ਧਰਮਾਂ ਦੇ 'ਮਾਲਕ' ਪੁਜਾਰੀ ਸ਼੍ਰੇਣੀ ਦੇ ਲੋਕ ਹੁੰਦੇ ਹਨ, ਰੱਬ ਤਾਂ ਨਹੀਂ ਹੁੰਦਾ!
Published : Oct 6, 2017, 10:57 pm IST
Updated : Oct 6, 2017, 5:27 pm IST
SHARE ARTICLE

ਯੇਸੂਦਾਸ ਨੂੰ ਮੰਦਰ ਵਿਚ ਝੂਠਾ ਬਿਆਨ ਦੇ ਕੇ ਜਾਣ ਦਿਤਾ ਗਿਆ ਹਾਲਾਂਕਿ ਉਸ ਦੇ ਗਾਏ ਹੋਏ ਭਜਨ ਮੰਦਰ ਵਿਚ ਸੁਣਾਏ ਜਾਂਦੇ ਹਨ।

ਸਾਰੇ ਹੀ ਧਰਮਾਂ ਦਾ ਮਕਸਦ ਤਾਂ ਇਕੋ ਇਕ ਸੀ ਕਿ ਬੰਦੇ ਨੂੰ ਉਸ ਦੇ ਇਕੋ ਇਕ ਮਾਲਕ ਨਾਲ ਮਿਲਾਉਣ ਦਾ ਸੌਖਾ ਤੇ ਸਿੱਧਾ ਰਾਹ ਉਲੀਕ ਦੇਣ ਤਾਕਿ ਉਹ ਦੁਨੀਆਂ ਦੇ ਝਮੇਲਿਆਂ ਵਿਚ ਭਟਕੇ ਨਾ ਤੇ ਜੀਵਨ ਦੇ ਅਸਲ ਮਨੋਰਥ ਨੂੰ ਭੁਲ ਨਾ ਜਾਏ। ਪਰ ਫਿਰ ਧਰਮਾਂ ਦੇ 'ਮਾਲਕ' ਕੌਣ ਹਨ? ਜੇ ਰੱਬ ਹੁੰਦਾ ਤਾਂ ਉਹ ਵੱਖ ਵੱਖ ਧਰਮ, ਪਹਿਲਾਂ ਤਾਂ ਪੈਦਾ ਹੀ ਨਾ ਕਰਦਾ¸ਬਸ ਇਕੋ ਧਰਮ ਹੀ ਪੈਦਾ ਕਰਦਾ ਜਿਵੇਂ ਜ਼ਿੰਦਾ ਰਹਿਣ ਲਈ ਹਵਾ, ਪਾਣੀ ਤੇ ਭੋਜਨ ਸੱਭ ਲਈ ਇਕੋ ਜਿੰਨੇ ਜ਼ਰੂਰੀ ਬਣਾਏ ਗਏ ਹਨ। ਕਿਸੇ ਇਕ ਵੀ ਚੀਜ਼ ਬਿਨਾਂ ਜੀਵਤ ਨਹੀਂ ਰਿਹਾ ਜਾ ਸਕਦਾ¸ਭਾਵੇਂ ਮਨੁੱਖ ਦਾ ਧਰਮ ਕੋਈ ਵੀ ਹੋਵੇ, ਦੇਸ਼ ਕੋਈ ਵੀ ਹੋਵੇ ਤੇ ਰੰਗ, ਨਸਲ ਕੋਈ ਵੀ ਹੋਵੇ। ਇਸੇ ਤਰ੍ਹਾਂ 'ਧਰਮ' ਵੀ ਇਕ ਹੋਣਾ ਸੀ ਤੇ ਉਸ ਦੇ ਨਿਯਮ ਸਾਰੀ ਮਨੁੱਖ ਜਾਤੀ ਲਈ ਹਵਾ, ਪਾਣੀ ਵਾਂਗ ਇਕੋ ਜਹੇ ਹੀ ਹੋਣੇ ਸਨ।

ਪਰ ਮੁਸ਼ਕਲ ਉਦੋਂ ਪੈਦਾ ਹੋ ਗਈ ਜਦ ਸਾਰੇ ਹੀ ਧਰਮਾਂ ਦੀ ਪੁਜਾਰੀ ਸ਼੍ਰੇਣੀ ਨੇ ਧਰਮਾਂ ਉਤੇ ਮਾਲਕੀ ਰੱਬ ਦੀ ਨਾ ਰਹਿਣ ਦਿਤੀ ਤੇ ਅਪਣੀ ਬਣਾ ਲਈ। ਪੁਜਾਰੀਆਂ ਨੇ ਮੰਦਰ, ਗਿਰਜੇ, ਮਸੀਤਾਂ ਤੇ ਗੁਰਦਵਾਰੇ ਬਣਾ ਲਏ ਤੇ ਉਥੋਂ ਧਰਮ ਦਾ ਨਾਂ ਲੈ ਕੇ ਐਲਾਨ ਕਰਨੇ ਸ਼ੁਰੂ ਕਰ ਦਿਤੇ ਕਿ, ''ਰੱਬ ਨੇ 'ਅਸਲੀ ਧਰਮ' ਦਾ ਸਾਰਾ ਗਿਆਨ ਸਾਡੇ ਅਤੇ ਸਾਡੇ ਪੀਰ ਮੁਰਸ਼ਦ ਦੇ ਕੰਨਾਂ ਵਿਚ ਵੀਟ ਦਿਤਾ ਸੀ ਤੇ ਬਾਕੀ ਧਰਮਾਂ ਵਾਲੇ ਸੱਭ ਝੂਠ ਬੋਲਦੇ ਹਨ, ਸੋ ਜਿਨ੍ਹਾਂ ਨੂੰ ਸੌ ਫ਼ੀ ਸਦੀ ਅਸਲੀ ਧਰਮ ਦੇ ਨਿਯਮਾਂ ਬਾਰੇ ਗਿਆਨ ਚਾਹੀਦਾ ਹੈ, ਉਹ ਹੋਰ ਕਿਧਰੇ ਨਾ ਜਾਣ ਤੇ ਇਸ 'ਦਵਾਰੇ' ਵਿਚ ਆ ਕੇ ਪੁਜਾਰੀ ਜੀ ਕੋਲੋਂ ਪੁੱਛਣ। ਪੁਜਾਰੀ ਜੀ (ਨਾਂ ਉਨ੍ਹਾਂ ਦੇ, ਹਰ ਧਰਮ ਦਵਾਰੇ ਵਿਚ ਵਖਰੇ ਵਖਰੇ ਹੁੰਦੇ ਹਨ) ਤੁਹਾਨੂੰ ਸਿੱਧੇ ਰੱਬ ਤੋਂ ਸੁਣੇ ਨਿਯਮ ਹੀ ਦੱਸਣਗੇ ਜਿਨ੍ਹਾਂ ਉਤੇ ਅਮਲ ਕਰ ਕੇ, ਤੁਸੀ ਅਪਣਾ ਹਲਤ ਪਲਤ (ਦੁਨਿਆਵੀ ਜੀਵਨ ਤੇ ਮਰਨ ਤੋਂ ਬਾਅਦ ਦਾ ਜੀਵਨ) ਸਵਾਰ ਸਕੋਗੇ ਵਰਨਾ ਦੋਹੀਂ ਥਾਈਂ ਭਟਕਦੇ ਹੀ ਰਹੋਗੇ।'' ਧਰਮ-ਦਵਾਰਿਆਂ 'ਚੋਂ ਨਿਕਲੀ ਪੁਜਾਰੀ ਵਰਗ ਦੀ ਉੱਚੀ ਆਵਾਜ਼ ਸੁਣ ਕੇ ਚੰਗੇ ਚੰਗੇ ਬੰਦਿਆਂ ਦੇ ਹੋਸ਼ ਗੁੰਮ ਹੋ ਜਾਂਦੇ ਹਨ ਤੇ ਉਹ ਕਹਿੰਦੇ ਹਨ, ਮੰਨ ਲਉ ਇਨ੍ਹਾਂ ਦੀ ਗੱਲ ਨਹੀਂ ਤਾਂ ਛੋਟੀ ਜਹੀ ਗੱਲ ਪਿੱਛੇ, ਰੱਬ ਐਵੇਂ ਹੀ ਨਾ ਨਾਰਾਜ਼ ਹੋ ਜਾਏ ਕਿਧਰੇ।

ਇਸ ਤਰ੍ਹਾਂ ਪੁਜਾਰੀ ਵਰਗ ਦੀਆਂ ਚੰਮ ਦੀਆਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਉਹ ਹੁਕਮ ਜਾਰੀ ਕਰਨ ਲੱਗ ਪੈਂਦੇ ਹਨ ਕਿ ਐਨੇ ਪੈਸੇ ਦੇ ਕੇ ਪੁਜਾਰੀਆਂ ਕੋਲੋਂ ਪਾਠ ਕਰਵਾ, ਐਨੇ ਪੈਸੇ ਦੇ ਕੇ ਪੰਡਤ ਜੀ ਕੋਲੋਂ ਹਵਨ ਕਰਾ ਤੇ ਐਨੇ ਪੁਜਾਰੀਆਂ ਨੂੰ ਬਸਤਰ, ਭੋਜਨ ਤੇ ਰੁਪਈਏ ਦੇ ਕੇ, ਪਿਤਰਾਂ ਦੀ ਯਾਦ ਵਿਚ 'ਸਰਾਧ' ਰਖਵਾ ਤੇ ਐਨੇ ਪੈਸੇ ਦੇ ਕੇ ਸਾਲ ਵਿਚ ਇਕ ਵਾਰ ਗੰਗਾ ਜਾ ਕੇ, ਪੁਜਾਰੀਆਂ ਨੂੰ ਪੈਸੇ ਦਾਨ ਕਰ ਤੇ ਫ਼ਲਾਣੇ ਤੀਰਥ ਤੇ ਜਾ ਕੇ 21 ਪੁਜਾਰੀਆਂ ਦੇ ਪੈਰ ਧੋ ਕੇ, ਉਨ੍ਹਾਂ ਨੂੰ ਮਾਇਆ ਦਾਨ ਕਰ ਕਿਉਂਕਿ ਉਸ ਤੀਰਥ ਤੇ ਦਾਨ ਪੁੰਨ ਕੀਤਿਆਂ ਹੀ ਮੋਕਸ਼ (ਮੁਕਤੀ) ਦੀ ਪ੍ਰਾਪਤੀ ਹੋ ਸਕਦੀ ਹੈ। ਵਿਚਾਰਾ ਅਣਦੇਖੇ ਜਗਤ ਵਿਚ 'ਇਥੇ ਨਾਲੋਂ ਕੁੱਝ ਚੰਗਾ' ਪ੍ਰਾਪਤ ਕਰਨ ਦੇ ਲਾਲਚ ਵਿਚ, ਪੁਜਾਰੀ ਦੀਆਂ ਸਾਰੀਆਂ ਗੱਲਾਂ ਮੰਨਣ ਲਈ ਝੱਲਾ ਹੋਇਆ ਰਹਿੰਦਾ ਹੈ।

ਪੁਜਾਰੀਆਂ, ਬਾਬਿਆਂ, ਤਾਂਤਰਿਕਾਂ ਆਦਿ ਦੇ ਮਾਇਆ ਲੁੱਟਣ ਦੇ ਗ਼ਲਤ ਹਥਕੰਡਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਹੀ ਕੀਤਾ ਜਾ ਸਕਦਾ ਹੈ, ਹੋਰ ਤਾਂ ਕੁੱਝ ਨਹੀਂ ਕੀਤਾ ਜਾ ਸਕਦਾ। ਜਿਹੜੇ ਮਜ਼ਬੂਤ ਇੱਛਾ ਦੇ ਮਾਲਕ ਹਨ, ਉਹ ਛੇਤੀ ਸਮਝ ਜਾਂਦੇ ਹਨ ਪਰ ਡਰੂ ਤਬੀਅਤ ਵਾਲੇ ਲੋਕ, ਦੁਚਿੱਤੀ ਵਿਚ ਫੱਸ ਕੇ, ਪੁਜਾਰੀਆਂ ਦੇ ਗ਼ਲਤ ਹੁਕਮ ਵੀ ਮੰਨਦੇ ਰਹਿੰਦੇ ਹਨ ਤੇ ਇਹ ਦਾਅਵੇ ਵੀ ਕਰਦੇ ਰਹਿੰਦੇ ਹਨ ਕਿ ਉਹ ਅਪਣੇ ਆਪ ਨੂੰ ਬਹੁਤ ਸਮਝਾ ਰਹੇ ਹਨ।


ਪਰ ਜਦ ਪੁਜਾਰੀ ਲਾਣਾ ਇਹ ਹੁਕਮ ਜਾਰੀ ਕਰਦਾ ਹੈ ਕਿ ਫ਼ਲਾਣੇ ਬੰਦੇ ਨੂੰ ਧਰਮ 'ਚੋਂ ਛੇਕਿਆ ਜਾਂਦਾ ਹੈ ਤੇ ਉਸ ਨਾਲ ਕੋਈ ਰੋਟੀ-ਬੇਟੀ ਦਾ ਸਬੰਧ ਨਾ ਰੱਖੇ ਜਾਂ ਫ਼ਲਾਣੇ ਨੂੰ ਇਸ 'ਦਵਾਰੇ' ਅੰਦਰ ਆਉਣ ਦੀ ਆਗਿਆ ਨਹੀਂ ਤਾਂ ਫਿਰ ਸਪੱਸ਼ਟ ਹੋ ਜਾਂਦਾ ਹੈ ਕਿ ਜਿਸ ਧਰਮ ਵਲੋਂ ਇਹ ਪੁਜਾਰੀ ਬੋਲ ਰਹੇ ਹਨ, ਉਹ ਰੱਬ ਦਾ ਧਰਮ ਨਹੀਂ, ਇਸ ਧਰਮ ਦੀ ਮਾਲਕੀ ਇਨ੍ਹਾਂ ਪੁਜਾਰੀਆਂ ਦੀ ਜੇਬ ਵਿਚ ਪਈ ਹੈ। ਦੁਨੀਆਂ ਵਿਚ ਰਹਿ ਕੇ 'ਪਾਪ' ਤਾਂ ਸਾਰੇ ਮਨੁੱਖ  ਹੀ ਕਰਦੇ ਹਨ ਜਾਂ ਉਨ੍ਹਾਂ ਕੋਲੋਂ ਹੋ ਜਾਂਦੇ ਹਨ। ਜੋ ਖ਼ੁਦ ਪਾਪ ਕਰਦਾ ਰਿਹਾ ਹੈ, ਉਹ ਦੂਜਿਆਂ ਨੂੰ ਸਜ਼ਾ ਕਿਵੇਂ ਦੇ ਸਕਦਾ ਹੈ? ਈਸਾ ਮਸੀਹ ਨੇ ਅਜਿਹੇ ਮੌਕੇ ਤੇ ਹੀ ਕਿਹਾ ਸੀ, ''ਇਸ ਵੇਸਵਾ ਔਰਤ ਨੂੰ ਉਹ ਬੰਦਾ ਪੱਥਰ ਮਾਰੇ ਜੋ ਦਾਅਵੇ ਨਾਲ ਕਹਿ ਸਕੇ ਕਿ ਉਸ ਨੇ ਕੋਈ ਪਾਪ ਕਦੇ ਨਹੀਂ ਕੀਤਾ।'' ਪੱਥਰ ਮਾਰਨ ਵਾਲਿਆਂ ਦੇ ਪੱਥਰ ਹੱਥੋਂ ਛੁਟ ਗਏ ਤੇ ਮੂੰਹ ਨੀਵੇਂ ਪੈ ਗਏ। ਪੁਜਾਰੀਆਂ ਉਤੇ ਅਜਿਹੀਆਂ ਗੱਲਾਂ ਦਾ ਅਸਰ ਕਦੇ ਨਹੀਂ ਹੋਇਆ। ਉਨ੍ਹਾਂ ਨੂੰ ਅਪਣੇ ਦਿਤੇ ਉਪਦੇਸ਼ ਹੀ ਯਾਦ ਨਹੀਂ ਰਹਿੰਦੇ ਕਿ ਸੱਭ ਨੇ ਅਖ਼ੀਰ ਰੱਬ ਕੋਲ ਜਾਣਾ ਹੀ ਜਾਣਾ ਹੈ (ਕੋਈ ਵੀ ਜਾਣੋਂ ਨਹੀਂ ਰਹਿ ਸਕਦਾ) ਤੇ ਉਥੇ ਸੱਭ ਦੇ ਇਕੋ-ਇਕ ਮਾਲਕ ਰੱਬ ਨੇ ਸੱਭ ਦੇ ਚੰਗੇ ਮੰਦੇ ਕੰਮਾਂ ਬਦਲੇ ਸਜ਼ਾ ਜਾਂ ਸ਼ਾਬਾਸ਼ੀ ਦੇਣੀ ਹੀ ਦੇਣੀ ਹੈ। ਫਿਰ ਪੁਜਾਰੀ, ਰੱਬ ਤੋਂ ਪਹਿਲਾਂ ਹੀ ਅਪਣੀ 'ਸਜ਼ਾ' ਦੇਣ ਲਈ ਕਾਹਲੇ ਕਿਉਂ ਪਏ ਰਹਿੰਦੇ ਹਨ? ਕਿਉਂਕਿ ਉਹ ਦੁਨੀਆਂ ਨੂੰ ਦਸਦੇ ਰਹਿਣਾ ਚਾਹੁੰਦੇ ਹਨ ਕਿ ਉਸ ਧਰਮ ਦੇ 'ਮਾਲਕ' ਉਹ ਆਪ ਹਨ, ਰੱਬ ਨਹੀਂ।

ਇਸੇ ਸਬੰਧ ਵਿਚ ਹਿੰਦੁਸਤਾਨ ਦੇ ਪ੍ਰਸਿੱਧ ਗਾਇਕ ਯੇਸੂਦਾਸ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਦੁਸਹਿਰੇ ਵਾਲੇ ਦਿਨ ਥਿਰੂਅਨੰਤਾਪੁਰਮ ਵਿਚ ਪਦਮਨਾਭਾ ਸਵਾਮੀ ਮੰਦਰ ਵਿਚ ਦਾਖ਼ਲ ਹੋਣ ਦੀ ਆਗਿਆ ਮੰਗੀ। ਯੇਸੂਦਾਸ ਦੇ ਭਜਨਾਂ ਦੀਆਂ ਸੀਡੀਆਂ ਤਾਂ ਮੰਦਰ ਵਿਚ ਸੁਣਾਈਆਂ ਜਾਂਦੀਆਂ ਹਨ ਪਰ ਯੇਸੂਦਾਸ ਆਪ ਕਿਉਂਕਿ ਈਸਾਈ ਹੈ, ਇਸ ਲਈ ਮੰਦਰ ਵਿਚ ਉਸ ਦੇ ਦਾਖ਼ਲੇ ਉਤੇ ਪਾਬੰਦੀ ਹੈ। ਵਿਦੇਸ਼ਾਂ ਵਿਚੋਂ ਕਈ ਗੋਰੇ ਯਾਤਰੀ, ਮੰਦਰ ਦੇ ਅੰਦਰ ਜਾ ਕੇ ਉਸ ਵਿਚ ਨਿਭਾਈ ਜਾਂਦੀ ਮਰਿਆਦਾ ਵੇਖਣੀ ਚਾਹੁੰਦੇ ਹਨ। ਉਨ੍ਹਾਂ ਸੱਭ ਨੂੰ ਲਿਖ ਕੇ ਦੇਣਾ ਪੈਂਦਾ ਹੈ ਕਿ 'ਅਸੀ ਹਿੰਦੂ ਧਰਮ ਨੂੰ ਮੰਨਦੇ ਹਾਂ ਤੇ ਹਿੰਦੂ ਹੀ ਹਾਂ।'' ਇਹ ਲਿਖ ਕੇ ਦੇਣ ਅਤੇ ਕੁੱਝ ਮਾਇਆ ਜਮ੍ਹਾਂ ਕਰਵਾ ਦੇਣ ਮਗਰੋਂ ਹੀ ਉਨ੍ਹਾਂ ਨੂੰ ਅੰਦਰ ਜਾਣ ਦਿਤਾ ਜਾਂਦਾ ਹੈ। ਈਸਾਈ ਯੇਸੂਦਾਸ ਨੇ ਵੀ ਇਸ ਤਰ੍ਹਾਂ ਹੀ ਕੀਤਾ। ਜੇ ਸਾਰੇ ਧਰਮ ਰੱਬ ਦੇ ਬਣਾਏ ਹੋਏ ਹੁੰਦੇ ਤਾਂ ਇਸ ਤਰ੍ਹਾਂ ਇਕ ਧਰਮ ਨੂੰ ਮੰਨਣ ਵਾਲਾ ਬੰਦਾ, ਦੂਜੇ ਧਰਮ ਦੇ 'ਦਵਾਰੇ' ਵਿਚ ਜਾਣ ਲਈ ਝੂਠ ਲਿਖਣ ਲਈ ਮਜਬੂਰ ਨਾ ਕੀਤਾ ਜਾ ਸਕਦਾ। ਅੱਜ ਦੀ ਹਾਲਤ ਇਹੀ ਹੈ ਕਿ ਸਾਰੇ ਹੀ ਧਰਮਾਂ ਦੇ 'ਮਾਲਕ' ਮਨੁੱਖ ਅਥਵਾ ਪੁਜਾਰੀ ਲੋਕ ਹੀ ਹਨ ਤੇ ਉਹ ਸਿਆਹ ਕਰਨ ਜਾਂ ਸਫ਼ੈਦੀ, ਚਲਦੀ ਉਨ੍ਹਾਂ ਦੀ ਹੀ ਹੈ।

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement