ਕੀ ਹੁਣ ਰਾਹੁਲ ਬਨਾਮ ਮੋਦੀ ਲੜਾਈ ਬਰਾਬਰੀ ਵਾਲੇ ਦੌਰ ਵਿਚ ਦਾਖ਼ਲ ਹੋ ਜਾਵੇਗੀ?
Published : Nov 22, 2017, 10:35 pm IST
Updated : Nov 22, 2017, 5:06 pm IST
SHARE ARTICLE

ਰਾਹੁਲ ਗਾਂਧੀ ਦਸੰਬਰ ਵਿਚ ਕਾਂਗਰਸ ਦੇ ਮੁਖੀ ਐਲਾਨੇ ਜਾ ਰਹੇ ਹਨ। ਇਹ ਤਾਂ ਪਤਾ ਹੀ ਸੀ ਕਿ ਕਾਂਗਰਸ ਅਪਣੀਆਂ ਉਮੀਦਾਂ ਰਾਹੁਲ ਉਤੇ ਟਿਕਾਈ ਬੈਠੀ ਸੀ ਪਰ ਕਾਂਗਰਸੀਆਂ ਦੇ ਮਨ ਦੀ ਚਿੰਤਾ ਇਹ ਸੀ ਕਿ ਧੱਕੇ ਨਾਲ ਬਣਾਇਆ ਪ੍ਰਧਾਨ ਕਿਤੇ ਮੈਦਾਨ ਛੱਡ ਕੇ ਭੱਜ ਹੀ ਨਾ ਜਾਵੇ। ਪਰ ਪਿਛਲੇ ਛੇ ਮਹੀਨਿਆਂ ਤੋਂ ਰਾਹੁਲ ਗਾਂਧੀ ਵਿਚ ਕੁੱਝ ਤਬਦੀਲੀ ਜ਼ਰੂਰ ਆਈ ਲਗਦੀ ਹੈ। ਜਿਸ ਨੂੰ ਵੇਖ ਕੇ ਜਾਪਦਾ ਹੈ ਕਿ ਉਨ੍ਹਾਂ ਨੇ ਅਪਣੀ ਵਿਰਾਸਤ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਸੋਨੀਆ ਗਾਂਧੀ ਵੀ ਕਾਂਗਰਸ ਦੀ ਜ਼ਿੱਦ ਸਾਹਮਣੇ ਹਾਰ ਗਈ ਸੀ ਤੇ ਹੁਣ ਰਾਹੁਲ ਗਾਂਧੀ ਨੇ 2019 ਵਿਚ ਨਰੇਂਦਰ ਮੋਦੀ ਨੂੰ ਚੁਨੌਤੀ ਦੇਣ ਦਾ ਪੂਰਾ ਮਨ ਬਣਾ ਲਿਆ ਹੈ।ਨਰੇਂਦਰ ਮੋਦੀ ਦੇ ਸਾਹਮਣੇ, ਚਟਾਨ ਬਣ ਕੇ ਖੜਾ ਹੋਣ ਵਾਲਾ ਮਹਾਂਗਠਜੋੜ, ਨਿਤੀਸ਼ ਕੁਮਾਰ ਦੀ ਸੱਤਾ ਨਾਲ ਚਿੰਬੜੇ ਰਹਿਣ ਦੀ ਕਮਜ਼ੋਰੀ ਕਾਰਨ ਕਮਜ਼ੋਰ ਹੋ ਕੇ ਖ਼ਤਮ ਹੀ ਹੋ ਗਿਆ। ਸਿਰਫ਼ ਨਿਤੀਸ਼ ਕੁਮਾਰ ਹੀ ਸਨ ਜੋ ਮੋਦੀ ਦੀ ਟੱਕਰ ਦੇ ਨੇਤਾ ਸਾਬਤ ਹੋ ਸਕਦੇ ਸਨ। ਕੇਜਰੀਵਾਲ ਅਪਣੀ ਹਵਾ ਨਾਲੋਂ ਤੇਜ਼ ਅਤੇ ਅਸਮਾਨ ਨਾਲੋਂ ਉੱਚੀ ਰਾਜਸੀ ਖ਼ੁਦਗਰਜ਼ੀ ਨੂੰ ਫੱਲ ਲਗਦਾ ਵੇਖਣ ਦੀ ਚਾਹਤ ਸਦਕਾ ਤਕਰੀਬਨ-ਤਕਰੀਬਨ ਖ਼ਤਮ ਹੀ ਹੋ ਗਏ ਹਨ। ਅਖਿਲੇਸ਼ ਯਾਦਵ, ਪ੍ਰਵਾਰ ਨਾਲ ਲੜਦੇ ਲੜਦੇ, ਸੂਬੇ ਦੀ ਸਿਆਸਤ ਵਿਚ ਹੀ ਉਲਝੇ ਰਹਿਣਗੇ। ਲਾਲੂ ਯਾਦਵ, ਤੇਜਸਵੀ ਨੂੰ ਨਿਤੀਸ਼ ਵਿਰੁਧ ਖੜਾ ਕਰਨ ਲੱਗੇ ਹਨ ਪਰ ਉਨ੍ਹਾਂ ਦੇ ਪ੍ਰਵਾਰ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਬਹੁਤ ਜ਼ਿਆਦਾ ਹਨ। ਸੋ ਹੁਣ ਮਹਾਂਗਠਜੋੜ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਦੇ ਸਿਰ ਤੇ ਅਪਣੇ ਆਪ ਹੀ ਆ ਪਈ ਹੈ।ਹੁਣ ਸਵਾਲ ਉਠ ਰਹੇ ਹਨ ਕਿ ਰਾਹੁਲ ਗਾਂਧੀ ਵਿਚ ਭਾਜਪਾ ਦੀ ਮੁੱਖ ਜੋੜੀ ਅਮਿਤ ਸ਼ਾਹ ਅਤੇ ਨਰੇਂਦਰ ਮੋਦੀ ਨੂੰ ਚੁਨੌਤੀ ਦੇਣ ਦੀ ਕਾਬਲੀਅਤ ਹੈ ਵੀ ਜਾਂ ਨਹੀਂ? ਇਸ ਦਾ ਜਵਾਬ ਭਾਜਪਾ ਦੀ ਹਰ ਮੁਹਿੰਮ ਨੂੰ ਵੇਖ ਕੇ ਮਿਲਦਾ ਹੈ ਜਿਸ ਵਿਚ ਅਪਣੀ ਹਰ ਤੋਪ ਹਮੇਸ਼ਾ ਰਾਹੁਲ ਵਲ ਤਾਣ ਕੇ ਰੱਖੀ ਜਾਂਦੀ ਹੈ। ਕਦੇ ਪੱਪੂ, ਕਦੇ ਯੁਵਰਾਜ, ਕਦੇ ਦੁੱਧ ਪੀਂਦਾ ਬੱਚਾ ਤੇ ਕਦੇ ਕੁੱਝ ਹੋਰ। ਭਾਜਪਾ ਨੇ ਰਾਹੁਲ ਗਾਂਧੀ ਦੇ ਕਿਰਦਾਰ ਨੂੰ ਕਮਜ਼ੋਰ ਕਰਨ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਹਨ, ਉਨ੍ਹਾਂ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਵਿਚ ਕੁੱਝ ਖ਼ਾਸ ਚੀਜ਼ ਤਾਂ ਹੈ ਜੋ ਭਾਜਪਾ ਨੂੰ ਪ੍ਰੇਸ਼ਾਨ ਕਰੀ ਰਖਦੀ ਹੈ। ਅਸਲ ਵਿਚ ਭਾਜਪਾ ਰਾਹੁਲ ਗਾਂਧੀ ਵਿਚ ਉਹ ਕੁੱਝ ਵੇਖ ਸਕੀ ਹੈ ਜੋ ਬਾਕੀ ਦੇਸ਼ ਅਜੇ ਨਹੀਂ ਵੇਖ ਸਕਿਆ। ਰਾਹੁਲ ਗਾਂਧੀ ਵਿਚ ਕਮਜ਼ੋਰੀਆਂ ਹਨ, ਖ਼ਾਸ ਕਰ ਕੇ ਇਹ ਕਿ ਉਨ੍ਹਾਂ ਨੇ ਕਦੇ ਕੋਈ ਜ਼ਿੰਮੇਵਾਰੀ ਵਾਲਾ ਅਹੁਦਾ ਨਹੀਂ ਸੰਭਾਲਿਆ। ਉਹ ਚਾਹੁੰਦੇ ਤਾਂ ਕਿਸੇ ਸੂਬੇ ਦੇ ਮੁੱਖ ਮੰਤਰੀ ਜਾਂ ਕਿਸੇ ਕੇਂਦਰੀ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਕੇ ਅਪਣੀ ਕਾਬਲੀਅਤ ਦਾ ਨਮੂਨਾ ਵਿਖਾ ਸਕਦੇ ਸਨ ਪਰ ਰਾਹੁਲ ਗਾਂਧੀ ਮਨਰੇਗਾ ਨੂੰ ਬਣਾਉਣ ਵਾਲੀ ਟੀਮ ਵਿਚ ਸ਼ਾਮਲ ਸਨ ਜੋ ਕਿ ਵਿਸ਼ਵ ਬੈਂਕ ਵਲੋਂ ਭਾਰਤ ਵਿਚ ਗ਼ਰੀਬੀ ਹਟਾਉਣ ਦਾ ਸੱਭ ਤੋਂ ਚੰਗਾ ਕਦਮ ਮੰਨਿਆ ਗਿਆ ਹੈ। ਭਾਵੇਂ ਸ਼ਾਸਨ ਕਰਨ ਦਾ ਤਜਰਬਾ ਨਹੀਂ ਪਰ ਉਨ੍ਹਾਂ ਨੂੰ ਨੀਤੀਆਂ ਨੂੰ ਬਣਾਉਣ ਦਾ ਤਜਰਬਾ ਵੀ ਹੈ ਤੇ ਉਤਸ਼ਾਹ ਵੀ ਹੈ ਜੋ ਭਾਰਤ ਦੇ ਗ਼ਰੀਬ ਤਬਕੇ ਨੂੰ ਗ਼ਰੀਬੀ ਰੇਖਾ ਤੋਂ ਉਪਰ ਲਿਜਾਣ ਲਈ ਜ਼ਰੂਰੀ ਹਨ। ਇਹ ਖ਼ਾਸੀਅਤ ਹੀ ਉਨ੍ਹਾਂ ਨੂੰ ਦੂਜੇ ਤਜਰਬੇਕਾਰ ਸਿਆਸਤਦਾਨਾਂ ਤੋਂ ਵੱਖ ਖੜਿਆਂ ਕਰਦੀ ਹੈ। ਭਾਰਤ ਦੇ ਸੋਸ਼ਲ ਮੀਡੀਆ ਤੇ ਕੁੱਝ ਵੱਡੇ ਘਰਾਣਿਆਂ ਨੂੰ ਰਾਹੁਲ ਦਾ ਮਜ਼ਾਕ ਉਡਾਉਣ ਵਾਸਤੇ ਛਡਿਆ ਗਿਆ ਸੀ ਪਰ ਜਦ ਉਨ੍ਹਾਂ ਨੇ ਵਿਦੇਸ਼ ਜਾ ਕੇ ਉਥੋਂ ਦੇ ਮਾਹਰਾਂ ਅਤੇ ਨੌਜਵਾਨਾਂ ਨਾਲ ਸੰਵਾਦ ਰਚਾਇਆ ਤਾਂ ਉਨ੍ਹਾਂ ਦੀ ਨਵੀਂ ਪੀੜ੍ਹੀ ਦੇ ਨਾਲ ਨਾਲ, ਵਿਦੇਸ਼ੀ ਮੀਡੀਆ ਨੇ ਵੀ ਰਾਹੁਲ ਅੰਦਰਲੀ ਸਿਆਸੀ ਸੋਚ ਦੀ ਗਹਿਰਾਈ ਨੂੰ ਪਛਾਣਿਆ ਅਤੇ ਭਾਰਤੀ ਮੀਡੀਆ ਵੀ 'ਪੱਪੂ' ਨੂੰ ਸੰਜੀਦਗੀ ਨਾਲ ਸਵੀਕਾਰਨ ਵਾਸਤੇ ਤਿਆਰ ਹੋ ਗਿਆ। ਰਾਹੁਲ ਗਾਂਧੀ ਕੋਲ ਨਵੇਂ ਵਿਚਾਰ ਹਨ ਤੇ ਅਪਣੇ ਵਿਚਾਰਾਂ ਤੇ ਡਟੇ ਰਹਿਣ ਦੀ ਦ੍ਰਿੜਤਾ ਵੀ ਹੈ। ਪੁਰਾਣੇ ਕਾਂਗਰਸੀ ਵੀ ਰਾਹੁਲ ਨੂੰ ਅਪਣਾ ਮੁਖੀ ਮੰਨਣ ਵਾਸਤੇ ਤਿਆਰ ਹੋ ਗਏ ਹਨ। ਸ਼ਾਇਦ ਇਸ ਕੁਰਸੀ ਤੇ ਬੈਠਣ ਲਗਿਆਂ ਰਾਹੁਲ ਨੂੰ ਅਪਣੇ ਨਾਲ ਵੀ ਜੂਝਣਾ ਪਿਆ ਹੋਵੇਗਾ, ਪਰ ਹੁਣ ਉਨ੍ਹਾਂ ਨੇ ਭਾਰਤ ਦੇ ਸਿਆਸੀ ਅਖਾੜੇ ਵਿਚ ਪੂਰੇ ਜੀਅ ਜਾਨ ਨਾਲ ਲੜਨ ਦਾ ਫ਼ੈਸਲਾ ਕਰ ਲਿਆ ਲਗਦਾ ਹੈ।ਅੱਜ ਸਿਆਸਤ ਦੀ ਖੇਡ ਬਹੁਤ ਹੀ ਗੰਦੇ ਦੌਰ ਵਿਚੋਂ ਲੰਘ ਰਹੀ ਹੈ ਜਿਥੇ ਵਿਧਾਇਕ ਇਥੋਂ ਤਕ ਨੀਵੇਂ ਡਿਗ ਪੈਂਦੇ ਹਨ ਕਿ ਵੋਟਰਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਧਮਕੀ ਦੇਂਦੇ ਹਨ ਕਿ ਉਹ ਉਨ੍ਹਾਂ ਦੀ ਪਤਨੀ ਨੂੰ ਵੋਟ ਪਾਉਣ ਨਹੀਂ ਤਾਂ ਉਨ੍ਹਾਂ ਵਾਸਤੇ ਠੀਕ ਨਹੀਂ ਹੋਵੇਗਾ। ਉੱਤਰ ਪ੍ਰਦੇਸ਼ ਦੇ ਇਕ ਆਗੂ ਨੇ ਦੀਪਿਕਾ ਪਾਦੂਕੋਣ ਅਤੇ ਸੰਜੇ ਲੀਲਾ ਭੰਸਾਲੀ ਦੇ ਸਿਰ ਤੇ 1 ਕਰੋੜ ਦਾ ਇਨਾਮ ਰੱਖ ਦਿਤਾ। ਵਿਧਾਇਕ ਨੇ ਭਾਸ਼ਣ ਦੇਂਦਿਆਂ ਆਖਿਆ ਕਿ ਜੋ ਕੋਈ ਵੀ ਪ੍ਰਧਾਨ ਮੰਤਰੀ ਵਿਰੁਧ ਬੋਲੇਗਾ, ਉਸ ਦੇ ਹੱਥ-ਪੈਰ ਕੱਟ ਦਿਤੇ ਜਾਣਗੇ। ਅੱਜ ਨਫ਼ਰਤ ਦੀ ਕੋਈ ਹੱਦ ਨਹੀਂ ਰਹੀ ਤੇ ਅਫ਼ਸੋਸ, ਸਿਆਸਤ ਇਸ ਨਫ਼ਰਤ ਦੀ ਅੱਗ ਨੂੰ ਹਵਾ ਦੇ ਰਹੀ ਹੈ।ਇਸ ਤਰ੍ਹਾਂ ਦੇ ਮਾਹੌਲ ਵਿਚ ਰਾਹੁਲ ਦਾ ਇਕ ਘਿਸਿਆ ਪਿਟਿਆ ਸਿਆਸਤਦਾਨ ਨਾ ਹੋਣਾ ਇਕ ਚੰਗੀ ਗੱਲ ਹੈ। ਰਾਹੁਲ ਪ੍ਰਧਾਨ ਮੰਤਰੀ ਬਣਦੇ ਹਨ ਜਾਂ ਨਹੀਂ, ਪਰ ਉਹ ਸਿਆਸਤ ਦਾ ਇਕ ਨਵਾਂ ਦੌਰ ਜ਼ਰੂਰ ਸ਼ੁਰੂ ਕਰ ਸਕਦੇ ਹਨ। ਉਹ ਭਾਰਤ ਦੀ ਨਫ਼ਰਤ ਨਾਲ ਭਰੀ ਸਿਆਸਤ ਵਿਚ ਹਵਾ ਦਾ ਤਾਜ਼ਾ ਬੁੱਲ੍ਹਾ ਸਾਬਤ ਹੋ ਸਕਦੇ ਹਨ। ਉਨ੍ਹਾਂ ਵਿਚ ਅਪਣੇ ਪੂਰਵਜਾਂ ਦੀ ਗ਼ਲਤੀ ਕਬੂਲਣ ਦੀ ਹਿੰਮਤ ਵੀ ਹੈ ਤੇ ਗ਼ਰੀਬਾਂ ਵਾਸਤੇ ਹਮਦਰਦੀ ਵੀ ਹੈ। ਜੇ ਉਹ ਨਵੀਂ ਪੀੜ੍ਹੀ ਵਾਸਤੇ ਰਾਹ ਉਲੀਕ ਸਕੇ ਤਾਂ 2019 ਦਾ ਮੁਕਾਬਲਾ ਇਕਤਰਫ਼ਾ ਨਹੀਂ ਰਹਿ ਜਾਏਗਾ ਬਲਕਿ ਬਰਾਬਰ ਦਾ ਸਾਬਤ ਹੋ ਸਕਦਾ ਹੈ। 56 ਇੰਚ ਦੀ ਛਾਤੀ ਦੇ ਮੁਕਾਬਲੇ ਵਿਚ ਸ਼ਾਇਦ 56 ਇੰਚ ਦਾ ਦਿਲ ਖੜਾ ਹੋਣ ਵਾਲਾ ਹੈ।  -ਨਿਮਰਤ ਕੌਰ


SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement