ਨਾ 38 ਬੰਦੇ ਮਰਦੇ, ਨਾ ਕਰੋੜਾਂ ਦੀ ਜਾਇਦਾਦ ਅੱਗ ਦੀ ਭੇਟਾ ਚੜ੍ਹਦੀ ਜੇ ਹਰਿਆਣਾ ਸਰਕਾਰ 'ਬਾਬਾ ਭਗਤੀ' ਤੋਂ ਹੱਟ ਕੇ 'ਜਨਤਾ ਭਗਤੀ' ਵਲ ਲੱਗ ਜਾਂਦੀ
Published : Aug 28, 2017, 10:36 pm IST
Updated : Aug 28, 2017, 5:06 pm IST
SHARE ARTICLE



ਦੋ ਦਿਨ ਹਰਿਆਣਾ ਸਰਕਾਰ ਦੀ 'ਬਾਬਾ ਭਗਤੀ' ਕਾਰਨ ਪੰਜਾਬ ਵਿਚ ਖ਼ਾਹਮਖ਼ਾਹ ਦੀ ਦਹਿਸ਼ਤ ਫੈਲੀ ਰਹੀ। ਅੱਗਾਂ ਦਿੱਲੀ ਤਕ ਵੀ ਪਹੁੰਚ ਗਈਆਂ। 38 ਜਾਨਾਂ ਚਲੀਆਂ ਗਈਆਂ ਅਤੇ ਕਰੋੜਾਂ ਦਾ ਨੁਕਸਾਨ ਪ੍ਰੇਮੀਆਂ ਵਲੋਂ ਕੀਤਾ ਗਿਆ। ਉਦਯੋਗਾਂ ਦੇ ਹੋਏ ਨੁਕਸਾਨ ਦਾ ਤਾਂ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ। ਭਾਜਪਾ ਆਖਦੀ ਹੈ ਕਿ ਮੁੱਖ ਮੰਤਰੀ ਲਈ ਜੋ ਕਰਨਾ ਬਣਦਾ ਸੀ, ਉਨ੍ਹਾਂ ਨੇ ਕੀਤਾ। ਚਲੋ, ਪਹਿਲਾਂ ਇਹ ਤਾਂ ਵੇਖ ਲਈਏ ਕਿ ਉਨ੍ਹਾਂ ਨੇ ਕੀਤਾ ਕੀ? ਧਾਰਾ 144 ਲੱਗਣ ਦੇ ਬਾਵਜੂਦ 1.5 ਲੱਖ ਲੋਕਾਂ ਨੂੰ ਪੰਚਕੂਲਾ ਦੀਆਂ ਸੜਕਾਂ ਉਤੇ ਇਕੱਠਿਆਂ ਹੋਣ ਦਿਤਾ। ਉਨ੍ਹਾਂ ਦੀ ਤਲਾਸ਼ੀ ਵੀ ਠੀਕ ਤਰ੍ਹਾਂ ਨਾ ਲਈ ਗਈ ਹਾਲਾਂਕਿ ਉਨ੍ਹਾਂ ਵਿਚੋਂ ਕਈਆਂ ਨੇ ਤਾਂ ਪਟਰੌਲ ਬੰਬ ਵੀ ਚੁੱਕੇ ਹੋਏ ਸਨ। ਹੋਰਨਾਂ ਕੋਲ ਸ਼ਰਧਾਲੂਆਂ ਵਿਚ ਲੁਕੇ ਗੁੰਡਿਆਂ ਨੂੰ 'ਕੁਰਬਾਨੀ ਫ਼ੀਸ' ਦੇਣ ਵਾਸਤੇ ਪੈਸਾ ਵੀ ਰਿਹਾ ਹੋਵੇਗਾ। ਪਰ ਹਰਿਆਣਾ ਪੁਲਿਸ ਅਦਾਲਤ ਦੇ ਕਹਿਣ ਦੇ ਬਾਵਜੂਦ ਵੀ ਧਾਰਾ 144 ਲਾਗੂ ਨਹੀਂ ਕਰਵਾ ਸਕੀ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਘਰ ਚਲੇ ਜਾਣ, ਪਰ ਜ਼ਾਹਰ ਹੈ ਕਿ ਉਨ੍ਹਾਂ ਨੇ ਗੱਲ ਨਾ ਮੰਨੀ। ਜੇ ਹਰਿਆਣਾ ਪੁਲਿਸ ਨੇ ਅਦਾਲਤ ਦੀ ਹਦਾਇਤ ਮੰਨਦਿਆਂ ਉਨ੍ਹਾਂ ਲੋਕਾਂ ਨੂੰ ਇਕ ਦਿਨ ਪਹਿਲਾਂ ਹੀ ਘਰ ਭੇਜ ਦਿਤਾ ਹੁੰਦਾ ਤਾਂ 38 ਲੋਕਾਂ ਦੀ ਜਾਨ ਤਾਂ ਬੱਚ ਗਈ ਹੁੰਦੀ।
ਇਕ ਬਲਾਤਕਾਰ ਦੇ ਦੋਸ਼ੀ ਨੂੰ ਉਸ ਦੇ ਘਰੋਂ ਲਿਆਉਣ ਗਈ ਹਰਿਆਣਾ ਪੁਲਿਸ ਨੇ ਉਸ ਨੂੰ 308 ਗੱਡੀਆਂ ਦੇ ਕਾਫ਼ਲੇ ਨਾਲ ਆਉਣ ਦੀ ਇਜਾਜ਼ਤ ਦਿਤੀ ਅਤੇ ਉਨ੍ਹਾਂ ਗੱਡੀਆਂ ਦੀ ਜਾਂਚ ਵੀ ਨਾ ਕੀਤੀ ਗਈ। ਇਸ ਕਾਫ਼ਲੇ ਰਾਹੀਂ ਇਸ ਢੋਂਗੀ ਬਾਬੇ ਨੇ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹਿਆ ਅਤੇ ਹਰਿਆਣਾ ਪੁਲਿਸ ਨੇ ਇਸ ਦੀ ਇਜਾਜ਼ਤ ਦੇ ਦਿਤੀ। ਜਿਵੇਂ ਗਣਤੰਤਰ ਦਿਵਸ ਮੌਕੇ ਝਾਕੀਆਂ ਅਪਣੇ ਦੇਸ਼ ਦੀ ਸ਼ਾਨ ਦਾ ਪ੍ਰਦਰਸ਼ਨ ਕਰਦੀਆਂ ਹਨ, ਉਸੇ ਤਰ੍ਹਾਂ ਸੌਦਾ ਸਾਧ ਨੇ ਵੀ ਅਪਣੀ ਤਾਕਤ ਪੁਲਿਸ ਸੁਰੱਖਿਆ ਹੇਠ ਪ੍ਰਦਰਸ਼ਿਤ ਕੀਤੀ। ਹਰਿਆਣਾ ਪੁਲਿਸ ਨੇ ਇਸ ਕਾਫ਼ਲੇ ਨੂੰ ਚੰਡੀਗੜ੍ਹ ਵਿਚੋਂ ਵੀ ਘੁਮਾਉਣਾ ਚਾਹਿਆ ਤਾਕਿ ਇਸ ਦੀ ਤਾਕਤ ਦਾ ਪ੍ਰਦਰਸ਼ਨ ਹੋਰ ਵੱਧ ਸਕੇ ਪਰ ਚੰਡੀਗੜ੍ਹ ਦੇ ਡੀ.ਜੀ.ਪੀ. ਦੀ ਸਿਆਣਪ ਅਤੇ ਸੂਝਬੂਝ ਕਾਰਨ ਇਸ ਕਾਫ਼ਲੇ ਨੂੰ ਜ਼ੀਰਕਪੁਰ ਤੋਂ ਹੀ ਪੰਚਕੂਲਾ ਵਲ ਮੋੜ ਦਿਤਾ ਗਿਆ। ਹਰਿਆਣਾ ਪੁਲਿਸ ਨੂੰ ਆਖ਼ਰੀ ਵੇਲੇ ਤਕ ਚੰਡੀਗੜ੍ਹ ਦੇ ਡੀ.ਜੀ.ਪੀ. ਨੇ ਪਤਾ ਹੀ ਨਾ ਲੱਗਣ ਦਿਤਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ।
'ਬਲਾਤਕਾਰੀ ਬਾਬਾ' ਖ਼ੁਦ ਜਾਣਦਾ ਸੀ ਕਿ ਉਹ ਅਪਰਾਧੀ ਹੈ ਅਤੇ ਜੇਲ ਜਾਣ ਦੀ ਤਿਆਰੀ ਵਾਸਤੇ ਅਪਣੇ ਨਾਲ ਸਾਮਾਨ ਵੀ ਲੈ ਕੇ ਆਇਆ ਸੀ। ਸਾਮਾਨ ਹੀ ਨਹੀਂ, ਅਪਣੀ ਇਕ 'ਮੂੰਹਬੋਲੀ ਬੇਟੀ', ਜਿਸ ਨਾਲ ਵੀ ਉਸ ਦੇ ਸਰੀਰਕ ਸਬੰਧ ਹਨ (ਹਨੀਪ੍ਰੀਤ ਦੇ ਪਤੀ ਮੁਤਾਬਕ), ਨੂੰ ਵੀ ਅਪਣੇ ਨਾਲ ਲੈ ਕੇ ਆਇਆ ਸੀ। ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਵੀ ਜਾਣਦੇ ਸਨ ਕਿ ਅਦਾਲਤ ਵਿਚ ਇਸ ਨੂੰ ਸਜ਼ਾ ਹੋਣ ਵਾਲੀ ਹੈ, ਸੋ ਉਨ੍ਹਾਂ ਨੇ ਵੀ ਇਸ ਵਾਸਤੇ ਪੂਰੀ ਤਿਆਰੀ ਕੀਤੀ ਹੋਈ ਸੀ। ਬਲਾਤਕਾਰੀ ਬਾਬੇ ਅਤੇ ਉਸ ਦੀ 'ਬੇਟੀ' ਦਾ ਸਮਾਨ ਚੁੱਕਣ ਵਾਸਤੇ ਹਰਿਆਣਾ ਦੇ ਸਰਕਾਰੀ ਵਕੀਲ ਵੀ ਮੌਜੂਦ ਸਨ। ਇਨ੍ਹਾਂ ਵਾਸਤੇ ਹੈਲੀਕਾਪਟਰ ਵੀ ਤਿਆਰ ਸੀ ਜਿਸ ਵਿਚ ਉਸ ਦੇ ਨਾਲ ਉਸ ਦੀ ਸਾਥਣ ਵੀ ਲਿਜਾਈ ਗਈ। ਆਮ ਇਨਸਾਨਾਂ ਨੂੰ ਤਾਂ ਗੁਨਾਹਗਾਰ ਕਰਾਰ ਦਿਤੇ ਜਾਣ ਮਗਰੋਂ ਅਪਣੇ ਪ੍ਰਵਾਰ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਮਿਲਦੀ ਪਰ ਇਥੇ ਇਕ ਬਲਾਤਕਾਰੀ ਨੂੰ ਅਪਣੇ ਨਾਲ ਜੇਲ ਵਿਚ ਇਕ ਸਾਥੀ ਲਿਜਾਣ ਦੀ ਇਜਾਜ਼ਤ ਵੀ ਦੇ ਦਿਤੀ ਗਈ। ਫਿਰ ਕਿਸੇ ਭਲੇਮਾਣਸ ਨੇ ਇਸ ਸੱਭ ਦੀ ਵੀਡੀਉ ਬਣਾ ਕੇ ਜਨਤਾ ਨੂੰ ਦੱਸ ਦਿਤਾ ਕਿ ਹਰਿਆਣਾ ਸਰਕਾਰ ਇਕ ਬਲਾਤਕਾਰੀ ਦਾ ਕਿਸ ਤਰ੍ਹਾਂ ਸਵਾਗਤ ਕਰ ਰਹੀ ਹੈ, ਨਹੀਂ ਤਾਂ ਪਤਾ ਨਹੀਂ ਕਿੰਨੀਆਂ ਹੋਰ ਸਹੂਲਤਾਂ ਦਿਤੀਆਂ ਜਾਣੀਆਂ ਸਨ।
ਇਸ ਦੌਰਾਨ ਉਸ ਨਾਲ ਪੁਲਿਸ ਅਤੇ ਕੇਂਦਰ ਸਰਕਾਰ ਵਲੋਂ ਦਿਤੀ ਜ਼ੈੱਡ ਸੁਰੱਖਿਆ ਵਾਲੇ ਕਰਮਚਾਰੀ ਵੀ ਗਏ, ਜਿਨ੍ਹਾਂ ਵਲੋਂ ਇਸ ਬਲਾਤਕਾਰੀ ਨੂੰ ਭਜਾ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਦੋਂ ਉਸ ਨੂੰ ਅੰਦਰ ਇਸ ਕਦਰ ਸ਼ਾਹੀ ਸਨਮਾਨ ਦਿਤਾ ਜਾ ਰਿਹਾ ਸੀ, ਉਸ ਵੇਲੇ ਬਾਹਰ ਅੱਗਾਂ ਲੱਗ ਰਹੀਆਂ ਸਨ। 308 ਗੱਡੀਆਂ ਦੇ ਕਾਫ਼ਲੇ ਵਿਚ ਪਿਸਤੌਲਾਂ ਵਾਲੇ ਸ਼ਰਧਾਲੂ ਵੀ ਹਰਿਆਣਾ ਪੁਲਿਸ ਵਲੋਂ ਲਿਆਂਦੇ ਗਏ ਜੋ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਦੇ ਚੌਕਸ ਨਾਗਰਿਕਾਂ ਨੇ ਪੁਲਿਸ ਦੇ ਹਵਾਲੇ ਕਰ ਦਿਤੇ ਨਹੀਂ ਤਾਂ ਹੋਰ ਜ਼ਿਆਦਾ ਜਾਨੀ-ਮਾਲੀ ਨੁਕਸਾਨ ਹੋਣਾ ਸੀ।
ਸਵਾਲ ਇਹ ਉਠਦਾ ਹੈ ਕਿ ਜਿਹੜੀ ਹਰਿਆਣਾ ਪੁਲਿਸ ਅਤੇ ਸਰਕਾਰ, ਬਲਾਤਕਾਰੀ ਬਾਬੇ ਦੇ ਸਵਾਗਤ ਵਾਸਤੇ ਪੂਰੀ ਤਰ੍ਹਾਂ ਤਿਆਰ ਸੀ, ਅਤੇ ਉਸ ਦੇ ਸਵਾਗਤ ਵਾਸਤੇ ਹਰ ਕਾਨੂੰਨ ਅਤੇ ਮਰਿਆਦਾ ਨੂੰ ਤੋੜਨ ਉਤੇ ਉਤਾਰੂ ਸੀ, ਉਹ ਨਾਗਰਕਾਂ ਦੀ ਸੁਰੱਖਿਆ ਵਾਸਤੇ ਤਿਆਰ ਕਿਉਂ ਨਹੀਂ ਸੀ? ਜੇ ਅਦਾਲਤ ਦਖ਼ਲ ਨਾ ਦੇਂਦੀ ਤਾਂ ਹਰਿਆਣਾ ਜਾਟ ਅੰਦੋਲਨ ਵਰਗਾ ਭਿਆਨਕ ਸਮਾਂ ਮੁੜ ਤੋਂ ਵੇਖਣ ਲਈ ਮਜਬੂਰ ਹੋਣਾ ਪੈਂਦਾ। ਆਖ਼ਰ ਸੱਚ ਕੀ ਹੈ? ਸ਼ਾਇਦ ਸਾਕਸ਼ੀ ਮਹਾਰਾਜ ਦੇ ਸ਼ਬਦ ਇਸ ਉਤੇ ਰੌਸ਼ਨੀ ਪਾ ਸਕਦੇ ਹਨ।
-ਨਿਮਰਤ ਕੌਰ

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement