ਸਿੱਖੀ ਉਤੇ ਆਰ ਐਸ ਐਸ ਵਾਲੇ ਕਾਠੀ ਪਾਉਣਾ ਚਾਹੁੰਦੇ ਹਨ ਤਾਂ ਦੋਸ਼ੀ ਅਸੀ ਆਪ ਹੀ ਹਾਂ, ਉਹ ਨਹੀਂ
Published : Oct 25, 2017, 10:59 pm IST
Updated : Oct 25, 2017, 5:29 pm IST
SHARE ARTICLE

ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿਤੀ ਹੋਵੇ।

ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਜਸ਼ਨਾਂ ਬਾਰੇ ਸਿੱਖ ਧਰਮ ਦੇ ਧਰਮ ਅਧਿਕਾਰੀ ਹੀ ਆਪਸ ਵਿਚ ਸਾਂਝ ਨਹੀਂ ਬਣਾ ਸਕ ਰਹੇ ਤਾਂ ਫਿਰ ਸਿੱਖ ਧਰਮ ਨੂੰ ਮੰਨਣ ਵਾਲੀ ਆਮ ਜਨਤਾ ਦਾ ਕੀ ਹਾਲ ਹੋਵੇਗਾ? ਗਿਆਨੀ ਗੁਰਬਚਨ ਸਿੰਘ ਜੀ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਬਾਰੇ ਫ਼ੈਸਲਾ ਦੇਣ ਵਿਚ ਬਹੁਤ ਸੋਚ ਵਿਚਾਰ ਕਰਨਾ ਪਿਆ ਅਤੇ 2004 ਦੇ ਇਕ ਹੁਕਮਨਾਮੇ (ਫ਼ਤਵੇ) ਨੂੰ ਪੜ੍ਹ ਕੇ ਉਨ੍ਹਾਂ ਇਹ ਫ਼ੈਸਲਾ ਕੀਤਾ ਕਿ ਕੋਈ ਸਿੱਖ ਇਸ ਜਸ਼ਨ ਵਿਚ ਸ਼ਾਮਲ ਨਹੀਂ ਹੋਵੇਗਾ। ਪਰ ਕੱਚੀਆਂ ਪੱਕੀਆਂ ਖ਼ਬਰਾਂ ਅਨੁਸਾਰ, ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ, ਮੋਹਨ ਭਾਗਵਤ, ਰਾਜਨਾਥ ਸਿੰਘ ਅਤੇ 9 ਹੋਰ ਕੇਂਦਰੀ ਮੰਤਰੀਆਂ ਨਾਲ ਸ਼ਾਮਲ ਹੋਣਗੇ। ਗਿਆਨੀ ਗੁਰਬਚਨ ਸਿੰਘ ਨੇ ਇਹ ਸੁਨੇਹਾ ਵੀ ਦਿਤਾ ਕਿ 'ਅਸੀ ਸਿੱਖ ਧਰਮ ਦੀ ਵਿਲੱਖਣਤਾ ਉਤੇ ਕਿਸੇ ਹੋਰ ਧਰਮ ਨੂੰ ਹਾਵੀ ਨਹੀਂ ਹੋਣ ਦੇਵਾਂਗੇ।' ਇਹ ਸ਼ਬਦ ਤਾਂ ਠੀਕ ਹਨ, ਪਰ ਇਹ ਸਮਝ ਨਹੀਂ ਆਇਆ ਕਿ ਇਨ੍ਹਾਂ ਦੇ ਕਹਿਣ ਵਿਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਏਨਾ ਸਮਾਂ ਕਿਉਂ ਲੱਗਾ ਤੇ ਪੁਣਛਾਣ ਕਿਉਂ ਕਰਨੀ ਪਈ?ਰਾਸ਼ਟਰੀ ਸਿੱਖ ਸੰਗਤ ਦਾ ਵਿਰੋਧ ਕਰਨ ਪਿੱਛੇ ਕਾਰਨ ਇਹੀ ਹੈ ਕਿ ਆਰ.ਐਸ.ਐਸ. ਵਾਲੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਵਿਖਾਉਣਾ ਚਾਹੁੰਦੇ ਹਨ। ਭਾਵੇਂ ਅੱਜ ਰਾਸ਼ਟਰੀ ਸਿੱਖ ਸੰਗਤ ਨੇ ਬਿਆਨ ਵੀ ਦਿਤਾ ਹੈ ਕਿ ਉਹ ਸਿੱਖਾਂ ਨੂੰ ਅਲੱਗ ਮੰਨਦੇ ਹਨ ਪਰ ਜੇ ਉਹ ਸਿੱਖਾਂ ਨੂੰ ਅਲੱਗ ਮੰਨਦੇ ਹਨ ਤਾਂ ਫਿਰ ਉਹ ਸਿਰਫ਼ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਜਸ਼ਨ ਹੀ ਕਿਉਂ ਮਨਾ ਰਹੇ ਹਨ? ਸਿੱਖ ਗੁਰੂਆਂ ਵਿਚੋਂ ਦਲੇਰ ਅਤੇ ਬਹਾਦਰ ਸਿਰਫ਼ ਗੁਰੂ ਗੋਬਿੰਦ ਸਿੰਘ ਹੀ ਤਾਂ ਨਹੀਂ ਸਨ। ਗੁਰੂ ਤੇਗ਼ ਬਹਾਦਰ ਕਿਸੇ ਤੋਂ ਘੱਟ ਨਹੀਂ ਸਨ ਜੋ ਕਸ਼ਮੀਰੀ ਪੰਡਤਾਂ ਦੀ ਰਾਖੀ ਵਾਸਤੇ ਸ਼ਹੀਦ ਹੋ ਗਏ। ਪਰ ਕਦੇ ਰਾਸ਼ਟਰੀ ਸਿੱਖ ਸੰਗਤ ਨੇ ਉਨ੍ਹਾਂ ਦੇ ਗੁਰਪੁਰਬ ਦਾ ਜਸ਼ਨ ਨਹੀਂ ਮਨਾਇਆ। ਮੁਗ਼ਲਾਂ ਵਿਰੁਧ ਗੁਰੂ ਹਰਕ੍ਰਿਸ਼ਨ ਵੀ ਖੜੇ ਹੋਏ ਸਨ, ਉਨ੍ਹਾਂ ਨੂੰ ਰਾਸ਼ਟਰਵਾਦ ਦਾ ਪ੍ਰਤੀਕ ਕਿਉਂ ਨਹੀਂ ਕਰਾਰ ਕੀਤਾ ਜਾਂਦਾ ਅਤੇ ਸਿਰਫ਼ ਇਕ ਗੁਰੂ ਦਾ ਨਾਂ ਲੈ ਕੇ ਹੀ ਜਸ਼ਨ ਕਿਉਂ? ਅਖੌਤੀ ਸਿੱਖਾਂ ਵਲੋਂ ਇਸ ਧਰਮ ਦੇ ਸਥਾਪਨਾ ਦਿਵਸ ਵਿਸਾਖੀ ਨੂੰ ਕਿਉਂ ਨਹੀਂ ਮਨਾਇਆ ਜਾਂਦਾ? ਵਿਸਾਖੀ ਦੇ ਦਿਨ ਤਾਂ ਉਹ ਮੁਬਾਰਕਾਂ ਦੇਣਾ ਵੀ ਭੁੱਲ ਜਾਂਦੇ ਹਨ। ਉਂਜ ਰਾਸ਼ਟਰੀ ਸਿੱਖ ਸੰਗਤ ਨੂੰ ਇਕ ਹਿੰਦੂ ਸੰਸਥਾ ਆਰ.ਐਸ.ਐਸ. ਨੇ ਕਿਉਂ ਕਾਇਮ ਕੀਤਾ ਹੈ? ਸਿੱਖ ਪੰਥ ਨੇ ਤਾਂ ਕਦੇ ਅਜਿਹੀ 'ਸੰਗਤ' ਨਹੀਂ ਸੀ ਕਾਇਮ ਕੀਤੀ ਜਿਵੇਂ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ ਆਦਿ ਸੈਂਕੜੇ ਸੰਸਥਾਵਾਂ ਬਣਾਈਆਂ ਸਨ। 


ਕਾਰਨ ਸਾਡੀ ਅਪਣੀ ਕਮਜ਼ੋਰੀ ਹੈ ਜਿਸ ਨੇ ਬਚਿੱਤਰ ਨਾਟਕ ਅਤੇ ਚੰਡੀ ਦੀ ਵਾਰ ਦੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਨੂੰ ਵਧਣ ਫੁੱਲਣ ਦਾ ਪੂਰਾ ਮੌਕਾ ਦਿਤਾ ਹੈ। ਮਹਾਰਾਸ਼ਟਰ ਵਿਚ ਦਸਮ ਗ੍ਰੰਥ ਦੇ ਪਾਠ ਕਰਵਾ ਕੇ, ਉਸ ਦੀ ਯਾਤਰਾ ਕਰਵਾ ਕੇ, ਦਿੱਲੀ ਦੇ ਗੁਰਦਵਾਰਿਆਂ ਵਿਚ ਪਾਠ ਕਰਵਾਏ ਗਏ। ਉਦੋਂ ਤਾਂ ਅਕਾਲ ਤਖ਼ਤ ਚੁੱਪ ਰਿਹਾ। ਰਾਸ਼ਟਰੀ ਸਿੱਖ ਸੰਗਤ ਇਹ ਨਹੀਂ ਆਖਦੀ ਕਿ ਸਿੱਖ ਵੀ ਹਿੰਦੂ ਧਰਮ ਦਾ ਹਿੱਸਾ ਹਨ, ਪਰ ਇਹ ਪ੍ਰਚਾਰ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਲਵ-ਕੁਸ਼ ਦੇ ਖ਼ਾਨਦਾਨ 'ਚੋਂ ਹਨ ਅਤੇ ਉਹ ਪਿਛਲੇ ਜਨਮ ਵਿਚ ਹੇਮੁਕੰਟ ਪਰਬਤ ਤੇ ਇਕ ਹਿੰਦੂ ਰਿਸ਼ੀ ਵਜੋਂ ਪੂਜਾ ਕਰ ਰਹੇ ਸਨ ਜਦ ਇਕ ਹਿੰਦੂ ਦੇਵੀ ਨੇ ਉਨ੍ਹਾਂ ਨੂੰ ਵਰ ਦੇ ਕੇ ਧਰਤੀ ਤੇ ਜਾਣ ਲਈ ਕਿਹਾ। ਇਹੀ 'ਬਚਿੱਤਰ ਨਾਟਕ' (ਦਸਮ ਗ੍ਰੰਥ) ਹੈ। ਦਸਮ ਗ੍ਰੰਥ ਦੀ ਆਰ.ਐਸ.ਐਸ. ਵਾਲੀ ਵਿਆਖਿਆ ਰਾਹੀਂ ਪੁਨਰ ਜਨਮ ਅਤੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੀ ਪ੍ਰਥਾ ਨੂੰ ਸਿੱਖ ਧਰਮ ਦਾ ਹਿੱਸਾ ਵਿਖਾਇਆ ਜਾ ਰਿਹਾ ਹੈ। ਇਸ ਮਾਮਲੇ ਤੇ ਸਿੱਖ ਪਹਿਲਾਂ ਵੀ ਆਪਸ ਵਿਚ ਵੰਡੇ ਹੋਏ ਹਨ ਅਤੇ ਜੇਕਰ ਹੁਣ ਵੀ ਇਸ ਮਾਮਲੇ ਨੂੰ ਸੁਲਝਾਉਣ ਵਿਚ ਅਕਾਲ ਤਖ਼ਤ ਵਲੋਂ ਦੇਰੀ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਵੱਧ ਸਕਦੀਆਂ ਹਨ। 'ਰੈਫ਼ਰੈਂਡਮ 2020' ਵਰਗੀ ਸੋਚ ਦੀ ਪੰਜਾਬ ਦੇ ਵਿਕਾਸ ਵਿਚ ਕੋਈ ਥਾਂ ਨਹੀਂ। ਪਰ ਇਸ ਤਰ੍ਹਾਂ ਦੀਆਂ ਗੱਲਾਂ ਵਾਧੂ ਦੀ ਤਲਖ਼ੀ ਨੂੰ ਜਨਮ ਦੇਂਦੀਆਂ ਹਨ। ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿਤੀ ਹੋਵੇ। ਵਿਵਾਦ ਖੜਾ ਕਰਨ ਵਾਲੇ ਮੁੱਠੀ ਭਰ ਲੋਕ ਹੁੰਦੇ ਹਨ ਜੋ ਤਾਕਤ ਅਤੇ ਕੁਰਸੀ ਦੇ ਭੁੱਖੇ ਹੁੰਦੇ ਹਨ ਪਰ ਕੀਮਤ ਤਾਂ ਆਮ ਜਨਤਾ ਨੂੰ ਹੀ ਚੁਕਾਉਣੀ ਪੈਂਦੀ ਹੈ। ਆਮ ਜਨਤਾ ਵਿਚ ਸਿੱਖ ਵੀ ਹੋਣਗੇ ਅਤੇ ਹਿੰਦੂ ਵੀ। ਦੋਹਾਂ ਧਰਮਾਂ ਦੀ ਅਪਣੀ ਪਛਾਣ ਹੈ ਅਤੇ ਅਪਣੀ ਵਿਲੱਖਣਤਾ ਹੈ। ਇਕ ਦੂਜੇ ਉਤੇ ਨਾ ਉਹ ਹਾਵੀ ਹੋਣਾ ਚਾਹੁੰਦੇ ਹਨ ਅਤੇ ਨਾ ਉਨ੍ਹਾਂ ਨੂੰ ਆਪਸ ਵਿਚ ਭਿੜਾਉਣ ਨਾਲ ਪੰਜਾਬ ਵਿਚ ਆਪਸੀ ਮੇਲ ਜੋਲ ਅਤੇ ਭਾਈਚਾਰੇ ਵਿਚ ਕੋਈ ਫ਼ਰਕ ਪੈਦਾ ਹੁੰਦਾ ਹੈ। ਹਰ ਨਵਾਂ ਦਿਨ ਇਕ ਹੋਰ ਕਾਰਨ ਵਿਖਾਉਂਦਾ ਹੈ, ਜੋ ਸਾਡੇ ਸਾਹਮਣੇ ਸਾਡੇ ਧਰਮ ਵਿਚ ਦਾਖ਼ਲ ਬੁਨਿਆਦੀ ਕਮਜ਼ੋਰੀਆਂ ਦੀ ਮਜ਼ਬੂਤੀ ਪੇਸ਼ ਕਰਦਾ ਹੈ। ਲੋੜ ਹੈ ਕਿ ਸਿੱਖ ਸਿਧਾਂਤਾਂ ਨਾਲ ਜੁੜੇ ਸਿੱਖ ਵਿਦਵਾਨ ਧਰਮ ਦੀ ਬੁਨਿਆਦੀ ਸੋਚ ਨੂੰ ਆਪ ਸਿੱਖਾਂ ਸਾਹਮਣੇ ਪੇਸ਼ ਕਰਨ ਤਾਕਿ ਸਿੱਖੀ ਦੀ ਨਾਨਕੀ ਵਿਚਾਰਧਾਰਾ ਕਈ ਹਿੱਸਿਆਂ ਵਿਚ ਨਾ ਵੰਡੀ ਜਾਏ। ਨਾ ਰੈਫ਼ਰੈਂਡਮ ਦੀ ਲੋੜ ਹੈ ਤੇ ਨਾ ਕਿਸੇ ਦੂਜੇ ਧਰਮ ਬਾਰੇ ਬੋਲਣ ਦੀ। ਸਿਰਫ਼ ਅਪਣੀ ਵਿਲੱਖਣਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।  -ਨਿਮਰਤ ਕੌਰ

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement