ਨੋਟਬੰਦੀ ਅਤੇ ਜੀ.ਐਸ.ਟੀ. ਬਨਾਮ ਮੋਦੀ ਟੀਮ ਇਲੈਕਸ਼ਨ 2019
Published : Oct 26, 2017, 10:45 pm IST
Updated : Oct 26, 2017, 5:15 pm IST
SHARE ARTICLE

ਪਿਛਲੇ ਦਿਨੀਂ ਸਾਬਕਾ ਵਿਤ ਮੰਤਰੀ ਯਸ਼ਵੰਤ ਸਿਨਹਾ ਵਲੋਂ ਦੇਸ਼ ਦੇ ਅਰਥਚਾਰੇ ਦੀ ਸਥਿਤੀ ਤੇ ਮੋਦੀ ਸਰਕਾਰ ਵਿਰੁਧ ਜਿਸ ਤਰ੍ਹਾਂ ਵੱਡੇ ਹਮਲੇ ਕੀਤੇ ਗਏ ਹਨ ਅਤੇ ਇਸ ਸਬੰਧੀ ਸਿੱਧਾ ਜ਼ਿੰਮੇਵਾਰ ਮੋਦੀ ਟੀਮ ਨੂੰ ਠਹਿਰਾਇਆ ਗਿਆ ਹੈ, ਉਸ ਤੋਂ ਸਥਿਤੀ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਇਸ ਸਰਕਾਰ ਨੇ ਅੱਜ ਭਾਰਤ ਦੇਸ਼ ਨੂੰ ਜਿਸ ਥਾਂ ਲਿਆ ਕੇ ਖੜਾ ਕਰ ਦਿਤਾ ਹੈ, ਉਥੇ ਇਕ ਪਾਸੇ ਖੂਹ ਅਤੇ ਦੂਜੇ ਪਾਸੇ ਖਾਈ ਹੈ। ਬਚਣਾ ਦੋਵੇਂ ਪਾਸਿਆਂ ਤੋਂ ਨਾਮੁਮਕਿਨ ਹੈ।ਮੋਦੀ ਸਰਕਾਰ ਨੇ ਅਪਣੀ ਸਰਕਾਰ ਬਣਨ ਤੋਂ ਪਹਿਲਾਂ ਜਿਸ ਤਰ੍ਹਾਂ ਮੇਰੇ ਦੇਸ਼ ਦੇ ਨਾਗਰਿਕਾਂ ਨੂੰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਗੁਮਰਾਹ ਕਰ ਕੇ ਅਪਣੀ ਸਰਕਾਰ ਬਣਾਈ ਹੁਣ ਲੋਕਾਂ ਨੂੰ ਅੱਜ ਇਨ੍ਹਾਂ ਸਾਰੇ ਡਰਾਮਿਆਂ ਦੀ ਸਮਝ ਭਲੀ-ਭਾਂਤ ਲੱਗ ਚੁੱਕੀ ਹੈ। ਨਾਲ-ਨਾਲ ਮੋਦੀ ਟੀਮ ਨੂੰ ਵੀ ਇਸ ਗੱਲ ਦਾ ਪੂਰਾ ਗਿਆਨ ਹਾਸਲ ਹੋ ਗਿਆ ਹੈ ਕਿ 2019 ਦੀ ਚੋਣ ਜੰਗ ਨੂੰ ਸਰ ਕਰਨਾ ਔਖਾ ਬਣ ਚੁਕਿਆ ਹੈ, ਭਾਵੇਂ ਅਪਣੇ ਕੀਤੇ ਹੋਏ ਕਾਰਨਾਮਿਆਂ ਉਤੇ ਪਰਦਾ ਪਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿੰਨੇ ਮਰਜ਼ੀ ਝੂਠੇ ਵਾਅਦਿਆਂ ਵਾਲੇ ਬਿਆਨ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਉਤੇ ਦਈ ਜਾਣ।ਇਥੇ ਸੱਭ ਤੋਂ ਪਹਿਲਾਂ ਮੈਨੂੰ ਇਸ ਗੱਲ ਤੇ ਹਾਸਾ ਆਉਂਦਾ ਹੈ ਕਿ ਜਿਸ ਦੇਸ਼ ਅੰਦਰ ਕਰੋੜਾਂ ਲੋਕ ਬੇਘਰ ਹੋਣ, ਉਸ ਦੇਸ਼ ਅੰਦਰ ਨੋਟਬੰਦੀ ਕਰ ਕੇ ਕਰੰਸੀ ਬਦਲਣ ਦੀ ਕੋਈ ਤੁਕ ਹੀ ਨਹੀਂ ਬਣਦੀ। ਜਦ ਲੋਕਾਂ ਕੋਲ ਗ਼ਰੀਬੀ ਕਾਰਨ ਘਰ ਹੀ ਨਹੀਂ ਹਨ ਤਾਂ ਨੋਟਾਂ ਦੇ ਬੋਰੇ ਉਨ੍ਹਾਂ ਕੋਲ ਕਿਥੋਂ ਆ ਗਏ?ਮੋਦੀ ਜੀ ਤੁਸੀ ਲੋਕਾਂ ਨੂੰ ਬਹੁਤ ਮੂਰਖ ਬਣਾ ਲਿਐ ਹੁਣ ਜ਼ਰਾ ਸੰਭਲ ਕੇ ਬਿਆਨਬਾਜ਼ੀ ਕਰੋ। ਮੇਰੇ ਦੇਸ਼ ਦੇ ਨਾਗਰਿਕਾਂ ਦਾ ਜੋ ਹਾਲ ਤੁਸੀ ਨੋਟਬੰਦੀ ਕਰ ਕੇ ਕੀਤਾ ਹੈ, ਉਸ ਦਾ ਮੁੱਲ ਤਾਰਨ ਲਈ ਲੋਕ 2019 ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਗੁਜਰਾਤ ਦੇ ਸੂਰਤ ਸ਼ਹਿਰ ਦੇ ਕਪੜਾ ਵਪਾਰੀਆਂ ਵਿਚ ਵੇਖਣ ਨੂੰ ਮਿਲਦੀ ਹੈ। ਸਾਲ 2014 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਅਪਣੀ ਬਿਲਬੁੱਕ ਉਤੇ 'ਮੋਦੀ ਲਿਆਉ ਦੇਸ਼ ਬਚਾਉ'  ਪ੍ਰਿੰਟ ਕਰਵਾਇਆ ਸੀ। ਪਰ 3 ਸਾਲ ਬਾਅਦ ਉਨ੍ਹਾਂ ਨੇ ਅੱਜ 2017 ਦੌਰਾਨ ਅਪਣੀ ਬਿਲਬੁੱਕ ਉਤੇ 'ਕਮਲ ਕਾ ਫੂਲ ਹਮਾਰੀ ਭੂਲ'  ਪ੍ਰਿੰਟ ਕਰਵਾ ਦਿਤਾ ਹੈ। ਸੱਤਾ ਦੇ ਨਸ਼ੇ ਵਿਚ ਤੁਹਾਨੂੰ ਭਾਰਤ ਦੇਸ਼ ਤਾਂ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਤੁਸੀ ਲੱਖਾਂ ਰੁਪਏ ਦੇ ਮਹਿੰਗੇ ਕੋਟ ਪਾ ਕੇ ਅਸਮਾਨ ਵਿਚ ਉਡਾਰੀਆਂ ਮਾਰਦੇ ਹੋਏ ਸਵੇਰ ਦਾ ਨਾਸ਼ਤਾ ਕੈਨੇਡਾ ਅਤੇ ਦੁਪਿਹਰ ਦਾ ਲੰਚ ਬਿਨਾਂ ਦੱਸੇ ਅਤੇ ਪੁੱਛੇ ਪਾਕਿਸਤਾਨ ਵਿਚ ਨਵਾਜ਼ ਸਰੀਫ਼ ਦੇ ਘਰ ਬਿਨ ਬੁਲਾਏ ਮਹਿਮਾਨ ਬਣ ਕੇ ਕਰਦੇ ਰਹੇ। 

ਮੋਦੀ ਜੀ ਜਨਤਾ ਨੂੰ ਮੂਰਖ ਬਣਾਉਣ ਲਈ ਤੁਸੀ ਜੋ ਨੋਟਬੰਦੀ ਕਰ ਕੇ ਕਾਲੇ ਧਨ ਨੂੰ ਵਾਪਸ ਲਿਆਉਣ ਦਾ ਸੁਪਨਾ ਲੋਕਾਂ ਨੂੰ ਵਿਖਾਇਆ ਸੀ ਉਹ ਤਾਂ ਤੁਸੀ ਕੁੱਝ ਸਮੇਂ ਬਾਅਦ ਹੀ ਬਿਆਨਬਾਜ਼ੀ ਕਰ ਕੇ ਢਹਿ ਢੇਰੀ ਕਰ ਦਿਤਾ ਸੀ। ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ ਜਦ ਲੇਖਾ-ਜੋਖਾ ਕੀਤਾ ਅਤੇ ਵੇਖਿਆ ਕਿ ਜਿੰਨੇ ਨੋਟ ਉਨ੍ਹਾਂ ਛਪਵਾਏ ਸਨ, ਉਸ ਮੁੱਲ ਦੇ ਤਕਰੀਬਨ ਸਾਰੇ ਵਾਪਸ ਆ ਕੇ ਜਮ੍ਹਾਂ ਹੋ ਗਏ ਹਨ। ਜੋ ਰਹਿ ਗਏ ਉਹ ਸਰਕਾਰੀ ਅਦਾਰਿਆਂ ਕੋਲ ਜਾਂ ਕੁੱਝ ਬਾਹਰਲੇ ਬੈਂਕਾਂ ਵਿਚ ਜਮ੍ਹਾਂ ਹਨ।ਹੁਣ ਸਵਾਲ ਪੈਦਾ ਹੋ ਗਿਆ ਕਿ ਜਿਸ ਕਾਲੇ ਧਨ ਦਾ ਭਾਜਪਾ ਕੋਠਿਆਂ ਤੇ ਚੜ੍ਹ ਕੇ ਮੋਦੀ ਟੀਮ ਨਾਲ ਰਲ ਕੇ ਰੌਲਾ ਪਾ ਰਹੀ ਸੀ ਕਿ ਖਰਬਾਂ ਡਾਲਰ ਕਾਲਾ ਧਨ ਫ਼ਲਾਣੇ-ਫ਼ਲਾਣੇ ਬੰਦੇ ਤੇ ਫ਼ਲਾਣੀ-ਫ਼ਲਾਣੀ ਪਾਰਟੀ ਦੇ ਲੀਡਰਾਂ ਦਾ ਸਵਿੱਸ ਬੈਂਕਾਂ ਵਿਚ ਪਿਆ ਹੈ ਅਤੇ ਅਸੀ ਭਾਜਪਾ ਦੀ ਸਰਕਾਰ ਬਣਨ ਤੇ ਤੁਰਤ ਉਨ੍ਹਾਂ ਦੇ ਨਾਂ ਜਨਤਕ ਕਰ ਕੇ ਧਨ ਭਾਰਤ ਵਿਚ ਵਾਪਸ ਲਿਆਵਾਂਗੇ, ਜਿਸ ਦੀ ਪ੍ਰੋੜ੍ਹਤਾ ਇਕ ਘੱਟ ਕਪੜਿਆਂ ਵਾਲਾ ਵਪਾਰੀ ਬਾਬਾ ਜਿਸ ਨੂੰ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ, ਔਰਤਾਂ ਦੀ ਤਰ੍ਹਾਂ ਹਸਦਾ ਰਹਿੰਦਾ ਹੈ, ਵੀ ਲੋਕਾਂ ਨੂੰ ਮੂਰਖ ਬਣਾਉਣ ਲਈ ਸਟੇਜਾਂ ਤੋਂ ਕਹਿੰਦਾ ਸੀ ਕਿ ਇਕ-ਇਕ ਨਾਗਰਿਕ ਦੇ ਹਿੱਸੇ 15-15 ਲੱਖ ਰੁਪਏ ਸਿੱਧੇ ਬੈਂਕ ਖਾਤੇ ਵਿਚ ਪਾ ਦਿਤੇ ਜਾਣਗੇ। ਮੋਦੀ ਜੀ ਤੁਸੀ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਹੱਦ ਹੀ ਕਰ ਦਿਤੀ, ਧੱਕੇ ਨਾਲ ਗ਼ਰੀਬ ਲੋਕਾਂ ਦੇ ਮੁਫ਼ਤ ਬੈਂਕ ਖਾਤੇ ਖੋਲ੍ਹ ਕੇ। ਮੈਂ ਅੱਖੀਂ ਵੇਖਿਆ ਕਿ ਬੈਂਕ ਕਰਮਚਾਰੀ ਲੋਕਾਂ ਦੇ ਘਰਾਂ 'ਚ ਜਾ ਕੇ ਖਾਤੇ ਖੋਲ੍ਹਦੇ ਫਿਰਦੇ ਸਨ।

ਸਿੱਟਾ ਇਹ ਨਿਕਲਿਆ ਕਿ ਜਿਸ ਗ਼ਰੀਬ ਆਦਮੀ ਨੇ 20 ਜਾਂ 30 ਹਜ਼ਾਰ ਰੁਪਏ ਕਿਰਤ ਕਰ ਕੇ ਜੋੜ ਕੇ ਰੱਖੇ ਸਨ, ਉਨ੍ਹਾਂ ਨੇ ਇਸ ਕਾਲੇ ਧਨ ਦੇ ਆਉਣ ਵਾਲੇ 15 ਲੱਖ ਰੁਪਏ ਦੀ ਝਾਕ ਵਿਚ ਉਨ੍ਹਾਂ ਰੁਪਏ ਦੀਆਂ ਐਲ.ਸੀ.ਡੀ., ਟੀ.ਵੀ. ਅਤੇ  ਫਰਿੱਜਾਂ ਖ਼ਰੀਦ ਕੇ ਅਪਣਾ ਝੁੱਗਾ ਚੌੜ ਕਰ ਲਿਆ। ਉਨ੍ਹਾਂ ਨਾਲ ਤਾਂ ਮੋਦੀ ਜੀ ਇਹ ਗੱਲ ਬਣੀ ਕਿ ਹੋਰ ਲੈਂਦੀ-ਲੈਂਦੀ ਦੀ ਪਿਛਲੇ ਹੱਥ ਵਾਲੀ ਰੋਟੀ ਕੁੱਤਾ ਲੈ ਗਿਆ। ਤੁਹਾਡੇ ਵਲੋਂ ਖੁਲ੍ਹਵਾਏ ਗ਼ਰੀਬਾਂ ਦੇ ਬੈਂਕ ਖਾਤਿਆਂ ਦਾ ਨੋਟਬੰਦੀ ਸਮੇਂ ਤੁਹਾਡੇ ਭਗਤਾਂ ਨੇ ਉਨ੍ਹਾਂ ਦੇ ਖਾਤਿਆਂ ਵਿਚ ਕਾਲਾ ਧਨ ਜਮ੍ਹਾਂ ਕਰਵਾ ਕੇ ਪੂਰਾ-ਪੂਰਾ ਲਾਹਾ ਖਟਿਆ ਕਿਉਂਕਿ ਇਹ ਸਾਰਾ ਕੁੱਝ ਯੋਜਨਾਬੱਧ ਤਰੀਕੇ ਨਾਲ ਭਾਜਪਾ ਵਲੋਂ ਪਹਿਲਾਂ ਹੀ ਤੈਅਸ਼ੁਦਾ ਸੀ।'ਸਹਿਜ ਬਿਜਲੀ ਹਰ ਘਰ ਯੋਜਨਾ' ਦੇ ਤਹਿਤ ਮਾਣਯੋਗ ਮੋਦੀ ਜੀ ਤਕਰੀਬਨ 4 ਕਰੋੜ ਗ਼ਰੀਬ ਲੋਕਾਂ ਦੇ ਘਰਾਂ ਵਿਚ ਲਾਟੂ ਜਗਾਉਣ ਤਾਂ ਤੁਰ ਪਏ ਹਨ, ਪਰ ਅਸੀ ਕਦੇ ਇਸ ਗੱਲ ਦਾ ਵਿਚਾਰ ਨਹੀਂ ਕੀਤਾ ਕਿ ਏਨੀ ਵੱਡੀ ਰਕਮ ਆਵੇਗੀ ਕਿਥੋਂ? ਇਹ ਸਾਰਾ ਬੋਝ ਉਨ੍ਹਾਂ ਲੋਕਾਂ ਉਪਰ ਪਾਇਆ ਜਾਵੇਗਾ ਜਿਨ੍ਹਾਂ ਦੇ ਘਰਾਂ ਅੰਦਰ ਪਹਿਲਾਂ ਹੀ ਲਾਟੂ ਜਗ ਰਹੇ ਹਨ। ਇਸ ਬਾਰੇ ਅੱਜ ਦੇਸ਼ ਦੇ ਹਰ ਨਾਗਰਿਕ ਨੂੰ ਸੋਚਣ ਅਤੇ ਸਮਝਣ ਦੀ ਵੱਡੀ ਲੋੜ ਹੈ। ਉਠੋ ਮੇਰੇ ਦੇਸ਼ ਦੇ ਨੌਜੁਆਨੋ ਉੱਠੋ, ਇਨ੍ਹਾਂ ਝੂਠ ਦੇ ਪੁਜਾਰੀਆਂ ਦਾ ਸੱਚ ਜਾਣਨ ਦੀ ਕੋਸ਼ਿਸ਼ ਕਰੋ।
ਇਕ ਪਾਸੇ ਕਰੋੜਾਂ ਗ਼ਰੀਬ ਲੋਕਾਂ ਦੇ ਘਰਾਂ ਅੰਦਰ ਮੁਫ਼ਤ ਬਿਜਲੀ ਦੇਣ ਲਈ ਖ਼ੁਦ ਸਰਕਾਰੀ ਕਰਮਚਾਰੀ ਉਨ੍ਹਾਂ ਦੇ ਘਰਾਂ ਅੰਦਰ ਜਾ ਕੇ ਲਾਟੂ ਜਗਾਉਣਗੇ, ਪਰ ਦੂਜੇ ਪਾਸੇ ਪੰਜਾਬ ਸਰਕਾਰ ਸਰਕਾਰੀ ਥਰਮਲਾਂ ਨੂੰ, ਜੋ ਸਸਤੀ ਬਿਜਲੀ ਪੈਦਾ ਕਰਦੇ ਹਨ, ਬੰਦ ਕਰ ਕੇ ਢਾਹੁਣ ਦੇ ਮਨਸੂਬੇ ਘੜ ਕੇ ਬਿਜਲੀ ਕਰਮਚਾਰੀਆਂ ਦੇ ਹਜ਼ਾਰਾਂ ਘਰਾਂ ਵਿਚ ਜਗਦੇ ਲਾਟੂਆਂ ਨੂੰ ਬੁਝਾਉਣ ਲਈ ਪੱਬਾਂ ਭਾਰ ਹੈ। ਮੇਰੇ ਦੇਸ਼ ਦੇ ਵਾਸੀਉ ਇਹ ਹਨ ਇਕ ਸਿੱਕੇ ਦੇ ਦੋ ਪਹਿਲੂ। ਸੋਚੋ, ਸਮਝੋ ਅਤੇ ਕੁੱਝ ਕਰਨ ਲਈ ਤਿਆਰ ਹੋ ਜਾਉ। ਜਦ ਸੱਪ ਲੰਘ ਗਿਆ ਫਿਰ ਲਕੀਰ ਨੂੰ ਕੁੱਟਣ ਦਾ ਕੋਈ ਫ਼ਾਇਦਾ ਨਹੀਂ।ਹੁਣ ਨਾਲ-ਨਾਲ ਇਹ ਸਵਾਲ ਪੈਦਾ ਹੋ ਗਿਆ ਕਿ ਜੋ ਗ਼ਰੀਬ ਆਦਮੀ ਨੂੰ ਮਾਣਯੋਗ ਮੋਦੀ ਜੀ ਮੁਫ਼ਤ ਬਿਜਲੀ ਕੁਨੈਕਸ਼ਨ ਦੇ ਰਹੀ ਹੈ ਉਸ ਕੋਲ ਬਿਜਲੀ ਦੇ ਮੀਟਰ ਲਾਉਣ ਲਈ ਤਾਂ ਪੈਸੇ ਨਹੀਂ ਹਨ। ਫਿਰ ਕਲ ਨੂੰ ਉਸ ਦਾ ਬਿਲ ਕਿਥੋਂ ਭਰੇਗਾ? ਸਰਕਾਰ ਕਰ ਕੀ ਰਹੀ ਹੈ? ਕਲ ਨੂੰ ਚੋਣਾਂ ਨੇੜੇ ਆ ਰਹੀਆਂ ਹਨ। ਫਿਰ ਉਨ੍ਹਾਂ ਦੇ ਬਿਲ ਮਾਫ਼ ਕਰੇਗੀ? ਇਸ ਸਾਰੇ ਖ਼ਰਚੇ ਨੂੰ ਫਿਰ ਨਵੇਂ ਟੈਕਸਾਂ ਜਾਂ ਬਿਜਲੀ ਦੇ ਯੂਨਿਟਾਂ ਦੇ ਰੇਟ ਵਧਾ ਕੇ ਆਮ ਨਾਗਰਿਕਾਂ ਉੱਪਰ ਬੋਝ ਪਾਇਆ ਜਾਵੇਗਾ। ਇਹ ਸਿਆਸੀ ਲੋਕ ਅਪਣੇ ਚੁਸਤ ਦਿਮਾਗ਼ ਨੂੰ ਵਰਤ ਕੇ ਦੇਸ਼ ਦੇ ਨਾਗਰਿਕਾਂ ਨੂੰ ਸਬਸਿਡੀਆਂ ਵਾਲੇ ਫ਼ੰਡੇ ਲਾ ਕੇ ਭੰਬਲਭੂਸੇ ਵਿਚ ਫਸਾਈ ਰਖਦੇ ਹੋਏ ਸਬਸਿਡੀ ਦੇ ਕੇ ਮਾਤਰ ਇਕ ਮੰਗਤਾ ਬਣਾਈ ਰਖਦੇ ਹਨ ਜਦਕਿ ਸਰਕਾਰ ਦਾ ਇਹ ਮੁਢਲਾ ਫ਼ਰਜ਼ ਬਣਦਾ ਹੈ ਕਿ ਹਰ ਨਾਗਰਿਕ ਨੂੰ ਰੁਜ਼ਗਾਰ ਦੇਵੇ।ਮੇਰੇ ਦੇਸ਼ ਦੇ ਆਮ ਨਾਗਰਿਕ ਨੂੰ ਇਸ ਸਬਸਿਡੀ ਰਾਹੀਂ ਮੰਗਤਾ ਬਣਾਉਣ ਵਾਲੇ ਫ਼ੰਡੇ ਦੀ ਸਮਾਂ ਪਾ ਕੇ ਸਮਝ ਆਵੇਗੀ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਹ ਸਰਕਾਰਾਂ ਜੇਕਰ ਸਾਡੇ ਦੇਸ਼ ਦਾ ਸਰਮਾਇਆ ਇਸੇ ਤਰ੍ਹਾਂ ਹੀ ਮੁਫ਼ਤ ਲੁਟਾ ਕੇ ਅਪਣੇ ਮਨਸੂਬਿਆਂ ਨੂੰ ਅੰਜਾਮ ਦਿੰਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ 'ਯੇਹ ਮੇਰਾ ਇੰਡੀਆ' ਇਹ ਸਿਆਸੀ ਲੋਕ ਵੋਟਾਂ ਲੈ ਕੇ ਸਰਕਾਰਾਂ ਬਣਾਉਣ ਲਈ ਮੇਰੇ ਦੇਸ਼ ਨੂੰ ਮੰਦੀ ਅਤੇ ਕੰਗਾਲੀ ਦੀ ਕਗਾਰ ਉਤੇ ਖੜਾ ਕਰ ਦੇਣਗੇ। ਯਸ਼ਵੰਤ ਸਿਨਹਾ ਨੇ ਇਸ ਸੱਚਾਈ ਨੂੰ ਮੱਖਣ ਵਿਚੋਂ ਵਾਲ ਵਾਂਗ ਬਾਹਰ ਕੱਢ ਕੇ ਮੋਦੀ ਟੀਮ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement