
ਅੱਜ ਭਾਜਪਾ ਨੇ ਐਸ.ਜੀ.ਪੀ.ਸੀ. ਦੀ ਚੋਣ ਲੜਨ ਦੇਣ ਦੀ ਮੰਗ ਕੀਤੀ ਹੈ ਪਰ ਅਕਾਲੀ ਦਲ ਨੇ ਚੁੱਪੀ ਧਾਰਨ ਕੀਤੀ ਹੋਈ ਹੈ। ਬਾਦਲ ਪ੍ਰਵਾਰ ਅਤੇ ਉਨ੍ਹਾਂ ਦੀ ਵਫ਼ਾਦਾਰ 'ਦਿੱਲੀ ਵਾਲੀ ਫ਼ੌਜ' ਦੀ ਚੁੱਪੀ, ਸਿੱਖ ਧਰਮ ਲਈ ਬਹੁਤ ਵੱਡਾ ਸੰਕਟ ਸਾਬਤ ਹੋ ਸਕਦੀ ਹੈ।
ਰਿਸ਼ਤੇ ਅਜੀਬ ਅਜੀਬ ਤਰ੍ਹਾਂ ਦੇ ਹੁੰਦੇ ਹਨ। ਕਈ ਸਾਂਝੇ ਟੀਚਿਆਂ ਤੇ ਸਿਧਾਂਤਾਂ ਦੀ ਬੁਨਿਆਦ ਉਤੇ ਟਿਕੇ ਹੁੰਦੇ ਹਨ ਅਤੇ ਕਈ ਮਜਬੂਰੀ ਨਾਲ ਬੱਝੇ ਹੁੰਦੇ ਹਨ। ਅਕਾਲੀ-ਭਾਜਪਾ ਭਾਈਵਾਲੀ ਇਕ ਮਜਬੂਰੀ ਵਿਚੋਂ ਉਪਜੀ ਸਾਂਝ ਸੀ। ਭਾਜਪਾ ਦੀ ਵਿਚਾਰਧਾਰਾ, ਪੰਜਾਬ ਨੇ ਕਦੇ ਪ੍ਰਵਾਨ ਨਹੀਂ ਸੀ ਕਰਨੀ ਅਤੇ ਅਕਾਲੀ ਦਲ ਨੂੰ ਕੇਂਦਰ ਵਿਚ ਵਜ਼ੀਰੀ ਕਾਂਗਰਸ ਨਾਲ ਭਿਆਲੀ ਪਾ ਕੇ ਹੀ ਮਿਲਦੀ ਰਹੀ ਸੀ। ਪੰਜਾਬ ਵਿਚ ਸਿਵਾਏ ਕਾਂਗਰਸ ਅਤੇ ਅਕਾਲੀ ਦਲ ਦੇ, ਹੋਰ ਕੋਈ ਵੀ ਪਾਰਟੀ ਅਪਣੇ ਪੈਰ ਨਹੀਂ ਜਮਾ ਸਕੀ। 1984 ਨੂੰ ਬਹਾਨਾ ਬਣਾ ਕੇ, ਇਕ ਸਿੱਖ ਸੋਚ ਵਾਲੀ ਪੰਥਕ ਪਾਰਟੀ ਨੇ ਇਕ ਕੱਟੜ ਹਿੰਦੂਤਵ ਪਾਰਟੀ ਨਾਲ ਰਿਸ਼ਤਾ ਜੋੜ ਲਿਆ। ਰਿਸ਼ਤਾ ਵੀ ਐਸਾ ਜਿਸ ਦਾ ਪ੍ਰਭਾਵ ਕਬੂਲ ਕਰ ਕੇ ਅਕਾਲੀਆਂ ਨੇ ਅਪਣੇ ਭਾਈਵਾਲ ਦੇ ਪਿਛੇ ਲੱਗ ਕੇ ਅਪਣੀ ਹੋਂਦ ਨੂੰ ਹੀ ਫਿੱਕਾ ਕਰ ਦਿਤਾ। ਉਹ ਪੰਥਕ ਪਾਰਟੀ ਵਾਲਾ, ਸਿਰ ਤੇ ਰਖਿਆ ਤਾਜ, ਹੇਠਾਂ ਸੁਟ ਕੇ ਇਕ ਪੰਜਾਬੀ ਪਾਰਟੀ ਬਣ ਗਈ। ਚੋਣਾਂ ਵਿਚ ਉਨ੍ਹਾਂ ਨੂੰ ਅਪਣੇ ਪੰਥਕ ਏਜੰਡੇ ਦੀ ਯਾਦ ਆਈ ਜ਼ਰੂਰ ਪਰ ਉਨ੍ਹਾਂ ਕੋਈ ਅਜਿਹਾ ਕੰਮ ਨਾ ਕੀਤਾ ਜੋ ਉਨ੍ਹਾਂ ਨੂੰ ਪੰਥਕ ਪਾਰਟੀ ਕਹਾਉਣ ਦੇ ਯੋਗ ਬਣਾ ਸਕੇ। ਇਸ ਭਾਈਵਾਲ ਪਾਰਟੀ ਦੀ ਕੇਂਦਰ ਵਿਚ ਹੋਈ ਜਿੱਤ ਨਾਲ ਫ਼ਾਇਦਾ ਸਿਰਫ਼ ਬਾਦਲ ਪ੍ਰਵਾਰ ਨੂੰ ਹੀ ਮਿਲਿਆ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਦੀ ਇਕ ਕੁਰਸੀ ਤਾਂ ਮਿਲ ਹੀ ਗਈ। ਪੰਜਾਬ ਨੂੰ ਤਾਂ ਕਰਜ਼ਾ ਮਾਫ਼ੀ ਵੀ ਨਾ ਮਿਲੀ ਅਤੇ ਨਾ ਹੀ ਟੈਕਸਾਂ 'ਚ ਛੋਟ ਹੀ ਮਿਲੀ ਤਾਕਿ ਪੰਜਾਬ ਵਿਚਲੇ ਉਦਯੋਗਾਂ ਨੂੰ ਇਥੇ ਟਿਕ ਕੇ ਕੰਮ ਕਰਨ ਦਾ ਉਤਸ਼ਾਹ ਮਿਲ ਸਕੇ ਤੇ ਕਿਸਾਨ ਸੁੱਖ ਦਾ ਸਾਹ ਲੈ ਸਕੇ। ਸਗੋਂ ਪਿਛਲੀ ਭਾਜਪਾ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਨੂੰ ਦਿਤੀ ਟੈਕਸਾਂ 'ਚ ਛੋਟ ਨੂੰ ਹੋਰ ਅੱਗੇ ਵਧਾ ਕੇ ਪੰਜਾਬ ਦੇ ਵਿਕਾਸ ਦੇ ਰਸਤੇ ਵਿਚ ਰੋੜਾ ਅਟਕਾ ਦਿਤਾ ਗਿਆ ਹੈ।ਸਿਆਸੀ ਖੇਡ ਦੀਆਂ ਸ਼ਤਰੰਜ-ਚਾਲਾਂ ਤਾਂ ਲੋਕਤੰਤਰ ਦੀਆਂ ਚੋਣਾਂ ਵਿਚ ਤੈਅ ਹੋ ਜਾਂਦੀਆਂ ਹਨ। ਪਰ ਹੁਣ ਹਿੰਦੂਤਵਾ ਦੀ ਝੰਡਾ-ਬਰਦਾਰ ਭਾਈਵਾਲ ਪਾਰਟੀ, ਸਿੱਖ ਧਰਮ ਵਿਚ ਅਪਣੇ ਪੈਰ ਜਮਾਉਣ ਦੇ ਰਾਹ ਵੀ ਚਲ ਪਈ ਹੈ। ਭਾਜਪਾ ਹੁਣ ਐਸ.ਜੀ.ਪੀ.ਸੀ. ਦੀਆਂ ਚੋਣਾਂ ਵੀ ਅਕਾਲੀ ਦਲ ਨਾਲ ਰਲ ਕੇ ਲੜਨਾ ਚਾਹੁੰਦੀ ਹੈ।
ਸਿੱਖ ਧਰਮ ਦੀ ਵਾਗਡੋਰ ਐਸ.ਜੀ.ਪੀ.ਸੀ. ਦੇ ਹੱਥ ਵਿਚ ਹੈ ਅਤੇ ਐਸ.ਜੀ.ਪੀ.ਸੀ. ਦੀ ਅਕਾਲੀ ਦਲ ਅਤੇ ਅਕਾਲੀ ਦਲ ਦੀ ਭਾਜਪਾ ਦੇ ਹੱਥ ਵਿਚ ਹੈ। ਇਸ ਜਲੇਬੀ ਵਰਗੇ ਟੇਢੇ ਰਿਸ਼ਤੇ ਨੇ ਲੁਕਵੇਂ ਰੂਪ ਵਿਚ ਸਿੱਖਾਂ ਅੰਦਰ ਬਹੁਤ ਸਾਰੀ ਚੂਹਾ-ਕੁਤਰਨ ਕਰ ਦਿਤੀ ਹੈ। ਨਾਨਕਸ਼ਾਹੀ ਕੈਲੰਡਰ ਅਜੇ ਵੀ ਚੰਨ ਦੀ ਚਾਲ ਮੁਤਾਬਕ ਚਲਦਾ ਹੈ ਤਾਕਿ ਸਿੱਖ ਧਰਮ ਵਿਚ ਡੇਰਾਵਾਦ ਦੀ ਥਾਂ ਬਣੀ ਰਹੇ। ਆਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਅਧੀਨ ਹੀ ਰਖਿਆ ਗਿਆ ਹੈ। ਦਸਮ ਗ੍ਰੰਥ ਦੀ ਸਿੱਖ ਧਰਮ ਵਿਚ ਮਾਨਤਾ ਬਣਾਉਣਾ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਬੇਦਾਵਾ ਦੇਣ ਬਰਾਬਰ ਹੈ ਪਰ ਆਰ.ਐਸ.ਐਸ. ਦੇ ਅਧੀਨ ਚਲਦੀ ਐਸ.ਜੀ.ਪੀ.ਸੀ. ਅਤੇ ਡੀ.ਜੀ.ਪੀ.ਸੀ. ਨੇ ਇਸ ਦੇ ਪਾਠ ਕਰਵਾਏ। ਕੁਲਦੀਪ ਨਈਅਰ ਤੋਂ ਉਨ੍ਹਾਂ ਦਾ ਪੁਰਸਕਾਰ ਵਾਪਸ ਲੈਣ ਵਿਚ ਇਕ ਦਿਨ ਦੀ ਦੇਰੀ ਨਾ ਕੀਤੀ ਗਈ, ਜੋ ਠੀਕ ਵੀ ਸੀ, ਕਿਉਂਕਿ ਸੌਦਾ ਸਾਧ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਮੁਕਾਬਲਾ ਹੀ ਕੋਈ ਨਹੀਂ ਪਰ ਸੌਦਾ ਸਾਧ ਨੂੰ ਬਚਾਉਣ ਵਾਲੀ ਅਤੇ ਮਾਫ਼ੀ ਦੇਣ ਵਾਲੀ ਐਸ ਜੀ ਪੀ ਸੀ ਉਸ ਦਿਨ ਤੋਂ ਬਾਅਦ, ਅਪਣੀ ਅਸਲ ਪਛਾਣ ਹੀ ਗਵਾ ਬੈਠੀ ਹੈ।ਸਿਰਫ਼ ਬਾਦਲ ਪ੍ਰਵਾਰ ਖ਼ਾਤਰ ਕੇਂਦਰੀ ਮੰਤਰੀ ਦੀ ਇਕ ਕੁਰਸੀ ਬਚਾਈ ਰੱਖਣ ਲਈ ਕੀ ਹੁਣ ਗੁਰਦਵਾਰਾ ਚੋਣਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹੋ ਸਕਣਗੀਆਂ? ਐਸ.ਜੀ.ਪੀ.ਸੀ. ਦੀ ਕਮਜ਼ੋਰੀ ਦਾ ਅਸਲ ਕਾਰਨ ਉਸ ਉਤੇ ਅਕਾਲੀ ਦਲ ਦਾ ਕਬਜ਼ਾ ਹੈ ਜਿਸ ਦੇ ਲੀਡਰਾਂ ਨੇ ਐਸ.ਜੀ.ਪੀ.ਸੀ. ਦੀ ਤਾਕਤ ਅਪਣੇ ਨਿਜੀ ਸਵਾਰਥਾਂ ਵਾਸਤੇ ਇਸਤੇਮਾਲ ਕੀਤੀ ਹੈ।
ਹਰ ਗੁਰਦਵਾਰੇ ਨੂੰ ਕਿਸੇ ਨਾ ਕਿਸੇ ਸਿਆਸਤਦਾਨ ਦੇ ਹਵਾਲੇ ਕਰ ਕੇ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਗਿਆ ਹੈ। ਅੱਜ ਭਾਜਪਾ ਨੇ ਐਸ.ਜੀ.ਪੀ.ਸੀ. ਦੀ ਚੋਣ ਲੜਨ ਦੇਣ ਦੀ ਮੰਗ ਕੀਤੀ ਹੈ ਪਰ ਅਕਾਲੀ ਦਲ ਨੇ ਚੁੱਪੀ ਧਾਰਨ ਕੀਤੀ ਹੋਈ ਹੈ। ਬਾਦਲ ਪ੍ਰਵਾਰ ਅਤੇ ਉਨ੍ਹਾਂ ਦੀ ਵਫ਼ਾਦਾਰ 'ਦਿੱਲੀ ਵਾਲੀ ਫ਼ੌਜ' ਦੀ ਚੁੱਪੀ ਸਿੱਖ ਧਰਮ ਵਾਸਤੇ ਬਹੁਤ ਵੱਡਾ ਸੰਕਟ ਸਾਬਤ ਹੋ ਸਕਦੀ ਹੈ।ਪਹਿਲਾਂ ਹੀ ਅਕਾਲ ਤਖ਼ਤ ਦੇ ਦੋ 'ਜਥੇਦਾਰ' ਬਣ ਚੁੱਕੇ ਹਨ। ਕੁੱਝ ਪੁਰਾਣੇ ਅਕਾਲੀ ਹਨ ਜੋ ਅਕਾਲੀ ਦਲ ਵਲੋਂ ਮੂੰਹ ਫੇਰਨ ਬਾਰੇ ਸੋਚ ਹੀ ਨਹੀਂ ਸਕਦੇ। ਪਰ ਹੁਣ ਗੁਰੂ ਦੀ ਸਿੱਖੀ ਨਾਲ ਜੁੜੇ ਸਿੱਖ, ਸਿੱਖ ਧਰਮ ਵਿਚ ਵਧਦੀ ਸਿਆਸੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰ ਸਕਣਗੇ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਚੋਣਾਂ ਤੋਂ ਪਹਿਲਾਂ ਹੁੰਦੇ ਰਹੇ, ਸਾਫ਼ ਸੀ ਕਿ ਕੋਈ ਸਿਆਸੀ ਧਿਰ ਗੰਦੀ ਖੇਡ ਖੇਡ ਕੇ,, ਪੰਜਾਬ ਵਿਚ ਤਣਾਅ ਪੈਦਾ ਕਰਨਾ ਚਾਹੁੰਦੀ ਹੈ ਅਤੇ ਭਾਜਪਾ ਦਾ ਐਸ.ਜੀ.ਪੀ.ਸੀ. ਚੋਣਾਂ ਵਿਚ ਪੈਰ ਰਖਣਾ ਇਸ ਤਰ੍ਹਾਂ ਦੀ ਸੋਚ ਨੂੰ ਹਵਾ ਹੀ ਦੇ ਸਕਦਾ ਹੈ।ਅਸਲ ਵਿਚ ਸਿਆਸੀ ਆਗੂਆਂ ਦੇ ਗੁਰਦਵਾਰਾ ਚੋਣਾਂ ਵਿਚ ਖੜੇ ਹੋਣ ਉਤੇ ਤਾਂ ਪਾਬੰਦੀ ਹੀ ਲਗਾ ਦੇਣੀ ਚਾਹੀਦੀ ਹੈ। ਉਹ ਜਾਂ ਤਾਂ ਸਿਆਸਤ ਕਰਨ ਜਾਂ ਗੁਰੂ ਦੀ ਸੇਵਾ। ਸੁੱਚਾ ਸਿੰਘ ਲੰਗਾਹ ਵਰਗੇ ਅਕਾਲੀ ਇਸ ਡਬਖੜੱਬੀ ਸਿਆਸਤ ਦੀ ਹੀ ਦੇਣ ਹਨ। -ਨਿਮਰਤ ਕੌਰ