ਨਵੰਬਰ '84 ਦੀ ਉਹ ਸ਼ਾਮ ਜਦ ਅਫ਼ਵਾਹ ਫੈਲੀ ਕਿ ਚੰਡੀਗੜ੍ਹ ਵਿਚ ਵੀ ਰਾਤ ਨੂੰ ਸਿੱਖ ਘਰਾਂ ਤੇ ਹਮਲੇ ਕੀਤੇ ਜਾਣੇ ਹਨ...
Published : Oct 31, 2017, 11:22 pm IST
Updated : Oct 31, 2017, 5:52 pm IST
SHARE ARTICLE

ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।

ਦਿੱਲੀ '84 ਕਤਲੇਆਮ ਦੀ ਰਾਤ ਦਾ ਸੇਕ ਚੰਡੀਗੜ੍ਹ ਵਿਚ ਵੀ ਪੁਜ ਚਲਿਆ ਸੀ। ਸਾਡੇ ਘਰਾਂ ਦੇ ਬਾਹਰ ਨਿਸ਼ਾਨ ਲਾ ਦਿਤੇ ਗਏ ਸਨ। ਸੱਭ ਦੇ ਚਿਹਰਿਆਂ ਉਤੇ ਘਬਰਾਹਟ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂ ਰੋਈ ਕਿਉਂ ਜਾਂਦੀ ਹੈ। ਮੰਮੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਗੇ ਜਾ ਕੇ ਰੋਂਦੀ ਸੀ ਅਤੇ ਹਲਕਾ-ਹਲਕਾ ਯਾਦ ਹੈ ਕਿ ਮੰਮੀ ਤੇ ਪਾਪਾ ਵਿਚ ਬਹਿਸ ਚੱਲ ਰਹੀ ਸੀ ਕਿ ਬੀੜ ਨਾਲ ਲੈ ਕੇ ਜਾਣੀ ਹੈ ਜਾਂ ਨਹੀਂ। ਮੰਮੀ ਨੇ ਕਿਹਾ ਬਾਬਾ ਜੀ ਨੂੰ ਛੱਡ ਕੇ ਮੈਂ ਨਹੀਂ ਜਾਣਾ। ਸਾਡੇ ਗੁਆਂਢੀ, ਮਹਿਤਾਨੀ ਐਡਵੋਕੇਟ ਸਨ। ਉਨ੍ਹਾਂ ਨੇ ਅਪਣੀ ਛੱਤ ਦਾ ਦਰਵਾਜ਼ਾ ਖੋਲ੍ਹ ਦਿਤਾ ਕਿ ਜਦੋਂ ਭੀੜ ਆਵੇ ਤਾਂ ਅਸੀ ਟੱਪ ਕੇ ਉਨ੍ਹਾਂ ਦੇ ਘਰ ਵਿਚ ਲੁਕ ਜਾਈਏ ਅਤੇ ਸਿੱਖਾਂ ਦੀ ਭੀੜ ਹਿੰਦੂ ਘਰਾਂ ਉਤੇ ਜਵਾਬੀ ਹਮਲਾ ਕਰ ਦੇਵੇ ਤਾਂ ਉਹ ਸਾਰਾ ਪ੍ਰਵਾਰ ਸਾਡੇ ਘਰ ਦੇ 'ਸਟੋਰ' ਵਿਚ ਛੁਪ ਜਾਣ। ਰਾਤ ਕੋਠੇ ਉਤੇ ਕੱਟੀ ਤੇ ਮੰਮੀ ਦੀ ਗੋਦ ਵਿਚ ਛੁਪੇ ਬੈਠੇ ਰਹੇ। ਮਾਂ ਨੇ ਅਪਣੇ ਗਹਿਣੇ, ਕੁੱਝ ਪੈਸੇ ਅਤੇ ਸ਼ਾਇਦ ਗੁਟਕਾ ਪੋਟਲੀ ਵਿਚ ਬੰਨ੍ਹ ਕੇ ਨਾਲ ਲੈ ਲਏ ਸਨ। ਪਾਪਾ ਕਿਤੇ ਬਾਹਰ ਸਨ। ਫਿਰ ਦਸਿਆ ਗਿਆ ਕਿ ਸੱਭ ਠੀਕ ਠਾਕ ਹੋ ਗਿਆ ਹੈ ਪਰ ਉਸ ਤੋਂ ਬਾਅਦ ਸੱਭ ਦੇ ਚਿਹਰਿਆਂ ਉਤੇ ਪਸਰੀ ਉਦਾਸੀ ਹੀ ਯਾਦ ਆਉਂਦੀ ਹੈ। 9 ਸਾਲ ਦੀ ਬੱਚੀ ਨੂੰ ਕੁੱਝ ਸਮਝ ਤਾਂ ਨਹੀਂ ਆਉਂਦਾ ਸੀ ਅਤੇ ਨਾ ਹੀ ਕਿਸੇ ਨੇ ਕੁੱਝ ਦਸਿਆ ਹੀ।ਪਹਿਲੀ ਜਨਵਰੀ '85 ਨੂੰ ਪਾਪਾ ਨੂੰ ਦਿਲ ਦਾ ਦੌਰਾ ਪੈ ਗਿਆ। ਤਿੰਨ ਤਰੀਕ ਨੂੰ ਦੂਜਾ ਅਤੇ ਪੀ.ਜੀ.ਆਈ. ਨਾਲ ਉਸ ਦਿਨ ਤੋਂ ਉਨ੍ਹਾਂ ਦਾ ਪੱਕਾ ਰਿਸ਼ਤਾ ਹੀ ਜੁੜ ਗਿਆ। ਆਈ.ਸੀ.ਯੂ. ਵਿਚ ਜਦ ਪਾਪਾ ਜ਼ਿੰਦਗੀ ਵਾਸਤੇ ਜੂਝ ਰਹੇ ਸਨ ਤਾਂ ਅੰਦਰ ਨਹੀਂ ਜਾ ਸਕਦੀ ਸੀ ਪਰ ਦਰਵਾਜ਼ੇ ਤੋਂ ਵੇਖਣ ਵਾਸਤੇ ਰੋਜ਼ ਦੋ ਮਿੰਟ ਦੀ ਇਜਾਜ਼ਤ ਮਿਲਦੀ ਸੀ। ਮੰਮੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਕਿ ਪਾਪਾ ਨੂੰ ਸੀ.ਬੀ.ਆਈ. ਤੋਂ ਕੋਈ ਸਿੱਖ ਮਿਲਣ ਆਇਆ ਸੀ ਜਿਸ ਨੇ ਦਸਿਆ ਸੀ ਕਿ ਦਿੱਲੀ ਕਤਲੇਆਮ ਵਿਚ 800 ਕੁੜੀਆਂ ਗ਼ਾਇਬ ਹੋ ਗਈਆਂ ਸਨ ਅਤੇ ਪਾਪਾ 31 ਦਸੰਬਰ ਦੀ ਸਾਰੀ ਰਾਤ ਉਸ ਦੀਆਂ ਦਸੀਆਂ ਗੱਲਾਂ ਬਾਰੇ ਹੀ ਸੋਚਦੇ ਰਹੇ ਕਿ ਇਹ ਮੇਰੀਆਂ ਬੇਟੀਆਂ ਵੀ ਹੋ ਸਕਦੀਆਂ ਸਨ। ਮਨ ਵਿਚ ਖ਼ਿਆਲ ਆਇਆ ਕਿ ਇਹ ਕੌਣ ਹਨ ਜਿਨ੍ਹਾਂ ਪਿੱਛੇ ਮੈਂ ਅਪਣੇ ਪਿਤਾ ਨੂੰ ਗਵਾ ਦੇਣ ਲੱਗੀ ਸੀ?


'84 ਦਿੱਲੀ ਦੇ 72 ਘੰਟਿਆਂ ਦਾ ਸ਼ੋਰ ਜਦ ਚੰਡੀਗੜ੍ਹ ਵਿਚ ਏਨਾ ਤੇਜ਼ ਸੀ, ਸੋਚ ਵੀ ਨਹੀਂ ਸਕਦੀ ਸੀ ਕਿ ਉਨ੍ਹਾਂ ਸਿੰਘਾਂ-ਸਿੰਘਣੀਆਂ ਵਾਸਤੇ ਉਹ ਸੇਕ ਕਿਸ ਤਰ੍ਹਾਂ ਦਾ ਹੋਵੇਗਾ ਜੋ ਦਿੱਲੀ ਵਿਚ ਦੰਗਈਆਂ ਵਿਚ ਘਿਰੇ ਪਏ ਸਨ, ਰਾਸ਼ਟਰਪਤੀ ਗਿ. ਜ਼ੈਲ ਸਿੰਘ ਵੀ ਅਪਣੇ ਰਿਸ਼ਤੇਦਾਰ ਨੂੰ ਬਚਾ ਨਹੀਂ ਸੀ ਸਕੇ ਤੇ ਖ਼ੁਸ਼ਵੰਤ ਸਿੰਘ ਨੇ ਸਵਿਸ ਅੰਬੈਸੀ ਵਿਚ ਪਨਾਹ ਲੈ ਕੇ ਜਾਨ ਬਚਾਈ ਸੀ। ਤਸਵੀਰਾਂ ਵੇਖ ਕੇ ਉਸ ਦਾ ਅਹਿਸਾਸ ਅੱਜ ਹੁੰਦਾ ਹੈ ਜਦ ਅਪਣੇ ਬੱਚਿਆਂ ਦੇ ਕੇਸ ਵਾਹੁੰਦੀ ਹਾਂ। ਉਹ ਕਿਹੜੇ ਦਲੇਰ ਲੋਕ ਰਹੇ ਹੋਣਗੇ ਜਿਨ੍ਹਾਂ ਅਪਣੀ ਜਾਨ ਗੁਆ ਦਿਤੀ ਪਰ ਕੇਸਾਂ ਨੂੰ ਕੈਂਚੀ ਨਾ ਲੱਗਣ ਦਿਤੀ। ਕਦੇ ਪਹਿਲਾਂ ਉਸ ਰਾਤ ਦੀਆਂ ਚੀਕਾਂ ਨਹੀਂ ਸੁਣੀਆਂ ਸਨ ਪਰ ਅੱਜ ਸੁਣਾਈ ਦੇਂਦੀਆਂ ਹਨ। ਉਹ ਪਾਣੀ ਦੀ ਬੂੰਦ ਨੂੰ ਤਰਸਦੀਆਂ ਆਖ਼ਰੀ ਪਲ ਕਿਸ ਤਰ੍ਹਾਂ ਸੋਚਦੀਆਂ ਹੋਣਗੀਆਂ? ਫਿਰ ਉਨ੍ਹਾਂ ਪ੍ਰਵਾਰਾਂ ਦਾ ਖ਼ਿਆਲ ਆਉਂਦਾ ਹੈ ਜੋ ਦਰਦ ਅਤੇ ਚੀਕਾਂ ਨਾਲ ਅਪਣਿਆਂ ਲਈ ਕਈ ਕਈ ਦਿਨ ਤੜਪਦੇ ਰਹੇ ਹੋਣਗੇ। ਉਹ ਮਾਵਾਂ ਯਾਦ ਆਉਂਦੀਆਂ ਹਨ ਜਿਨ੍ਹਾਂ ਨੇ ਅਪਣੇ ਬੱਚੇ ਸਿੱਖੀ ਦੀ ਖ਼ਾਤਰ ਕੁਰਬਾਨ ਹੁੰਦੇ ਵੇਖੇ ਹੋਣਗੇ।ਫਿਰ ਅਪਣੀ ਕੌਮ ਵਲ ਧਿਆਨ ਜਾਂਦਾ ਹੈ ਅਤੇ ਨਿਰਾਸ਼ਾ ਹੁੰਦੀ ਹੈ। ਰਸਮੀ ਤੌਰ ਤੇ ਸਾਰਿਆਂ ਨੇ ਐਲਾਨ ਕੀਤੇ ਕਿ ਸਿੱਖ ਵਿਧਵਾਵਾਂ ਦੇ ਘਰਾਂ ਦੀ ਤੇ ਉਨ੍ਹਾਂ ਦੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਚੁੱਕਾਂਗੇ ਪਰ ਹੋਇਆ ਕੀ?
33 ਸਾਲਾਂ ਵਿਚ ਸਿੱਖ ਕੌਮ ਨਾ ਅਦਾਲਤ ਵਿਚੋਂ ਇਨਸਾਫ਼ ਲੈਣ ਵਿਚ ਕਾਮਯਾਬ ਹੋਈ ਅਤੇ ਨਾ ਹੀ ਉਨ੍ਹਾਂ ਪ੍ਰਵਾਰਾਂ ਨੂੰ ਆਬਾਦ ਕਰ ਸਕੀ ਹੈ। ਉਨ੍ਹਾਂ ਪ੍ਰਵਾਰਾਂ ਦੇ ਸਿਰ ਤੇ ਬੜੇ ਵਕੀਲ 'ਮਾਲਾਮਾਲ' ਤੇ ਪ੍ਰਸਿੱਧ ਹੋ ਗਏ ਹਨ, ਬੜੇ ਸਿਆਸਤਦਾਨ ਸੱਤਾਧਾਰੀ ਬਣ ਗਏ ਹਨ। ਦਿੱਲੀ ਗੁ. ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਬੜਾ ਪੈਸਾ ਖ਼ਰਚਣ ਦਾ ਦਾਅਵਾ ਕੀਤਾ ਅਤੇ ਨਾਲ ਹੀ ਆਮ ਸਿੱਖਾਂ ਨੇ ਵਿਦੇਸ਼ਾਂ ਤੋਂ ਵੀ ਅਤੇ ਦੇਸ਼ ਵਿਚੋਂ ਵੀ ਬੜੀ ਮਦਦ ਭੇਜੀ ਤਾਕਿ ਸਿੱਖਾਂ ਨੂੰ ਇਨਸਾਫ਼ ਮਿਲ ਸਕੇ। ਕਿਥੇ ਗਈ ਉਹ ਰਕਮ?ਪਰ ਅੱਜ ਤਕ ਪੀੜਤਾਂ ਨੂੰ ਇਨਸਾਫ਼ ਵੀ ਨਹੀਂ ਮਿਲਿਆ। ਪ੍ਰਵਾਰਾਂ ਨੂੰ ਤਾਂ 'ਵਿਡੋ ਕਾਲੋਨੀ' (ਵਿਧਵਾ ਕਾਲੋਨੀ) ਦੀ ਚਾਰ ਦੀਵਾਰੀ ਵਿਚ ਛੱਡ ਦਿਤਾ ਗਿਆ ਜਿਸ ਵਲ ਬਾਹਵਾਂ ਉਛਾਲ ਉਛਾਲ ਕੇ, ਸਿਆਸੀ ਲੋਕ 'ਨਾਟਕ' ਕਰਦੇ ਗਏ ਅਤੇ ਆਪ ਸੱਤਾ ਦੀਆਂ ਪੌੜੀਆਂ ਚੜ੍ਹਦੇ ਗਏ। ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।  -ਨਿਮਰਤ ਕੌਰ

SHARE ARTICLE
Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement