
ਅਖੇ ਟੀਪੂ ਸੁਲਤਾਨ ਅੰਗਰੇਜ਼ਾਂ ਨਾਲ ਜੂਝਣ ਵਾਲੇ ਪਹਿਲੇ ਰਾਜਿਆਂ ਵਿਚੋਂ ਨਹੀਂ ਬਲਕਿ ਇਕ ਦਹਿਸ਼ਤਗਰਦ ਖ਼ੂਨੀ ਸੀ। ਜੇ ਇਤਿਹਾਸ ਦੇ ਪੰਨਿਆਂ ਵਿਚੋਂ ਅਪਣੇ ਪੁਰਖਿਆਂ ਦੇ ਚਰਿੱਤਰ ਨੂੰ ਟਟੋਲੀਏ ਤਾਂ ਟੀਪੂ ਸੁਲਤਾਨ ਹੀ ਨਹੀਂ ਬਲਕਿ ਹੋਰ ਬਹੁਤ ਮਹਾਂਰਥੀ ਮਿਲ ਜਾਣਗੇ ਜਿਨ੍ਹਾਂ ਦੀ ਮਨੁੱਖੀ ਅਧਿਕਾਰਾਂ ਬਾਰੇ ਸਮਝ ਅੱਜ ਤੋਂ ਬਹੁਤ ਵਖਰੀ ਸੀ।
ਕਿਸੇ ਵਿਅਕਤੀ ਦੀ ਵੱਡੀ ਸੋਚ ਦੀ ਝਲਕ ਵਿਚਾਰਾਂ ਦੀ ਬਹਿਸ ਦੌਰਾਨ ਵੇਖਣ ਨੂੰ ਮਿਲਦੀ ਹੈ। ਜਿਸ ਤਰ੍ਹਾਂ ਦੇ ਵਿਚਾਰ ਅੱਜ ਹਰ ਪਾਸੇ ਪ੍ਰਗਟਾਏ ਜਾ ਰਹੇ ਹਨ, ਉਸ ਤੋਂ ਭਾਰਤੀਆਂ ਦੀ ਸੋਚ ਦੇ ਡਿਗਦੇ ਮਿਆਰ ਦਾ ਪਤਾ ਲਗਦਾ ਹੈ ਜਿਸ ਨੂੰ ਵੇਖ ਕੇ ਘਬਰਾਹਟ ਹੁੰਦੀ ਹੈ। ਜੇ ਅੱਜ ਦੇ ਪ੍ਰਾਈਮ ਟਾਈਮ ਯਾਨੀ ਕਿ 8 ਤੋਂ 10 ਵਜੇ ਤਕ ਦੇ ਟੀ.ਵੀ. ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀਆਂ ਬਹਿਸਾਂ ਅਤੇ ਪ੍ਰੋਗਰਾਮ ਵੇਖਣ ਨੂੰ ਮਿਲਦੇ ਹਨ ਜੋ ਕਿਸੇ ਸਮਝਦਾਰੀ ਜਾਂ ਤੱਥਾਂ ਤੇ ਨਹੀਂ ਟਿਕੇ ਹੁੰਦੇ। ਦੇਸ਼ ਨੇ ਤਕਰੀਬਨ 2 ਮਹੀਨੇ ਸੌਦਾ ਸਾਧ ਅਤੇ ਹਨੀਪ੍ਰੀਤ ਦੀ ਕਹਾਣੀ ਉਤੇ ਬਿਤਾ ਦਿਤੇ। ਪਿਛਲੇ ਦਿਨਾਂ ਦੌਰਾਨ ਭਾਰਤ ਦੀ ਸੱਭ ਤੋਂ ਪ੍ਰਚੱਲਤ ਇੰਟਰਵਿਊ ਰਾਧੇ ਮਾਂ ਦੀ ਰਹੀ ਜਿਸ ਦੀਆਂ ਗੱਲਾਂ ਸੁਣ ਕੇ ਲੋਕ ਆਨੰਦ ਮਾਣਦੇ ਰਹੇ। ਜੇ ਅਸੀ ਟੀ.ਵੀ. ਚੈਨਲਾਂ ਉਤੇ ਚਲਦੇ ਲੜੀਵਾਰ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਸੱਸ-ਨੂੰਹ ਲੜੀਵਾਰਾਂ ਰਾਹੀਂ ਇਸ ਤਰ੍ਹਾਂ ਦੀ ਸਮਾਜਕ ਸੋਚ ਨੂੰ ਪਰੋਸਿਆ ਜਾ ਰਿਹਾ ਹੈ ਜੋ ਸਮਝ ਤੋਂ ਪਰੇ ਹੈ। ਪਰ ਜੋ ਵਿਕਦਾ ਹੈ, ਉਹ ਚਲਦਾ ਹੈ। ਸੋ ਸਿਰਫ਼ ਅਜਿਹੇ ਪ੍ਰੋਗਰਾਮ ਤਿਆਰ ਕਰਨ ਵਾਲੇ ਹੀ ਜ਼ਿੰਮੇਵਾਰ ਨਹੀਂ, ਉਨ੍ਹਾਂ ਨੂੰ ਵੇਖਣ ਅਤੇ ਸੁਣਨ ਵਾਲੇ ਵੀ ਜ਼ਿੰਮੇਵਾਰ ਹਨ।
ਇਤਿਹਾਸ ਦਾ ਇਕ ਤੰਗ ਸੋਚ ਵਾਲਾ ਦ੍ਰਿਸ਼ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਸੀ ਉਸ ਨੂੰ ਮਾਣ ਰਹੇ ਹਾਂ। ਤਾਜ ਮਹਿਲ ਅਤੇ ਸ਼ਾਹਜਹਾਨ ਤੋਂ ਬਾਅਦ ਹੁਣ ਟੀਪੂ ਸੁਲਤਾਨ ਨੂੰ ਇਸ ਸੋਚ ਦੀ ਸੂਲੀ ਚੜ੍ਹਾਇਆ ਜਾ ਰਿਹਾ ਹੈ। ਅਖੇ ਟੀਪੂ ਸੁਲਤਾਨ ਅੰਗਰੇਜ਼ਾਂ ਨਾਲ ਜੂਝਣ ਵਾਲੇ ਪਹਿਲੇ ਰਾਜਿਆਂ ਵਿਚੋਂ ਨਹੀਂ ਬਲਕਿ ਇਕ ਦਹਿਸ਼ਤਗਰਦ ਖ਼ੂਨੀ ਸੀ। ਜੇ ਇਤਿਹਾਸ ਦੇ ਪੰਨਿਆਂ ਵਿਚੋਂ ਅਪਣੇ ਪੁਰਖਿਆਂ ਦੇ ਚਰਿੱਤਰ ਨੂੰ ਟਟੋਲੀਏ ਤਾਂ ਟੀਪੂ ਸੁਲਤਾਨ ਹੀ ਨਹੀਂ ਬਲਕਿ ਹੋਰ ਬਹੁਤ ਮਹਾਂਰਥੀ ਮਿਲ ਜਾਣਗੇ ਜਿਨ੍ਹਾਂ ਦੀ ਮਨੁੱਖੀ ਅਧਿਕਾਰਾਂ ਬਾਰੇ ਸਮਝ ਅੱਜ ਤੋਂ ਬਹੁਤ ਵਖਰੀ ਸੀ। ਸਾਡੇ ਪੂਰਵਜਾਂ ਨੇ ਜਾਤ-ਪਾਤ ਦੀ ਵੰਡ ਸਦਕਾ, ਭਾਰਤ ਦੇ ਇਕ ਹਿੱਸੇ ਨੂੰ ਸਦੀਆਂ ਤਕ ਆਮ ਸਮਾਜ ਦਾ ਹਿੱਸਾ ਹੀ ਨਹੀਂ ਮੰਨਿਆ। ਉਹ ਇਸ ਤਰ੍ਹਾਂ ਦੀ ਵੰਡ ਸੀ ਕਿ ਜਿਸ ਦੀ ਕੀਮਤ ਇਕ ਤਬਕਾ ਅੱਜ ਤਕ ਚੁਕਾਉਂਦਾ ਆ ਰਿਹਾ ਹੈ। ਦੀਵਾਲੀ ਤੋਂ ਚਾਰ ਦਿਨ ਪਹਿਲਾਂ ਅੱਠ ਮਹੀਨੇ ਦੀ ਗਰਭਵਤੀ ਇਕ 'ਦਲਿਤ' ਔਰਤ ਤਿਲਕ ਗਈ ਅਤੇ ਗ਼ਲਤੀ ਨਾਲ ਉਸ ਦਾ ਹੱਥ ਇਕ 'ਉੱਚ' ਜਾਤ ਦੀ ਔਰਤ ਦੀ ਬਾਲਟੀ ਉਤੇ ਲੱਗ ਗਿਆ। ਉਸ ਉੱਚ ਜਾਤ ਦੀ ਔਰਤ ਅਤੇ ਉਸ ਦੇ ਬੇਟੇ ਨੇ ਦਲਿਤ ਔਰਤ ਨੂੰ ਸੋਟੀਆਂ ਨਾਲ ਏਨਾ ਕੁਟਿਆ ਕਿ ਛੇ ਦਿਨਾਂ ਤਕ ਜੂਝਣ ਤੋਂ ਬਾਅਦ ਉਹ ਔਰਤ ਅਤੇ ਉਸ ਦਾ ਕੁੱਖ ਵਿਚਲਾ ਬੱਚਾ ਦੋਵੇਂ ਮਰ ਗਏ।ਸਾਡੀ ਬਹਿਸ ਟੀਪੂ ਸੁਲਤਾਨ ਬਾਰੇ ਹੋ ਰਹੀ ਹੈ। ਇਤਿਹਾਸ ਤੋਂ ਸਬਕ ਸਿਖਣ ਦੀ ਸਿਖਿਆ ਹਰ ਗ੍ਰੰਥ ਦੇਂਦਾ ਹੈ ਤਾਕਿ ਤੁਹਾਡਾ ਅੱਜ, ਪੁਰਾਣੀਆਂ ਗ਼ਲਤੀਆਂ ਨਾ ਦੁਹਰਾਵੇ। ਭਾਰਤ ਦੇ ਇਤਿਹਾਸ ਤੋਂ ਇਹੀ ਸਿਖਣ ਨੂੰ ਮਿਲਦਾ ਹੈ ਕਿ ਜਦ ਸਾਰੇ ਛੋਟੇ-ਵੱਡੇ ਰਾਜੇ, ਸੁਲਤਾਨ ਇਕਜੁਟ ਹੋ ਗਏ ਸਨ ਤਾਂ ਹੀ ਆਜ਼ਾਦੀ ਦੀ ਜੰਗ ਜਿੱਤ ਸਕੇ ਸਨ।
ਮਨੁੱਖੀ ਅਧਿਕਾਰਾਂ ਦੀ ਸਮਝ ਤਾਂ ਅਜੇ ਵੀ ਵਿਕਸਤ ਹੋ ਰਹੀ ਹੈ ਤਾਂ ਬੀਤੇ ਸਮੇਂ ਦੀ ਸੋਚ ਦੀ ਗੱਲ ਅੱਜ ਕਿਉਂ? ਇਸ ਤਰ੍ਹਾਂ ਦੇ ਵਿਚਾਰ ਸਾਡੀ ਸੋਚ ਉਤੇ ਅਸਰ ਕਰਦੇ ਹਨ। ਹਰ ਕੋਈ ਇਕ-ਦੂਜੇ ਨਾਲ ਨਫ਼ਰਤ ਅਤੇ ਡਰ ਨਾਲ ਵੇਖਦਾ ਹੈ। ਉਸ ਦੇ ਇਰਾਦਿਆਂ ਉਤੇ ਸ਼ੱਕ ਕਰਦਾ ਹੈ। ਹਮਦਰਦੀ ਅਤੇ ਮਦਦ ਕਰਨ ਦੀ ਪ੍ਰਥਾ ਤਾਂ ਘਟਦੀ ਹੀ ਜਾਂਦੀ ਹੈ। ਹਾਲਤ ਏਨੀ ਮਾੜੀ ਹੋ ਗਈ ਹੈ ਕਿ ਬੰਗਲੌਰ ਵਿਚ ਦਿਨ-ਦਿਹਾੜੇ ਸੜਕ ਉਤੇ ਇਕ ਔਰਤ ਨਾਲ ਬਲਾਤਕਾਰ ਹੁੰਦਾ ਹੈ। ਉਹ ਚੀਕਦੀ ਹੈ ਪਰ ਲੋਕ ਲੰਘਦੇ ਜਾਂਦੇ ਵੇਖੀ ਤਾਂ ਜਾਂਦੇ ਹਨ ਪਰ ਕੋਈ ਮਦਦ ਵਾਸਤੇ ਨਹੀਂ ਆਉਂਦਾ ਅਤੇ ਬਲਾਤਕਾਰੀ ਅਪਣੀ ਹਵਸ ਪੂਰੀ ਕਰ ਕੇ ਦੌੜ ਜਾਂਦਾ ਹੈ। ਇਹ ਸਾਰੀ ਵਾਰਦਾਤ ਸੀਸੀਟੀਵੀ ਦੇ ਕੈਮਰੇ ਵਿਚ ਨਹੀਂ, ਬਲਕਿ ਇਕ ਆਦਮੀ ਅਪਣੇ ਕੈਮਰੇ ਵਿਚ ਰੀਕਾਰਡ ਕਰਦਾ ਹੈ ਪਰ ਮਦਦ ਲਈ ਪੁਲਿਸ ਨੂੰ ਫ਼ੋਨ ਨਹੀਂ ਕਰਦਾ। ਫ਼ਤਹਿਪੁਰ ਸੀਕਰੀ ਵਿਚ ਕੁੱਝ ਮੁੰਡੇ ਇਕ ਵਿਦੇਸ਼ੀ ਜੋੜੇ ਦਾ ਪਿੱਛਾ ਕਰਦੇ ਰਹੇ ਅਤੇ ਕੁੜੀ ਨੂੰ ਰੋਕ ਕੇ ਉਸ ਨਾਲ ਸੈਲਫ਼ੀਆਂ ਖਿਚਵਾਉਣਾ ਚਾਹੁੰਦੇ ਰਹੇ। ਜਦੋਂ ਇਹ ਜੋੜਾ ਨਾ ਮੰਨਿਆ ਤਾਂ ਉਨ੍ਹਾਂ ਇਕ ਭੀੜ ਦਾ ਰੂਪ ਧਾਰਨ ਕਰ ਕੇ ਉਨ੍ਹਾਂ ਦੋਹਾਂ ਨੂੰ ਖ਼ੂਬ ਕੁਟਿਆ ਮਾਰਿਆ।ਨਫ਼ਰਤ ਅਤੇ ਰੰਜਿਸ਼ ਦੇ ਵਿਚਾਰਾਂ ਨੂੰ ਸੁਣਦੇ ਰਹੇ ਤਾਂ ਨਫ਼ਰਤ ਸਮਾਜ ਵਿਚ ਅੱਗ ਵਾਂਗ ਫੈਲ ਜਾਵੇਗੀ। ਕਰਮ ਵਿਚਾਰਾਂ ਤੋਂ ਜਨਮ ਲੈਂਦੇ ਹਨ। ਜਿਸ ਤਰ੍ਹਾਂ ਅਪਣੇ ਜਿਸਮ ਵਿਚ ਚੰਗਾ ਖਾਣਾ ਖਾ ਕੇ ਅਪਣੀ ਸਿਹਤ ਦਾ ਖ਼ਿਆਲ ਰਖਦੇ ਹੋ, ਚੰਗੇ ਵਿਚਾਰਾਂ ਨਾਲ ਅਪਣੀਆਂ ਸੋਚਾਂ ਨੂੰ ਵੀ ਵਧਦਾ-ਫੁਲਦਾ ਰੱਖੋ। -ਨਿਮਰਤ ਕੌਰ