ਜਿੱਧਰ ਵੇਖਾਂ ਮੈਂ ਹੀ ਮੈਂ
Published : Nov 27, 2017, 11:52 pm IST
Updated : Nov 27, 2017, 6:22 pm IST
SHARE ARTICLE

ਉਹ ਵੀ ਕੋਈ ਸਮਾਂ ਸੀ ਜਦੋਂ ਸਾਡੇ ਦੇਸ਼ ਦੇ ਰੱਬ ਵਿਚ ਅਟੁੱਟ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਨੂੰ ਹਰ ਪਾਸੇ ਰੱਬ ਹੀ ਵਿਖਾਈ ਦਿੰਦਾ ਸੀ। ਉਹ ਰੱਬ ਨੂੰ ਸੰਬੋਧਿਤ ਹੁੰਦਾ ਹੋਇਆ ਕਹਿੰਦਾ ਰਹਿੰਦਾ ਸੀ ਕਿ ''ਜਿੱਧਰ ਵੇਖਾਂ ਤੂੰ ਹੀ ਤੂੰ”, ਪ੍ਰੰਤੂ ਅਜੋਕੇ ਸਮੇਂ ਦੌਰਾਨ ਅਜਿਹੇ ਭਗਤ ਲਗਭਗ ਖ਼ਤਮ ਹੀ ਹੋ ਗਏ ਹਨ। ਇਸ ਸਮੇਂ ਜੇਕਰ ਕੋਈ ਭਗਤ ਹੈ ਤਾਂ ਉਹ ਸਿਰਫ਼ ਅਪਣਾ ਹੀ ਭਗਤ ਹੈ, ਭਾਵ ਹਰ ਵਕਤ ਅਪਣੇ ਹੀ ਸੋਹਲੇ ਗਾਉਣੇ ਹਰ ਮਨੁੱਖ ਦਾ ਕ੍ਰਮਧਰਮ ਬਣ ਗਿਆ ਹੈ। ਇਸ ਕ੍ਰਮ ਤੇ ਚਲਦਿਆਂ ਮਨੁੱਖ ਨੂੰ ਅਪਣਾ ਆਪ ਹੀ ਵਿਖਾਈ ਦਿੰਦਾ ਹੈ। ਇਸ ਲਈ ਜਿੱਧਰ ਵੇਖਾਂ ਤੂੰ ਹੀ ਤੂੰ ਦੀ ਬਜਾਏ ਜਿਧਰ ਵੇਖਾਂ ਮੈਂ ਹੀ ਮੈਂ ਨੂੰ ਅਜੋਕੇ ਮਨੁੱਖ ਨੇ ਅਪਣਾ ਲਿਆ ਹੈ। ਅਜਿਹੀ ਮੈਂ-ਮੈਂ ਕਰਨ ਵਾਲੇ ਵਿਅਕਤੀ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਕਿ ਉਹ ਅਪਣੀ ਸੱਚੀ ਗੱਲ ਰੱਖ ਸਕੇ। ਸੱਚ ਨੂੰ ਜੇਕਰ ਕਿਸੇ ਨੇ ਦਬਾਇਆ ਹੈ ਤਾਂ ਉਹ ਵੀ ਮਨੁੱਖ ਦੀ ਇਹ ਮੈਂ ਹੀ ਹੈ। ਜੇਕਰ ਸਾਰੀ ਦੁਨੀਆਂ ਵਿਚੋਂ ਮੈਂ-ਮੈਂ ਕਰਨ ਵਾਲੇ ਲੋਕਾਂ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਇਨ੍ਹਾਂ ਅੰਕੜਿਆਂ ਪੱਖੋਂ ਸਾਡਾ ਦੇਸ਼ ਸੱਭ ਤੋਂ ਉਤੇ ਹੋਵੇਗਾ, ਇਸ ਲਈ ਇਨ੍ਹਾਂ ਅੰਕੜਿਆਂ ਦੇ ਅਧਾਰ ਉਤੇ ਜੇਕਰ ਸਾਡੇ ਦੇਸ਼ ਦਾ ਨਾਂ ਭਾਰਤ ਦੀ ਬਜਾਏ ਮੈਂ-ਮੈਂ ਰੱਖ ਦਿਤਾ ਜਾਵੇ ਤਾਂ ਸ਼ਾਇਦ ਇਹ ਜ਼ਿਆਦਾ ਢੁਕਵਾਂ ਹੋਵੇਗਾ। ਸਾਡੇ ਦੇਸ਼ ਦੇ ਵਿਕਾਸ ਪੱਖੋਂ ਪਿੱਛੇ ਚਲੇ ਜਾਣ ਦੇ ਭਾਵੇਂ ਕਿੰਨੇ ਹੀ ਕਾਰਨ ਦੱਸੇ ਜਾਣ, ਪ੍ਰੰਤੂ ਅਸਲੀਅਤ ਵਿਚ ਦੇਸ਼ ਦੇ ਵਿਕਾਸ ਪੱਖੋਂ ਪਿੱਛੇ ਚਲੇ ਜਾਣ ਦਾ ਸੱਭ ਤੋਂ ਵੱਡਾ ਕਾਰਨ ਦੇਸ਼ ਦੇ ਲੋਕਾਂ ਦੀ ਮੈਂ-ਮੈਂ ਹੀ ਹੈ, ਜਿਸ ਨੇ ਸਾਡੇ ਦੇਸ਼ ਨੂੰ ਦੂਜੇ ਦੇਸ਼ਾਂ ਮੁਕਾਬਲੇ ਪਿੱਛੇ ਕਰ ਦਿਤਾ ਹੈ। ਇਨ੍ਹਾਂ ਮੈਂ-ਮੈਂ ਕਰਨ ਵਾਲੇ ਲੋਕਾਂ ਤੋਂ ਇਲਾਵਾ ਜੇਕਰ ਇਸ ਮੈਂ-ਮੈਂ ਤੋਂ ਰਹਿਤ ਕੋਈ ਯੋਗ ਵਿਅਕਤੀ ਦੇਸ਼ ਦੇ ਵਿਕਾਸ ਲਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਮੈਂ-ਮੈਂ ਕਰਨ ਵਾਲੇ ਵਿਅਕਤੀ ਹੀ ਉਸ ਦੀਆਂ ਟੰਗਾਂ ਖਿੱਚ ਲੈਂਦੇ ਹਨ। ਦੇਸ਼ ਦੀਆਂ ਸਰਹੱਦਾਂ ਉਤੇ ਸ਼ਹੀਦ ਹੋਣ ਵਾਲੇ ਫ਼ੌਜੀਆਂ ਬਾਰੇ ਦੇਸ਼ ਦੇ ਆਗੂ ਭਾਵੇਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰੀ ਜਾਣ ਪਰ ਇਹ ਸਾਰਾ ਖ਼ੂਨ ਖ਼ਰਾਬਾ ਉਨ੍ਹਾਂ ਦੀ ਮੈਂ-ਮੈਂ ਕਰ ਕੇ ਹੀ ਹੋ ਰਿਹਾ ਹੈ, ਕਿਉਂਕਿ ਉਹ ਮੈਂ-ਮੈਂ ਕਰਦੇ ਹੋਏ ਫੋਕੀਆਂ ਯਭਲੀਆਂ ਮਾਰਦੇ ਰਹਿੰਦੇ ਹਨ, ਜਿਸ ਤੋਂ ਦੁਸ਼ਮਣਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਸਿਰਫ਼ ਮੈਂ-ਮੈਂ ਕਰਨ ਵਾਲੇ ਹੀ ਹਨ, ਕਰਨ ਕਰਵਾਉਣ ਵਾਲੇ ਕੁੱਝ ਵੀ ਨਹੀਂ ਹਨ। ਇਸ ਲਈ ਉਹ ਅਪਣੀਆਂ ਸਾਜ਼ਿਸ਼ਾਂ ਨੂੰ ਜਾਰੀ ਰਖਦੇ ਹੋਏ ਨੁਕਸਾਨ ਕਰੀ ਜਾਂਦੇ ਹਨ। ਦੇਸ਼ ਦੇ ਕਿਸੇ ਉਚ ਸ਼ਾਸ਼ਕ ਲਈ ਭਾਵੇਂ ਦੇਸ਼ ਵਾਸੀਆਂ ਨਾਲ ਅਪਣੇ ਮਨ ਦੀ ਗੱਲ ਸਾਂਝੀ ਕਰਨੀ ਕੋਈ ਪਾਪ ਨਹੀਂ, ਪ੍ਰੰਤੂ ਜੇਕਰ ਮਨ ਦੀ ਗੱਲ ਵਿਚ ਵੀ ਮੈਂ-ਮੈਂ ਦੀ ਬਦਬੂ ਆਵੇ ਤਾਂ ਇਹ ਕਿਸੇ ਪੱਖੋਂ ਵੀ ਦੇਸ਼ ਦੇ ਹਿੱਤ ਵਿਚ ਨਹੀਂ ਹੈ, ਸਗੋਂ ਇਹ ਤਾਂ ਸਿਰਫ਼ ਅਪਣੇ ਆਪ ਹੀ ਸਵਾਦ ਲੈਣ ਵਾਲੀ ਗੱਲ ਹੈ। ਹੁਣ ਜੇਕਰ ਸਾਡੇ ਦੇਸ਼ ਦੇ ਰੀਤੀ, ਰਿਵਾਜਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਮੈਂ-ਮੈਂ ਦੀ ਭੇਟ ਚੜ੍ਹ ਰਹੇ ਹਨ, ਜੇਕਰ ਇਨ੍ਹਾਂ ਪੁਰਾਣੇ ਰੀਤੀ ਰਿਵਾਜਾਂ ਨੂੰ ਜਿਊਂਦੇ ਰੱਖਣ ਦੀ ਕੋਈ ਕੋਸ਼ਿਸ਼ ਵੀ ਕਰਦਾ ਹੈ ਤਾਂ ਮੈਂ-ਮੈਂ ਕਰਨ ਵਾਲਾ ਕੋਈ ਵਿਅਕਤੀ ਉਸ ਨੂੰ ਪਛੜਿਆਂ ਕਹਿ ਕੇ ਉਸ ਦੀ ਬੋਲਤੀ ਬੰਦ ਕਰ ਦਿੰਦਾ ਹੈ।ਪਿਛੇ ਜਿਹੇ ਮੈਂ ਇਕ ਵਿਆਹ ਵਿਚ ਗਿਆ ਤਾਂ ਉਥੇ ਇਕ ਸਿਆਣੇ ਅਤੇ ਸੁਲਝੇ ਵਿਅਕਤੀ ਨੇ ਜਦੋਂ ਕੋਈ ਸਭਿਅਕ ਬੋਲੀਆਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਅਜਕਲ ਦੇ ਫੁਕਰਿਆਂ ਨੇ ਉਸ ਦਾ ਖ਼ੂਬ ਮਜ਼ਾਕ ਉਡਾਇਆ। ਉਹ ਵਿਚਾਰਾ ਚੁੱਪ ਕਰ ਕੇ ਪਾਸੇ ਖੜ ਗਿਆ। ਬਾਅਦ ਵਿਚ ਮੰਡੀਰ ਨੇ ਅਜਕਲ ਦੇ ਕੰਨ ਪਾੜਵੇਂ ਗੀਤ ਲਗਾ ਕੇ ਖ਼ੂਬ ਹੱਲਾ ਗੁੱਲਾ ਕੀਤਾ। ਇਸ ਹੱਲੇ ਗੁੱਲੇ ਵਿਚ ਕੁੜੀਆਂ ਦਾ ਗਿੱਧਾ ਕਿੱਧਰੇ ਗੁਆਚ ਜਿਹਾ ਹੀ ਗਿਆ। ਉਹ ਵਿਚਾਰੀਆਂ ਪਾਸੇ ਖੜ ਕੇ ਮਸੋਸੇ ਜਿਹੇ ਮੂੰਹ ਨਾਲ ਹੌਲੀ-ਹੌਲੀ ਗਿੱਧਾ ਹੀ ਪਾਉਂਦੀਆਂ ਰਹੀਆਂ, ਜਿਨ੍ਹਾਂ ਨੂੰ ਵੇਖ ਕੇ ਇਸ ਤਰ੍ਹਾਂ ਲਗਦਾ ਸੀ ਜਿਵੇਂ ਉਹ ਅੰਦਰ ਹੀ ਅੰਦਰ ਅਪਣੇ ਅਰਮਾਨਾਂ ਨੂੰ ਘੁੱਟ ਰਹੀਆਂ ਹੋਣ। ਮੰਡੀਰ ਦੀ ਇਸ ਮੈਂ-ਮੈਂ ਕਾਰਨ ਇਹ ਵਿਆਹ ਕੰਨ ਪਾੜਵੇਂ ਹੱਲੇ ਗੁੱਲੇ ਦੇ ਭੇਟ ਚੜ੍ਹ ਗਿਆ। ਜੇਕਰ ਸਾਡੇ ਦੇਸ਼ ਦੇ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਇਹ ਕਾਨੂੰਨ ਕਾਫ਼ੀ ਸਖ਼ਤ ਬਣੇ ਹਨ, ਪ੍ਰੰਤੂ ਮਨੁੱਖ ਦੀ ਮੈਂ-ਮੈਂ ਵਿਰੁਧ ਕੋਈ ਵੀ ਕਾਨੂੰਨ ਨਹੀਂ ਬਣਿਆ, ਜਿਸ ਕਾਰਨ ਮੈਂ-ਮੈਂ ਕਰਨ ਵਾਲਿਆਂ ਨੂੰ ਮੌਜਾਂ ਲਗੀਆਂ ਹੋਈਆਂ ਹਨ। ਉਹ ਇਨ੍ਹਾਂ ਕਾਨੂੰਨਾਂ ਦਾ ਮੈਂ-ਮੈਂ ਕਰ ਕੇ ਮਜ਼ਾਕ ਉਡਾ ਰਹੇ ਹਨ। ਸੋ ਸਾਡੇ ਦੇਸ਼ ਨੂੰ ਇਸ ਖ਼ਤਰਨਾਕ ਮੈਂ-ਮੈਂ ਤੋਂ ਮੁਕਤ ਕਰਵਾਉਣ ਦੀ ਜ਼ਰੂਰਤ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਦੇਸ਼ ਪੂਰੀ ਤਰ੍ਹਾਂ ਇਸ ਮੈਂ-ਮੈਂ ਅਧੀਨ ਹੋ ਜਾਵੇਗਾ ਅਤੇ ਇਸ ਦੀ ਮੁਕਤੀ ਲਈ ਕੋਈ ਸਾਹਮਣੇ ਨਹੀਂ ਆਵੇਗਾ ਕਿਉਂਕਿ ਸਾਰੇ ਲੋਕ ਹੀ ਮੈਂ-ਮੈਂ ਕਰਨ ਵਾਲੇ ਹੋਣਗੇ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement