ਰੋਜ਼ਾਨਾ ਸਪੋਕਸਮੈਨ ਦੀ 13ਵੀਂ ਵਰ੍ਹੇਗੰਢ ਦੀ ਸਮੂਹ ਪਾਠਕਾਂ ਨੂੰ ਵਧਾਈ
Published : Nov 30, 2017, 11:30 pm IST
Updated : Nov 30, 2017, 6:00 pm IST
SHARE ARTICLE

ਅੱਜ ਤੋਂ ਠੀਕ 13 ਸਾਲ ਪਹਿਲਾਂ ਪੰਜਾਬੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਦਾ ਆਗ਼ਾਜ਼ ਹੋਇਆ ਸੀ ਤੇ ਇਸ ਨਵੇਂ ਪ੍ਰਕਾਸ਼ਤ ਹੋਏ ਅਖ਼ਬਾਰ ਨੇ ਹੁਣ ਤਕ ਪ੍ਰਕਾਸ਼ਤ ਹੋ ਰਹੇ ਸੱਭ ਰੋਜ਼ਾਨਾ ਅਖ਼ਬਾਰਾਂ ਨੂੰ ਪਛਾੜ ਕੇ ਪੰਜਾਬੀ ਪੱਤਰਕਾਰੀ ਦੇ ਪਿੜ ਵਿਚ ਦੁਨੀਆਂ ਭਰ ਵਿਚ ਛਪਦੇ ਅਖ਼ਬਾਰਾਂ ਦੀ ਮੋਹਰਲੀ ਕਤਾਰ ਵਿਚ ਅਪਣੀ ਥਾਂ ਬਣਾ ਲਈ ਹੈ। ਇਸ ਅਖ਼ਬਾਰ ਦੇ ਸ਼ੁਰੂ ਹੁੰਦਿਆਂ ਹੀ, ਇਸ ਨੂੰ ਅਪਣੀ ਹੋਂਦ ਲਈ ਖ਼ਤਰਾ ਸਮਝਣ ਵਾਲਿਆਂ ਨੇ ਹਾਕਮਾਂ ਦੇ ਪੈਰ ਫੜ ਲਏ ਕਿ ਇਸ ਦੀ ਚੜ੍ਹਤ ਨੂੰ ਰੋਕੋ ਨਹੀਂ ਤਾਂ ਅਸੀ ਮਾਰੇ ਜਾਵਾਂਗੇ। ਦੁਨੀਆਂ ਦਾ ਪਹਿਲਾ ਪੰਜਾਬੀ ਦਾ ਅਖ਼ਬਾਰ ਸੀ ਜਿਸ ਨੂੰ ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਜੀ ਜਾਗੀਰ ਸਮਝ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪਣਾ ਤਨਖ਼ਾਹਦਾਰ ਨੌਕਰ ਸਮਝ ਕੇ ਤੇ ਉਸ ਪਾਸੋਂ ਰੋਜ਼ਾਨਾ ਸਪੋਕਸਮੈਨ ਵਿਰੁਧ ਹੁਕਮਨਾਮਾ ਜਾਰੀ ਕਰਵਾਇਆ ਕਿ ਇਸ ਅਖ਼ਬਾਰ ਨੂੰ ਕੋਈ ਸਿੱਖ ਨਾ ਪੜ੍ਹੇ ਅਤੇ ਸ. ਜੋਗਿੰਦਰ ਸਿੰਘ ਨਾਲ ਕੋਈ ਸਾਂਝ ਅਤੇ ਮਿਲਵਰਤਣ ਨਾ ਰੱਖੀ ਜਾਵੇ। ਸਰਕਾਰ ਦੀ ਇਸ਼ਤਿਹਾਰ ਦੇਣ ਵਾਲੀ ਬ੍ਰਾਂਚ ਨੂੰ ਹੁਕਮ ਦਿਤਾ ਗਿਆ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੂੰ ਕੋਈ ਸਰਕਾਰੀ ਇਸ਼ਤਿਹਾਰ ਨਾ ਦਿਤਾ ਜਾਵੇ ਤਾਕਿ ਇਹ ਆਰਥਕ ਤੌਰ ਤੇ ਕਮਜ਼ੋਰ ਹੋ ਕੇ ਬੰਦ ਹੋ ਜਾਵੇ, ਪਰ 'ਜਿਸ ਦਾ ਸਾਹਿਬ ਡਾਢਾ ਹੋਇ ਤਿਸਨੋ ਮਾਰ ਨ ਸਾਕੈ ਕੋਇ', ਇਨ੍ਹਾਂ ਪੰਥ ਤੇ ਪੰਜਾਬੀ ਦੋਖੀਆਂ ਵਲੋਂ ਸੱਭ ਕੁੱਝ ਕਰਨ ਦੇ ਬਾਵਜੂਦ, ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਵਲੋਂ ਮਿਲੇ ਭਾਰੀ ਹੁੰਗਾਰੇ ਕਾਰਨ, ਚੜ੍ਹਦੀ ਕਲਾ ਵਿਚ ਜਾਂਦਾ ਹੋਇਆ ਅੱਜ 13ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ। ਇਹ ਵੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਸ. ਜੋਗਿੰਦਰ ਸਿੰਘ ਨੂੰ ਮੁਕੱਦਮਿਆਂ ਵਿਚ ਰੋਲ ਕੇ ਖੱਜਲ ਖੁਆਰ ਕੀਤਾ ਜਾਵੇ। ਪਰ ਅਕਾਲ ਪੁਰਖ ਦੀ ਕ੍ਰਿਪਾ ਅਤੇ ਪਾਠਕਾਂ ਦੇ ਸਹਿਯੋਗ ਸਦਕਾ ਰੋਜ਼ਾਨਾ ਸਪੋਕਸਮੈਨ ਅੱਜ ਪੰਜਾਬੀ ਦੇ ਅਖ਼ਬਾਰਾਂ ਦੀ ਮੋਹਰਲੀ ਕਤਾਰ ਵਿਚ ਖੜਾ ਹੋ ਕੇ ਸਿੱਖ ਕੌਮ ਦੇ ਸਵੈਮਾਣ ਅਤੇ ਹੱਕ ਹਕੂਕ, ਸਿੱਖ ਵਿਚਾਰਧਾਰਾ ਨੂੰ ਪ੍ਰਜਵਲਤ ਰੱਖਣ ਲਈ ਨਿਰੰਤਰ ਜੂਝ ਰਿਹਾ ਹੈ।
ਇਹ ਸਪੋਕਸਮੈਨ ਦੇ ਪਾਠਕਾਂ ਦੀ ਹੀ ਹਿੰਮਤ ਅਤੇ ਦਲੇਰੀ ਹੈ ਕਿ ਰੋਜ਼ਾਨਾ ਸਪੋਕਸਮੈਨ ਨੇ ਇਕ ਪਾਸੇ ਅਪਣੇ ਆਪ ਨੂੰ ਪੱਕੇ ਪੈਰੀਂ ਖੜਾ ਕਰ ਕੇ 100 ਕਰੋੜੀ 'ਉੱਚਾ ਦਰ ਬਾਬੇ ਨਾਨਕ ਦਾ', ਨਾਨਕ ਪ੍ਰਕਾਸ਼ ਟੀ.ਵੀ. ਚੈਨਲ ਅਤੇ ਸਿੱਖ ਸਾਹਿਤ ਪ੍ਰਕਾਸ਼ਨ ਸਮੇਤ 4 ਵੱਡੇ ਅਦਾਰਿਆਂ ਨੂੰ ਜਨਮ ਦਿਤਾ ਹੈ। ਅਜਿਹਾ ਕਰ ਕੇ ਰੋਜ਼ਾਨਾ ਸਪੋਕਸਮੈਨ ਰਾਹੀਂ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਨਵਾਂ ਇਤਿਹਾਸ ਸਿਰਜ ਦਿਤਾ ਹੈ। ਅੱਜ ਇਹ ਅਦਾਰੇ ਮੁਕੰਮਲ ਹੋ ਚੁਕੇ ਹਨ, ਇਨ੍ਹਾਂ ਅਦਾਰਿਆਂ ਉਪਰ ਸਿੱਖ ਕੌਮ ਦੀ ਆਉਣ ਵਾਲੀ ਪਨੀਰੀ ਫ਼ਖ਼ਰ ਹੀ ਨਹੀਂ ਕਰੇਗੀ ਸਗੋਂ ਇਸ ਰਾਹੀਂ ਅਪਣੀ ਕੌਮ ਦੇ ਭਵਿੱਖ ਨੂੰ ਉਜਲਾ ਕਰੇਗੀ ਅਤੇ ਮਾਣ ਕਰੇਗੀ ਕਿ ਜੋ ਕੰਮ ਅਰਬਾਂ ਦੇ ਬਜਟ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾ ਕਰ ਸਕੀ ਉਹ ਗੁਰੂ ਬਾਬੇ ਦੇ ਇਕ ਨਿਮਾਣੇ ਸੇਵਕ ਨੇ ਕਰ ਵਿਖਾਇਆ।
ਸ਼੍ਰੋਮਣੀ ਕਮੇਟੀ ਨੇ ਸਕੂਲ, ਕਾਲਜ ਅਤੇ ਹਸਪਤਾਲ ਭਾਵੇਂ ਬਣਾਏ ਹਨ, ਪਰ ਫ਼ਾਇਦਾ ਕੌਮ ਦੇ ਕਿਸੇ ਗ਼ਰੀਬ ਸਿੱਖ ਨੂੰ ਕਦੇ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਵਿਚ ਬਿਨਾਂ ਚੜ੍ਹਾਵੇ ਅਤੇ ਸਿਫ਼ਾਰਸ਼ ਤੋਂ ਕਿਸੇ ਸਿੱਖ ਨੂੰ ਨੌਕਰੀ ਨਹੀਂ ਮਿਲਦੀ, ਕਿਸੇ ਸਕੂਲ ਜਾਂ ਕਾਲਜ ਵਿਚ ਕਿਸੇ ਗ਼ਰੀਬ ਸਿੱਖ ਦੇ ਬੱਚੇ ਮੁਫ਼ਤ ਨਹੀਂ ਪੜ੍ਹਾਏ ਜਾਂਦੇ ਅਤੇ ਨਾ ਹੀ ਕਿਸੇ ਬੇਰੁਜ਼ਗਾਰ ਸਿੱਖ ਨੌਜਵਾਨ ਨੂੰ ਨੌਕਰੀ ਦਿਤੀ ਜਾਂਦੀ ਹੈ। ਕਿਸੇ ਵੀ ਹਸਪਤਾਲ ਵਿਚ ਕਿਸੇ ਗ਼ਰੀਬ ਸਿੱਖ ਦਾ ਮੁਫ਼ਤ ਇਲਾਜ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਹਸਪਤਾਲ ਵਿਚ ਬਿਨਾਂ ਚੜ੍ਹਾਵੇ ਤੇ ਸਿਫ਼ਾਰਸ਼ ਤੋਂ ਨੌਕਰੀ ਹੀ ਕਿਸੇ ਸਿੱਖ ਉਮੀਦਵਾਰ ਨੂੰ ਮਿਲਦੀ ਹੈ। ਸ਼੍ਰੋਮਣੀ ਕਮੇਟੀ ਦੇ ਸਾਰੇ ਅਦਾਰਿਆਂ ਵਿਚ ਚੜ੍ਹਾਵੇ, ਸਿਫ਼ਾਰਸ਼ ਤੇ ਰਿਸ਼ਤੇਦਾਰੀਆਂ ਕਾਰਨ ਹੀ ਨੌਕਰੀ ਮਿਲ ਸਕਦੀ ਹੈ। ਜਦੋਂ ਰੋਜ਼ਾਨਾ ਸਪੋਕਸਮੈਨ ਸੱਚਾਈ ਦਾ ਢੰਡੋਰਾ ਪਿੱਟ ਕੇ ਹੋਕਾ ਦਿੰਦਾ ਹੈ ਤਾਂ ਇਸ ਨੂੰ ਖ਼ਤਮ ਕਰਨ ਦੀਆਂ ਤਰਕੀਬਾਂ ਘੜੀਆਂ ਜਾਂਦੀਆਂ ਹਨ। ਬੀਤੇ ਸਮੇਂ ਵਿਚ ਰੋਜ਼ਾਨਾ ਸਪੋਕਸਮੈਨ ਨੂੰ ਪੈਰ ਪੈਰ ਤੇ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਤਕ ਸ਼੍ਰੋਮਣੀ ਕਮੇਟੀ, ਸਿੱਖੀ ਪ੍ਰਚਾਰ ਵਾਸਤੇ ਨਾ ਤਾਂ ਰੋਜ਼ਾਨਾ ਅਖ਼ਬਾਰ ਹੀ ਪ੍ਰਕਾਸ਼ਤ ਕਰ ਸਕੀ ਹੈ ਤੇ ਨਾ ਹੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਅਪਣਾ ਟੀ.ਵੀ. ਚੈਨਲ ਹੀ ਚਲਾ ਸਕੀ ਹੈ। 1924 ਵਿਚ 'ਕੌਮੀ ਦਰਦ' ਨਾਂ ਵਾਲਾ ਅਖ਼ਬਾਰ ਸ਼ੁਰੂ ਹੋਇਆ ਸੀ ਜਿਸ ਨੂੰ 1967-68 ਵਿਚ ਬੰਦ ਕਰ ਦਿਤਾ ਗਿਆ। ਪੰਜਾਬੀ ਦੇ ਰੋਜ਼ਾਨਾ, ਸਪਤਾਹਕ, ਪੰਦਰਾਂ ਰੋਜ਼ਾ ਅਤੇ ਮਾਸਕ ਬਹੁਤ ਸਾਰੇ ਪੰਜਾਬੀ ਅਖ਼ਬਾਰ ਤੇ ਮੈਗਜ਼ੀਨ ਨਿਕਲੇ ਪਰ ਕੁੱਝ ਕੁ ਨੂੰ ਛੱਡ ਕੇ ਸੱਭ ਬੰਦ ਹੁੰਦੇ ਚਲੇ ਗਏ। ਜਿਹੜੇ ਪੁਰਾਣੇ ਪੰਜਾਬੀ ਅਖ਼ਬਾਰ ਅੱਜ ਚਲ ਵੀ ਰਹੇ ਹਨ, ਉਹ ਸਿੱਖੀ ਦੀ ਗੱਲ ਨਹੀਂ ਕਰਦੇ, ਸਿੱਖ ਹੱਕਾਂ ਲਈ ਆਵਾਜ਼ ਨਹੀਂ ਉਠਾਂਦੇ, ਸਿਰੜ ਕਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਨਹੀਂ ਕਰਦੇ। ਜਲੰਧਰ ਤੋਂ ਛਪਦਾ ਇਕ ਅਖ਼ਬਾਰ ਕਦੇ ਸਿੱਖ ਪੰਥ ਲਈ ਗੱਲ ਕਰਿਆ ਕਰਦਾ ਸੀ ਪਰ ਅੱਜ ਉਹ ਵਪਾਰੀ ਬਣ ਕੇ ਅਪਣੀ ਹੋਂਦ ਕਾਇਮ ਰੱਖ ਰਿਹਾ ਹੈ।
ਮੈਂ 1964 ਵਿਚ ਆਪ ਇਕ ਪੰਜਾਬੀ ਅਖ਼ਬਾਰ ਦਾ ਸੰਪਾਦਕ ਬਣਿਆ ਤੇ ਉਸ ਤੋਂ ਬਾਅਦ ਨਿਰੰਤਰ  7 ਅਖ਼ਬਾਰਾਂ ਵਿਚ ਕੰਮ ਕੀਤਾ ਜਿਸ ਵਿਚ ਇਕ ਮਹੀਨਾਵਾਰ ਅਤੇ ਇਕ ਰੋਜ਼ਾਨਾ ਤੇ ਬਾਕੀ ਹਫ਼ਤਾਵਾਰੀ ਸਨ। ਮੈਂ ਅਮਰੀਕਾ ਤੋਂ ਵਾਪਸੀ ਤੇ 2007 ਵਿਚ ਰੋਜ਼ਾਨਾ ਸਪੋਕਸਮੈਨ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਇਸ ਵਿਚ ਲਿਖਣਾ ਵੀ ਸ਼ੁਰੂ ਕੀਤਾ ਤੇ ਅੱਜ ਵੀ ਲਿਖ ਰਿਹਾ ਹਾਂ ਕਿਉਂਕਿ ਜਦੋਂ ਸਿੱਖ ਕੌਮ ਦੇ ਹਿਤਾਂ ਲਈ ਲਿਖੋ, ਸਿੱਖ ਰਹਿਤ ਮਰਿਆਦਾ ਵਾਸਤੇ ਕੌਮੀ ਹੋਕਾ ਦਿਉ ਤੇ ਉਹ ਨਾ ਛਪੇ ਤਾਂ ਬੜਾ ਦੁੱਖ ਹੁੰਦਾ ਹੈ। ਇਹ ਸਪੋਕਸਮੈਨ ਹੀ ਹੈ ਜਿਹੜਾ ਪੰਜਾਬ ਵਾਸਤੇ, ਸਿੱਖ ਹੱਕਾਂ ਵਾਸਤੇ, ਸਿੱਖ ਮਸਲਿਆਂ ਅਤੇ ਆਮ ਲੋਕਾਂ ਦੇ ਮਸਲਿਆਂ ਬਾਰੇ ਨਿਧੜਕ ਅਤੇ ਬੇਗ਼ਰਜ਼ ਹੋ ਕੇ ਛਾਪਦਾ ਤੇ ਲਿਖਦਾ ਹੈ। ਰੋਜ਼ਾਨਾ ਸਪੋਕਸਮੈਨ ਨੇ ਡੇਰਾਵਾਦ, ਪਾਖੰਡਵਾਦ, ਦੇਹਧਾਰੀ ਗੁਰੂ ਵਿਰੁਧ, ਪਾਖੰਡੀ ਬਾਬਿਆਂ ਵਿਰੁਧ ਅਤੇ ਖ਼ਾਸ ਕਰ ਕੇ ਸੌਧਾ ਸਾਧ,  ਜਿਸ ਨੇ ਦਸਮ ਪਿਤਾ ਦਾ ਸਵਾਂਗ ਰਚ ਕੇ ਪਾਖੰਡ ਕਰ ਕੇ ਬੇਅਦਬੀ ਕੀਤੀ, ਵਿਰੁਧ ਜੋ ਲੜਾਈ ਲੜੀ ਉਹ ਅਪਣੀ ਮਿਸਾਲ ਆਪ ਹੈ। ਗੁਰੂ ਗੰ੍ਰਥ ਸਾਹਿਬ ਜੀ ਦੀ ਸੈਂਕੜੇ ਵਾਰ ਹੋਈ ਬੇਅਦਬੀ ਵਿਰੁਧ ਅਤੇ ਬਰਗਾੜੀ ਕਾਂਡ ਦੀ ਜ਼ੋਰਦਾਰ ਆਵਾਜ਼ ਉਠਾਈ। ਰੋਜ਼ਾਨਾ ਸਪੋਕਸਮੈਨ ਹਰ ਉਸ ਪਾਰਟੀ ਅਤੇ ਸੰਸਥਾ ਵਿਰੁਧ ਜੂਝਦਾ ਰਿਹਾ ਹੈ ਜਿਸ ਨੇ ਸਿੱਖ ਕੌਮ ਦੀ ਰਹਿਤ ਵਿਚਾਰਧਾਰਾ ਅਤੇ ਸਿੱਖ ਪ੍ਰੰਪਰਾਵਾਂ ਵਿਰੁਧ ਹੋ ਕੇ ਚਲਣ ਤੇ ਸਿੱਖ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਰੋਜ਼ਾਨਾ ਸਪੋਕਸਮੈਨ ਨੇ ਸਿੱਖ ਕਿਸਾਨ ਹੀ ਨਹੀਂ, ਹਰ ਕਿਸਾਨ ਦੇ ਹਿਤਾਂ ਵਾਸਤੇ ਆਵਾਜ਼ ਬੁਲੰਦ ਕੀਤੀ। ਇਸ ਅਖ਼ਬਾਰ ਨੇ ਆਰ.ਐਸ.ਐਸ ਦੇ ਹਿੰਦੂ ਰਾਸ਼ਟਰਵਾਦ ਦਾ ਡੱਟ ਕੇ ਵਿਰੋਧ ਕੀਤਾ ਹੈ ਕਿਉਂਕਿ ਹਿੰਦੁਸਤਾਨ ਹਿੰਦੂ ਰਾਸ਼ਟਰ ਨਹੀਂ ਹੈ, ਇਹ ਇਸ ਦੇਸ਼ ਵਿਚ ਵਸਣ ਵਾਲੀਆਂ ਸੱਭ ਕੌਮਾਂ ਦਾ ਦੇਸ਼ ਹੈ। ਇਸ ਨੂੰ ਹਿੰਦੂ ਦੇਸ਼ ਕਹਿਣਾ ਗ਼ਲਤ ਹੀ ਨਹੀਂ ਸਗੋਂ ਵੱਡਾ ਪਾਪ ਹੈ ਕਿਉਂਕਿ ਇਸ ਦੇਸ਼ ਅੰਦਰ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ, ਪਾਰਸੀ ਅਤੇ ਹੋਰ ਧਰਮਾਂ ਦੇ ਲੋਕ ਰਹਿੰਦੇ ਹਨ। ਇਹ ਦੇਸ਼ ਇਕ ਗੁਲਦਸਤਾ ਹੈ ਜਿਸ ਵਿਚ ਹਰ ਧਰਮ ਦਾ ਫੁੱਲ ਮਹਿਕਾਂ ਵੰਡ ਰਿਹਾ ਹੈ। ਇਸ ਅਖ਼ਬਾਰ ਨੇ ਸਰਬ ਸਾਂਝੀਵਾਲਤਾ ਦੀ ਗੱਲ ਹਮੇਸ਼ਾ ਕੀਤੀ ਹੈ ਤੇ ਕਰਦਾ ਰਹੇਗਾ। ਰੋਜ਼ਾਨਾ ਸਪੋਕਸਮੈਨ ਨੇ ਸਾਬਕਾ ਫ਼ੌਜੀਆਂ ਦੇ ਹਿਤਾਂ ਲਈ ਆਵਾਜ਼ ਉਠਾਈ, 1984 ਦੇ ਸਿੱਖ ਕਤਲੇਆਮ ਤੇ ਸਿੱਖ ਨਸਲਕੁਸ਼ੀ ਵਿਰੁਧ ਧੜੱਲੇ ਨਾਲ ਆਵਾਜ਼ ਬੁਲੰਦ ਕੀਤੀ, 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫ਼ੌਜਾਂ, ਟੈਂਕਾਂ ਤੇ ਤੋਪਾਂ ਨਾਲ ਹੋਏ ਹਮਲੇ ਵਿਚ ਮਾਰੇ ਸ਼ਰਧਾਲੂਆਂ ਤੇ ਲੁਟੇਰੇ ਫ਼ੌਜੀਆਂ ਵਲੋਂ ਲੁੱਟੇ ਗਏ ਤੋਸ਼ਾਖਾਨਾ, ਲੁੱਟੀ ਗਈ ਸਿੱਖ ਰੇਫ਼ਰੈਂਸ ਲਾਇਬ੍ਰੇਰੀ ਦੇ ਅਣਮੁੱਲੇ ਖ਼ਜ਼ਾਨੇ ਦੀ ਵਾਪਸੀ ਤੇ ਮੁਆਵਜ਼ੇ ਲਈ ਜ਼ੋਰਦਾਰ ਆਵਾਜ਼ ਉਠਾਈ, 1984 ਵਿਚ ਪਰਕਾਸ਼ ਸਿੰਘ ਬਾਦਲ ਵਲੋਂ ਸਿੱਖ ਫ਼ੌਜੀਆਂ ਨੂੰ ਬੈਰਕਾਂ ਛੱਡਣ ਲਈ ਕਹਿਣ ਤੇ ਜਿਨ੍ਹਾਂ ਫ਼ੌਜੀਆਂ ਨੇ ਫ਼ੌਜੀ ਬੈਰਕਾਂ ਛੱਡੀਆਂ, ਕੁੱਝ ਮਾਰੇ ਗਏ ਕੁੱਝ ਗ੍ਰਿਫ਼ਤਾਰ ਹੋਏ ਤੇ ਜੇਲਾਂ ਵਿਚ ਗਏ ਤੇ ਫਿਰ ਉਹ ਅੱਜ ਵੀ ਪ੍ਰਵਾਰਾਂ ਸਮੇਤ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ, ਉਨ੍ਹਾਂ ਧਰਮੀ ਫ਼ੌਜੀਆਂ ਦੇ ਮੁੜ ਵਸੇਬੇ ਲਈ ਰੋਜ਼ਾਨਾ ਸਪੋਕਸਮੈਨ ਨੇ ਜ਼ੋਰਦਾਰ ਆਵਾਜ਼ ਉਠਾਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਹੋਏ ਗ਼ਲਤ ਤੇ ਬਾਦਲਾਂ ਦੇ ਆਦੇਸ਼ ਨਾਲ ਜਾਰੀ ਹੋਏ ਹੁਕਮਨਾਮਿਆਂ ਦਾ ਡੱਟ ਕੇ ਵਿਰੋਧ ਕੀਤਾ। ਰੋਜ਼ਾਨਾ ਸਪੋਕਸਮੈਨ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਸਦਾ ਰਹੇਗਾ। ਸਿੱਖ ਧਰਮ ਦੀ ਮਰਿਆਦਾ ਅਤੇ ਸਿੱਖ ਹੱਕਾਂ ਲਈ ਸਦਾ ਸੰਘਰਸ਼ ਕਰਦਾ ਰਿਹਾ ਹੈ ਤੇ ਕਰ ਵੀ ਰਿਹਾ ਹੈ।
ਅਸੀ ਅੱਜ ਇਸ ਦੇ 13ਵੇਂ ਸਾਲ ਵਿਚ ਦਾਖ਼ਲ ਹੋਣ ਤੇ ਇਸ ਦੇ ਬਾਨੀ ਸ.ਜੋਗਿੰਦਰ ਸਿੰਘ ਜੀ, ਬੀਬੀ ਜਗਜੀਤ ਕੌਰ ਜੀ, ਸੰਪਾਦਕ ਬੀਬੀ ਨਿਮਰਤ ਕੌਰ ਜੀ, ਪ੍ਰਬੰਧਕ ਬੀਬੀ ਨਿਰਮਲ ਕੌਰ ਜੀ, ਸੰਪਾਦਕਾਂ, ਡਿਪਟੀ ਸੰਪਾਦਕਾਂ, ਜਨਰਲ ਮੈਨੇਜਰ, ਜ਼ਿਲ੍ਹਾ ਵਾਰ ਇੰਚਾਰਜ ਪੱਤਰਕਾਰਾਂ, ਪੱਤਰਕਾਰਾਂ, ਕਲੈਰੀਕਲ ਸਟਾਫ਼ ਮੈਂਬਰਾਂ, ਪਰੂਫ਼ ਰੀਡਰਾਂ, ਟਾਈਪਿਸਟਾਂ, ਕੰਪਿਊੁਟਰ ਤੇ ਕੰਮ ਕਰਨ ਵਾਲਿਆਂ ਅਤੇ ਰੋਜ਼ਾਨਾ ਸਪੋਕਸਮੈਨ ਨਾਲ ਜੁੜੇ ਸਮੁੱਚੇ ਸਟਾਫ਼ ਨੂੰ ਵਧਾਈਆਂ ਦਿੰਦੇ ਹੋਏ ਇਹ ਅਰਦਾਸ ਕਰਦੇ ਹਾਂ ਕਿ ਰੋਜ਼ਾਨਾ ਸਪੋਕਸਮੈਨ ਹਰ ਸਿੱਖ, ਹਰ ਪੰਜਾਬੀ, ਹਰ ਕਿਸਾਨ, ਹਰ ਫ਼ੌਜੀ, ਹਰ ਕਿਰਤੀ ਅਤੇ ਹਰ ਉਸ ਵਿਅਕਤੀ ਦੀ ਆਵਾਜ਼ ਬਣੇ ਜੋ ਧਰਮ ਅਤੇ ਸਚਾਈ ਦਾ ਪੱਖ ਪੂਰਦਾ ਹੋਵੇ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement