
ਮਾਮਲਾ ਸਿਰਫ਼ ਖਹਿਰਾ ਜਾਂ ਮਜੀਠੀਆ ਦਾ ਨਹੀਂ ਸਗੋਂ ਪੰਜਾਬ ਦੀ ਨੌਜੁਆਨ ਪੀੜ੍ਹੀ ਦਾ ਹੈ ਜਿਨ੍ਹਾਂ ਵਾਸਤੇ ਨਸ਼ਾ, ਟਾਫ਼ੀਆਂ ਵਾਂਗ ਚੱਪੇ-ਚੱਪੇ ਤੇ ਮਿਲ ਜਾਂਦਾ ਸੀ। ਪਰ ਜੇ ਹੁਣ ਕੌਮਾਂਤਰੀ ਪੱਧਰ ਤੇ ਨਜ਼ਰ ਮਾਰੀ ਜਾਵੇ ਤਾਂ ਜਿਥੇ ਸਾਡੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ, ਸਾਡੀ ਸ਼ਾਨ ਵੀ ਉੱਚੀ ਕਰ ਰਹੇ ਹਨ, ਉਥੇ ਪੰਜਾਬ ਨਾਲ ਜੁੜੇ ਅਨੇਕਾਂ ਲੋਕ ਨਸ਼ੇ ਦੇ ਵਪਾਰੀ ਵੀ ਬਣ ਚੁੱਕੇ ਹਨ।
ਇਟਲੀ ਦੀ ਪੁਲਿਸ ਨੇ ਪੰਜਾਬ ਦੀ ਗੁਰੂਨਗਰੀ ਅੰਮ੍ਰਿਤਸਰ 'ਚ ਬਣਾਈਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਇਕ ਖੇਪ ਫੜ ਲਈ ਹੈ। 24 ਮਿਲੀਅਨ ਟਰਾਮਾਡੋਲ ਗੋਲੀਆਂ ਦੁਬਈ ਦੀ ਕੰਪਨੀ ਵਾਸਤੇ ਸਨ ਪਰ ਰਸਤੇ ਵਿਚ ਆਈ.ਐਸ.ਆਈ.ਐਸ. ਦੇ ਅਤਿਵਾਦੀਆਂ ਤੋਂ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣ ਗਈਆਂ। ਇਹ ਦਵਾਈ ਇਕ ਨਸ਼ਾ ਹੈ ਜੋ ਥਕਾਨ ਘੱਟ ਕਰਦੀ ਹੈ। ਪਿਛਲੇ ਸਾਲ, ਇਸ ਦਵਾਈ ਨੂੰ ਬਣਾਉਣ ਵਾਲੀਆਂ ਅੰਮ੍ਰਿਤਸਰ ਦੀਆਂ ਸੱਤ ਕੰਪਨੀਆਂ ਦੇ ਲਾਇਸੰਸ ਰੱਦ ਵੀ ਹੋ ਗਏ ਸਨ ਪਰ ਫਿਰ ਵੀ ਪੰਜਾਬ ਚੋਣਾਂ ਵਿਚ ਇਸ ਦਵਾਈ ਦੀਆਂ 8 ਲੱਖ ਗੋਲੀਆਂ ਜ਼ਬਤ ਹੋਈਆਂ ਸਨ। ਕਿੰਨੀਆਂ ਵੰਡੀਆਂ ਗਈਆਂ ਹੋਣਗੀਆਂ ਅਤੇ ਕਿਸ ਵਲੋਂ ਵੰਡੀਆਂ ਗਈਆਂ ਹੋਣਗੀਆਂ, ਇਸ ਬਾਰੇ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।ਅੱਜ ਪੰਜਾਬ ਵਿਚ ਸਿਆਸਤਦਾਨਾਂ ਦਾ ਨਾਂ ਇਸ ਨਸ਼ਾ ਤਸਕਰੀ ਦੇ ਚਿੱਕੜ ਵਿਚ ਧਸਦਾ ਜਾ ਰਿਹਾ ਹੈ। ਪਹਿਲਾਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਇਸ ਵਿਚ ਲਿਬੇੜਿਆ ਗਿਆ ਸੀ। ਅਜੇ ਇਨ੍ਹਾਂ ਉਤੇ ਲੱਗੇ ਦਾਗ਼ ਸਾਫ਼ ਹੋਣ ਹੀ ਲੱਗੇ ਸਨ ਕਿ ਜਗਜੀਤ ਸਿੰਘ ਚਾਹਲ ਵਲੋਂ ਈ.ਡੀ. ਨੂੰ ਦਿਤੇ ਬਿਆਨ ਅਦਾਲਤ ਵਿਚ ਸੌਂਪ ਦਿਤੇ ਗਏ ਜਿਨ੍ਹਾਂ ਵਿਚ ਦਸਿਆ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਦਾ ਨਸ਼ਾ ਤਸਕਰਾਂ ਨਾਲ ਕਰੀਬੀ ਰਿਸ਼ਤਾ ਸੀ ਅਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਗੱਡੀ ਦੀ ਸਹੂਲਤ ਵੀ ਮਜੀਠੀਆ ਵਲੋਂ ਦਿਤੀ ਗਈ ਸੀ। ਅਕਾਲੀ, ਵਿਧਾਨ ਸਭਾ 'ਚ 'ਆਪ' ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਉਤੇ ਦੋਸ਼ ਮੜ੍ਹਨ ਦਾ ਕੰਮ ਸ਼ੁਰੂ ਕਰਨ ਹੀ ਲੱਗੇ ਸਨ ਕਿ ਹੁਣ ਉਸੇ ਤਰ੍ਹਾਂ ਦੇ ਦੋਸ਼ ਮਜੀਠੀਆ ਦਾ ਨਾਂ ਲੈ ਕੇ ਜਵਾਬੀ ਤੌਰ ਤੇ ਉਛਾਲੇ ਜਾ ਰਹੇ ਹਨ। ਸੁਖਪਾਲ ਸਿੰਘ ਖਹਿਰਾ ਉਤੇ ਵੀ ਇਕ ਨਸ਼ਾ ਵਪਾਰੀ ਗੁਰਦੇਵ ਸਿੰਘ ਨਾਲ 77 ਫ਼ੋਨ ਕਾਲਾਂ ਕਰਨ ਦਾ ਦੋਸ਼ ਲਾਇਆ ਗਿਆ ਸੀ। ਖਹਿਰਾ ਨੂੰ ਹਾਈ ਕੋਰਟ ਤੋਂ ਥੋੜੇ ਸਮੇਂ ਲਈ ਰਾਹਤ ਮਿਲੀ ਹੈ ਪਰ ਮਾਮਲਾ ਸਿਰਫ਼ ਖਹਿਰਾ ਜਾਂ ਮਜੀਠੀਆ ਦਾ ਨਹੀਂ ਸਗੋਂ ਪੰਜਾਬ ਦੀ ਨੌਜੁਆਨ ਪੀੜ੍ਹੀ ਦਾ ਹੈ ਜਿਨ੍ਹਾਂ ਵਾਸਤੇ ਨਸ਼ਾ, ਟਾਫ਼ੀਆਂ ਵਾਂਗ ਚੱਪੇ-ਚੱਪੇ ਤੇ ਮਿਲ ਜਾਂਦਾ ਸੀ। ਪਰ ਜੇ ਹੁਣ ਕੌਮਾਂਤਰੀ ਪੱਧਰ ਤੇ ਨਜ਼ਰ ਮਾਰੀ ਜਾਵੇ ਤਾਂ ਜਿਥੇ ਸਾਡੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਸਾਡੀ ਸ਼ਾਨ ਵੀ ਉੱਚੀ ਕਰ ਰਹੇ ਹਨ, ਉਥੇ ਪੰਜਾਬ ਨਾਲ ਜੁੜੇ ਅਨੇਕਾਂ ਲੋਕ ਨਸ਼ੇ ਦੇ ਵਪਾਰੀ ਵੀ ਬਣ ਚੁੱਕੇ ਹਨ।ਜਿਸ ਚਿੱਟੇ ਨੇ ਪੰਜਾਬ ਦੀ ਨੌਜੁਆਨ ਪੀੜ੍ਹੀ ਦਾ ਭਵਿੱਖ ਖ਼ਤਰੇ ਵਿਚ ਪਾਇਆ ਹੈ, ਉਹ ਪਾਕਿਸਤਾਨ ਤੋਂ ਨਹੀਂ ਆ ਰਿਹਾ ਬਲਕਿ ਪੰਜਾਬ ਵਿਚ ਹੀ ਬਣ ਰਿਹਾ ਸੀ ਅਤੇ ਸ਼ਾਇਦ ਅਜੇ ਵੀ ਤਸਕਰੀ ਦਾ ਧੰਦਾ ਜਾਰੀ ਹੈ। ਜੇ ਵਿਦੇਸ਼ਾਂ ਵਿਚ ਅੰਮ੍ਰਿਤਸਰ ਤੋਂ ਨਸ਼ਾ ਏਨੀ ਵੱਡੀ ਮਾਤਰਾ 'ਚ ਜਾ ਰਿਹਾ ਹੈ ਤਾਂ ਸਿਆਸੀ ਖੇਡਾਂ ਅਤੇ ਆਪਸੀ ਦੂਸ਼ਣਬਾਜ਼ੀ ਵਿਚ ਪੰਜਾਬ ਦੀ ਇੱਜ਼ਤ ਨੂੰ ਹੋਰ ਰੁਲਣ ਤੋਂ ਰੋਕਣ ਅਤੇ ਪੰਜਾਬ ਦੇ ਨੌਜੁਆਨਾਂ ਨੂੰ ਬਚਾਉਣ ਦਾ ਵਾਅਦਾ ਪੂਰਾ ਕਰਨ ਵਿਚ ਕਾਂਗਰਸ ਸਰਕਾਰ ਨੂੰ ਹੋਰ ਦੇਰੀ ਨਹੀਂ ਕਰਨੀ ਚਾਹੀਦੀ। 2019 ਦੂਰ ਨਹੀਂ ਅਤੇ ਪੰਜਾਬ ਅਪਣੀ ਹੀ ਧੁਨ ਵਿਚ ਚਲ ਰਿਹਾ ਹੈ। ਪੰਜਾਬ ਵਾਸਤੇ ਨੋਟਬੰਦੀ ਜਾਂ ਜੀ.ਐਸ.ਟੀ. ਨਾਲੋਂ ਜ਼ਿਆਦਾ ਨਸ਼ੇ ਦੇ ਕਾਰੋਬਾਰ ਦਾ ਡਕਿਆ ਜਾਣਾ ਜ਼ਰੂਰੀ ਹੈ। ਉਹ ਭਾਵੇਂ ਕਿੰਨਾ ਤਾਕਤਵਰ ਹੋਵੇ ਜਾਂ ਕਿੰਨਾ ਪਹੁੰਚਿਆ ਹੋਇਆ ਹੋਵੇ, ਕੋਈ ਵੀ ਨਸ਼ਾ ਵਪਾਰੀ ਪੰਜਾਬ ਤੋਂ ਵੱਡਾ ਨਹੀਂ ਹੋ ਸਕਦਾ। ਸਿਆਸਤਦਾਨਾਂ ਉਤੇ ਲੱਗੇ ਇਲਜ਼ਾਮਾਂ ਦੀ ਜਾਂਚ ਛੇਤੀ ਨਾਲ ਨਿਰਪੱਖ ਅਤੇ ਮਾਹਰ ਟੀਮ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਤਾਕਿ ਨਸ਼ਾ ਵਪਾਰੀ ਸਾਡੇ ਸਿਸਟਮ ਦਾ ਹਿੱਸਾ ਨਾ ਬਣ ਜਾਣ।
'ਆਪ' ਪਾਰਟੀ ਅਰਥਾਤ 'ਕਹੀਂ ਕੀ ਈਂਟ, ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ'
20 ਵਾਅਦਿਆਂ ਵਾਲੀ ਪਾਰਟੀ ਦੀ 9 ਮਹੀਨਿਆਂ ਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਲੋਕਾਂ ਦੀ ਦੂਰ-ਅੰਦੇਸ਼ ਵਾਲੀ ਸੂਝ ਸਮਝ ਨੂੰ ਸਹੀ ਸਾਬਤ ਕੀਤਾ ਹੈ। ਇਸ ਪਾਰਟੀ ਵਿਚ ਮਿਲ ਕੇ ਰਹਿਣ ਦੀ ਸਮਰੱਥਾ ਬਿਲਕੁਲ ਵੀ ਨਹੀਂ ਕਿਉਂਕਿ ਇਹ ਸਾਰੇ ਹੀ ਇਕ ਪਲ ਵਿਚ ਉੱਚੀ ਉਡਾਰੀ ਮਾਰ ਕੇ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠਣ ਦੀ ਤਿਆਰੀ ਵਿਚ ਸਨ। ਚੋਣਾਂ ਮਗਰੋਂ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਪੰਜਾਬ ਦੀ ਸਿਆਸਤ 'ਚੋਂ ਗ਼ਾਇਬ ਹੋ ਕੇ ਅਪਣੇ ਅਪਣੇ ਕੰਮਾਂ ਵਿਚ ਲੱਗ ਗਏ ਹਨ। ਜਿਹੜੇ ਕੁੱਝ ਰਹਿ ਗਏ ਹਨ, ਉਨ੍ਹਾਂ ਨੂੰ ਇਕੱਠੇ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਹੁਣ ਸੱਭ ਦੇ ਸਾਹਮਣੇ ਆ ਗਈਆਂ ਹਨ। ਜੇ ਇਸ ਪਾਰਟੀ ਨੇ ਪੰਜਾਬ ਵਿਚ ਅਪਣੇ ਆਪ ਨੂੰ ਕਾਇਮ ਰਖਣਾ ਹੈ ਤਾਂ ਇਨ੍ਹਾਂ ਨੂੰ ਨਿਜੀ ਲਾਲਸਾਵਾਂ ਤੋਂ ਉਪਰ ਉਠ ਕੇ ਪੰਜਾਬ ਦੇ ਹਿਤਾਂ ਬਾਰੇ ਸੋਚਣਾ ਪਵੇਗਾ। ਸਿਆਸਤ ਸਿਰਫ਼ ਚੋਣਾਂ ਅਤੇ ਵੋਟਾਂ ਤਕ ਸੀਮਤ ਨਹੀਂ ਰਹਿਣੀ ਚਾਹੀਦੀ। -ਨਿਮਰਤ ਕੌਰ