ਰਾਹੁਲ ਗਾਂਧੀ ਕੋਲ 56 ਇੰਚ ਦਾ ਦਿਲ ਜਦਕਿ ਮੋਦੀ ਕੋਲ 56 ਇੰਚ ਦੀ ਛਾਤੀ!
Published : Sep 13, 2017, 11:20 pm IST
Updated : Sep 13, 2017, 5:50 pm IST
SHARE ARTICLE


ਉਨ੍ਹਾਂ ਮੁਤਾਬਕ ਹਿੰਸਾ ਦੇ ਜਵਾਬ ਵਿਚ ਜੇ ਹਿੰਸਾ ਹੁੰਦੀ ਰਹੀ ਤਾਂ ਨਫ਼ਰਤ ਕਦੇ ਖ਼ਤਮ ਨਹੀਂ ਹੋਵੇਗੀ ਅਤੇ ਇਹੀ ਪਾਠ ਉਨ੍ਹਾਂ ਨੇ ਅਪਣੇ ਬਚਪਨ ਵਿਚ ਅਪਣੇ ਪ੍ਰਵਾਰ ਨੂੰ ਗਵਾ ਕੇ ਸਿਖ ਲਿਆ ਸੀ। ਉਨ੍ਹਾਂ ਵਲੋਂ ਇਹ ਕਿਹਾ ਜਾਣਾ ਕਿ ਉਹ ਸਿੱਖਾਂ ਲਈ ਨਿਆਂ ਦਾ ਸਮਰਥਨ ਕਰਦੇ ਹਨ, ਇਕ ਬੜੀ ਵੱਡੀ ਗੱਲ ਹੈ ਕਿਉਂਕਿ ਪਹਿਲੀ ਵਾਰ ਕਾਂਗਰਸ ਨੇ ਵੀ ਮੰਨ ਲਿਆ ਹੈ ਕਿ ਸਿੱਖ ਕੌਮ ਨੂੰ ਵੀ ਨਿਆਂ ਦੇਣ ਦੀ ਲੋੜ ਹੈ।

ਜਿੰਨਾ ਆਲੀਆ ਭੱਟ ਅਤੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਜਾਂਦਾ ਹੈ, ਸ਼ਾਇਦ ਹੀ ਪ੍ਰਵਾਰਵਾਦ ਦੀ ਪੌੜੀ ਚੜ੍ਹੇ ਕਿਸੇ ਬੰਦੇ ਦਾ ਉਡਾਇਆ ਗਿਆ ਹੋਵੇਗਾ। ਆਲੀਆ ਭੱਟ ਤਾਂ ਅਪਣੀ ਥਾਂ ਬਣਾ ਚੁੱਕੀ ਹੈ। ਉਸ ਨੇ ਸਾਬਤ ਕਰ ਦਿਤਾ ਹੈ ਕਿ ਉਸ ਦਾ ਵਿਲੱਖਣਪਣ ਹੀ ਉਸ ਦੀ ਤਾਕਤ ਹੈ ਅਤੇ ਉਹ ਅਪਣੇ ਮੂੰਹ ਉਤੇ ਕਿਲੋ ਦੇ ਹਿਸਾਬ ਨਾਲ ਮੇਕਅਪ ਲਗਾਏ ਬਗ਼ੈਰ ਹੀ ਅਪਣੀ ਕਲਾ ਦਾ ਪ੍ਰਗਟਾਵਾ ਕਰ ਸਕਦੀ ਹੈ। ਉਸ ਦੀ ਕਾਮਯਾਬੀ ਉਸ ਦੇ ਯਕੀਨ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਹੁਣ ਉਹ ਹੋਰ ਕਿੰਨੀਆਂ ਹੀ ਕੁੜੀਆਂ ਵਾਸਤੇ, ਸਾਦਗੀ ਅਤੇ ਕਾਬਲੀਅਤ ਦੀ ਇਕ ਉਦਾਹਰਣ ਬਣ ਗਈ ਹੈ।

ਦੂਜੇ ਪਾਸੇ ਸਾਡਾ 'ਪੱਪੂ' ਅਜੇ ਵੀ ਅਪਣੇ ਚਿਹਰੇ ਉਤੇ ਲੱਗੇ ਵੰਸ਼ਵਾਦ ਦੇ ਦਾਗ਼ ਸਾਫ਼ ਕਰਨ ਵਿਚ ਰੁੱਝਾ ਹੋਇਆ ਹੈ। ਰਾਹੁਲ ਗਾਂਧੀ ਦੀ ਸ਼ਖ਼ਸੀਅਤ ਬੀ.ਜੇ.ਪੀ. ਦੀ ਸਿਆਸਤ ਤੋਂ ਬਿਲਕੁਲ ਉਲਟੀ ਹੈ। ਜਿਥੇ ਪ੍ਰਧਾਨ ਮੰਤਰੀ ਮੋਦੀ ਦੀ 56 ਇੰਚ ਦੀ ਛਾਤੀ ਹੈ, ਰਾਹੁਲ ਗਾਂਧੀ ਦਾ 56 ਇੰਚ ਦਾ ਦਿਲ ਹੈ। ਜਿਸ ਤਰ੍ਹਾਂ ਭਾਜਪਾ ਰਾਹੁਲ ਗਾਂਧੀ ਨੂੰ 'ਪੱਪੂ' ਬਣਾ ਕੇ ਪੇਸ਼ ਕਰਨ ਉਤੇ ਕਰੋੜਾਂ ਰੁਪਏ ਸੋਸ਼ਲ ਮੀਡੀਆ ਉਤੇ ਖ਼ਰਚਦੀ ਆ ਰਹੀ ਹੈ, ਸ਼ਾਇਦ ਰਾਹੁਲ ਗਾਂਧੀ ਵਿਚ ਕੁੱਝ ਐਸੀ ਖ਼ਾਸੀਅਤ ਹੈ ਜਿਸ ਨੂੰ ਉਹ ਦੇਸ਼ ਤੋਂ ਲੁਕਾ ਕੇ ਰਖਣਾ ਚਾਹੁੰਦੇ ਹਨ। ਸ਼ਾਇਦ ਰਾਹੁਲ ਵਿਚ ਕੁੱਝ ਹੈ ਜੋ ਦੇਸ਼ ਸਮਝ ਨਹੀਂ ਪਾ ਰਿਹਾ ਕਿਉਂਕਿ ਉਨ੍ਹਾਂ ਦੇ ਹਰ ਕਦਮ ਜਾਂ ਭਾਸ਼ਣ ਦੇ ਆਸਪਾਸ ਹਾਸੇ ਦਾ ਏਨਾ ਸ਼ੋਰ ਹੁੰਦਾ ਹੈ ਕਿ ਉਨ੍ਹਾਂ ਦੀ ਗੱਲ ਪੂਰੀ ਤਰ੍ਹਾਂ ਸੁਣੀ ਹੀ ਨਹੀਂ ਜਾ ਸਕਦੀ।


ਰਾਹੁਲ ਕਲ ਅਮਰੀਕਾ ਦੀ ਸੱਭ ਤੋਂ ਬਿਹਤਰੀਨ ਬਰਕਲੇ 'ਵਰਸਟੀ ਵਿਚ ਭਾਸ਼ਣ ਕਰਨ ਗਏ ਜਿਥੇ ਉਨ੍ਹਾਂ ਨੇ ਅਪਣੇ ਭਾਸ਼ਣ ਤੋਂ ਬਾਅਦ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿਤੇ। ਪਹਿਲਾ ਸਵਾਲ ਸਿੱਖ ਕੌਮ ਦੇ '84 ਦੇ ਕਤਲੇਆਮ ਬਾਰੇ ਸੀ। ਉਨ੍ਹਾਂ ਦਾ ਜਵਾਬ ਇਹ ਦਸਦਾ ਹੈ ਕਿ ਉਹ ਅਪਣੇ ਪਿਤਾ ਅਤੇ ਅਪਣੀ ਦਾਦੀ ਤੋਂ ਵਖਰੇ ਹਨ, ਸ਼ਾਇਦ ਇਸ ਕਰ ਕੇ ਕਿ ਰਾਹੁਲ ਨੇ ਅਪਣਿਆਂ ਨੂੰ ਹਿੰਸਾ ਦੀ ਅੱਗ ਵਿਚ ਸੜ ਮਰਦਿਆਂ ਅਪਣੇ ਬਚਪਨ ਵਿਚ ਹੀ ਵੇਖ ਲਿਆ ਸੀ। ਰਾਹੁਲ ਗਾਂਧੀ ਮੁਤਾਬਕ ਜਿਸ ਦਿਨ ਉਨ੍ਹਾਂ ਦੀ ਦਾਦੀ ਦਾ ਕਤਲ ਹੋਇਆ, ਉਨ੍ਹਾਂ ਨੇ ਸਿਰਫ਼ ਅਪਣੀ ਦਾਦੀ ਹੀ ਨਾ ਗਵਾਈ ਬਲਕਿ ਅਪਣੇ ਦੋ ਮਿੱਤਰ ਵੀ ਗਵਾ ਲਏ। ਉਨ੍ਹਾਂ ਦੇ ਉਹ ਦੋਵੇਂ ਮਿੱਤਰ ਰੋਜ਼ ਉਨ੍ਹਾਂ ਨਾਲ ਖੇਡਦੇ ਸਨ। ਉਨ੍ਹਾਂ ਮੁਤਾਬਕ ਹਿੰਸਾ ਦੇ ਜਵਾਬ ਵਿਚ ਜੇ ਹਿੰਸਾ ਹੁੰਦੀ ਰਹੀ ਤਾਂ ਨਫ਼ਰਤ ਕਦੇ ਖ਼ਤਮ ਨਹੀਂ ਹੋਵੇਗੀ ਅਤੇ ਇਹੀ ਪਾਠ ਉਨ੍ਹਾਂ ਨੇ ਅਪਣੇ ਬਚਪਨ ਵਿਚ ਅਪਣੇ ਪ੍ਰਵਾਰ ਨੂੰ ਗਵਾ ਕੇ ਸਿਖ ਲਿਆ ਸੀ। ਉਨ੍ਹਾਂ ਵਲੋਂ ਇਹ ਕਿਹਾ ਜਾਣਾ ਕਿ ਉਹ ਸਿੱਖਾਂ ਲਈ ਨਿਆਂ ਦਾ ਸਮਰਥਨ ਕਰਦੇ ਹਨ, ਇਕ ਬੜੀ ਵੱਡੀ ਗੱਲ ਹੈ ਕਿਉਂਕਿ ਪਹਿਲੀ ਵਾਰ ਕਾਂਗਰਸ ਨੇ ਮੰਨ ਲਿਆ ਹੈ ਕਿ ਸਿੱਖ ਕੌਮ ਨੂੰ ਵੀ ਨਿਆਂ ਦੇਣ ਦੀ ਲੋੜ ਹੈ।

ਰਾਹੁਲ ਨੇ ਅਪਣੀਆਂ ਹੋਰ ਗ਼ਲਤੀਆਂ ਵੀ ਕਬੂਲੀਆਂ ਅਤੇ ਕਿਹਾ ਕਿ 2012 ਤੋਂ ਪਹਿਲਾਂ ਕਾਂਗਰਸ ਵਾਰ ਵਾਰ ਜਿਤਦੀ ਆ ਰਹੀ ਸੀ ਅਤੇ ਹੰਕਾਰੀ ਗਈ ਸੀ। ਇਸੇ ਹੰਕਾਰ ਦਾ ਨਤੀਜਾ ਸੀ ਕਿ ਕਾਂਗਰਸ ਨੂੰ 2014 ਵਿਚ ਵੱਡੀ ਹਾਰ ਮਿਲੀ। ਉਹ ਭਾਰਤ ਦੀ ਅੱਜ ਦੀ ਸਥਿਤੀ ਵਿਚ ਅਪਣੀ ਪਾਰਟੀ ਦੀ ਗ਼ਲਤੀ ਮੰਨਦੇ ਹੋਏ ਕਹਿੰਦੇ ਹਨ ਕਿ ਭਾਰਤ ਕੋਲ ਕੋਈ ਵੱਡਾ ਟੀਚਾ ਨਹੀਂ। ਉਸ ਲਈ ਦੋਸ਼ੀ ਉਹ ਕਾਂਗਰਸ ਅਤੇ ਭਾਜਪਾ ਨੂੰ ਬਰਾਬਰ ਬਰਾਬਰ ਮੰਨਦੇ ਹਨ।
ਰਾਹੁਲ ਗਾਂਧੀ ਦੇ ਇਸ ਭਾਸ਼ਣ ਉਤੇ ਸਵਾਲ-ਜਵਾਬ ਮਗਰੋਂ ਮਜ਼ਾਕ ਤੇ ਨਫ਼ਰਤ ਦੀ ਥੂ ਥੂ ਸ਼ੁਰੂ ਹੋ ਗਈ। ਉਸ ਨੂੰ ਇਸ ਕਰ ਕੇ ਵੀ ਕੋਸਿਆ ਜਾ ਰਿਹਾ ਹੈ ਕਿ ਉਸ ਨੇ ਭਾਜਪਾ ਨੂੰ ਕੋਮਾਂਤਰੀ ਪੱਧਰ ਉਤੇ ਨੀਵਾਂ ਵਿਖਾਉਣ ਦਾ ਸੁਨਹਿਰੀ ਮੌਕਾ ਹੱਥੋਂ ਜਾਣ ਦਿਤਾ।

ਸ਼ਾਇਦ ਇਹ ਸਿਆਸਤਦਾਨ ਉਹੋ ਜਿਹਾ ਨਹੀਂ ਜਿਹੋ ਜਹੇ ਸਿਆਸੀ ਨੇਤਾ ਵੇਖਣ ਦੀ ਸਾਨੂੰ ਆਦਤ ਹੋ ਗਈ ਹੈ। ਭਾਰਤ ਦੀ ਜਨਤਾ ਵੱਡੇ ਵਾਅਦੇ ਮੰਗਦੀ ਹੈ, ਭਾਵੇਂ ਉਹ ਮਗਰੋਂ ਜੁਮਲੇ ਹੀ ਨਿਕਲਣ। ਰਾਹੁਲ ਗਾਂਧੀ ਵਲੋਂ ਕਾਂਗਰਸ ਦੀ ਵਾਗਡੋਰ ਸੰਭਾਲਣ ਸਬੰਧੀ ਢਿੱਲ ਮੱਠ ਦਾ ਕਾਰਨ ਉਹ ਆਪ ਹੀ ਰਹੇ ਹਨ ਕਿਉਂਕਿ ਲਗਦਾ ਹੈ ਕਿ ਅਪਣੀਆਂ ਕਮਜ਼ੋਰੀਆਂ ਨੂੰ ਉਹ ਖ਼ੁਦ ਪਛਾਣਦੇ ਹਨ। ਉਨ੍ਹਾਂ ਦੀਆਂ ਗੱਲਾਂ ਵਿਚ ਕੋਈ ਜੁਮਲਾਬਾਜ਼ੀ ਨਹੀਂ ਬਲਕਿ ਨਿਜੀ ਜੀਵਨ ਤੋਂ ਸਿਖੇ ਪਾਠਾਂ ਤੋਂ ਹਲੀਮੀ ਹੀ ਝਲਕੀ। ਉਨ੍ਹਾਂ ਵਲੋਂ ਇਹ ਕਹਿਣਾ ਕਿ ਸਿਆਸਤਦਾਨ ਵਾਸਤੇ ਕਾਬਲੀਅਤ ਅਤੇ ਹਮਦਰਦੀ ਦੁਹਾਂ ਦੀ ਜ਼ਰੂਰਤ ਹੈ, ਦਾ ਮਤਲਬ ਸ਼ਾਇਦ ਇਹ ਹੈ ਕਿ ਅਜੇ ਭਾਰਤੀ ਸਿਆਸਤ 'ਚ ਹਮਦਰਦੀ ਦੀ ਪ੍ਰਥਾ ਸ਼ੁਰੂ ਨਹੀਂ ਹੋਈ। ਪ੍ਰਵਾਰਵਾਦ ਸਾਡੇ ਧਰਮਾਂ, ਧਰਮ-ਗੱਦੀਆਂ, ਉਦਯੋਗ ਅਤੇ ਫ਼ਿਲਮੀ ਹਸਤੀਆਂ ਨੂੰ ਵੀ ਲਪੇਟੇ ਵਿਚ ਲੈਂਦਾ ਆ ਰਿਹਾ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ਭਾਜਪਾ ਅੰਦਰ ਪ੍ਰਵਾਰਵਾਦ ਦੀ ਜ਼ਬਰਦਸਤ ਵਿਰੋਧਤਾ ਸੀ ਪਰ ਹੁਣ ਉਹ ਵੀ ਇਸ ਪਾਸੇ ਹੀ ਚਲ ਪਏ ਹਨ।

ਰਾਹੁਲ ਗਾਂਧੀ ਨੂੰ ਭਾਸ਼ਣ ਦੇਣਾ ਨਹੀਂ ਆਉਂਦਾ। ਉਸ ਅੰਦਰ ਚਤੁਰਤਾ ਨਹੀਂ ਹੈ ਪਰ ਹਮਦਰਦੀ ਹੈ ਕਿਉਂਕਿ ਮਗਨਰੇਗਾ ਜੋ ਕਿ ਭਾਰਤੀ ਗ਼ਰੀਬਾਂ ਨੂੰ ਭੁੱਖ ਤੋਂ ਬਚਾਉਣ ਵਾਲੀ ਯੋਜਨਾ ਸੀ, ਨੂੰ ਬਣਾਉਣ ਵਾਲੇ ਉਹੀ ਸਨ। ਨੋਟਬੰਦੀ ਵੇਲੇ ਉਹ ਲੋਕਾਂ ਨਾਲ ਗੱਲ ਕਰਨ ਲਈ ਸੜਕਾਂ ਉਤੇ ਉਤਰੇ ਤਾਂ ਵਿਰੋਧੀਆਂ ਨੇ ਉਸ ਦੀ ਵੱਡੀ ਕਾਰ ਉਤੇ ਟਿਪਣੀ ਸ਼ੁਰੂ ਕਰ ਦਿਤੀ। ਜੇ ਉਹ ਅਮੀਰ ਇਨਸਾਨ ਛੋਟੀ ਗੱਡੀ ਵਿਚ ਆ ਕੇ ਜਨਤਾ ਸਾਹਮਣੇ ਝੂਠੀ ਤਸਵੀਰ ਪੇਸ਼ ਕਰਦਾ ਤਾਂ ਕੀ ਉਹ ਬਿਹਤਰ ਹੁੰਦਾ? ਬਰਕਲੇ 'ਵਰਸਟੀ ਵਿਚ ਅਪਣੀ ਕੁਰਸੀ ਆਪ ਚੁੱਕਣ ਦੀ ਤਸਵੀਰ ਉਤੇ ਉਸ ਦਾ ਮਜ਼ਾਕ ਉਡਾਉਣ ਵਾਲੇ ਵੀ.ਆਈ.ਪੀ. ਕਲਚਰ ਦਾ ਅੰਤ ਚਾਹੁੰਦੇ ਹਨ ਜਾਂ ਨਹੀਂ? ਰਾਹੁਲ ਦਾ ਭਾਸ਼ਣ ਕਦੇ ਕਿਸੇ ਦਾ ਦਿਲ ਨਹੀਂ ਜਿੱਤ ਸਕਦਾ ਕਿਉਂਕਿ ਉਹ ਭਾਵਨਾਵਾਂ ਦੀ ਨੁਮਾਇਸ਼ ਨਹੀਂ ਕਰਦਾ, ਪਰ ਜੇ ਉਸ ਨੂੰ ਅਪਣੀ ਕਾਬਲੀਅਤ ਵਿਖਾਉਣ ਦਾ ਮੌਕਾ ਮਿਲਿਆ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੂਰੇ ਦੇਸ਼ ਬਾਰੇ ਸੋਚ ਕੇ ਕੋਈ ਹਮਦਰਦੀ ਭਰੀ ਯੋਜਨਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗਾ।  -ਨਿਮਰਤ ਕੌਰ

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement