ਵਿਚਾਰਧਾਰਕ ਦੋਸਤੀ-ਮੈਂ ਤੇ ਮੇਰਾ ਸਪੋਕਸਮੈਨ
Published : Nov 30, 2017, 11:35 pm IST
Updated : Nov 30, 2017, 6:05 pm IST
SHARE ARTICLE

ਜ਼ਿੰਦਗੀ ਵਿਚ ਕਈ ਵਾਰ ਅਜਿਹੇ ਰੰਗਲੇ ਸੱਜਣ ਪ੍ਰਵੇਸ਼ ਕਰ ਜਾਂਦੇ ਹਨ ਕਿ ਉਨ੍ਹਾਂ ਤੋਂ ਕੁਰਬਾਨ ਹੋ ਜਾਣ ਨੂੰ ਜੀ ਕਰਦਾ ਹੈ। ਦਿਨ ਰਾਤ ਦਿਮਾਗ਼ ਉਨ੍ਹਾਂ ਬਾਰੇ ਹੀ ਸੋਚਦਾ ਰਹਿੰਦਾ ਹੈ। ਉਨ੍ਹਾਂ ਦਾ ਹਰ ਦੁੱਖ-ਸੁੱਖ ਅਪਣਾ ਲੱਗਣ ਲੱਗ ਜਾਂਦਾ ਹੈ। ਅਜਿਹਾ ਹੀ ਇਕ ਰੰਗਲਾ ਸੱਜਣ ਮੇਰੀ ਜ਼ਿੰਦਗੀ ਵਿਚ ਸਪੋਕਸਮੈਨ ਦੇ ਰੂਪ ਵਿਚ ਆਇਆ, ਜਿਸ ਨੇ ਮੇਰੇ ਜੀਵਨ ਵਿਚ ਅਹਿਮ ਥਾਂ ਬਣਾ ਲਈ ਅਤੇ ਮੈਂ ਉਸੇ ਦਾ ਹੀ ਹੋ ਕੇ ਰਹਿ ਗਿਆ। ਹੋਇਆ ਇੰਜ ਕਿ ਜਦੋਂ ਮੈਂ ਨਾਭੇ ਤੋਂ ਆਰਟ ਐਂਡ ਕਰਾਫ਼ਟ ਦਾ ਡਿਪਲੋਮਾ ਕਰਨ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਪ੍ਰਾਈਵੇਟ ਤੌਰ ਤੇ ਬਾਰਵੀਂ ਜਮਾਤ ਦੀ ਫ਼ੀਸ ਭਰ ਦਿਤੀ ਤਾਂ ਇਕ ਦਿਨ ਮੈਂ ਖੰਨੇ ਕਿਤਾਬ ਬਾਜ਼ਾਰ ਤੋਂ ਕਿਤਾਬਾਂ ਖ਼ਰੀਦਣ ਚਲਾ ਗਿਆ। ਛੋਟੇ ਹੁੰਦਿਆਂ ਹੀ ਅਖ਼ਬਾਰ, ਕਿਤਾਬਾਂ ਅਤੇ ਰਸਾਲੇ ਪੜ੍ਹਨ ਦੇ ਸ਼ੌਕ ਕਾਰਨ ਮੈਂ ਦੁਕਾਨ ਦੇ ਬਾਹਰ ਟੰਗੇ ਹੋਏ ਰਸਾਲਿਆਂ ਤੇ ਨਜ਼ਰ ਮਾਰਨ ਲਗਿਆ। ਅਚਾਨਕ ਹੀ ਮੇਰੀ ਨਜ਼ਰ ਸਪੋਕਸਮੈਨ ਮੈਗਜ਼ੀਨ ਉਤੇ ਪਈ ਅਤੇ ਮੈਂ ਮੋਟਾ-ਮੋਟਾ ਪੜ੍ਹਨ ਲਗਿਆ। ਮੈਗਜ਼ੀਨ ਦੇ ਪੇਪਰ ਅਤੇ ਲਿਖਤਾਂ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਸਪੋਕਮਸੈਨ ਦੀ ਇਕੋ ਲਿਖਤ ਨੇ ਮੇਰੀਆਂ ਅੱਖਾਂ ਖੋਲ੍ਹ ਕੇ ਰੱਖ ਦਿਤੀਆਂ। ਇਸ ਲਿਖਤ ਵਿਚ ਇਹ ਸਿੱਧ ਕੀਤਾ ਗਿਆ ਸੀ ਕਿ ਡਾ. ਅੰਬੇਦਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਨਹੀਂ ਸਨ ਸਗੋਂ ਬ੍ਰਾਹਮਣਵਾਦੀਆਂ ਵਲੋਂ ਇਹ ਧੱਕੇ ਨਾਲ ਡਾ. ਅੰਬੇਦਕਰ ਦੇ ਗਲ ਵਿਚ ਪਾਇਆ ਗਿਆ ਸੀ। ਅਜਿਹਾ ਕਰ ਕੇ ਉਹ ਬੜੀ ਹੀ ਚਲਾਕੀ ਨਾਲ ਉਨ੍ਹਾਂ ਸੱਭ ਦੋਸ਼ਾਂ ਤੋਂ ਮੁਕਤ ਹੋ ਗਏ ਸਨ ਜਿਹੜੇ ਦਲਿਤਾਂ ਅਤੇ ਘੱਟ ਗਿਣਤੀਆਂ ਵਲੋਂ ਉਨ੍ਹਾਂ ਉਪਰ ਲਾਏ ਜਾਂਦੇ ਸਨ ਕਿਉਂਕਿ ਭਾਰਤੀ ਸੰਵਿਧਾਨ ਅੰਦਰ ਦਲਿਤਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਦਿਤਾ ਹੀ ਕੁੱਝ ਨਹੀਂ ਸੀ ਗਿਆ। ਅਕਤੂਬਰ 1994 ਦੇ ਇਸ ਅੰਕ ਨੂੰ ਮੈਂ ਪੈਸੇ ਘੱਟ ਹੋਣ ਕਾਰਨ ਖ਼ਰੀਦ ਤਾਂ ਨਹੀਂ ਸੀ ਸਕਿਆ ਪਰ ਮੇਰੇ ਅੰਦਰ ਇਕ ਤਰਥੱਲੀ ਜਹੀ ਮੱਚ ਗਈ। ਇਹ ਲੇਖ ਮੈਨੂੰ ਬਹੁਤ ਹੀ ਅਹਿਮ ਲਗਿਆ ਪਰ ਸਪੋਕਸਮੈਨ ਲੈਣ ਲਈ ਬੁੱਕ ਮਾਰਕੀਟ ਗਿਆ ਤਾਂ ਦੁਕਾਨਦਾਰ ਨੇ ਮੈਨੂੰ ਕਿਹਾ ਕਿ ਜੇਕਰ ਮੈਗਜ਼ੀਨ ਲੈਣਾ ਹੁੰਦਾ ਹੈ ਤਾਂ ਪੰਜ ਤਰੀਕ ਤੋਂ ਪਹਿਲਾਂ-ਪਹਿਲਾਂ ਆ ਕੇ ਲੈ ਜਾਇਆ ਕਰ, ਇਸ ਤੋਂ ਬਾਅਦ ਇਸ ਦੀ ਕੋਈ ਕਾਪੀ ਬਾਕੀ ਨਹੀਂ ਬਚਦੀ। ਮੈਂ ਨਵੰਬਰ ਮਹੀਨੇ ਦਾ ਨਵਾਂ ਅੰਕ ਦਸ ਰੁਪਏ ਵਿਚ ਖ਼ਰੀਦ ਕੇ ਘਰ ਲੈ ਆਇਆ ਜੋ ਮੇਰੇ ਕੋਲ ਸਪੋਕਸਮੈਨ ਦੇ ਬਾਕੀ ਦੇ ਅੰਕਾਂ ਨਾਲ ਹਾਲੇ ਵੀ ਸੰਭਾਲ ਕੇ ਰਖਿਆ ਹੋਇਆ ਹੈ। ਇਸ ਅੰਕ ਵਿਚ ਸਾਖੀਆਂ ਨੂੰ ਗ਼ਲਤ ਰੂਪ ਦੇ ਕੇ ਸੱਚ ਨੂੰ ਕਿਵੇਂ ਛੁਪਾਇਆ ਗਿਆ ਹੈ ਬਾਰੇ ਲੇਖ ਅਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਇੰਟਰਵਿਊ ਬੜੇ ਹੀ ਵਿਸਥਾਰਪੂਰਵਕ ਢੰਗ ਨਾਲ ਛਾਪੀ ਗਈ ਹੈ।
ਬੇਸ਼ੱਕ ਬਚਿੱਤਰ ਨਾਟਕ ਬਾਰੇ ਮੇਰੀ ਧਾਰਨਾ ਪਹਿਲਾਂ ਹੀ ਇਹ ਬਣੀ ਹੋਈ ਸੀ ਕਿ ਇਹ ਪੂਰਨ ਤੌਰ ਤੇ ਦਸਮ ਪਾਤਸ਼ਾਹ ਜੀ ਦੀ ਰਚਨਾ ਨਹੀਂ ਹੈ ਪਰ ਫਿਰ ਵੀ ਸਪੋਕਸਮੈਨ ਨੇ ਮੇਰੇ ਵਿਚਾਰਾਂ ਨੂੰ ਪ੍ਰਪੱਕ ਕਰਨ ਵਿਚ ਮੇਰੀ ਮਦਦ ਕੀਤੀ। ਇਸੇ ਤਰ੍ਹਾਂ ਹੇਮਕੁੰਟ ਬਾਰੇ ਵੀ ਮੈਨੂੰ ਸਪੋਕਸਮੈਨ ਪੜ੍ਹ ਕੇ ਹੀ ਪਤਾ ਲਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿਚ ਹੇਮਕੁੰਟ ਪਰਬਤ ਤੇ ਬੈਠ ਕੇ ਕੋਈ ਤਪੱਸਿਆ ਨਹੀਂ ਸੀ ਕੀਤੀ। ਸਿਆਸੀ ਖੇਤਰ ਵਿਚ ਦਲਿਤਾਂ ਨੂੰ ਲਾਮਬੰਦ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਦੇ ਮੁਖੀ ਕਾਂਸ਼ੀ ਰਾਮ ਦੇ ਵਿਚਾਰਾਂ ਨੂੰ ਜਿਹੜੀ ਥਾਂ ਸਪੋਕਸਮੈਨ ਨੇ ਦੇ ਕੇ ਮਾਣ ਬਖ਼ਸ਼ਿਆ ਉਹ ਵੀ ਦਲਿਤਾਂ ਦੀ ਬਾਂਹ ਫੜਨ ਤੋਂ ਘੱਟ ਨਹੀਂ ਸੀ। ਸਪੋਕਸਮੈਨ ਵਿਚ ਛਪਿਆ ਕਾਂਸ਼ੀ ਰਾਮ ਜੀ ਦਾ ਇਹ ਬਿਆਨ ਕਿ 'ਮੇਰਾ ਚੋਣ ਮੈਨੀਫ਼ੈਸਟੋ ਗੁਰੂ ਗ੍ਰੰਥ ਸਾਹਿਬ ਜੀ ਹੈ। ਅਕਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਪੰਜਾਬ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਤੇ ਮੈਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਪ੍ਰਚਾਰਦਾ ਰਹਿੰਦਾ ਹਾਂ' ਮੇਰੇ ਧੁਰ ਹਿਰਦੇ ਤਕ ਲਹਿ ਗਿਆ। ਇਕ ਸਿੱਖ ਮਾਂ ਦੀ ਕੁੱਖ ਵਿਚੋਂ ਜਨਮੇ ਕਾਂਸ਼ੀ ਰਾਮ ਦੇ ਮੂੰਹ ਵਿਚੋਂ ਨਿਕਲੇ ਲਫ਼ਜ਼ਾਂ ਕਾਰਨ ਮੈਨੂੰ ਪੂਰੇ ਭਾਰਤ ਵਿਚ ਖ਼ਾਲਸਈ ਨਿਸ਼ਾਨ ਝੂਲਦਾ ਹੋਇਆ ਪ੍ਰਤੀਤ ਹੋਣ ਲਗਿਆ। ਇਹ ਵਖਰੀ ਗੱਲ ਹੈ ਕਿ ਨਾ ਤਾਂ ਦਲਿਤ ਬਹੁਜਨ ਸਮਾਜ ਪਾਰਟੀ ਨੂੰ ਸੰਭਾਲ ਸਕੇ ਅਤੇ ਨਾ ਹੀ ਅਸੀ ਸਿੱਖ, ਕਾਂਸ਼ੀ ਰਾਮ ਨੂੰ।ਪੰਜਾਬ ਦੀ ਸਿਆਸਤ ਵਿਚ ਅਕਾਲੀ, ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਸਮੇਤ ਪੰਜਾਬ ਦੇ ਕਾਮਰੇਡਾਂ ਵਲੋਂ ਨਿਭਾਏ ਗਏ ਰੋਲ ਬਾਰੇ ਵੀ ਸਪੋਕਸਮੈਨ ਨੇ ਖੁੱਲ੍ਹ ਕੇ ਲਿਖਿਆ ਹੈ। ਸਿਆਸਤਦਾਨਾਂ ਬਾਰੇ ਛਪੇ ਲੇਖਾਂ ਦੇ ਮੇਰੇ ਵਿਚਾਰਾਂ ਨਾਲ ਮੇਲ ਖਾ ਜਾਣ ਕਾਰਨ ਵੀ ਮੇਰੀ ਸਪੋਕਸਮੈਨ ਨਾਲ ਦੋਸਤੀ ਹੋਰ ਪਕੇਰੀ ਹੋ ਗਈ।ਗੱਲ ਭਾਵੇਂ ਤਖ਼ਤਾਂ ਦੇ ਜਥੇਦਾਰਾਂ ਵਲੋਂ ਸਿਆਸੀ ਦਬਾਅ ਹੇਠ ਗ਼ਲਤ ਫ਼ੈਸਲੇ ਕਰਨ ਦੀ ਹੋਵੇ, ਅਕਾਲ ਤਖ਼ਤ ਦੇ ਜਥੇਦਾਰ ਵਲੋਂ ਦਾਹੜੀ ਬੰਨ੍ਹ ਕੇ ਗ਼ਲਤ ਪਛਾਣ ਅਤੇ ਗ਼ਲਤ ਪਤੇ ਤੇ ਮਹਿੰਗੇ ਭਾਅ ਪਲਾਟ ਖ਼ਰੀਦਣ ਦੀ ਹੋਵੇ, ਗੁਰੂ ਘਰਾਂ ਦੇ ਪ੍ਰਬੰਧ ਦੀ ਹੋਵੇ, ਸਿੱਖ ਇਤਿਹਾਸ ਨੂੰ ਤੋੜਨ-ਮਰੋੜਨ ਦੀ ਹੋਵੇ, ਚੁਰਾਸੀ ਦੇ ਕਤਲੇਆਮ ਦੀ ਹੋਵੇ, ਦਲਿਤਾਂ ਦੇ ਡੇਰੇਦਾਰਾਂ ਵਲੋਂ ਦਲਿਤ ਸਿੱਖਾਂ ਨੁੰ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ ਤੋਂ ਤੋੜਨ ਦੀ ਹੋਵੇ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀਆਂ ਦੀ ਹੋਵੇ, ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਤ ਕਰਨ ਦੀ ਹੋਵੇ, ਬਿਪਰਵਾਦੀ ਸੰਗਠਨਾਂ ਵਲੋਂ ਸਿੱਖੀ ਵਿਚੋਂ ਘੁਸਪੈਠ ਅਤੇ ਦਖ਼ਲਅੰਦਾਜ਼ੀ ਦੀ ਹੋਵੇ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦੀ ਹੋਵੇ, ਸਪੋਕਸਮੈਨ ਨੇ ਅਪਣਾ ਬਣਦਾ ਰੋਲ ਅਦਾ ਕਰਨ ਵਿਚ ਕਦੇ ਢਿਲ ਨਹੀਂ ਵਰਤੀ। 1 ਦਸੰਬਰ 2005 ਨੂੰ ਸਪੋਕਸਮੈਨ ਮੈਗਜ਼ੀਨ, ਰੋਜ਼ਾਨਾ ਸਪੋਕਸਮੈਨ ਦੇ ਰੂਪ ਵਿਚ ਛਪਣਾ ਸ਼ੁਰੂ ਹੋਇਆ। ਕਿਨ੍ਹਾਂ ਹਾਲਾਤ ਨਾਲ ਦੋ-ਚਾਰ ਹੁੰਦਾ ਹੋਇਆ ਇਹ ਅਖ਼ਬਾਰ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ। ਇਸ ਬਾਰੇ ਸਾਰੀ ਜਾਣਕਾਰੀ ਦਸੰਬਰ 2005 ਦੇ ਸਪੋਕਸਮੈਨ ਮੈਗਜ਼ੀਨ ਵਿਚ ਦਿਤੀ ਗਈ ਹੈ। ਅਖ਼ਬਾਰ ਬਣਨ ਦੇ ਨਾਲ ਹੀ ਮੈਨੂੰ ਮੇਰਾ ਮੰਚ ਮਿਲ ਗਿਆ ਅਤੇ ਮੈਂ ਸਪੋਕਸਮੈਨ ਲਈ ਲਿਖਣਾ ਸ਼ੁਰੂ ਕਰ ਦਿਤਾ। ਮੇਰਾ ਪਹਿਲਾ ਕਾਵਿ-ਵਿਅੰਗ 'ਕੀਤੀ ਗੱਲ ਪੁਗਾਤੀ ਸਾਰੀ' ਸਪੋਕਸਮੈਨ ਨੇ ਛਾਪਿਆ। ਉਸ ਤੋਂ ਬਾਅਦ ਚਲ ਸੋ ਚਲ। ਅਜਿਹਾ ਸਿਲਸਿਲਾ ਚਲਿਆ ਕਿ ਮੈਨੂੰ ਪਤਾ ਹੀ ਨਹੀਂ ਚਲਿਆ ਕਿ ਮੈਂ ਕਦੋਂ ਲੇਖਕ ਦੇ ਰੂਪ ਵਿਚ ਲੋਕਾਂ ਦੇ ਸਨਮੁਖ ਹੋ ਗਿਆ। ਮੇਰੇ ਸੈਂਕੜੇ ਹੀ ਵਿਅੰਗ, ਕਾਵਿ-ਵਿਅੰਗ ਕਾਲਮ ਵਿਚ ਛਪੇ। ਇਸ ਕਾਲਮ ਲਈ ਜਗਸੀਰ ਵਿਯੋਗੀ, ਜਗਦੀਸ਼ ਬਹਾਦਰਪੁਰੀ, ਤਰਲੋਚਨ ਸਿੰਘ ਦੁਪਾਲਪੁਰ ਸਮੇਤ ਬਹੁਤ ਸਾਰੇ ਲੇਖਕਾਂ ਨੇ ਆਪੋ-ਅਪਣਾ ਹਿੱਸਾ ਪਾਇਆ ਹੈ ਅਤੇ ਪਾ ਰਹੇ ਹਨ। ਗ਼ਰੀਬੀ ਰੇਖਾ ਤੋਂ ਹੇਠਾਂ ਤੋਂ ਇਕ ਅਧਿਆਪਕ ਬਣਨ ਤਕ ਦਾ ਸਫ਼ਰ ਮੈਂ ਕਿਵੇਂ ਤੈਅ ਕੀਤਾ ਹੈ, ਉਹ ਇਕ ਵਖਰੀ ਕਹਾਣੀ ਹੈ ਪਰ ਮੇਰੇ ਵਰਗੇ ਲਤਾੜੇ ਹੋਏ ਇਨਸਾਨ ਨੂੰ ਜੇਕਰ ਕਲਮ ਚੁੱਕ ਕੇ ਲਿਖਣ ਜੋਗਾ ਕੀਤਾ ਹੈ ਤਾਂ ਉਹ ਸਪੋਕਸਮੈਨ ਨੇ ਹੀ ਕੀਤਾ ਹੈ। ਇਸ ਲਈ ਮੈਂ ਅਪਣੀ ਕਲਮ ਨੂੰ ਸਪੋਕਸਮੈਨ ਲਈ ਰਾਖਵੀਂ ਕਰ ਲਿਆ ਹੈ। ਮੈਂ ਜੋ ਕੁੱਝ ਵੀ ਲਿਖਦਾ ਹਾਂ ਉਸ ਨੂੰ ਸੱਭ ਤੋਂ ਪਹਿਲਾਂ ਸਪੋਕਸਮੈਨ ਵਿਚ ਛਪਣ ਲਈ ਹੀ ਭੇਜਦਾ ਹਾਂ। ਸਪੋਕਸਮੈਨ ਵਿਚ ਛਪ ਜਾਣ ਤੋਂ ਬਾਅਦ ਮੇਰੀ ਹੋਰ ਕਿਤੇ ਛਪਣ ਦੀ ਚਾਹ ਨਹੀਂ ਨਹੀਂ ਰਹਿੰਦੀ ਤੇ ਮੈਂ ਸ਼ਾਂਤ ਹੋ ਜਾਂਦਾ ਹਾਂ। ਮੈਂ ਪੂਰੀ ਸਪੋਕਸਮੈਨ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਜਹੇ ਬੰਦੇ ਨੂੰ ਏਨਾ ਮਾਣ ਬਖ਼ਸ਼ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਹੈ। ਬੀਬੀ ਨਿਮਰਤ ਕੌਰ ਦੀਆਂ ਬੇਬਾਕ ਸੰਪਾਦਕੀਆਂ ਵਿਚੋਂ ਮੈਨੂੰ ਨਿਜੀ ਤੌਰ ਤੇ ਬਹੁਤ ਕੁੱਝ ਸਿਖਣ ਲਈ ਮਿਲਦਾ ਹੈ। 'ਸਚੁ ਸੁਣਾਇਸੀ ਸਚੁ ਕੀ ਬੇਲਾ' ਦੀ ਬਾਤ ਪਾਉਂਦੀਆਂ ਇਹ ਸੰਪਾਦਕੀਆਂ ਰੋਜ਼ ਕਿਸੇ ਨਵੀਂ ਕ੍ਰਾਂਤੀ ਨੂੰ ਜਨਮ ਦੇ ਰਹੀਆਂ ਹਨ। ਸੋ ਮੇਰੇ ਵਲੋਂ ਦੇਸ਼-ਵਿਦੇਸ਼ ਵਿਚ ਵਸਦੇ ਸਪੋਕਸਮੈਨ ਦੇ ਲੇਖਕਾਂ, ਪਾਠਕਾਂ ਅਤੇ ਸਪੋਕਸਮੈਨ ਪ੍ਰੇਮੀਆਂ ਨੂੰ ਸਪੋਕਸਮੈਨ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement