ਸੜਕੀ ਹਾਦਸੇ ਬਨਾਮ ਆਵਾਰਾ ਪਸ਼ੂਆਂ ਦੇ ਝੁੰਡ
Published : Nov 27, 2017, 11:50 pm IST
Updated : Nov 27, 2017, 6:20 pm IST
SHARE ARTICLE

ਭਾਰਤ ਦੇਸ਼ ਅੰਦਰ ਰੋਜ਼ਾਨਾ ਆਵਾਰਾ ਪਸ਼ੂਆਂ ਦੀ ਗਿਣਤੀ ਦਾ ਲਗਾਤਾਰ ਵਾਧਾ ਅੱਜ ਸਾਡੇ ਦੇਸ਼ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਜਿਸ ਦਾ ਹੱਲ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋਕਿ ਲਗਭਗ ਫ਼ੇਲ੍ਹ ਹੀ ਸਾਬਤ ਹੋਈਆਂ ਹਨ।ਇਨ੍ਹਾਂ ਪਸ਼ੂਆਂ ਵਿਚ ਜ਼ਿਆਦਾ ਗਿਣਤੀ ਗਊਆਂ ਤੇ ਢੱਠਿਆਂ ਦੀ ਹੈ ਜਿਸ ਨੂੰ ਅੱਜ ਮੇਰੇ ਦੇਸ਼ ਦਾ ਰਾਸ਼ਟਰੀ ਪਸ਼ੂ ਐਲਾਨਣ ਲਈ ਕੁੱਝ ਸਿਆਸੀ ਪਾਰਟੀਆਂ ਪੱਬਾ ਭਾਰ ਹਨ, ਪ੍ਰੰਤੂ ਇਨ੍ਹਾਂ ਅਵਾਰਾ ਪਸ਼ੂਆਂ ਦੀ ਲਗਾਤਾਰ ਵਧਦੀ ਗਿਣਤੀ ਉਤੇ ਕਾਬੂ ਪਾਉਣ ਲਈ ਅੱਜ ਕਿਸੇ ਵੀ ਸਿਆਸੀ ਪਾਰਟੀ ਨੇ ਅੱਗੇ ਆ ਕੇ ਅਪਣੇ ਵਿਚਾਰ ਨਹੀਂ ਰੱਖੇ। ਮੈਂ ਇਥੇ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਗਊਮਾਤਾ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੇ ਵਿਰੁਧ ਨਹੀਂ ਹਾਂ।ਪ੍ਰੰਤੂ ਅੱਜ ਗਊ ਰਖਿਆ ਦੇ ਨਾਂ ਉਤੇ ਗਊ ਭਗਤਾਂ ਵਲੋਂ ਲਗਾਤਾਰ ਦੇਸ਼ ਅੰਦਰ ਹਿੰਸਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜੋਕਿ ਗਊ ਭਗਤਾਂ ਲਈ ਅਜਿਹਾ ਕਰਨਾ ਜਾਇਜ਼ ਨਹੀਂ ਹੈ। ਇਸ ਲਈ ਮਾਣਯੋਗ ਸੁਪਰੀਮ ਕੋਰਟ ਨੇ ਵੀ ਅਪਣਾ ਪ੍ਰਤੀਕਮ ਦਿਤਾ ਹੈ।ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਸਾਡੀਆਂ ਸਰਕਾਰਾਂ ਨੂੰ ਗਊਆਂ ਰੱਖਣ ਵਾਲੇ ਲੋਕਾਂ ਦੀਆਂ 'ਮਰਦਮਸ਼ੁਮਾਰੀ' ਦੀ ਤਰ੍ਹਾਂ ਸਲਾਨਾ ਲਿਸਟਾਂ ਬਣਾ ਕੇ ਕੰਪਿਊਟਰਾਈਜ਼ਡ ਡਾਟਾ ਤਿਆਰ ਕਰਨਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਮਨੁੱਖ ਅਪਣੇ ਘਰ ਪੈਦਾ ਹੋਣ ਵਾਲੇ ਬੱਚੇ ਦਾ ਮਿਊਂਸਪਲ ਕਮੇਟੀ ਵਿਚ ਨਾਂ ਦਰਜ ਕਰਵਾਉਂਦਾ ਹੈ। ਇਸੇ ਤਰ੍ਹਾਂ ਇਹ ਗਊ ਪਾਲਕ ਇਨ੍ਹਾਂ ਦੇ ਪੈਦਾ ਹੋਣ ਵਾਲੇ ਬੱਚਿਆਂ ਦਾ ਲਿੰਗ ਸਹਿਤ ਮਿਊਂਸਪਲ ਕਮੇਟੀਆਂ ਵਿਚ ਬਾਇਉਡਾਟਾ ਦਰਜ ਕਰਵਾਉਣ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਜੋ ਵੱਛੇ ਪੈਦਾ ਹੋਣ ਉਨ੍ਹਾਂ ਨੂੰ ਕੁੱਝ ਵੱਡੇ ਹੋਣ ਉਪਰੰਤ ਅਵਾਰਾ ਨਾ ਛਡਿਆ ਜਾਵੇ। ਜੇਕਰ ਅਜਿਹਾ ਹੀ ਕਰਨਾ ਹੈ ਤਾਂ ਉਹ ਪਸ਼ੂ ਪਾਲਕ ਕਾਨੂੰਨੀ ਤੌਰ ਉਤੇ ਗਊਆਂ ਰੱਖ ਹੀ ਨਾ ਸਕੇ। ਸਾਰੇ ਗਊ ਪਾਲਕਾਂ ਦਾ ਰਿਕਾਰਡ ਹਰ ਮਹੀਨੇ ਅੱਪਡੇਟ ਕੀਤਾ ਜਾਵੇ।ਗਊਆਂ ਦੇ ਜੋ ਬੱਚੇ ਨਵੇਂ ਪੈਦਾ ਹੋਣ, ਤੁਰੰਤ ਉਨ੍ਹਾਂ ਦੇ 'ਮਾਈਕਰੋ ਚਿੱਪ' ਅਪ੍ਰੇਸ਼ਨ ਕਰ ਕੇ ਚਮੜੀ ਅੰਦਰ ਫ਼ਿੱਟ ਕਰ ਦਿਤੇ ਜਾਣ ਤਾਕਿ ਕੋਈ ਵੀ ਗਊਪਾਲਕ ਉਨ੍ਹਾਂ ਨੂੰ ਅਵਾਰਾ ਛੱਡੇ ਤਾਂ ਉਸ ਵਿਅਕਤੀ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜਿਸ ਦਿਨ ਸਾਡੀਆਂ ਸਰਕਾਰਾਂ ਨੇ ਅਜਿਹਾ ਕਾਨੂੰਨ ਲਾਗੂ ਕਰ ਦਿਤਾ, ਉਸ ਦਿਨ ਤੋਂ ਬਾਅਦ ਅਵਾਰਾ ਪਸ਼ੂਆਂ ਦੀ ਗਿਣਤੀ ਸਾਡੇ ਦੇਸ਼ ਦੀਆਂ ਸੜਕਾਂ ਤੋਂ ਖ਼ਤਮ ਹੋਣ ਵਿਚ ਦੇਰ ਨਹੀਂ ਲੱਗੇਗੀ।ਇਨ੍ਹਾਂ ਅਵਾਰਾ ਪਸ਼ੂਆਂ ਦੇ ਝੁੰਡਾਂ ਦੇ ਝੁੰਡ ਦੇਸ਼ ਦੀਆਂ ਸੜਕਾਂ ਤੇ ਆਮ ਹੀ ਵੇਖੇ ਜਾ ਸਕਦੇ ਹਨ ਜੋ ਕਿ ਰਾਤ ਸਮੇਂ ਜਾਂ ਤਾਂ ਸੜਕਾਂ ਵਿਚਕਾਰ ਆਰਾਮ ਕਰਨ ਲਈ ਬੈਠ ਜਾਂਦੇ ਹਨ ਜਾਂ ਟ੍ਰੈਫ਼ਿਕ ਦੀਆਂ ਲਾਈਟਾਂ ਵੇਖ ਕੇ ਸੜਕ ਕਰਾਸ ਕਰਨ ਲਈ ਅਚਾਨਕ ਹੀ ਇਕ ਪਸ਼ੂ ਦੂਜੇ ਨਾਲ ਸਿੰਗ ਫਸਾਈ ਰਖਦਾ ਹੈ ਜਿਸ ਸਦਕਾ ਤੇਜ਼ ਰਫ਼ਤਾਰ ਗੱਡੀਆਂ ਅਚਾਨਕ ਇਨ੍ਹਾਂ ਵਿਚ ਵੱਜ ਜਾਂਦੀਆਂ ਹਨ ਜਾਂ ਇਨ੍ਹਾਂ ਨੂੰ ਬਚਾਉਂਦੇ ਹੋਏ ਡਰਾਈਵਰ ਸੰਤੁਲਨ ਗਵਾ ਕੇ ਹਾਦਸਾ ਕਰਵਾ ਲੈਂਦੇ ਹੈ, ਜਿਸ ਕਾਰਨ ਹਰ ਮਹੀਨੇ ਸੈਂਕੜੇ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸਿਆਂ ਵਿਚ ਮਰੇ ਵਿਅਕਤੀਆਂ ਦਾ ਜ਼ਿੰਮੇਵਾਰ ਕੌਣ ਹੈ? ਇਹ ਸਵਾਲੀਆ ਨਿਸ਼ਾਨ ਸਾਡੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਇਕ ਕਲੰਕ ਵਾਂਗ ਲੱਗਾ ਹੈ। ਜਦਕਿ ਪੰਜਾਬ ਅੰਦਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਬਿਜਲੀ ਦੇ ਬਿਲਾਂ ਵਿਚ ਲੋਕਾਂ ਉਪਰ ਗਊ ਸੈੱਸ ਦੇ ਨਾਮ ਤੇ ਟੈਕਸ ਲਗਾ ਕੇ ਅਰਬਾਂ ਰੁਪਏ ਇਕੱਠੇ ਕਰ ਕੇ ਪੂਰੇ ਪੰਜਾਬ ਅੰਦਰ ਇਕ ਵੀ ਅਜਿਹੀ ਗਊਸ਼ਾਲਾ ਨਹੀਂ ਬਣਾਈ ਜਿਸ ਵਿਚ ਇਨ੍ਹਾਂ ਆਵਾਰਾ ਢੱਠਿਆਂ ਨੂੰ ਬੰਦ ਕੀਤਾ ਜਾਵੇ।
ਕੁੱਝ ਸਾਲ ਪਹਿਲਾਂ ਮੇਰੇ ਇਕ ਜਮਾਤੀ ਦਾ ਭਰਾ ਸ਼ਾਮ ਸਮੇਂ ਅਪਣੀ ਮਾਤਾ ਨੂੰ ਸਕੂਟਰ ਉਤੇ ਬਿਠਾ ਕੇ ਡਾਕਟਰ ਕੋਲ ਦਵਾਈ ਲੈਣ ਲਈ ਜਾ ਰਿਹਾ ਸੀ। ਸ਼ਹਿਰ ਦੇ ਮਸ਼ਹੂਰ ਜੋੜੀਆਂ ਚੱਕੀਆਂ ਚੌਂਕ ਵਿਚ ਜਦ ਪਹੁੰਚਿਆ ਤਾਂ ਕੁੱਝ ਅਵਾਰਾ ਢੱਠੇ ਜ਼ਬਰਦਸਤ ਸਿੰਗ ਫਸਾਈ ਤੇਜ਼ੀ ਨਾਲ ਆ ਰਹੇ ਸਨ, ਜਿਨ੍ਹਾਂ ਨੇ ਉਸ ਸਕੂਟਰ ਸਵਾਰ ਮਾਂ-ਪੁੱਤਰ ਨੂੰ ਅਪਣੀ ਚਪੇਟ ਵਿਚ ਲੈ ਲਿਆ ਜਿਸ ਕਾਰਨ ਪੁੱਤਰ ਦੀ ਤਾਂ ਮੌਕੇ ਉਤੇ ਮੌਤ ਹੋ ਗਈ ਤੇ ਮਾਂ ਨੂੰ ਗੰਭੀਰ ਸੱਟਾਂ ਲਗੀਆਂ। ਇਸ ਤਰ੍ਹਾਂ ਦੇ ਅਨੇਕਾਂ ਹਾਦਸੇ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਦੇਸ਼ ਅੰਦਰ ਰੋਜ਼ਾਨਾ ਵਾਪਰਦੇ ਹਨ। ਨਾਲ-ਨਾਲ ਪੰਜਾਬ ਅੰਦਰ ਜੋ ਨਵੀਆਂ ਸੜਕਾਂ ਠੇਕੇਦਾਰਾਂ ਵਲੋਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਉਪਰ ਅਧੂਰੀਆਂ ਹੋਣ ਕਾਰਨ ਰੋਜ਼ਾਨਾ ਹਾਦਸਿਆਂ ਨਾਲ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ ਜਦਕਿ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਵਲੋਂ ਪਹਿਲਾਂ ਟ੍ਰੈਫ਼ਿਕ ਲਈ ਬਦਲਵੇਂ ਪ੍ਰਬੰਧ ਕਰਨੇ ਜ਼ਰੂਰੀ ਹਨ, ਜਿਨ੍ਹਾਂ ਨੂੰ ਸਰਕਾਰ ਦੇ ਨੱਕ ਹੇਠ ਅੱਖੋਂ-ਪਰੋਖੇ ਕੀਤਾ ਜਾਂਦਾ ਹੈ। ਨਵੀਂਆਂ ਸੜਕਾਂ ਬਣਾਉਣ ਲਈ ਸਾਡੀਆਂ ਸਰਕਾਰਾਂ ਤੇ ਬਿਉਰੋਕਰੇਟਾਂ ਵਲੋਂ ਜੋ ਪਾਲਸੀਆਂ ਜਾ ਕਾਨੂੰਨ ਬਣਾਏ ਜਾਂਦੇ ਹਨ, ਜਾਂ ਤਾਂ ਉਨ੍ਹਾਂ ਵਿਚ ਬਦਲਵੇਂ ਟ੍ਰੈਫ਼ਿਕ ਪ੍ਰਬੰਧਾਂ ਨੂੰ ਨੋਟ ਦੇ ਰੂਪ ਵਿਚ ਲਿਖਿਆ ਹੀ ਨਹੀਂ ਜਾਂਦਾ ਤੇ ਜਾ ਇਨ੍ਹਾਂ ਕਾਨੂੰਨਾਂ ਦਾ ਲਾਹਾ ਲੈਂਦੇ ਹੋਏ ਠੇਕੇਦਾਰਾਂ ਕੋਲੋਂ ਕਮਿਸ਼ਨਾਂ ਦੇ ਰੂਪ ਵਿਚ ਮੋਟੀਆਂ ਰਕਮਾਂ ਬਟੋਰੀਆਂ ਜਾਂਦੀਆਂ ਹਨ, ਜਿਸ ਕਾਰਨ ਸਾਡੀਆਂ ਸਰਕਾਰਾਂ ਤੇ ਬਿਊਰੋਕਰੇਟਾਂ ਨੂੰ ਦੇਸ਼ ਵਾਸੀਆਂ ਦੀਆਂ ਕੀਮਤੀ ਜਾਨਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਹੈ। ਇਹ ਗੱਲ ਯਕੀਨੀ ਬਣਾਈ ਜਾਵੇ ਕਿ ਜਿਸ ਵੀ ਠੇਕੇਦਾਰ ਨੇ ਨਵੀਂਆਂ ਸੜਕਾਂ ਬਣਾਉਣੀਆਂ ਹਨ, ਉਹ ਪਹਿਲਾਂ ਟ੍ਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਵਖਰੇ ਤੌਰ ਉਤੇ ਬਦਲਵੇਂ ਪ੍ਰਬੰਧ ਕਰੇ।
ਮੈਂ ਵੇਖਿਆ ਹੈ ਕਿ ਜੇਕਰ ਕੋਈ ਬੱਚਾ ਬੋਰਵੈੱਲ ਵਿਚ ਡਿੱਗ ਪਿਆ ਤਾਂ ਸਰਕਾਰ ਉਸ ਨੂੰ ਬਚਾਉਣ ਲਈ ਅਪਣੀ ਪੂਰੀ ਤਾਕਤ ਲਗਾ ਦਿੰਦੀ ਹੈ। ਇਥੋਂ ਤਕ ਕਿ ਦੇਸ਼ ਦੀ ਰਾਖੀ ਕਰਨ ਵਾਲੀ ਫ਼ੌਜ ਨੂੰ ਵੀ ਇਸ ਕੰਮ ਲਈ ਵਰਤਿਆ ਜਾਂਦਾ ਹੈ ਜਾ ਅਜਿਹੇ ਕਿਸੇ ਹੋਰ ਕਾਰਨ ਕਰ ਕੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਝੱਟ ਇਕ ਸਰਕਾਰੀ ਨੌਕਰੀ ਤੇ 20 ਜਾਂ 30 ਲੱਖ ਰੁਪਏ ਉਸ ਦੇ ਪ੍ਰਵਾਰ ਨੂੰ ਦੇਣ ਵਿਚ ਦੇਰ ਨਹੀਂ ਕਰਦੀ। ਪਰ ਜਦ ਕਿਸੇ ਆਦਮੀ ਦੀ ਇਨ੍ਹਾਂ ਅਵਾਰਾ ਪਸ਼ੂਆਂ ਜਾਂ ਅਧੂਰੀਆਂ ਸੜਕਾਂ (ਜੋ ਬਣ ਰਹੀਆਂ ਹਨ) ਕਾਰਨ ਮੌਤ ਹੋ ਜਾਂਦੀ ਹੈ ਜਾਂ ਸੱਟਾਂ ਲਗਦੀਆਂ ਹਨ, ਉਸ ਦਾ ਇਲਾਜ ਵੀ ਬਿਨਾਂ ਪੈਸਿਆਂ ਤੋਂ ਨਹੀਂ ਕੀਤਾ ਜਾਂਦਾ। ਮੈਂ ਸਾਡੀਆਂ ਸਰਕਾਰਾਂ ਖ਼ਾਸ ਕਰ ਕੇ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਜੋ ਗਊ ਸੈੱਸ ਲਗਾਇਆ ਹੈ, ਉਸ ਨੂੰ ਚਾਲੂ ਰਖਿਆ ਜਾਵੇ ਬਸ਼ਰਤੇ ਕਿ ਇਨ੍ਹਾਂ ਅਵਾਰਾ ਪਸ਼ੂਆਂ ਦੀ ਲਪੇਟ ਵਿਚ ਆ ਕੇ ਹਾਦਸਿਆਂ ਨਾਲ ਮਰਨ ਵਾਲੇ ਦੇ ਪ੍ਰੀਵਾਰ ਨੂੰ ਪ੍ਰਤੀ ਵਿਅਕਤੀ 50 ਲੱਖ ਅਤੇ ਸੱਟਾਂ ਲੱਗਣ ਵਾਲੇ ਪ੍ਰਤੀ ਵਿਅਕਤੀ ਨੂੰ ਇਸ ਫੰਡ ਵਿਚੋਂ 5 ਲੱਖ ਰੁਪਏ ਤੁਰੰਤ ਦਿਤੇ ਜਾਣ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਸਰਕਾਰ ਅਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਰਖਦੀ ਹੈ ਨਹੀਂ ਤਾਂ ਸਿਰਫ਼ ਵੋਟ ਬੈਂਕ ਹੀ ਸਮਝਦੀ ਹੈ।ਪੰਜਾਬ ਦੇ ਲੋਕਾਂ ਨੂੰ ਇਸ ਪ੍ਰਤੀ ਲਾਮਬੰਦ ਹੋਣ ਦੀ ਵੱਡੀ ਲੋੜ ਹੈ। ਜਾਂ ਤਾਂ ਸਰਕਾਰ ਕੋਈ ਪੱਕਾ ਹੱਲ ਕਰੇ ਨਹੀਂ ਤਾਂ ਗਊ ਸੈੱਸ ਦੇ ਰੂਪ ਵਿਚ ਲੋਕਾਂ ਦੀ ਲੁੱਟ ਬੰਦ ਕਰੇ। ਇਸ ਤੋਂ ਅੱਗੇ ਇਹ ਅਵਾਰਾ ਗਊਆਂ ਤੇ ਢੱਠੇ ਮੇਰੇ ਦੇਸ਼ ਦੇ ਕਿਸਾਨਾਂ ਦੀਆਂ ਪੁੱਤਰਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਰਾਤੋ-ਰਾਤ ਚੱਟ ਜਾਂਦੇ ਹਨ। ਦੇਸ਼ ਦਾ ਕਿਸਾਨ ਤਾਂ ਕਰਜ਼ੇ ਦੀ ਮਾਰ ਕਾਰਨ ਪਹਿਲਾਂ ਹੀ ਖ਼ੁਦਕੁਸ਼ੀਆ ਦੇ ਰਾਹ ਪੈ ਚੁੱਕਾ ਹੈ। ਸਾਡੀਆਂ ਸਰਕਾਰਾਂ ਨੇ ਇਸ ਪ੍ਰਤੀ ਪਹਿਲਾਂ ਹੀ ਹੱਥ ਖੜੇ ਕਰ ਦਿਤੇ ਹਨ। ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਅਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਸਿਆਲ ਦੀਆਂ ਠੰਢੀਆਂ ਰਾਤਾਂ ਤੇ ਅੰਤਾਂ ਦੀ ਗਰਮੀ ਦੌਰਾਨ ਮੋਟੇ ਮੱਛਰਾਂ ਦੀ ਮਾਰ ਝਲਦਾ ਹੋਇਆ ਫ਼ਸਲਾਂ ਦੀ ਰਾਖੀ ਕਰਦਾ ਦਿਨ-ਰਾਤ ਜਾਗ ਕੇ ਕਟਦਾ ਹੈ ਜਾਂ ਫਿਰ ਅਜਕਲ ਨਵੇਂ ਚੱਲੇ ਘੋੜਿਆਂ ਵਾਲੇ ਰਾਖਿਆਂ ਨੂੰ ਪ੍ਰਤੀ ਫ਼ਸਲ ਹਜ਼ਾਰਾਂ ਰੁਪਏ ਲੁਟਾ ਕੇ ਹੋਰ ਕਰਜ਼ਦਾਰ ਹੁੰਦਾ ਜਾ ਰਿਹਾ ਹੈ।
ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਅਵਾਰਾ ਢਠਿਆਂ ਤੇ ਗਊਆਂ ਦਾ ਕੀਤਾ ਕੀ ਜਾਵੇ ਜਿਨ੍ਹਾਂ ਦੀ ਗਿਣਤੀ ਟਿਡੀਦਲ ਵਾਂਗ ਰੋਜ਼ਾਨਾ ਵਧਦੀ ਹੀ ਜਾ ਰਹੀ ਹੈ? ਸਰਕਾਰ ਨੇ ਇਨ੍ਹਾਂ ਦੀ ਗਿਣਤੀ ਨੂੰ ਕਾਬੂ ਵਿਚ ਰੱਖਣ ਲਈ ਬੁੱਚੜਖ਼ਾਨੇ ਚਾਲੂ ਕਰਵਾਏ ਸਨ, ਪ੍ਰੰਤੂ ਗਊ ਭਗਤਾਂ ਨੇ ਸਿਆਸੀ ਸ਼ਹਿ ਕਾਰਨ ਉਨ੍ਹਾਂ ਨੂੰ ਬੰਦ ਕਰਵਾ ਕੇ ਇਸ ਆੜ ਵਿਚ ਹਿੰਸਾ ਕਰਨੀ ਸ਼ੁਰੂ ਕਰ ਦਿਤੀ ਸੀ। ਮੈਂ ਇਥੇ ਦਸਣਾ ਚਾਹਾਂਗਾ ਕਿ ਮੈਂ ਕਿਸੇ ਵੀ ਜੀਵ ਜੰਤੂ ਨੂੰ ਮਾਰਨ ਦੇ ਵਿਰੁਧ ਹਾਂ ਤੇ ਬਿਲਕੁਲ ਸ਼ਾਕਾਹਾਰੀ ਹਾਂ।ਦੇਸ਼ ਅੰਦਰ ਇੱਕਲੀ ਗਊ ਮਾਤਾ ਨੂੰ ਹੀ ਨਹੀਂ ਬੀਫ਼ ਦੇ ਰੂਪ ਵਿਚ ਖਾਧਾ ਜਾਂਦਾ ਬਾਕੀਆਂ ਪੰਛੀਆਂ ਜਾ ਜਾਨਵਰਾਂ ਨੂੰ ਵੀ ਕੁਦਰਤੀ ਕਾਨੂੰਨ ਵਿਰੁਧ ਮਾਰ ਕੇ ਖਾਇਆ ਜਾ ਰਿਹਾ ਹੈ ਜੋ ਕਿ ਸਾਡੇ ਧਾਰਮਕ ਪੁਰਾਤਨ ਗ੍ਰੰਥਾਂ ਅਨੁਸਾਰ ਪਾਪ ਹੈ। ਫਿਰ ਇਸ ਵਿਰੁਧ ਕਿਉਂ ਨਹੀਂ ਆਵਾਜ਼ ਉਠਾਈ ਜਾਂਦੀ? ਅਜਿਹਾ ਇਸ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਅੱਜ ਸਿਆਸੀ ਨੇਤਾ ਧਰਮ ਦੇ ਨਾਮ ਤੇ ਲੋਕਾਂ ਵਿਚ ਫੁੱਟ ਪਾ ਕੇ ਅਪਣਾ ਉੱਲੂ ਸਿੱਧਾ ਕਰ ਰਹੇ ਹਨ ਤੇ ਉਹ ਖ਼ੁਦ ਇਕ-ਦੂਜੀ ਪਾਰਟੀ ਵਾਲੇ ਆਪ ਸਕੇ ਜੀਜੇ-ਸਾਲੇ ਹਨ।ਜਾਨਵਰਾਂ ਨੂੰ ਬਚਾਉਣ ਲਈ ਭਾਰਤ ਦੇਸ਼ ਇਕ ਧਾਰਮਿਕ ਸੰਸਕ੍ਰਿਤੀ ਵਾਲਾ ਦੇਸ਼ ਹੋਣ ਦੇ ਨਾਤੇ ਇਸ ਅੰਦਰ ਹੋ ਰਹੇ ਅਜਿਹੇ ਪਾਪ ਨੂੰ ਖ਼ਤਮ ਕਰਵਾਉਣ ਲਈ ਸਾਰੀਆਂ ਧਾਰਮਕ ਤੇ ਸਮਾਜਕ ਸੰਸਥਾਵਾਂ ਨੂੰ ਅੱਜ ਲਾਮਬੰਦ ਹੋ ਕੇ ਸਾਡੇ ਮਹਾਨ ਸਿੱਖ ਗੁਰੂ ਸਾਹਿਬਾਨ ਦੇ ਇਸ 'ਬਕਰੀ ਖਾਤੀ ਪਾਤ ਹੈ ਤਾਂ ਕੀ ਕਾਢੀ ਖਾਲ, ਜੋ ਬੱਕਰੀ ਕੋ ਖਾਤ ਹੈ ਤਾਂ ਕੁ ਕਉਣ ਹਵਾਲ' ਮਹਾਵਾਕ ਅਨੁਸਾਰ ਰਲ ਕੇ ਜਨ-ਜਨ ਤਕ ਇਹ ਸੰਦੇਸ਼ ਪਹੁੰਚਾਈਏ ਤੇ ਦੇਸ਼ ਦੀ ਗੁਆਚ ਚੁੱਕੀ ਉਹ ਪੁਰਾਤਨ ਸੰਸਕ੍ਰਿਤੀ ਮੁੜ ਸੁਰਜੀਤ ਕਰਨ ਲਈ ਵੱਧ ਚੜ੍ਹ ਕੇ ਯੋਗਦਾਨ ਪਾਈਏ।ਮੈਂ ਗਊ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਕੱਲੀ ਗਊਮਾਤਾ ਹੀ ਨਹੀਂ, ਬਾਕੀ ਪਸ਼ੂਆਂ ਤੇ ਜਾਨਵਰਾਂ ਨੂੰ ਮਾਰਨ ਵਿਰੁਧ ਆਪਾਂ ਸਾਰੇ ਇੱਕਠੇ ਹੋ ਕੇ ਆਵਾਜ਼ ਬੁਲੰਦ ਕਰੀਏ ਤੇ ਅਵਾਰਾ ਪਸ਼ੂਆਂ ਦੇ ਵਾਧੇ ਨੂੰ ਰੋਕ ਕੇ ਖ਼ਤਮ ਕਰਨ ਲਈ ਇਕ ਪਲੇਟ ਫਾਰਮ ਉਤੇ ਬੈਠ ਕੇ ਆਪਸ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਸਿਆਸੀ ਗਲਿਆਰਿਆਂ ਤੋਂ ਉੱਪਰ ਉੱਠੀਏ ਜਿਸ ਨਾਲ ਇਹ ਹੱਲ ਅਪਣੇ ਆਪ ਨਿਕਲ ਕੇ ਸਾਹਮਣੇ ਆ ਜਾਣਗੇ ਤੇ ਸਿਆਸੀ ਲੋਕਾਂ ਤੋਂ ਦੇਸ਼ ਨੂੰ ਅੱਜ ਬਚਾਉਣ ਲਈ ਅਪਣਾ ਯੋਗਦਾਨ ਪਾਈਏ ਨਹੀਂ ਤਾਂ ਉਹ ਦਿਨ ਦੂਰ ਨਹੀਂ ਇਹ ਦੇਸ਼ ਨੂੰ ਘੁਣ ਵਾਂਗ ਖਾ ਕੇ ਡਕਾਰ ਵੀ ਨਹੀਂ ਮਾਰਨਗੇ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement