ਸਾਲਾਨਾ ਸਮਾਗਮ ਕਰਨ ਤੋਂ ਪਹਿਲਾਂ ਉੱਚਾ ਦਰ ਦਾ ਬਾਕੀ ਰਹਿੰਦਾ 10% ਕੰਮ ਪੂਰਾ ਕਰਨਾ ਚੰਗਾ ਨਹੀਂ ਰਹੇਗਾ?
Published : Apr 1, 2018, 4:07 am IST
Updated : Apr 1, 2018, 4:07 am IST
SHARE ARTICLE
Ucha Dar Baba Nanak
Ucha Dar Baba Nanak

ਆਖ਼ਰੀ ਹੱਲੇ ਨੂੰ ਸਫ਼ਲ ਬਣਾਉਣ ਲਈ ਡਟ ਜਾਈਏ ਤਾਕਿ ਮਹੀਨੇ ਡੇਢ ਮਹੀਨੇ ਮਗਰੋਂ ਅਸੀ ਸਾਲਾਨਾ ਸਮਾਗਮ ਵੀ ਬੁਲਾ ਸਕੀਏ

ਆਉ ਸਾਰੇ ਸੁਸਤੀ ਦਾ ਤਿਆਗ ਕਰੀਏ ਅਤੇ ਅੱਜ ਹੀ, ਨਹੀਂ ਨਹੀਂ ਹੁਣੇ ਹੀ, ਆਖ਼ਰੀ ਹੱਲੇ ਨੂੰ ਸਫ਼ਲ ਬਣਾਉਣ ਲਈ ਡਟ ਜਾਈਏ ਤਾਕਿ ਮਹੀਨੇ ਡੇਢ ਮਹੀਨੇ ਮਗਰੋਂ ਅਸੀ ਸਾਲਾਨਾ ਸਮਾਗਮ ਵੀ ਬੁਲਾ ਸਕੀਏ ਅਤੇ 'ਉੱਚਾ ਦਰ' ਵੀ ਅਗਲੇ ਕੁੱਝ ਮਹੀਨਿਆਂ ਵਿਚ ਚਾਲੂ ਕਰ ਸਕੀਏ। ਇਸ ਆਖ਼ਰੀ ਹੱਲੇ ਦੀ ਪੁਕਾਰ ਵਲ ਕੰਨ ਧਰਨ ਤੋਂ ਕੋਈ ਪਾਠਕ ਅਤੇ ਕੋਈ ਮੈਂਬਰ ਨਹੀਂ ਰਹਿ ਜਾਣਾ ਚਾਹੀਦਾ।

ਪਿਛਲੇ 8 ਸਾਲ ਅਸੀ ਸਾਲਾਨਾ ਸਮਾਗਮ ਇਸ ਲਈ ਨਹੀਂ ਸੀ ਰਖਿਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਪਹਿਲਾਂ ਅਸੀ 'ਉੱਚਾ ਦਰ ਬਾਬੇ ਨਾਨਕ ਦਾ' ਮੁਕੰਮਲ ਕਰ ਲਈਏ ਅਤੇ ਫਿਰ ਪਾਠਕਾਂ ਨੂੰ ਸਾਲਾਨਾ ਸਮਾਗਮ ਵਿਚ ਸੱਦ ਕੇ ਇਹ ਅਜੂਬਾ ਸਾਰੇ ਗ਼ਰੀਬਾਂ ਤੇ ਲੋੜਵੰਦਾਂ ਨੂੰ ਸਮਰਪਿਤ ਕਰ ਦਈਏ। ਹੁਣ ਜਦ ਥੋੜਾ ਜਿਹਾ ਅਥਵਾ 10% ਕੰਮ ਕਰਨਾ ਹੀ ਬਾਕੀ ਰਹਿ ਗਿਆ ਹੈ ਤਾਂ ਮੇਰੀ ਨਜ਼ਰ ਵਿਚ ਜ਼ਿਆਦਾ ਚੰਗਾ ਇਹੀ ਰਹੇਗਾ ਕਿ ਅਸੀ ਸਾਲਾਨਾ ਸਮਾਗਮ, ਅਪਣੀ 10 ਸਾਲ ਦੀ ਮਿਹਨਤ ਦਾ ਵਧੀਆ ਨਮੂਨਾ ਬਣਾ ਕੇ ਹੀ ਕਰੀਏ।ਪਰ ਕੁੱਝ ਸਾਥੀਆਂ ਦਾ ਖ਼ਿਆਲ ਸੀ ਕਿ ਬਾਬਾ ਨਾਨਕ ਜੀ ਦੇ ਅਸਲੀ ਜਨਮ ਦਿਨ (15 ਅਪ੍ਰੈਲ) ਨੂੰ ਇਸੇ ਸਾਲ ਸਾਲਾਨਾ ਸਮਾਗਮ ਜ਼ਰੂਰ ਰਖ ਦਈਏ ਤੇ ਇਸ ਵੇਲੇ 'ਉੱਚਾ ਦਰ' ਜਿਸ ਹਾਲ ਵਿਚ ਵੀ ਹੈ, ਪਾਠਕਾਂ ਤੇ ਬਾਬੇ ਨਾਨਕ ਦੇ ਸ਼ਰਧਾਲੂਆਂ ਨੂੰ ਭੇਂਟ ਕਰ ਦਈਏ। ਮੈਂ ਉਨ੍ਹਾਂ ਨਾਲ ਸਹਿਮਤ ਨਾ ਹੁੰਦਾ ਹੋਇਆ ਵੀ, ਸਾਥੀਆਂ ਦੀ ਗੱਲ ਮੰਨਣ ਲਈ ਮਜਬੂਰ ਹੋ ਗਿਆ ਪਰ ਦਿਲ ਮੇਰਾ ਇਹੀ ਕਰਦਾ ਸੀ ਕਿ ਏਨੀ ਇੰਤਜ਼ਾਰ ਕਰਵਾ ਚੁੱਕਣ ਮਗਰੋਂ, ਹੁਣ ਮਿਹਨਤ ਦਾ ਕੱਚਾ ਫੱਲ ਪਾਠਕਾਂ ਅੱਗੇ ਪੇਸ਼ ਨਾ ਕੀਤਾ ਜਾਵੇ ਤੇ ਪੂਰਾ ਪੱਕ ਲੈਣ ਮਗਰੋਂ, ਜਦੋਂ ਰਸ ਟਪਕਣ ਵਾਲਾ ਹੋ ਜਾਏ ਤਾਂ ਉਦੋਂ ਹੀ ਪਾਠਕਾਂ ਨੂੰ ਵੱਡੀ ਗਿਣਤੀ ਵਿਚ ਆਉਣ ਦਾ ਸੱਦਾ ਦਿਤਾ ਜਾਏ ਤੇ ਖ਼ੁਸ਼ੀ ਮਨਾਉਣ ਦਾ ਬਹੁਤ ਵੱਡਾ ਅਨੰਦਮਈ ਪ੍ਰੋਗਰਾਮ ਰਖਿਆ ਜਾਵੇ। ਉਂਜ ਆਪ ਜਾਣਦੇ ਹੀ ਹੋ, ਕੱਚੇ ਅਤੇ ਪੱਕੇ ਫੱਲ ਵਿਚ ਫ਼ਰਕ ਸਿਰਫ਼ ਕੁੱਝ ਦਿਨਾਂ ਦਾ ਹੀ ਹੁੰਦਾ ਹੈ। ਉਹੀ ਫੱਲ ਜੋ ਅੱਜ ਕੱਚਾ ਹੋਣ ਕਰ ਕੇ ਖੱਟਾ ਜਾਂ ਫਿੱਕਾ ਲਗਦਾ ਹੈ, ਮਹੀਨੇ ਸਵਾ ਮਹੀਨੇ ਮਗਰੋਂ ਭਰਪੂਰ ਰੱਸ ਵਾਲਾ ਤੇ ਬੇਹੱਦ ਮਿੱਠਾ ਬਣ ਜਾਂਦਾ ਹੈ। ਇਹ ਕੱਚੇ ਤੋਂ ਪੱਕਾ ਬਣਨ ਦਾ ਸਮਾਂ ਸਬਰ ਸੰਤੋਖ ਨਾਲ ਉਡੀਕ ਕਰਨ ਦਾ ਸਮਾਂ ਹੁੰਦਾ ਹੈ। ਜਿਹੜਾ ਸਬਰ ਕਰ ਲਵੇ, ਉਸ ਦਾ ਫੱਲ ਉਸ ਨੂੰ ਮਿੱਠਾ ਹੋ ਕੇ ਮਿਲਦਾ ਹੈ ਪਰ ਗੁਲੇਲਾਂ ਤੇ ਪੱਥਰ ਚੁੱਕੀ ਜਿਹੜੇ ਮੁੰਡੇ ਖੁੰਡੇ, ਸਬਰ ਦਾ ਪੱਲਾ ਛੱਡ ਦੇਂਦੇ ਹਨ ਤੇ ਗੁਲੇਲਾਂ ਤੇ ਢੀਮਾਂ ਮਾਰ ਕੇ ਕੱਚਾ ਫੱਲ ਤੋੜ ਲੈਂਦੇ ਹਨ, ਉਨ੍ਹਾਂ ਦੇ ਪੱਲੇ ਖੱਟਾ ਟੀਟ ਫੱਲ ਹੀ ਆਉਂਦਾ ਹੈ ਜੋ ਲਾਭ ਪਹੁੰਚਾਉਣ ਦੀ ਬਜਾਏ, ਬੀਮਾਰ ਵੀ ਕਰ ਦੇਂਦਾ ਹੈ। ਸੋ ਤੁਸੀ ਵੀ 'ਕੱਚਾ ਅਜੂਬਾ' ਦੁਨੀਆਂ ਅੱਗੇ ਰੱਖਣ ਦੀ ਬਜਾਏ ਪੂਰੀ ਤਰ੍ਹਾਂ ਤਿਆਰ ਤੇ ਮਿੱਠੇ ਰਸ ਨਾਲ ਭਰਪੂਰ 'ਉੱਚਾ ਦਰ' ਦੁਨੀਆਂ ਸਾਹਮਣੇ ਰੱਖੋ ਤੇ ਅਜਿਹਾ ਕਰਨ ਲਈ ਓਨਾ ਹੀ ਸਮਾਂ ਲਉ ਜਿੰਨਾ ਕੱਚੀ ਅੰਬੀ ਨੂੰ ਪੱਕੇ ਅੰਬ ਵਿਚ ਤਬਦੀਲ ਕਰਨ ਵਿਚ ਲਗਦਾ ਹੈ ਅਰਥਾਤ ਮਹੀਨਾ ਸਵਾ ਮਹੀਨਾ। ਏਨਾ ਕੁ ਸਮਾਂ ਲੈ ਕੇ ਜੇ 'ਉੱਚਾ ਦਰ' ਦੇ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੇ ਟਰੱਸਟੀ ਵਧੀਆ ਪਕਿਆ ਹੋਇਆ ਚਮਕਦਾਰ ਰੰਗ ਵਾਲਾ ਫੱਲ ਦੁਨੀਆਂ ਸਾਹਮਣੇ ਪੇਸ਼ ਕਰ ਸਕਣ ਤਾਂ ਦੁਨੀਆਂ ਭੁਲ ਜਾਏਗੀ ਕਿ ਇਹ ਫੱਲ ਕੁੱਝ ਸਮਾਂ ਪਹਿਲਾਂ ਖੱਟੀ ਅੰਬੀ ਵਰਗਾ ਵੀ ਹੁੰਦਾ ਸੀ।

ਨਵੀਂ ਤਰੀਕ ਬਹੁਤੀ ਅੱਗੇ ਨਾ ਪਾਉ
ਜਿਥੇ ਮੈਂ ਇਹ ਨਹੀਂ ਚਾਹੁੰਦਾ ਕਿ ਕਮੀਆਂ ਵਾਲਾ ਅਰਥਾਤ 'ਉੱਚੇ ਦਰ' ਦਾ ਕੱਚੇ ਰੂਪ ਵਾਲਾ ਫੱਲ ਦੁਨੀਆਂ ਨੂੰ ਪੇਸ਼ ਕੀਤਾ ਜਾਏ, ਉਥੇ ਮੈਂ ਇਹ ਵੀ ਨਹੀਂ ਚਾਹਾਂਗਾ ਕਿ ਇਸ ਦੇ ਪੱਕਣ ਲਈ ਮਹੀਨੇ ਡੇਢ ਤੋਂ ਵੱਧ ਸਮਾਂ ਤੁਸੀ ਦੁਨੀਆਂ ਕੋਲੋਂ ਮੰਗੋ ਕਿਉਂਕਿ ਫਿਰ ਉਹ ਤੁਹਾਡੀ ਸਮਰੱਥਾ ਉਤੇ ਸ਼ੱਕ ਵੀ ਕਰਨ ਲੱਗ ਜਾਏਗੀ। 'ਉੱਚਾ ਦਰ' ਦੀ ਕੱਚੀ ਅੰਬੀ ਨੂੰ ਪੱਕੇ ਹੋਏ ਫੱਲ ਵਿਚ ਬਦਲਣ ਲਈ ਸਿਰਫ਼ ਪੈਸੇ ਦੀ ਹੀ ਤਾਂ 10% ਕਮੀ ਰਹਿ ਗਈ ਹੈ। 90% ਪੈਸਾ ਤਾਂ ਲੱਗ ਹੀ ਚੁੱਕਾ ਹੈ। ਬਾਕੀ ਦਾ 10% ਪੈਸਾ ਕੌਣ ਦੇਵੇਗਾ? ਕਿਸੇ ਅਮੀਰ, ਵਜ਼ੀਰ, ਬੈਂਕ ਜਾਂ ਸਰਕਾਰ ਵਲ ਨਾ ਵੇਖੋ, ਪਹਿਲਾਂ ਵੀ ਸਾਰਾ ਕੰਮ ਅਸੀ ਤੁਸੀ ਆਪ ਹੀ ਔਖੇ ਹੋ ਕੇ ਕੀਤਾ ਹੈ ਤੇ ਇਹ ਬਾਕੀ ਦਾ 10% ਕੰਮ ਵੀ ਸਾਨੂੰ ਆਪ ਹੀ ਕਰਨਾ ਪਵੇਗਾ।
ਉੱਚਾ ਦਰ ਦੇ ਮੈਂਬਰ ਜ਼ਿੰਮੇਵਾਰੀ ਲੈਣ
ਮੈਂ ਕਹਿਣਾ ਚਾਹਾਂਗਾ ਕਿ 'ਉੱਚਾ ਦਰ' ਦੀ ਜਾਇਦਾਦ ਦੇ ਅਸਲ ਮਾਲਕਾਂ ਅਥਵਾ ਸਾਰੇ ਮੈਂਬਰਾਂ ਨੂੰ ਇਹ ਜ਼ਿੰਮੇਵਾਰੀ ਅਪਣੇ ਉਤੇ ਲੈ ਲੈਣੀ ਚਾਹੀਦੀ ਹੈ। ਇਸ ਵੇਲੇ 'ਉੱਚਾ ਦਰ ਬਾਬੇ ਨਾਨਕ ਦਾ' ਦੇ 2000 ਲਾਈਫ਼, ਸਰਪ੍ਰਸਤ ਅਤੇ ਮੁੱਖ ਸਰਪ੍ਰਸਤ ਮੈਂਬਰ ਹਨ। ਪਹਿਲੇ ਦਿਨ ਹੀ ਅਸੀ ਇਹ ਐਲਾਨ ਤਾਂ ਕਰ ਹੀ ਦਿਤਾ ਸੀ ਕਿ 'ਉੱਚਾ ਦਰ' ਦੇ ਕੁਲ 10 ਹਜ਼ਾਰ ਮੈਂਬਰ ਲਏ ਜਾਣੇ ਹਨ, ਉਸ ਮਗਰੋਂ ਮੈਂਬਰਸ਼ਿਪ ਬੰਦ ਕਰ ਦਿਤੀ ਜਾਵੇਗੀ। ਉੱਚਾ ਦਰ ਸ਼ੁਰੂ ਹੋਣ ਮਗਰੋਂ ਹੁਣ ਦੇ ਮੁਕਾਬਲੇ ਦੁਗਣੇ ਦਰਾਂ ਉਤੇ ਮੈਂਬਰਸ਼ਿਪ ਦਿਤੀ ਜਾਏਗੀ ਤਾਕਿ ਟੀ.ਵੀ. ਚੈਨਲ ਜੋਗਾ ਵੀ ਖ਼ਰਚਾ ਅਪਣੇ ਅੰਦਰੋਂ ਹੀ ਪੈਦਾ ਕਰ ਸਕੀਏ। 

ਟੀ.ਵੀ. ਚੈਨਲ ਲਈ ਕੁੱਝ ਨਹੀਂ ਮੰਗਣਾ
ਹੁਣ ਆਈਏ 'ਉੱਚਾ ਦਰ' ਨੂੰ ਮੁਕੰਮਲ ਕਰਨ ਲਈ ਲੋੜੀਂਦੇ 10 ਫ਼ੀ ਸਦੀ ਪੈਸਿਆਂ ਦੀ। ਸਾਰੇ 2000 ਮੈਂਬਰ, ਜਿਨ੍ਹਾਂ ਨੂੰ 'ਉੱਚਾ ਦਰ' ਦੀ ਜਾਇਦਾਦ ਦੀ ਮਾਲਕੀ ਸੌਂਪ ਦਿਤੀ ਗਈ ਹੈ, ਮੈਂ ਚਾਹਾਂਗਾ ਕਿ ਜੇ ਉਹ ਸਾਰੇ ਹੀ ਬਾਬੇ ਨਾਨਕ ਦੇ ਇਸ ਕੰਮ ਨੂੰ ਸੰਪੂਰਨ ਕਰਨ ਲਈ ਅੰਤਮ ਪੜਾਅ ਵਿਚ 50-50 ਹਜ਼ਾਰ ਜਾਂ ਇਕ ਇਕ ਲੱਖ ਦੀ ਮਦਦ ਹੀ ਦੇ ਦੇਣ ਦੀ ਸਹੁੰ ਚੁਕ ਲੈਣ ਤਾਂ ਇਕ ਡੇਢ ਮਹੀਨੇ ਵਿਚ ਹੀ ਅਸੀ ਸਾਲਾਨਾ ਸਮਾਗਮ ਦੀਆਂ ਨਵੀਆਂ ਤਰੀਕਾਂ ਰੱਖ ਸਕਦੇ ਹਾਂ। ਗਰਮੀ ਤੋਂ ਡਰਨ ਦੀ ਲੋੜ ਨਹੀਂ, ਹੁਣ ਅਸੀ ਸਾਰੇ ਪ੍ਰਬੰਧ ਕਰਨ ਦੀ ਹਾਲਤ ਦੇ ਨੇੜੇ ਪੁਜ ਚੁੱਕੇ ਹਾਂ। ਪਰ ਸ਼ਰਤ ਇਹੀ ਹੈ ਕਿ ਸਾਰੇ ਮਾਲਕ ਅਥਵਾ ਮੈਂਬਰ ਅਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਢਿੱਲ ਮੱਠ ਨਾ ਵਿਖਾਉਣ ਸਗੋਂ ਅੱਜ ਹੀ ਔਖੇ ਹੋ ਕੇ ਜਾਂ ਸੌਖੇ ਹੋ ਕੇ, ਬਾਬੇ ਨਾਨਕ ਪ੍ਰਤੀ ਅਪਣੀ ਜ਼ਿੰਮੇਵਾਰੀ ਪੂਰੀ ਕਰ ਦੇਣ। ਹੁਣ ਮਾਲਕ ਤੁਸੀ ਹੋ ਅਤੇ ਜਿੰਨੀ ਫੁਰਤੀ ਤੁਸੀ ਵਿਖਾਉਗੇ, ਓਨਾ ਹੀ ਛੇਤੀ ਇਹ ਕੰਮ ਪੂਰਾ ਹੋ ਜਾਵੇਗਾ ਅਤੇ ਟੀ.ਵੀ. ਚੈਨਲ ਸ਼ੁਰੂ ਕਰਨ ਦਾ ਕੰਮ ਹੱਥਾਂ ਵਿਚ ਲਿਆ ਜਾ ਸਕੇਗਾ। ਟੀ.ਵੀ. ਚੈਨਲ ਲਈ ਪੈਸੇ ਦੀ ਮੰਗ ਬਿਲਕੁਲ ਨਹੀਂ ਕੀਤੀ ਜਾਵੇਗੀ ਅਤੇ 2000 ਮੈਂਬਰਾਂ ਦਾ ਕੋਟਾ ਵਧਾ ਕੇ 10 ਹਜ਼ਾਰ ਤਕ ਲਿਜਾ ਕੇ, ਟੀ.ਵੀ. ਚੈਨਲ ਅਤੇ ਪ੍ਰਕਾਸ਼ਨ ਘਰ ਦਾ ਸਾਰਾ ਖ਼ਰਚਾ, 8000 ਨਵੇਂ ਮੈਂਬਰ ਬਣਾ ਕੇ ਹੀ ਪੂਰਾ ਕਰ ਲਿਆ ਜਾਏਗਾ। ਇਸ ਵੇਲੇ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਤਰਲੇ ਕਰ ਰਿਹਾ ਹੈ ਕਿ 'ਉੱਚਾ ਦਰ' ਦੇ ਮੈਂਬਰ (ਰਿਆਇਤੀ ਦਰਾਂ ਤੇ) ਬਣ ਜਾਉ ਪਰ ਬਹੁਤ ਘੱਟ ਲੋਕ ਇਸ ਵੇਲੇ ਇਹ ਤਰਲਾ ਸੁਣ ਕੇ ਮੈਂਬਰ ਬਣਦੇ ਹਨ ਜਦਕਿ 'ਉੱਚਾ ਦਰ' ਚਾਲੂ ਹੋ ਗਿਆ ਤਾਂ ਦੁਗਣੇ ਪੈਸੇ ਦੇ ਕੇ ਲੋਕ ਹੱਸ ਹੱਸ ਕੇ 'ਉੱਚਾ ਦਰ' ਦੀ ਮੈਂਬਰਸ਼ਿਪ ਲੈਣਾ ਚਾਹੁਣਗੇ। ਮੈਂਬਰਾਂ ਨੂੰ ਫ਼ਾਇਦੇ ਹੀ ਬਹੁਤ ਹੋਣੇ ਹਨ ਜੋ ਮੈਂਬਰ ਨਾ ਬਣਨ ਵਾਲਿਆਂ ਨੂੰ ਨਹੀਂ ਮਿਲ ਸਕਣਗੇ। ਜਿਹੜੇ ਹੁਣ ਤਕ ਮੈਂਬਰ ਬਣ ਚੁੱਕੇ ਹਨ, ਉਹ ਜ਼ਰੂਰੀ ਨਹੀਂ ਕਿ ਅਪਣੇ ਕੋਲੋਂ ਹੀ 50 ਹਜ਼ਾਰ ਤੋਂ ਲੈ ਕੇ ਇਕ ਲੱਖ ਤਕ ਦੀ ਮਦਦ ਦੇਣ। ਉਹ ਹਿੰਮਤ ਕਰਨ ਤਾਂ ਇਕ ਦੋ ਨਜ਼ਦੀਕੀਆਂ ਨੂੰ ਮੈਂਬਰ ਬਣਾ ਕੇ ਵੀ ਅਪਣੀ ਜ਼ਿੰਮੇਵਾਰੀ ਪੂਰੀ ਕਰ ਸਕਦੇ ਹਨ। ਅਪਣੇ ਕੋਲੋਂ ਪੈਸੇ ਭੇਜ ਕੇ, ਉਨ੍ਹਾਂ ਕੋਲੋਂ ਮਗਰੋਂ ਵੀ ਲੈ ਸਕਦੇ ਹਨ।
ਸਾਰੇ ਨਹੀਂ ਦੇ ਸਕਦੇਪਰ ਮੁਸ਼ਕਲ ਉਦੋਂ ਬਣਦੀ ਹੈ ਜਦੋਂ 2000 ਮੈਂਬਰਾਂ 'ਚੋਂ ਕਈ ਪਾਠਕ ਸਚਮੁਚ ਹੀ ਆਰਥਕ ਪੱਖੋਂ 'ਭਾਈ ਲਾਲੋ' ਵਾਂਗ ਕੋਧਰੇ ਦੀ ਰੋਟੀ ਖਾਣ ਵਾਲੇ ਹੀ ਹੁੰਦੇ ਹਨ ਤੇ ਉਨ੍ਹਾਂ ਕੋਲ ਸਚਮੁਚ ਹੀ ਦੇਣ ਜੋਗਾ ਪੈਸਾ ਕੋਈ ਨਹੀਂ ਹੁੰਦਾ। ਦੂਜਾ, ਬਹੁਤੇ ਚੰਗੇ ਤੇ ਸ਼ਰਧਾਵਾਨ ਪ੍ਰਵਾਰਾਂ ਨੇ ਘਰ ਦੇ ਚਾਰ-ਪੰਜ ਜੀਅ ਹੀ ਮੈਂਬਰ ਬਣਾਏ ਹੋਏ ਹੁੰਦੇ ਹਨ (ਪਤੀ, ਪਤਨੀ, ਬੇਟਾ, ਬੇਟੀ, ਜਵਾਈ, ਨੂੰਹ ਆਦਿ)। ਉਹ ਕਹਿੰਦੇ ਹਨ, ਇਕੋ ਘਰ ਦੇ ਸਾਰੇ ਜੀਆਂ ਨੂੰ ਹੋਰ 50-50 ਹਜ਼ਾਰ ਇਕ ਇਕ ਲੱਖ ਦੀ ਮਦਦ ਦੇਣ ਲਈ ਨਾ ਕਿਹਾ ਜਾਏ। ਅਜਿਹਾ ਕਹਿਣ ਵਾਲੇ ਕਾਫ਼ੀ ਪ੍ਰਵਾਰ ਹਨ ਭਾਵੇਂ ਕਿ ਕੁੱਝ ਅਜਿਹੇ ਵੀ ਹਨ ਜਿਨ੍ਹਾਂ ਨੇ ਜਦੋਂ ਅਸੀ 10-10 ਹਜ਼ਾਰ ਹਰ ਪਾਠਕ ਨੂੰ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ 10-10 ਹਜ਼ਾਰ ਸਾਰੇ ਜੀਆਂ ਵਲੋਂ ਹੀ ਭੇਜ ਦਿਤੇ।

ਬਾਬੇ ਨਾਨਕ ਦੇ ਨਾਂ ਤੇ ਵੱਡੀਆਂ ਰਕਮਾਂ ਦੇ ਸਕਣ ਵਾਲੇ ਵੀ ਭਾਈ ਲਾਲੋਆਂ ਦਾ ਹਿੱਸਾ ਅਪਣੇ ਕੋਲੋਂ ਦੇਣ ਲਈ ਤਿਆਰ ਰਹਿਣ
ਖ਼ੈਰ, ਕੁਲ ਮਿਲਾ ਕੇ, 2000 ਮੈਂਬਰਾਂ 'ਚੋਂ ਵੀ ਵੱਧ ਤੋਂ ਵੱਧ 500 ਮੈਂਬਰਾਂ ਕੋਲੋਂ ਹੀ 50-50 ਹਜ਼ਾਰ ਦੀ ਮਦਦ ਦੀ ਆਸ ਕੀਤੀ ਜਾ ਸਕਦੀ ਹੈ ਅਰਥਾਤ ਚੌਥਾ ਹਿੱਸੇ ਤੋਂ ਵੱਧ ਰਕਮ ਦੀ ਪ੍ਰਾਪਤੀ ਨਹੀਂ ਹੋ ਸਕੇਗੀ। ਇਸ ਲਈ ਮੇਰੀ ਬੇਨਤੀ ਹੈ ਕਿ ਬਾਕੀ ਪਾਠਕਾਂ 'ਚੋਂ ਜਾਂ ਮੈਂਬਰਾਂ 'ਚੋਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਸਮਰੱਥਾ ਬਖ਼ਸ਼ੀ ਹੋਈ ਹੈ, ਉਹ ਬਾਬੇ ਨਾਨਕ ਦੇ ਨਾਂ ਤੇ ਇਕ ਲੱਖ, ਦੋ ਲੱਖ, ਪੰਜ ਲੱਖ ਜੋ ਵੀ ਦੇ ਸਕਦੇ ਹਨ, ਉਨ੍ਹਾਂ ਨੂੰ ਬਿਨਾਂ ਆਖੇ ਆਪ ਵੀ ਇਸ ਅੰਤਮ ਹੱਲੇ ਨੂੰ ਕਾਮਯਾਬ ਕਰਨ ਲਈ ਜ਼ਰੂਰ ਦਿਲ ਖੋਲ੍ਹ ਕੇ ਅੱਗੇ ਜਾਣਾ ਚਾਹੀਦਾ ਹੈ। ਜੋ ਵੀ ਦੇਣਾ ਹੈ, ਸਿਰਫ਼ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਨੂੰ ਦੇਣਾ ਹੈ, ਕਿਸੇ ਹੋਰ ਨੂੰ ਨਹੀਂ। ਆਉ ਸਾਰੇ ਸੁਸਤੀ ਦਾ ਤਿਆਗ ਕਰੀਏ ਅਤੇ ਅੱਜ ਹੀ, ਨਹੀਂ ਨਹੀਂ ਹੁਣੇ ਹੀ, ਆਖ਼ਰੀ ਹੱਲੇ ਨੂੰ ਸਫ਼ਲ ਬਣਾਉਣ ਲਈ ਡਟ ਜਾਈਏ ਤਾਕਿ ਮਹੀਨੇ ਡੇਢ ਮਹੀਨੇ ਮਗਰੋਂ ਅਸੀ ਸਾਲਾਨਾ ਸਮਾਗਮ ਵੀ ਬੁਲਾ ਸਕੀਏ ਅਤੇ 'ਉੱਚਾ ਦਰ' ਵੀ ਅਗਲੇ ਕੁੱਝ ਮਹੀਨਿਆਂ ਵਿਚ ਚਾਲੂ ਕਰ ਸਕੀਏ। ਇਸ ਆਖ਼ਰੀ ਹੱਲੇ ਦੀ ਪੁਕਾਰ ਵਲ ਕੰਨ ਧਰਨ ਤੋਂ ਕੋਈ ਪਾਠਕ ਅਤੇ ਕੋਈ ਮੈਂਬਰ ਨਹੀਂ ਰਹਿ ਜਾਣਾ ਚਾਹੀਦਾ।

ਸਾਲਾਨਾ ਸਮਾਗਮ ਇਕ ਦੋ ਮਹੀਨੇ ਲਈ ਅੱਗੇ ਪਾ ਦਿਤਾ ਹੈ ਪਰ 15 ਨੂੰ ਜਨਮ ਪੁਰਬ ਜ਼ਰੂਰ ਮਨਾਵਾਂਗੇ 
15 ਅਪ੍ਰੈਲ ਨੂੰ ਹੁਣ ਵੱਡਾ ਸਾਲਾਨਾ ਸਮਾਗਮ ਤਾਂ ਨਹੀਂ ਹੋਵੇਗਾ ਤੇ ਉਹ ਤਾਂ ਇਕ ਦੋ ਮਹੀਨੇ ਲਈ ਅੱਗੇ ਪਾ ਦਿਤਾ ਗਿਆ ਹੈ ਪਰ 15 ਅਪ੍ਰੈਲ ਵਾਲਾ ਬਾਬੇ ਨਾਨਕ ਦਾ ਜਨਮ-ਪੁਰਬ ਜ਼ਰੂਰ ਮਨਾਇਆ ਜਾਵੇਗਾ। ਭਾਈ ਲਾਲੋ ਦੀ ਕੋਠੜੀ ਵਿਚੋਂ ਇਤਿਹਾਸ ਵਿਚ ਪਹਿਲੀ ਵਾਰ, ਕੋਧਰੀ ਦੀ ਰੋਟੀ ਦਾ ਪ੍ਰਸ਼ਾਦ ਹਰ ਕਿਸੇ ਨੂੰ ਵਰਤਾਇਆ ਜਾਏਗਾ। ਇਹ ਕੋਧਰੇ ਦੀ ਰੋਟੀ, ਬਾਬੇ ਨਾਨਕ ਨੇ ਭਾਈ ਲਾਲੋ ਦੇ ਘਰ ਬੜੇ ਸਵਾਦ ਨਾਲ ਖਾਧੀ ਸੀ ਤੇ ਐਮਨਾਬਾਦ ਦੇ ਮਲਕ ਭਾਗੋ ਦੇ ਛੱਤੀ ਪਦਾਰਥ ਠੁਕਰਾ ਦਿਤੇ ਸਨ। ਉੱਚਾ ਦਰ ਸ਼ੁਰੂ ਹੋਣ ਮਗਰੋਂ, ਹਰ ਯਾਤਰੀ ਨੂੰ ਹਰ ਰੋਜ਼ ਕੋਧਰੇ ਦੀ ਰੋਟੀ ਦਾ ਪ੍ਰਸ਼ਾਦ ਦਿਤਾ ਜਾਇਆ ਕਰੇਗਾ। ਪਾਠਕ ਵੱਧ ਤੋਂ ਵੱਧ ਗਿਣਤੀ ਵਿਚ, ਇਤਿਹਾਸ ਵਿਚ ਪਹਿਲੀ ਵਾਰ, ਭਾਈ ਲਾਲੋ ਦੀ ਬਗ਼ੀਚੀ ਵਿਚ ਹੋ ਰਹੇ ਇਸ ਨਿਵੇਕਲੇ ਸਮਾਗਮ ਵਿਚ ਸ਼ਾਮਲ ਹੋ ਕੇ ਅਨੰਦ ਪ੍ਰਾਪਤ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement