
ਜੇਲਾਂ ਦੇ ਹਵਾਲੇ ਨਾਲ ਜਰਾਇਮ ਪੇਸ਼ਾ ਲੋਕ
ਹੁਣ ਅਸੀ ਜੇਲਾਂ 'ਚ ਬੰਦ ਕੈਦੀਆਂ ਦੇ ਹਵਾਲੇ ਨਾਲ ਵੇਖਾਂਗੇ ਕਿ ਗਿਣਤੀ ਦੇ ਹਿਸਾਬ ਨਾਲ ਕਿਸ ਕਿਸ ਕੌਮ ਨਾਲ ਸਬੰਧਤ ਕੈਦੀ ਕੈਦ ਕੱਟ ਰਹੇ ਸਨ। ਜਿਹੜੇ ਅੰਕੜੇ ਅਸੀ ਦੇ ਰਹੇ ਹਾਂ, ਉਹ 1 ਮਾਰਚ 1901 ਦੇ ਹਨ। ਇਸ ਤਰੀਕ ਨੂੰ ਪੰਜਾਬ ਦੀਆਂ ਜੇਲਾਂ 'ਚ 14098 ਕੈਦੀ ਕੈਦ ਕੱਟ ਰਹੇ ਸਨ। ਇਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ ਜੱਟ ਸਨ, ਜਿਨ੍ਹਾਂ ਦੀ ਗਿਣਤੀ 3753 ਸੀ। ਬਾਅਦ 'ਚ ਕ੍ਰਮਵਾਰ ਪਠਾਣ 2097, ਰਾਜਪੂਤ 1034, ਬਲੋਚ 730, ਚੂਹੜੇ 545, ਅਰੋੜੇ 340, ਅਵਾਣ 427 ਆਉਂਦੇ ਸਨ। ਜਿਹੜੇ ਸਿੱਖ ਸਨ, ਉਹ ਬਹੁਤੇ ਜੱਟ ਸਨ। ਇਸ ਸੂਚੀ 'ਚ ਜੱਟਾਂ ਦੀ ਗਿਣਤੀ 3753 ਦਿਤੀ ਗਈ ਹੈ ਪਰ ਇਸ 'ਚ ਇਹ ਵੇਰਵਾ ਨਹੀਂ ਮਿਲਦਾ ਕਿ ਕਿੰਨੇ ਜੱਟ ਸਿੱਖ ਸਨ, ਕਿੰਨੇ ਮੁਸਲਮਾਨ ਜੱਟ ਅਤੇ ਕਿੰਨੇ ਹਿੰਦੂ ਸਨ। ਸਾਡੇ ਕੋਲ ਇਕ ਹੋਰ ਸੂਚੀ ਹੈ, ਜਿਸ 'ਚ 1901 ਦੌਰਾਨ ਧਾਰਾ 302, 307 ਤੇ 304 ਅਧੀਨ ਕੈਦ ਕੱਟ ਰਹੇ ਕੈਦੀਆਂ ਦਾ ਵੇਰਵਾ ਦਰਜ ਹੈ। 1901 ਦੌਰਾਨ ਪੰਜਾਬ ਦੀਆਂ ਜੇਲਾਂ 'ਚ ਕਤਲ, ਇਰਾਦਾ ਕਤਲ ਅਤੇ ਡਕੈਤੀ 'ਚ ਸ਼ਾਮਲ ਵੱਖ-ਵੱਖ ਕਬੀਲਿਆਂ ਜਾਂ ਜਾਤਾਂ ਦੇ ਲੋਕਾਂ ਦੀ ਗਿਣਤੀ ਦੀ ਸੂਚੀ ਇਸ ਤਰ੍ਹਾਂ ਹੈ:-
ਉਪਰ ਦਿਤੇ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ ਜਰਾਇਮ ਦੀ ਦੁਨੀਆਂ 'ਚ ਰੱਜੇ-ਪੁੱਜੇ ਲੋਕ ਵੀ ਘੱਟ ਨਹੀਂ ਸਨ।
ਸੰਨ 1879 'ਚ ਕੇਂਦਰੀ ਜੇਲ ਦੇ ਦਾਰੋਗ਼ਾ ਮੁਹੰਮਦ ਅਬਦੁਲ ਗੱਫ਼ਾਰ ਨੇ ਇਕ ਕਿਤਾਬ ਲਿਖੀ ਜਿਸ ਦਾ ਨਾਂ ਸੀ 'ਏ ਕੰਪਲੀਟ ਡਿਕਸ਼ਨਰੀ ਆਫ਼ ਦਾ ਟਰਮਜ਼ ਯੂਜ਼ਡ ਬਾਈ ਦੀ ਕਰਿਮੀਨਲ ਟਰਾਈਬਜ਼ ਇਨ ਪੰਜਾਬ (ਟੂਗੈਦਰ ਵਿਦ ਸ਼ਾਰਟ ਹਿਸਟਰੀ ਆਫ਼ ਈਚ ਟਰਾਈਬ ਐਂਡ ਦੀ ਨੇਮ ਆਫ਼ ਰੈਜ਼ੀਡੈਂਸ ਆਫ਼ ਈਚ ਇੰਡੀਵੀਜੂਅਲ ਮੈਂਬਰ)'। ਇਸ 'ਚ ਲੇਖਕ ਵਲੋਂ ਕੈਦੀਆਂ ਦੇ ਬਹੁਤ ਜ਼ਿਆਦਾ ਵੇਰਵੇ ਦਿਤੇ ਗਏ ਹਨ। ਹਰ ਕੈਦੀ ਦਾ ਨਾਂ, ਉਸ ਦਾ ਨੰਬਰ, ਉਸ ਦੇ ਪਿਉ ਦਾ ਨਾਂ, ਉਸ ਦਾ ਪਿੰਡ, ਉਸ ਉੱਪਰ ਕਿਹੜੀ ਦਫ਼ਾ ਲੱਗੀ ਹੈ, ਉਸ ਨੂੰ ਕਿੰਨੇ ਸਾਲ ਦੀ ਕੈਦ ਹੋਈ ਹੈ, ਦਾ ਜ਼ਿਕਰ ਕੀਤਾ ਗਿਆ ਹੈ। ਇਸ ਕਿਤਾਬ 'ਚ ਕੈਦ ਕੱਟ ਕੇ ਜਾ ਚੁੱਕੇ ਕੈਦੀਆਂ ਬਾਰੇ ਵੀ ਲਿਖਿਆ ਮਿਲਦਾ ਹੈ। ਇਸ ਕਿਤਾਬ ਮੁਤਾਬਕ 1875 ਤਕ ਜਿਹੜੇ ਡਾਕੂ ਅਤੇ ਰਾਹਜ਼ਨ ਲੁਟੇਰੇ ਸਜ਼ਾ ਕੱਟ ਕੇ ਜਾ ਚੁੱਕੇ ਸਨ, ਉਨ੍ਹਾਂ 'ਚ ਜੱਟ (165) ਅਤੇ ਰਾਜਪੂਤ (70) ਸਨ। ਜਿਹੜੇ ਡਾਕੂ ਅਤੇ ਰਾਹਜ਼ਨ 1879 ਤਕ ਜੇਲਾਂ 'ਚ ਬੰਦ ਸਨ ਉਨ੍ਹਾਂ 'ਚ ਜੱਟ 95, ਰਾਜਪੂਤ 5, ਸਈਅਦ 4, ਅਰਾਈਂ 10 ਅਤੇ ਲੁਹਾਰ 12 ਸਨ। ਇਹ ਕਿਤਾਬ ਜਿਹੜੇ ਬਦਨਾਮ ਚੋਰਾਂ ਬਾਰੇ ਵੇਰਵਾ ਦਿੰਦੀ ਹੈ, ਉਸ 'ਚ ਗੁੱਜਰ 5, ਜੱਟ 25, ਅਰਾਈਂ 3, ਖਤਰੀ 9 ਅਤੇ ਅਰੋੜੇ 7 ਸਨ। ਇਸ 'ਚ ਕਈ ਹੋਰ ਵੀ ਕੌਮਾਂ ਦੇ ਕੈਦੀਆਂ ਦਾ ਵੇਰਵਾ ਮਿਲਦਾ ਹੈ ਪਰ ਸਿੱਖਾਂ ਬਾਰੇ ਕੋਈ ਅਲਹਿਦਾ ਜਾਣਕਾਰੀ ਨਹੀਂ ਮਿਲਦੀ। ਹੁਣ ਅਸੀ ਜੇਲਾਂ ਦੇ ਰੀਕਾਰਡ ਉੱਪਰ ਵੀ ਨਜ਼ਰ ਮਾਰ ਲਈ ਹੈ ਜਿਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਿੱਖ ਜਰਾਇਮ ਪੇਸ਼ਾ ਨਹੀਂ ਸਨ। ਸੰਨ 1924 ਤੋਂ ਲੈ ਕੇ, ਜਦੋਂ ਤੋਂ ਜਰਾਇਮ ਪੇਸ਼ਾ ਕਰਾਰ ਦੇਣ ਦੀ ਪੰਜਾਬ 'ਚ ਸ਼ੁਰੂਆਤ ਹੋਈ ਸੀ, ਸੰਨ 1947 ਤਕ ਸਿੱਖ ਕੌਮ ਨੂੰ ਕਦੇ ਵੀ ਜਰਾਇਮ ਪੇਸ਼ਾ ਕਰਾਰ ਨਹੀਂ ਦਿਤਾ ਗਿਆ। ਜਰਾਇਮ ਪੇਸ਼ਾ ਜਾਂ ਕਾਸ਼ਤ ਪੇਸ਼ਾ
ਸੂਬਾ ਪੰਜਾਬ 'ਚ ਜਿਹੜੀ ਬਹੁਤ ਵੱਡੀ ਘਟਨਾ ਹੋਈ ਸੀ, ਉਹ ਅੰਗਰੇਜ਼ ਹਕੂਮਤ ਦਾ ਲੋਕਾਂ ਨੂੰ ਜ਼ਮੀਨ ਦੀ ਮਲਕੀਅਤ ਪ੍ਰਦਾਨ ਕਰਨੀ ਸੀ। ਇਸ ਤੋਂ ਪਹਿਲਾਂ ਮੁਗ਼ਲਈ ਜਾਂ ਸਿੱਖ ਦੌਰ 'ਚ ਰਾਜੇ ਕਿਸਾਨਾਂ ਨੂੰ ਜ਼ਮੀਨਾਂ ਸਿਰਫ਼ ਵਾਹੁਣ ਲਈ ਹੀ ਦਿੰਦੇ ਸਨ ਅਤੇ ਇਸ ਦੇ ਇਵਜ਼ 'ਚ ਲਗਾਨ ਉਗਰਾਹੁੰਦੇ ਸਨ। ਉਹ ਦਿਤੀਆਂ ਹੋਈਆਂ ਜ਼ਮੀਨਾਂ ਖੋਹ ਕੇ ਹੋਰਾਂ ਨੂੰ ਵੀ ਦੇ ਦਿੰਦੇ ਸਨ। ਇਸੇ ਲਈ ਬਾਬੇ ਨਾਨਕ ਨੂੰ ਕਹਿਣਾ ਪਿਆ ਸੀ, 'ਜ਼ਮੀਨ ਜਿਹੜਾ ਵਾਹੇ ਉਸ ਦੀ'। ਇਸ ਨਾਹਰੇ ਨੇ ਜੱਟਾਂ ਉੱਪਰ ਬੜਾ ਅਸਰ ਕੀਤਾ ਕਿਉਂਕਿ ਉਸ ਸਮੇਂ ਜ਼ਮੀਨ ਮੁਗ਼ਲਾਂ ਕੋਲ ਹੁੰਦੀ ਸੀ ਅਤੇ ਜੱਟ ਸਿਰਫ਼ ਵਾਹੁੰਦੇ ਹੀ ਸਨ। ਉਸ ਦੌਰ 'ਚ ਹੀ ਪੰਜਾਬ ਦੇ ਜੱਟਾਂ ਦਾ ਰੁਝਾਨ ਸਿੱਖੀ ਵਲ ਹੋ ਗਿਆ। ਹੁਣ ਵੀ ਸਿੱਖਾਂ ਦੀ ਜਿਹੜੀ ਵੱਡੀ ਗਿਣਤੀ ਹੈ ਉਹ ਜ਼ਾਹਰ ਤੌਰ ਤੇ ਪੰਜਾਬ ਦੇ ਜੱਟਾਂ ਦੀ ਹੀ ਹੈ। ਅੰਗਰੇਜ਼ਾਂ ਨੇ ਅਪਣੇ ਤਜਰਬੇ ਦੀ ਬੁਨਿਆਦ ਤੇ ਪੰਜਾਬ ਦੇ ਲੋਕਾਂ ਦੀ ਵਰਗ ਵੰਡ ਕਰ ਲਈ। ਜਰਾਇਮ ਪੇਸ਼ਾ ਬਾਰੇ ਤਾਂ ਅਸੀ ਪਹਿਲਾਂ ਹੀ ਜਾਣ ਚੁੱਕੇ ਹਾਂ, ਹੁਣ ਕਾਸ਼ਤ ਪੇਸ਼ਾ ਅਤੇ ਗ਼ੈਰਕਾਸ਼ਤ ਪੇਸ਼ਾ ਬਾਰੇ ਜਾਣਾਂਗੇ। ਪੰਜਾਬ ਦੇ ਜਿਹੜੇ ਕਬੀਲੇ ਪਹਿਲਾਂ ਤੋਂ ਹੀ ਖੇਤੀਬਾੜੀ ਦਾ ਤਜਰਬਾ ਰਖਦੇ ਸਨ ਉਨ੍ਹਾਂ ਨੂੰ ਕਾਸ਼ਤ ਪੇਸ਼ਾ ਐਲਾਨ ਕਰ ਦਿਤਾ ਗਿਆ। ਇਨ੍ਹਾਂ 'ਚ ਜੱਟ ਰਾਜਪੂਤ, ਗੁੱਜਰ ਅਤੇ ਡੋਗਰ ਕਬੀਲਿਆਂ ਨੂੰ ਸ਼ਾਮਲ ਕੀਤਾ ਗਿਆ। ਜਿਹੜੇ ਕਬੀਲੇ ਖੇਤੀਬਾੜੀ ਦੇ ਧੰਦੇ ਤੋਂ ਅਣਜਾਣ ਸਨ, ਉਨ੍ਹਾਂ ਨੂੰ ਗ਼ੈਰਕਾਸ਼ਤ ਕਬੀਲਿਆਂ ਦੀ ਸ਼੍ਰੇਣੀ 'ਚ ਦਰਜ ਕਰ ਲਿਆ ਗਿਆ। ਇਨ੍ਹਾਂ 'ਚ ਖਤਰੀ, ਅਰੋੜੇ, ਬਾਣੀਏ, ਜੁਲਾਹੇ ਆਦਿ ਸਨ। ਇਥੇ ਇਕ ਗੱਲ ਹੋਰ ਵੇਖਣ ਵਾਲੀ ਹੈ ਕਿ ਅੰਗਰੇਜ਼ ਉਸ ਕਬੀਲੇ ਨੂੰ ਕਦੇ ਵੀ ਕਾਸ਼ਤਪੇਸ਼ਾ ਸ਼੍ਰੇਣੀ 'ਚ ਨਹੀਂ ਸਨ ਰਖਦੇ ਜਿਸ ਨੂੰ ਜਰਾਇਮ ਪੇਸ਼ਾ ਐਲਾਨ ਕੀਤਾ ਗਿਆ ਹੋਵੇ। ਪੰਜਾਬ ਦੇ ਜੱਟ ਜ਼ਿਆਦਾਤਰ ਸਿੱਖ ਧਰਮ ਨਾਲ ਜੁੜੇ ਹੋਏ ਸਨ। ਜੇ ਉਹ ਜਰਾਇਮ ਪੇਸ਼ਾ ਹੁੰਦੇ ਤਾਂ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਵਲੋਂ ਕਦੇ ਵੀ ਕਾਸ਼ਤ ਪੇਸ਼ਾ ਸ਼੍ਰੇਣੀ 'ਚ ਨਹੀਂ ਸੀ ਰਖਿਆ ਜਾਣਾ। ਅੰਗਰੇਜ਼ਾਂ ਨੇ ਜਦੋਂ ਪੰਜਾਬ ਉੱਪਰ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਵੇਖਿਆ ਕਿ ਇੱਥੋਂ ਦੀ ਜ਼ਮੀਨ ਬਹੁਤ ਉਪਜਾਊ ਹੈ ਪਰ ਸਿੰਚਾਈ ਦਾ ਠੀਕ ਪ੍ਰਬੰਧ ਨਾ ਹੋਣ ਕਾਰਨ ਬੇਆਬਾਦ ਹੀ ਪਈ ਹੈ। ਇਸ ਲਈ ਬਾਰਾਂ 'ਚ ਸਿੰਚਾਈ ਦੇ ਪ੍ਰਬੰਧ ਲਈ ਨਹਿਰਾਂ ਕਢੀਆਂ ਗਈਆਂ। ਬਾਰਾਂ ਦੀਆਂ ਇਹ ਜ਼ਮੀਨਾਂ ਕੇਂਦਰੀ ਪੰਜਾਬ ਦੇ ਜੱਟਾਂ ਅਤੇ ਹੋਰ ਕਾਸ਼ਤਕਾਰ ਕੌਮਾਂ ਨੂੰ ਅਲਾਟ ਕੀਤੀਆਂ ਗਈਆਂ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਜੰਗਲ 'ਚ ਮੰਗਲ ਲਾ ਦਿਤੇ। ਬੇਆਬਾਦ ਜ਼ਮੀਨ ਵਾਹੀਯੋਗ ਬਣ ਗਈ। ਅੰਗਰੇਜ਼ਾਂ ਦਾ ਪੰਜਾਬ ਉਪਰ ਕਬਜ਼ਾ ਕਰਨ ਦਾ ਮਕਸਦ ਇੱਥੋਂ ਦੇ ਲੋਕਾਂ ਨੂੰ ਖ਼ੁਸ਼ਹਾਲ ਕਰਨਾ ਨਹੀਂ ਸੀ। ਉਨ੍ਹਾਂ ਦਾ ਮੰਤਵ ਇੱਥੋਂ ਪੈਸਾ ਕਮਾ ਕੇ ਇੰਗਲੈਂਡ ਲੈ ਕੇ ਜਾਣਾ ਸੀ। ਇੰਗਲੈਂਡ 'ਚ ਅੱਜ ਵੀ ਜੋ ਬਹੁਤ ਸਾਰੇ ਮਕਾਨ ਹਨ, ਇਹ ਸੰਨ 1860 ਤੋਂ ਲੈ ਕੇ 1900 ਦੇ ਦਰਮਿਆਨ ਬਣੇ ਹਨ। ਇਨ੍ਹਾਂ ਉੱਪਰ ਉਸਾਰੀ ਦੀ ਮਿਤੀ ਵੀ ਉਕਰੀ ਹੋਈ ਹੈ। ਅੰਗਰੇਜ਼ਾਂ ਨੇ ਪੰਜਾਬ ਦੀ ਜ਼ਰਖੇਜ਼ ਜ਼ਮੀਨ ਤੋਂ ਟੈਕਸ ਉਗਰਾਹ ਕੇ ਅਪਣੇ ਦੇਸ਼ ਦੀ ਹੀ ਤਰੱਕੀ ਕਰਨੀ ਸੀ। ਅੰਗਰੇਜ਼ਾਂ ਨੇ ਸੱਭ ਤੋਂ ਪਹਿਲੀ ਜਮ੍ਹਾਂਬੰਦੀ 1856 'ਚ ਕੀਤੀ। ਇਸ ਜਮ੍ਹਾਂਬੰਦੀ ਦੇ ਨਾਲ ਹੀ ਜ਼ਮੀਨ ਲੋਕਾਂ ਦੀ ਨਿਜੀ ਮਲਕੀਅਤ ਬਣਨੀ ਸ਼ੁਰੂ ਹੋ ਗਈ। ਸੰਨ 1868 'ਚ ਪਹਿਲਾ ਬੰਦੋਬਸਤ ਹੋਇਆ। ਇਸ ਤੋਂ ਬਾਅਦ ਇਹ ਬੰਦੋਬਸਤ ਕ੍ਰਮਵਾਰ 1891, 1911, 1936 ਤਕ ਹੁੰਦੇ ਰਹੇ। ਇਨ੍ਹਾਂ ਸਮਿਆਂ ਦੌਰਾਨ ਹੀ ਨਹਿਰਾਂ ਅਤੇ ਬੰਨ੍ਹਾਂ ਦੀ ਉਸਾਰੀ ਕਰਵਾਈ ਗਈ। ਨਹਿਰੀ ਪਾਣੀ ਨਾਲ ਸਿੰਚਾਈ ਕਰ ਕੇ ਖ਼ੁਸ਼ਹਾਲੀ ਆਉਣ ਲੱਗੀ, ਜਿਥੇ ਪਹਿਲਾਂ ਭੁਖਮਰੀ ਵਰਗੇ ਹਾਲਾਤ ਸਨ। ਸਾਡੇ ਬਜ਼ੁਰਗ ਦਸਦੇ ਹੁੰਦੇ ਸਨ ਕਿ ਘਰ 'ਚ ਕਣਕ ਦੇ ਆਟੇ ਦੀ ਰੋਟੀ ਅਤੇ ਚੌਲ ਉਸ ਸਮੇਂ ਹੀ ਬਣਦੇ ਸਨ ਜਦੋਂ ਘਰ 'ਚ ਕੋਈ ਮਹਿਮਾਨ ਆਉਂਦਾ ਸੀ ਨਹੀਂ ਤਾਂ ਬਾਜਰੇ, ਜਵਾਰ ਅਤੇ ਮੱਕੀ ਦੇ ਆਟੇ ਦੀਆਂ ਰੋਟੀਆਂ ਹੀ ਪਕਦੀਆਂ ਸਨ। ਇਸ ਸੱਭ ਦਾ ਕਾਰਨ ਪੈਦਾਵਾਰ ਦੀ ਘਾਟ ਸੀ। ਨਹਿਰੀ ਸਿੰਚਾਈ ਨਾਲ ਇਹ ਹਾਲਤ ਬਦਲ ਗਈ। ਪੈਦਾਵਾਰ 'ਚ ਵਾਧਾ ਹੋਇਆ। ਫਿਰ ਅੰਗਰੇਜ਼ਾਂ ਨੇ ਇਕ ਕਾਨੂੰਨ ਬਣਾਇਆ ਜਿਸ ਦਾ ਨਾਂ ਸੀ 'ਪੰਜਾਬ ਐਲੀਏਨੇਸ਼ਨ ਆਫ਼ ਲੈਂਡ ਐਕਟ 1887 ਵਾਲੀਅਮ 111'। ਇਸ ਕਾਨੂੰਨ ਦੇ ਤਹਿਤ ਹੀ ਸਾਰੀ ਜ਼ਮੀਨ ਨੂੰ ਲੋਕਾਂ 'ਚ ਵੰਡਿਆ ਗਿਆ। ਕਾਸ਼ਤ ਪੇਸ਼ਾ ਅਤੇ ਗ਼ੈਰਕਾਸ਼ਤ ਪੇਸ਼ਾ ਕਬੀਲਿਆਂ ਦੀ ਵੰਡ ਵੀ ਇਸ ਕਾਨੂੰਨ ਦੇ ਤਹਿਤ ਹੀ ਹੋਈ ਸੀ। ਇਸ ਐਕਟ ਦੇ ਸੈਕਸ਼ਨ 4 'ਚ ਲਿਖਿਆ ਹੈ ਕਿ ਸੂਬੇ ਦੀ ਸਰਕਾਰ ਸਰਕਾਰੀ ਗਜ਼ਟ 'ਚ ਨੋਟੀਫ਼ੀਕੇਸ਼ਨ ਦੇਵੇਗੀ ਕਿ ਇਸ ਐਕਟ ਦੇ ਤਹਿਤ ਕਿਹੜੇ ਜ਼ਿਲ੍ਹੇ ਦੇ ਕਿਹੜੇ ਲੋਕਾਂ ਤੇ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਸਮਝਿਆ ਜਾਵੇ ਤੇ ਕਿਹੜੇ ਲੋਕਾਂ ਨੂੰ ਨਾ ਸਮਝਿਆ ਜਾਵੇ।ਇਸ ਐਕਟ ਮੁਤਾਬਕ ਹੀ ਪਹਿਲਾਂ ਅੰਗਰੇਜ਼ ਹਕੂਮਤ ਨੇ ਕਾਸ਼ਤ ਪੇਸ਼ਾ ਕਬੀਲਿਆਂ ਦੀ ਸ਼ਨਾਖ਼ਤ ਕੀਤੀ ਤੇ ਫਿਰ ਉਨ੍ਹਾਂ ਨੂੰ ਜ਼ਮੀਨਾਂ ਅਲਾਟ ਕਰਨੀਆਂ ਸ਼ੁਰੂ ਕੀਤੀਆਂ ਗਈਆਂ। ਸੱਭ ਤੋਂ ਪਹਿਲਾ ਨੋਟੀਫ਼ੀਕੇਸ਼ਨ 2 ਨਵੰਬਰ 1901 ਨੂੰ ਜਾਰੀ ਕੀਤਾ ਗਿਆ, ਜਿਸ ਦਾ ਨੰ: 21/5 ਸੀ। ਇਸ ਦੇ ਤਹਿਤ ਵੱਖ-ਵੱਖ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਕਰਾਰ ਦਿਤਾ। ਉਸ ਤੋਂ ਬਾਅਦ 16 ਜੁਲਾਈ 1902 ਨੂੰ ਨੋਟੀਫ਼ੀਕੇਸ਼ਨ ਨੰ. 114, ਫਿਰ 6 ਅਪ੍ਰੈਲ 1903 ਨੂੰ ਨੋਟੀਫ਼ੀਕੇਸ਼ਨ ਨੰ. 34 ਜਾਰੀ ਕਰ ਕੇ ਵੱਖ-ਵੱਖ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਕਰਾਰ ਦੇ ਕੇ ਹਕੂਮਤ ਨੇ ਜ਼ਮੀਨਾਂ ਦੀ ਮਲਕੀਅਤ ਦੇ ਹੱਕ ਦੇ ਦਿਤੇ। ਇਸ ਐਕਟ 'ਚ ਲਿਖਿਆ ਹੈ ਕਿ ਉਹ ਆਦਮੀ ਜਿਸ ਨੂੰ ਜ਼ਮੀਨ ਅਲਾਟ ਹੋਈ ਹੈ, ਉਹ ਜ਼ਮੀਨ ਦੀ ਮਲਕੀਅਤ ਨੂੰ ਬਦਲ ਸਕਦਾ ਹੈ, ਉਸ ਦਾ ਤਬਾਦਲਾ ਕਰ ਸਕਦਾ ਹੈ, ਉਸ ਦੀ ਵਸੀਅਤ ਲਿਖ ਸਕਦਾ ਹੈ, ਉਸ ਨੂੰ ਲੀਜ਼ ਤੇ ਦੇ ਸਕਦਾ ਹੈ, ਉਸ ਨੂੰ ਵੇਚ ਸਕਦਾ ਹੈ ਅਤੇ ਕਾਨੂੰਨੀ ਤੌਰ ਤੇ ਅਪਣੇ ਵਾਰਸਾਂ ਨੂੰ ਜ਼ਮੀਨ ਤੋਂ ਵੱਖ ਰੱਖਣ ਦਾ ਹੱਕ ਵੀ ਰਖਦਾ ਹੈ।
ਅੱਗੇ ਵੱਖ-ਵੱਖ ਜ਼ਿਲ੍ਹਿਆਂ ਦੀ ਲੰਮੀ ਸੂਚੀ ਹੈ ਕਿ ਜ਼ਿਲ੍ਹੇ 'ਚ ਕਿਸ-ਕਿਸ ਨੂੰ ਜ਼ਮੀਨ ਅਲਾਟ ਕੀਤੀ ਗਈ ਹੈ। ਇੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਨੋਟੀਫ਼ੀਕੇਸ਼ਨ ਨੰਬਰ ਵੀ ਮੌਜੂਦ ਹਨ। ਜਿਵੇਂ ਜ਼ਿਲ੍ਹਾ ਲਾਹੌਰ 'ਚ 25 ਮਈ 1908 ਨੂੰ ਨੋਟੀਫ਼ੀਕੇਸ਼ਨ ਨੰ. 85 ਜਾਰੀ ਕਰ ਕੇ ਜ਼ਿਲ੍ਹੇ ਦੇ ਕਾਸ਼ਤ ਪੇਸ਼ਾ ਕਬੀਲਿਆਂ ਦੀ ਸੂਚੀ ਜਾਰੀ ਕੀਤੀ ਗਈ। ਗੁਜਰਾਂਵਾਲ 'ਚ 25 ਮਈ 1908 ਨੂੰ ਨੋਟੀਫ਼ੀਕੇਸ਼ਨ ਨੰ. 87 ਜਾਰੀ ਕਰ ਕੇ ਕਾਸ਼ਤ ਪੇਸ਼ਾ ਕਬੀਲਿਆਂ ਦਾ ਐਲਾਨ ਕੀਤਾ। ਸਾਹੀਵਾਲ 'ਚ 6 ਜੁਲਾਈ 1931 ਨੂੰ ਨੋਟੀਫ਼ੀਕੇਸ਼ਨ ਨੰ 1684/ਆਰ ਰਾਹੀਂ ਕਾਸ਼ਤ ਪੇਸ਼ਾ ਕਬੀਲਿਆਂ ਦੀ ਸੂਚੀ ਜਾਰੀ ਕੀਤੀ ਗਈ |ਪੰਜਾਬ 'ਚ ਕਾਸ਼ਤ ਪੇਸ਼ਾ ਕਰਾਰ ਦਿਤੇ ਕਬੀਲੇ ਅਤੇ ਉਨ੍ਹਾਂ ਦੇ ਜ਼ਿਲ੍ਹੇਉਪਰੋਕਤ ਚਰਚਾ 'ਚ ਅਸੀ ਵੇਖ ਹੀ ਲਿਆ ਹੈ ਕਿ ਕਿਹੜੇ ਕਬੀਲਿਆਂ ਨੂੰ ਕਾਸ਼ਤ ਪੇਸ਼ਾ ਐਲਾਨ ਕੀਤਾ ਗਿਆ ਅਤੇ ਕਿਉਂ। ਇਨ੍ਹਾਂ ਕਾਸ਼ਤ ਪੇਸ਼ਾ ਲੋਕਾਂ 'ਚ ਹਿੰਦੂ ਵੀ ਸਨ, ਮੁਸਲਮਾਨ ਵੀ ਅਤੇ ਸਿੱਖ ਵੀ। ਜਿਸ ਤਰ੍ਹਾਂ ਅਸੀ ਪਹਿਲਾਂ ਹੀ ਗੱਲ ਕਰ ਆਏ ਹਾਂ ਕਿ ਅੰਗਰੇਜ਼ ਹਕੂਮਤ ਜਿਸ ਨੂੰ ਜਰਾਇਮ ਪੇਸ਼ਾ ਕਰਾਰ ਦਿੰਦੀ ਸੀ ਉਸ ਨੂੰ ਕਾਸ਼ਤ ਪੇਸ਼ਾ ਕਰਾਰ ਨਹੀਂ ਸੀ ਦਿੰਦੀ। ਲਿਹਾਜ਼ਾ ਕਾਸ਼ਤ ਪੇਸ਼ਾ ਦੀ ਸੂਚੀ ਵੱਖ ਅਤੇ ਜਰਾਇਮ ਪੇਸ਼ਾ ਦੀ ਸੂਚੀ ਵੱਖ ਸੀ। ਅਸੀ ਇਸ ਲੇਖ 'ਚ ਅੰਗਰੇਜ਼ ਹਕੂਮਤ ਤੋਂ ਪਹਿਲਾਂ ਦੇ ਦੌਰ 'ਚ ਠੱਗਾਂ, ਪੰਡਾਰੀਆਂ, ਡਾਕੂਆਂ ਅਤੇ ਹੋਰ ਕੌਮਾਂ ਵਲੋਂ ਕੀਤੇ ਜਾਂਦੇ ਜਰਾਇਮ ਦਾ ਜਾਇਜ਼ਾ ਲੈ ਲਿਆ ਹੈ। ਬ੍ਰਿਟਿਸ਼ ਹਕੂਮਤ ਦੇ ਦੌਰ 'ਚ ਹੋਣ ਵਾਲੇ ਜੁਰਮਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਅਤੇ ਨਾਲ ਹੀ ਜਰਾਇਮ ਦੀ ਦੁਨੀਆਂ 'ਚ ਸਰਗਰਮ ਕਬੀਲਿਆਂ ਅਤੇ ਲੋਕਾਂ ਦੀ ਘੋਖ ਵੀ ਕਰ ਲਈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਕਰ ਕੇ ਜਰਾਇਮ ਪੇਸ਼ਾ ਐਲਾਨ ਕੀਤਾ ਗਿਆ ਸੀ। ਅਸੀ ਸਾਰਾ ਕੁੱਝ ਵੇਖ ਲਿਆ। ਸਾਨੂੰ ਕੋਈ ਸ਼ਹਾਦਤ (ਗਵਾਹੀ) ਨਹੀਂ ਮਿਲੀ ਜਿਸ ਤੋਂ ਪਤਾ ਲੱਗੇ ਕਿ ਬਤੌਰ ਕੌਮ ਸਿੱਖ ਜਰਾਇਮ ਪੇਸ਼ਾ ਸਨ। ਜੇ ਅਜਿਹਾ ਹੁੰਦਾ ਤਾਂ ਗੋਰਿਆਂ ਨੇ ਸਿੱਖਾਂ ਨੂੰ ਕਾਨੂੰਨੀ ਰੂਪ 'ਚ ਜਰਾਇਮ ਪੇਸ਼ਾ ਕਰਾਰ ਜ਼ਰੂਰ ਦੇਣਾ ਸੀ। ਪਤਾ ਨਹੀਂ ਕਿਉਂ ਸਿੱਖਾਂ ਨੂੰ ਆਜ਼ਾਦੀ ਮਿਲਣ ਤੋਂ ਤੁਰਤ ਬਾਅਦ ਅਪਣਿਆਂ ਹੱਥੋਂ ਹੀ ਜਰਾਇਮ ਪੇਸ਼ਾ ਹੋਣ ਦਾ ਧੱਬਾ ਲਗਵਾਉਣਾ ਪਿਆ, ਜੋ ਸਮਝ ਤੋਂ ਬਾਹਰ ਹੈ।