ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਹੈ ਵੀ ਜਾਂ ਐਵੇਂ ਵਧਾ ਚੜ੍ਹਾ ਕੇ ਬਿਆਨ ਕੀਤੀ ਕਹਾਣੀ ਹੀ ਹੈ?
Published : Sep 11, 2017, 10:04 pm IST
Updated : Sep 11, 2017, 4:34 pm IST
SHARE ARTICLE

ਸੰਯੁਕਤ ਰਾਸ਼ਟਰ ਦੀਆਂ ਨੀਤੀਆਂ ਮੁਤਾਬਕ ਹਰ ਸਰਵੇਖਣ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੀ ਹੀ ਜਾਂਚ ਕਰੇਗਾ ਪਰ ਅੱਜ ਜੇ 10-18 ਸਾਲ ਦੀ ਉਮਰ ਵਾਲਿਆਂ ਦਾ ਵੀ ਸਰਵੇਖਣ ਕਰਵਾਇਆ ਜਾਵੇ ਤਾਂ ਤਸਵੀਰ ਕਿੰਨੀ ਹਨੇਰੀ ਹੋਵੇਗੀ, ਇਸ ਬਾਰੇ ਅਕਾਲੀ ਦਲ ਤੋਂ ਜ਼ਿਆਦਾ ਕੋਈ ਹੋਰ ਨਹੀਂ ਜਾਣਦਾ ਹੋਵੇਗਾ। ਪੰਜਾਬ ਵਿਚ ਨਸ਼ੇ ਦੀ ਵਰਤੋਂ ਨਾ ਸਿਰਫ਼ ਭਾਰਤ ਦੀ ਔਸਤ (0.7 ਫ਼ੀ ਸਦੀ) ਤੋਂ ਹੀ ਵੱਧ ਹੈ ਬਲਕਿ ਦੁਨੀਆਂ ਦੀ (0.2%) ਤੋਂ ਵੀ ਛੇ ਗੁਣਾ ਜ਼ਿਆਦਾ, ਯਾਨੀ ਕਿ 1.2% ਹੈ।

ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਹੁੰਦੀ ਵੀ ਹੈ ਜਾਂ ਨਹੀਂ? ਇਹ ਗੱਲ ਪੰਜਾਬ ਦੀ ਸਿਆਸਤ ਵਿਚ ਇਕ ਮਾਸ ਦੀ ਬੋਟੀ ਵਰਗੀ ਬਣੀ ਹੋਈ ਹੈ ਜਿਸ ਨੂੰ ਸਿਆਸਤਦਾਨ ਲੋਕ ਚੋਣਾਂ ਦੌਰਾਨ ਕਾਏਂ ਕਾਏਂ ਕਰ ਕੇ ਇਕ ਦੂਜੇ ਤੋਂ ਖੋਹਣ ਲੱਗੇ ਰਹਿੰਦੇ ਹਨ। ਪਰ ਅਫ਼ਸੋਸ ਅਕਾਲੀ ਦਲ ਅਜੇ ਵੀ ਇਸ ਵੱਡੇ ਸਵਾਲ ਦੇ ਸੱਚ ਨੂੰ ਮਨਜ਼ੂਰ ਕਰਨ ਦੀ ਹਿੰਮਤ ਨਹੀਂ ਵਿਖਾ ਰਿਹਾ। ਅੱਜ ਜਦ ਨਸ਼ਿਆਂ ਦੀ ਦੁਰਵਰਤੋਂ ਬਾਰੇ ਪੀ.ਜੀ.ਆਈ. ਦੀ ਨਵੀਂ ਰੀਪੋਰਟ ਆ ਗਈ ਹੈ ਤਾਂ ਅਕਾਲੀ ਦਲ, ਅੰਕੜਿਆਂ ਦੀ ਤੋੜ-ਮਰੋੜ ਵਿਚ ਜੁਟਿਆ ਹੋਇਆ ਹੈ।

ਉਨ੍ਹਾਂ ਦੀ ਕਥਨੀ ਉਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਤਾਂ ਚੋਣ ਨਤੀਜਿਆਂ ਨੇ ਜ਼ਾਹਰ ਕਰ ਦਿਤਾ ਸੀ। ਲੋਕਾਂ ਨੇ ਨਾ ਸਿਰਫ਼ ਅਕਾਲੀ ਦਲ ਉਤੇ ਭਰੋਸੇ ਦੀ ਕਮੀ ਜ਼ਾਹਰ ਕੀਤੀ ਬਲਕਿ ਉਨ੍ਹਾਂ ਪ੍ਰਤੀ ਅਪਣੇ ਮਨਾਂ ਵਿਚ ਕੜਵਾਹਟ ਵੀ ਜ਼ਾਹਰ ਕੀਤੀ ਹੈ। ਕਾਂਗਰਸ ਉਤੇ ਲੱਗੇ '84 ਦੀ ਸਿਆਸਤ ਦੇ ਦਾਗ਼ ਵੀ ਅਣਦੇਖੇ ਕਰ ਕੇ ਇਸ 'ਪੰਥਕ ਪਾਰਟੀ' ਨੂੰ ਸਿੱਖਾਂ ਨੇ ਪਿੱਠ ਵਿਖਾ ਦਿਤੀ ਕਿਉਂਕਿ ਸੱਚ ਜਾਣਨ ਵਾਸਤੇ ਪੰਜਾਬੀਆਂ ਨੂੰ ਕਿਸੇ ਪੀ.ਜੀ.ਆਈ. ਜਾਂ ਏਮਜ਼ ਦੇ ਅੰਕੜਿਆਂ ਦੀ ਜ਼ਰੂਰਤ ਨਹੀਂ। ਅਪਣੇ ਘਰਾਂ ਅਤੇ ਆਸਪਾਸ, ਨਸ਼ੇ ਨਾਲ ਬਰਬਾਦ ਨੌਜੁਆਨਾਂ ਦੀ ਮੌਜੂਦਗੀ ਵਲ ਨਜ਼ਰ ਮਾਰਨੀ ਹੀ ਕਾਫ਼ੀ ਹੈ।

ਖ਼ੈਰ, ਜੇ ਅੰਕੜਿਆਂ ਦੀ ਗੱਲ ਹੀ ਕਰੀਏ ਤਾਂ ਅਕਾਲੀ ਦਲ ਨੂੰ ਸ਼ਾਇਦ ਪੀ.ਜੀ.ਆਈ. ਦਾ ਸਰਵੇਖਣ ਸਮਝ ਨਹੀਂ ਆਇਆ। ਪਹਿਲਾਂ ਏਮਜ਼ ਦੇ ਅੰਕੜਿਆਂ ਮੁਤਾਬਕ ਪੰਜਾਬ ਦੀ 2.77 ਕਰੋੜ ਦੀ ਆਬਾਦੀ ਵਿਚ 2.32 ਲੱਖ ਲੋਕ ਨਸ਼ਈ ਦੱਸੇ ਗਏ। ਸੁਖਬੀਰ ਸਿੰਘ ਬਾਦਲ ਨੇ ਕਹਿ ਦਿਤਾ ਕਿ ਸਿਰਫ਼ 0.6 ਫ਼ੀ ਸਦੀ ਲੋਕ ਨਸ਼ੇ ਦਾ ਪ੍ਰਯੋਗ ਕਰ ਰਹੇ ਹਨ। ਪਰ ਅਸਲ ਵਿਚ ਇਹ .84% ਬਣਦਾ ਸੀ। ਇਸ ਸਰਵੇਖਣ ਵਿਚ 18 ਸਾਲ ਦੇ ਬੱਚਿਆਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਸੋ ਅਸਲ ਵਿਚ ਇਹ ਸਰਵੇਖਣ 1.9 ਕਰੋੜ ਲੋਕਾਂ ਵਿਚੋਂ ਸੀ ਮਤਲਬ ਕਿ 1.2 ਫ਼ੀ ਸਦੀ ਲੋਕ ਨਸ਼ੇ ਕਰਦੇ ਹਨ।

ਪਰ ਇਹ ਅੰਕੜੇ ਦਸਦੇ ਹਨ ਕਿ ਨਸ਼ੇ ਦੇ ਆਦੀ ਜਾਂ ਇਨ੍ਹਾਂ ਉਤੇ ਨਿਰਭਰ ਲੋਕ ਕਿੰਨੇ ਹਨ। ਜੇ ਸਿਰਫ਼ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਅੰਕੜਾ 8.6 ਲੱਖ, ਮਤਲਬ 4.5 ਫ਼ੀ ਸਦੀ ਪੰਜਾਬੀ ਆਬਾਦੀ ਨੇ ਕਦੇ ਨਾ ਕਦੇ ਨਸ਼ੇ ਦੀ ਵਰਤੋਂ ਜ਼ਰੂਰ ਕੀਤੀ। ਚੋਣਾਂ ਤੋਂ ਪਹਿਲਾਂ ਅਪਣੇ ਭਾਈਵਾਲਾਂ ਨੂੰ ਬਚਾਉਣਾ ਭਾਜਪਾ ਵਾਸਤੇ ਪੰਜਾਬ ਦੀ ਜਨਤਾ ਨੂੰ ਬਚਾਉਣ ਤੋਂ ਜ਼ਿਆਦਾ ਜ਼ਰੂਰੀ ਸੀ। ਸੋ ਇਸ ਸਰਵੇਖਣ ਨੂੰ ਕੇਂਦਰ ਵਲੋਂ ਰੱਦ ਕਰ ਦਿਤਾ ਗਿਆ। ਮੁੜ ਤੋਂ ਪੀ.ਜੀ.ਆਈ. ਨੂੰ ਇਸ ਸਰਵੇਖਣ ਦੀ ਜ਼ਿੰਮੇਵਾਰੀ ਸੌਂਪ ਦਿਤੀ ਗਈ।

ਪੀ.ਜੀ.ਆਈ. ਦੇ ਸਰਵੇਖਣ ਮਗਰੋਂ ਮੁੜ ਤੋਂ ਅਕਾਲੀ ਅਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪੀ.ਜੀ.ਆਈ. ਮੁਤਾਬਕ 1.7 ਤੋਂ 2.7 ਫ਼ੀ ਸਦੀ ਤਕ ਲੋਕ ਨਸ਼ੇ ਦੇ ਆਦੀ ਹਨ। ਮਤਲਬ ਲਗਭਗ ਉਹੀ ਅੰਕੜਾ ਪਰ ਅਕਾਲੀ ਫਿਰ ਅੰਕੜਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀਆਂ ਨੀਤੀਆਂ ਮੁਤਾਬਕ ਹਰ ਸਰਵੇਖਣ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੀ ਹੀ ਜਾਂਚ ਕਰੇਗਾ ਪਰ ਅੱਜ ਜੇ 10-18 ਸਾਲ ਦੀ ਉਮਰ ਵਾਲਿਆਂ ਦਾ ਵੀ ਸਰਵੇਖਣ ਕਰਵਾਇਆ ਜਾਵੇ ਤਾਂ ਤਸਵੀਰ ਕਿੰਨੀ ਹਨੇਰੀ ਹੋਵੇਗੀ, ਇਸ ਬਾਰੇ ਅਕਾਲੀ ਦਲ ਤੋਂ ਜ਼ਿਆਦਾ ਕੋਈ ਹੋਰ ਨਹੀਂ ਜਾਣਦਾ ਹੋਵੇਗਾ।

ਇਸ ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 2.2 ਲੱਖ ਲੋਕ ਸ਼ਰਾਬ, ਤਮਾਕੂ ਦੇ ਆਦੀ ਬਣ ਚੁੱਕੇ ਹਨ। ਅਕਾਲੀ ਦਲ ਇਸ ਬਾਰੇ ਚੁੱਪ ਹੈ। ਪਰ ਕੌਣ ਨਹੀਂ ਜਾਣਦਾ ਕਿ ਅਕਾਲੀ ਦਲ ਨੇ ਸ਼ਰਾਬ ਦੇ ਠੇਕਿਆਂ ਨਾਲ ਹੀ ਸਰਕਾਰ ਦੇ ਖ਼ਜ਼ਾਨੇ ਭਰੇ। ਤਮਾਕੂ ਉਤੇ ਟੈਕਸ ਘਟਾ ਕੇ ਇਸ ਦੀ ਵਿਕਰੀ ਨੂੰ ਪੰਜਾਬ ਵਿਚ ਹੱਲਾਸ਼ੇਰੀ ਦਿਤੀ ਗਈ। ਅੱਜ ਵੀ ਪੰਜਾਬ ਵਿਚ ਸ਼ਰਾਬ ਵੇਚਣ ਵਾਲੇ ਵੱਡੇ ਨਾਂ ਅਕਾਲੀਆਂ ਦੇ ਹੀ ਬੋਲਦੇ ਹਨ। ਪੰਜਾਬ ਵਿਚ ਨਸ਼ੇ ਦੀ ਵਰਤੋਂ ਨਾ ਸਿਰਫ਼ ਭਾਰਤ ਦੀ ਔਸਤ (0.7 ਫ਼ੀ ਸਦੀ) ਤੋਂ ਹੀ ਵੱਧ ਹੈ ਬਲਕਿ ਦੁਨੀਆਂ ਦੀ (0.2%) ਤੋਂ ਵੀ ਛੇ ਗੁਣਾਂ ਜ਼ਿਆਦਾ, ਯਾਨੀ ਕਿ 1.2% ਹੈ।


ਨਸ਼ਾ, ਸ਼ਰਾਬ, ਤਮਾਕੂ ਦੇ ਕਾਰੋਬਾਰ ਨਾਲ ਤਸਕਰੀ ਵੀ ਵਧੀ ਅਤੇ ਨਾਲ ਨਾਲ ਪੰਜਾਬ ਵਿਚ ਗੈਂਗਵਾਰ, ਏਡਜ਼, ਸ਼ਰਾਬ ਨਾਲ ਹਾਦਸੇ, ਬੇਰੁਜ਼ਗਾਰੀ, ਹਰ ਤਰ੍ਹਾਂ ਦੀ ਸਮਾਜਕ ਗੰਦਗੀ ਵੀ ਵਧੀ। ਜਿਨ੍ਹਾਂ ਗੱਲਾਂ ਤੋਂ ਮੁਕਤੀ ਦਿਵਾਉਣ ਦਾ ਹੋਕਾ ਸਿੱਖ ਸੋਚ ਤੋਂ ਪ੍ਰੇਰਿਤ ਲੋਕ ਦੇਂਦੇ ਹਨ, ਉਨ੍ਹਾਂ ਹੀ ਆਦਤਾਂ ਨੂੰ ਸੱਤਾਧਾਰੀ ਅਕਾਲੀਆਂ ਦੀਆਂ ਨੀਤੀਆਂ ਨੇ ਹੱਲਾਸ਼ੇਰੀ ਦਿਤੀ। ਜੇ ਅੱਜ ਫਿਰ ਤੋਂ ਅਕਾਲੀ ਅਪਣੀ ਜਿੱਤ ਜਾਂ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ ਤਾਂ ਸਾਫ਼ ਹੈ ਕਿ ਉਨ੍ਹਾਂ ਨੇ ਚੋਣਾਂ ਵਿਚ ਹੋਈ ਹਾਰ ਤੋਂ ਕੁੱਝ ਵੀ ਨਹੀਂ ਸਿਖਿਆ। ਉਹ ਪੰਜਾਬ ਦੇ ਲੋਕਾਂ ਦੀ ਪੀੜਾ ਤੋਂ ਅਣਜਾਣ ਹਨ। ਇਸ ਤੋਂ ਬਿਹਤਰ ਸਬਕ ਤਾਂ ਅਰਵਿੰਦ ਕੇਜਰੀਵਾਲ ਨੇ ਲੈ ਲਿਆ ਹੈ ਜੋ ਚੁਪ ਰਹਿ ਕੇ ਸਿਆਣਪ ਦਾ ਸਬੂਤ ਦੇ ਰਹੇ ਹਨ।

ਭਾਵੇਂ ਅੱਜ ਪੰਜਾਬ ਵਿਚ ਨਸ਼ਾ ਤਸਕਰੀ ਉਤੇ ਸਖ਼ਤੀ ਚਲ ਰਹੀ ਹੈ ਪਰ ਕਾਂਗਰਸ ਵੀ ਅਜੇ ਤਕ ਨਸ਼ਿਆਂ ਦੇ ਮਾਮਲੇ ਵਿਚ ਪੂਰਨ ਸਫ਼ਲਤਾ ਦਾ ਦਾਅਵਾ ਨਹੀਂ ਕਰ ਸਕਦੀ। ਕੈਪਟਨ ਅਮਰਿੰਦਰ ਸਿੰਘ ਨੇ 30 ਦਿਨਾਂ ਵਿਚ ਜਿਸ ਸਮੱਸਿਆ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਸੀ, ਉਹ ਕੁੱਝ ਘਟੀ ਤਾਂ ਹੈ ਪਰ ਖ਼ਤਮ ਨਹੀਂ ਹੋਈ। ਇਸ ਗੱਲ ਤੋਂ ਨਾ ਸਿਰਫ਼ ਆਮ ਜਨਤਾ ਹੀ ਨਿਰਾਸ਼ ਹੋਈ ਮਹਿਸੂਸ ਕਰ ਰਹੀ ਹੈ ਬਲਕਿ ਕਾਂਗਰਸ ਦੇ ਵਿਧਾਇਕ ਖ਼ੁਦ ਵੀ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਹੈ। ਪਰ ਅੱਜ ਕਾਂਗਰਸੀ ਵਿਧਾਇਕ ਬਿਨਾਂ ਦੰਦਾਂ ਦੇ ਸ਼ੇਰ ਵਾਂਗ ਉਦਾਸ ਬੈਠੇ ਹਨ ਕਿਉਂਕਿ ਉਨ੍ਹਾਂ ਕੋਲ ਜਵਾਬ ਲੱਭਣ ਦੀ ਤਾਕਤ ਵੀ ਨਹੀਂ ਹੈ।

40 ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਬਿਕਰਮ ਸਿੰਘ ਮਜੀਠੀਆ ਵਿਰੁਧ ਕਾਰਵਾਈ ਕਰਨ ਵਾਸਤੇ ਪਟੀਸ਼ਨ ਦਿਤੀ ਹੈ ਜਿਨ੍ਹਾਂ ਵਿਚ ਸੁਨੀਲ ਜਾਖੜ ਵੀ ਸ਼ਾਮਲ ਹਨ। ਅਸਲ ਵਿਚ 40 ਵਿਧਾਇਕਾਂ ਨਾਲ ਸਾਰਾ ਪੰਜਾਬ ਹੀ ਪੂਰਾ ਸੱਚ ਜਾਣਨਾ ਚਾਹੁੰਦਾ ਹੈ ਕਿਉਂਕਿ ਪੂਰਾ ਸੱਚ ਹੀ ਨਿਆਂ ਮੰਨਿਆ ਜਾ ਸਕਦਾ ਹੈ। ਨਸ਼ੇ ਦੇ ਸ਼ੇਰ ਨੂੰ ਕਾਠੀ ਪਾਈ ਜਾ ਸਕੇ ਤਾਂ ਅਗਲੀ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ ਪਰ ਜਿਹੜੇ ਲੋਕ ਇਸ ਨਸ਼ੇ ਨਾਲ ਬਰਬਾਦ ਹੋ ਚੁੱਕੇ ਹਨ ਜਾਂ ਮਾਰੇ ਜਾ ਚੁੱਕੇ ਹਨ, ਉਨ੍ਹਾਂ ਦੇ ਪ੍ਰਵਾਰਾਂ ਨੂੰ ਧਰਵਾਸ ਇਸ ਗੱਲ ਨਾਲ ਮਿਲ ਸਕਦਾ ਹੈ ਕਿ ਨਸ਼ੇ ਦੇ ਵਪਾਰੀਆਂ ਨੂੰ ਕੋਈ ਮਿਸਾਲੀ ਸਜ਼ਾ ਦਿਤੀ ਜਾਏ ਤੇ ਨਵੀਂ ਪੀੜ੍ਹੀ ਨੂੰ ਇਸ ਜਿਲ੍ਹਣ ਵਿਚ ਫਸਣ ਤੋਂ ਰੋਕਣ ਲਈ ਠੋਸ ਪ੍ਰੋਗਰਾਮ ਲਾਗੂ ਕੀਤੇ ਜਾਣ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement