਰਗ ਔਰਤਾਂ ਅਤੇ ਬੱਚਿਆਂ ਦੇ ਵਾਲ ਕੱਟੇ ਜਾਣ ਦੀਆਂ ਪੜਤਾਲੀਆ ਘਟਨਾਵਾਂ ਪਿੱਛੇ ਵੀ ਘਰ ਦੇ ਹੀ ਕਿਸੇ ਨਾ ਕਿਸੇ ਜੀਅ ਦਾ ਹੱਥ ਹੋਣ ਦਾ ਸੱਚ ਸਾਹਮਣੇ ਆਇਆ। ਫਿਰ ਪਹਿਲਾਂ ਵਾਲੀ ਖ਼ਬਰ ਦੇ ਉਲਟ ਖ਼ਬਰਾਂ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਤੇ ਚਲਣੀਆਂ ਸ਼ੁਰੂ ਹੋ ਗਈਆਂ। ਹੌਲੀ-ਹੌਲੀ ਅਜਿਹਾ ਅਡੰਬਰ ਰਚਣ ਵਾਲੇ ਪੁਲਿਸ ਦੇ ਡਰ ਤੋਂ ਸ਼ਾਂਤ ਹੋ ਗਏ ਅਤੇ ਗੁੱਤ ਵੱਢਣ ਵਾਲਾ ਭੂਤ ਗ਼ਾਇਬ ਹੋ ਗਿਆ। ਪਰ ਹੁਣ ਇਹ ਕੁੱਝ ਹੋਰ ਕਾਰਨਾਂ ਕਰ ਕੇ ਕਸ਼ਮੀਰ 'ਚ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ।ਇਹ ਹੈ ਗੁੱਤ ਕਟਣੇ ਭੂਤ ਦਾ ਸੱਚ। ਇਸ ਤੋਂ ਇਲਾਵਾ ਨਾ ਹੀ ਤਾਂ ਗੁੱਤ ਕੱਟਣ ਵਾਲਾ ਕੋਈ ਗੈਂਗ ਸੀ ਤੇ ਨਾ ਹੀ ਕੋਈ ਕੀੜਾ। ਭੂਤ-ਪ੍ਰੇਤ ਨਾਂ ਦੀ ਤਾਂ ਕੋਈ ਚੀਜ਼ ਹੁੰਦੀ ਹੀ ਨਹੀਂ। ਘਰਾਂ ਵਿਚ ਛੋਟੇ-ਮੋਟੇ ਕਾਰਨਾਂ ਕਰ ਕੇ ਕਮਜ਼ੋਰ ਮਾਨਸਿਕਤਾ ਵਾਲੇ ਲੋਕਾਂ ਵਿਚ ਇਕ ਭਰਮ ਪੈਦਾ ਹੋ ਜਾਂਦਾ ਹੈ ਜਿਸ ਨੂੰ ਹਵਾ ਦੇ ਕੇ ਕੁੱਝ ਫ਼ਿਰਕੂ ਤਾਕਤਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਗ਼ੁਲਾਮ ਕਰ ਕੇ ਲੁੱਟ ਦਾ ਸ਼ਿਕਾਰ ਬਣਾਉਂਦੀਆਂ ਹਨ। ਹੁਣ ਤਕ ਜਿੰਨੀਆਂ ਵੀ ਅਜਿਹੀਆਂ ਭੂਤਾਂ-ਪ੍ਰੇਤਾਂ ਨਾਲ ਜੁੜੀਆਂ ਅਫ਼ਵਾਹਾਂ ਫੈਲੀਆਂ, ਭਾਵੇਂ ਸਰਹੱਦ ਉਤੇ ਸ਼ਹੀਦ ਹੋ ਚੁੱਕੇ ਫ਼ੌਜੀਆਂ ਵਲੋਂ ਪਹਿਰਾ ਦੇਣ ਦੀ, ਭਾਵੇਂ ਘਰ ਦੇ ਕਪੜੇ ਕੱਟੇ ਜਾਣ, ਅੱਗ ਲੱਗਣ ਜਾਂ ਇੱਟਾਂ-ਰੋੜੇ ਵੱਜਣ ਦੀ ਹੋਵੇ, ਇਨ੍ਹਾਂ ਦੀ ਪੜਤਾਲ ਦੌਰਾਨ ਕੁੱਝ ਵੀ ਨਹੀਂ ਨਿਕਲਿਆ। ਫਿਰ ਵੀ ਅਖੌਤੀ ਮਹਾਨ ਭਾਰਤ ਦੇ ਲੋਕ ਅੱਖਾਂ ਬੰਦ ਕਰ ਕੇ ਲੁੱਟ ਦਾ ਸ਼ਿਕਾਰ ਹੋਣ ਵਿਚ ਮੋਹਰੀ ਹਨ। 

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement