
ਮੈਂ ਸਤੰਬਰ ਮਹੀਨੇ ਵਿਚ ਅੰਮ੍ਰਿਤਸਰ ਗਿਆ ਸੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜੋ ਹਾਲ ਵੇਖਿਆ, ਉਸ ਬਾਰੇ ਲਿਖਣਾ ਜ਼ਰੂਰੀ ਹੈ। ਇਹ ਸਟੇਸ਼ਨ ਵੀ ਅੰਗਰੇਜ਼ਾਂ ਦੇ ਰਾਜ ਵਿਚ ਹੀ ਬਣਿਆ ਹੋਣਾ ਹੈ ਤੇ ਅੰਗਰੇਜ਼ਾਂ ਨੂੰ ਗਏ ਨੂੰ ਵੀ 70 ਸਾਲਾਂ ਤੋਂ ਵੱਧ ਹੋ ਗਏ ਹਨ, ਪਰ ਆਜ਼ਾਦੀ ਤੋਂ ਬਾਅਦ ਇਸ ਸਟੇਸ਼ਨ ਦਾ ਨਵੀਨੀਕਰਨ ਨਹੀਂ ਹੋਇਆ। ਹਰਿਆਣਾ ਦੇ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਸਟੇਸ਼ਨਾਂ ਦਾ ਸੁਧਾਰ ਵੱਡੇ ਪੱਧਰ ਤੇ ਕੀਤਾ ਗਿਆ ਹੈ ਅਤੇ ਸੁਧਾਰ ਦੇ ਹੋਰ ਵੀ ਕੰਮ ਚੱਲ ਰਹੇ ਹਨ। ਪੰਜਾਬ ਵਿਚ ਸੱਭ ਤੋਂ ਜ਼ਿਆਦਾ ਚੰਗਾ ਸਟੇਸ਼ਨ (ਬਿਆਸ) ਰਾਧਾ ਸਵਾਮੀਆਂ ਦਾ ਹੈ ਤੇ ਸੱਭ ਤੋਂ ਭੈੜਾ ਹਾਲ ਅੰਮ੍ਰਿਤਸਰ ਸਟੇਸ਼ਨ ਦਾ ਹੈ। ਪੰਜਾਬ ਵਿਚ ਕਿੰਨੀ ਵਾਰ ਪੰਥਕ ਸਰਕਾਰ ਆਈ ਪਰ, ਅਕਾਲੀ-ਭਾਜਪਾ ਸਰਕਾਰਾਂ ਨੇ ਇਸ ਬਾਰੇ ਕੋਈ ਉੱਦਮ ਨਹੀਂ ਕੀਤਾ। ਜਦੋਂ-ਜਦੋਂ ਵੀ ਪੰਜਾਬ ਵਿਚ
ਅਕਾਲੀ-ਭਾਜਪਾ ਸਰਕਾਰ ਆਈ ਹੈ, ਸੂਬੇ ਵਿਚ ਡੇਰਾਵਾਦ ਵਧਿਆ ਹੀ ਹੈ ਤੇ ਡੇਰਿਆਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਸਟੇਸ਼ਨਾਂ ਤੇ ਬਹੁਤ ਪੈਸਾ ਰੇਲਵੇ ਤੇ ਪੰਥਕ ਸਰਕਾਰ ਨੇ ਲਾਇਆ ਹੈ, ਪਰ ਅੰਮ੍ਰਿਤਸਰ ਸਟੇਸ਼ਨ ਨੂੰ ਅਣਦੇਖਿਆ ਹੀ ਕਰ ਦਿਤਾ। ਪੰਜਾਬ ਨਾਲ 70 ਸਾਲਾਂ ਤੋਂ ਵਿਤਕਰਾ ਹੋ ਰਿਹਾ ਹੈ। ਸਿਆਸੀ ਪਾਰਟੀਆਂ ਅਤੇ ਰੇਲਵੇ ਦਾ ਮਨ ਸਾਫ਼ ਨਹੀਂ। ਦੁਨੀਆਂ ਭਰ ਤੋਂ ਲੋਕ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਦੇਸ਼ ਵਿਚ ਹਰ ਜਗ੍ਹਾ ਸਿੱਖਾਂ ਅਤੇ ਸਿੱਖੀ ਨਾਲ ਵਿਤਕਰਾ ਹੋ ਰਿਹਾ ਹੈ ਤੇ ਰੇਲ ਬਜਟ ਵਿਚ ਵੀ ਪੰਜਾਬ ਵਾਸਤੇ ਕੋਈ ਨਵੀਂ ਟਰੇਨ ਕੇਂਦਰ ਵਲੋਂ ਨਹੀਂ ਦਿਤੀ ਜਾਂਦੀ। ਪਿਛਲੇ 3 ਮਹੀਨੇ ਤੋਂ ਪੰਜਾਬ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਲੇਟ ਹੀ ਚਲ ਰਹੀਆਂ ਹਨ। ਸਟੇਸ਼ਨ ਦੇ ਨਵੀਨੀਕਰਨ ਵਿਚ ਵੀ ਪੰਜਾਬ ਨਾਲ ਬਹੁਤ ਵੱਡਾ ਧੱਕਾ ਤੇ ਵਿਤਕਰਾ ਰੇਲਵੇ ਵਲੋਂ ਕੀਤਾ ਜਾ ਰਿਹਾ ਹੈ।