
ਹੁਣ ਇਹ 'ਨਾਨਕ ਸ਼ਤਾਬਦੀ' ਨਹੀਂ ਲਗਦੀ ਸਗੋਂ ''ਲੀਡਰਾਂ ਦੀ ਸ਼ਤਾਬਦੀ, ਲੀਡਰਾਂ ਵਾਸਤੇ ਸ਼ਤਾਬਦੀ ਅਤੇ ਲੀਡਰਾਂ ਦੇ ਹੰਕਾਰ ਦੀ ਸ਼ਤਾਬਦੀ'' ਬਣ ਕੇ ਰਹਿ ਗਈ ਹੈ।
ਚਲੋ ਆ ਰਹੇ ਨੇ ਤਾਂ ਉਨ੍ਹਾਂ ਦਾ ਕੋਈ ਭਾਈਵਾਲ ਉਨ੍ਹਾਂ ਨੂੰ ਇਹ ਆਖਣ ਦੀ ਜੁਰਅਤ ਵੀ ਕਰੇਗਾ ਕਿ ਵਿਦੇਸ਼ੀ ਸਰਕਾਰ ਨੇ ਤਾਂ ਨਾਨਕ ਦਾ ਗੁਰਦਵਾਰਾ ਦੇ ਦਿਤੈ, ਅਪਣੀ ਸਰਕਾਰ ਨਾਨਕ ਦਾ 'ਗਿਆਨ ਗੋਦੜੀ' ਗੁਰਦਵਾਰਾ ਦੇਣ ਦਾ ਵੀ ਲਗਦੇ ਹੱਥੀਂ ਐਲਾਨ ਕਰ ਦੇਵੇ ਚਾ। ਚੰਡੀਗੜ੍ਹ ਤੇ ਪੰਜਾਬ ਦੇ ਖੋਹੇ ਪਾਣੀ ਦੇਣ ਵਿਚ ਵੀ ਕੀ ਹਰਜ ਹੈ ਭਲਾ?
ਬਾਬੇ ਨਾਨਕ ਦੀ 6ਵੀਂ ਅਰਧ ਸ਼ਤਾਬਦੀ ਅੱਜ ਪੂਰੀ ਤਰ੍ਹਾਂ ਸਿਆਸੀ ਲੋਕਾਂ ਦੀ ਮੁੱਠੀ ਵਿਚ ਬੰਦ ਹੋ ਚੁੱਕੀ ਹੈ। ਹੁਣ ਇਹ 'ਨਾਨਕ ਸ਼ਤਾਬਦੀ' ਨਹੀਂ ਲਗਦੀ ਸਗੋਂ ''ਲੀਡਰਾਂ ਦੀ ਸ਼ਤਾਬਦੀ, ਲੀਡਰਾਂ ਵਾਸਤੇ ਸ਼ਤਾਬਦੀ ਅਤੇ ਲੀਡਰਾਂ ਦੇ ਹੰਕਾਰ ਦੀ ਸ਼ਤਾਬਦੀ'' ਬਣ ਕੇ ਰਹਿ ਗਈ ਹੈ। ਇਨ੍ਹਾਂ ਸ਼ਤਾਬਦੀ ਸਮਾਰੋਹਾਂ ਦੇ ਮੁੱਖ ਐਕਟਰਾਂ ਦਾ ਧਿਆਨ ਅਪਣੇ ਤੋਂ ਵੱਡੇ ਲੀਡਰਾਂ ਵਲ ਹੀ ਲੱਗਾ ਰਹਿੰਦਾ ਹੈ, ਬਾਬੇ ਨਾਨਕ ਵਲ ਨਹੀਂ। ਵੇਖੋ ਮਿਸਾਲਾਂ:
Harsimrat Kaur Badal
- ਮੇਰਾ ਨਾਮ ਉਸ ਸੂਚੀ 'ਚੋਂ ਕੱਢ ਦਿਉ ਜਿਹੜੀ ਅਮਰਿੰਦਰ ਸਿੰਘ ਨਾਲ ਕਰਤਾਰਪੁਰ ਜਾ ਰਹੀ ਹੈ। ਮੈਂ ਨਹੀਂ ਉਸ ਨਾਲ ਜਾਣਾ। ਮੈਂ ਤਾਂ ਪ੍ਰਧਾਨ ਮੰਤਰੀ ਵਲੋਂ ਭੇਜੀ ਜਾਣ ਵਾਲੀ ਟੋਲੀ ਵਿਚ ਜਾਵਾਂਗੀ - ਹਰਸਿਮਰਤ ਕੌਰ ਬਾਦਲ
- ਪ੍ਰਧਾਨ ਮੰਤਰੀ ਸ਼੍ਰੋਮਣੀ ਕਮੇਟੀ ਦੀ ਸਟੇਜ ਤੇ ਪਧਾਰਨਗੇ ਤੇ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਨਾਲ ਸਟੇਜ 'ਤੇ ਬੈਠਣਗੇ - ਇਕ ਖ਼ਬਰ
- ਨਹੀਂ ਪ੍ਰਧਾਨ ਮੰਤਰੀ ਪੰਜਾਬ ਸਰਕਾਰ ਦੀ ਸਟੇਜ ਤੋਂ ਭਾਸ਼ਨ ਦੇਣਗੇ ਤੇ ਕੋਈ ਅਕਾਲੀ ਸਟੇਜ 'ਤੇ ਨਹੀਂ ਬੈਠੇਗਾ - ਇਕ ਹੋਰ ਖ਼ਬਰ
- ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਯੋਗੀ ਤੇ ਹਿੰਦੂਤਵੀ ਸੰਤਾਂ ਦਾ ਜ਼ਬਰਦਸਤ ਸਵਾਗਤ ਕੀਤਾ ਜਾਵੇਗਾ, ਸੱਦਾ ਪੱਤਰ ਆਪ ਦੇ ਕੇ ਆਏ ਹਾਂ (ਸੌਦਾ ਸਾਧ ਤੇ ਆਸਾ ਰਾਮ ਜੇਲ੍ਹ ਵਿਚ ਹਨ, ਇਸ ਲਈ ਉਹ ਨਹੀਂ ਆ ਸਕਣਗੇ, ਸੰਗਤਾਂ ਅਰਦਾਸ ਕਰਨ, ਉਨ੍ਹਾਂ ਨੂੰ ਜ਼ਮਾਨਤ ਲੈ ਕੇ ਛੱਡ ਦਿਤਾ ਜਾਏ। ਉਨ੍ਹਾਂ ਬਗ਼ੈਰ ਪੰਥ ਦੀ ਸਟੇਜ ਸੁੰਨੀ ਸੁੰਨੀ ਲੱਗੇਗੀ ਪਰ ਮਜਬੂਰੀ ਲਈ ਖਿਮਾਂ ਚਾਹਾਂਗੇ) - ਇਕ ਹੋਰ ਖ਼ਬਰ
PM and President
ਨਾਨਕ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਆਉਂਦਾ ਵੀ ਹੈ ਜਾਂ ਨਹੀਂ, ਕਿਸੇ ਨੂੰ ਪ੍ਰਵਾਹ ਹੀ ਕੋਈ ਨਹੀਂ। ਸੌਂਦਿਆਂ ਜਾਗਦਿਆਂ, ਸਿਰਫ਼ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਯੋਗੀਆਂ ਦੀ ਹੀ ਚਰਚਾ ਚਲ ਰਹੀ ਹੁੰਦੀ ਹੈ। ਨਾਨਕ ਦਾ ਨਾਂ ਤਾਂ ਨਿਰਾ ਪੁਰਾ ਇਕ ਬਹਾਨਾ ਹੈ। ਇਸੇ ਲਈ 12-12 ਕਰੋੜ ਦੇ ਪੰਡਾਲ ਸਜਾਏ ਜਾ ਰਹੇ ਹਨ ਕਿਉਂਕਿ 'ਪ੍ਰਧਾਨ ਮੰਤਰੀ ਜੀ ਨੇ ਆਉਣਾ ਹੈ'¸ਨਾਨਕ ਨੇ ਨਹੀਂ। ਨਾਨਕ ਆ ਵੀ ਗਿਆ ਤਾਂ ਉਸ ਵਿਚਾਰੇ ਨੂੰ ਕਿਸੇ ਨੇ ਪੰਡਾਲ ਦੇ ਅੰਦਰ ਵੀ ਨਹੀਂ ਵੜਨ ਦੇਣਾ। ਉਹ ਮੈਲੇ ਕੁਚੈਲੇ ਕਿਸਾਨੀ ਕਪੜਿਆਂ ਵਾਲਾ ਨਾਨਕ ਭਲਾ ਏਨੇ ਵੱਡੇ ਲੋਕਾਂ ਵਿਚ ਬੈਠਾ ਚੰਗਾ ਲੱਗੇਗਾ ਤੇ ਇਨ੍ਹਾਂ ਦੁਧ ਚਿੱਟੀਆਂ ਪੁਸ਼ਾਕਾਂ ਵਾਲੇ ਸ਼੍ਰੋਮਣੀ ਲੀਡਰਾਂ ਦਾ ਨੱਕ ਨਾ ਕਟਵਾ ਦੇਵੇਗਾ?
Gurdwara Gyaan Godri
ਸੋ ਬਾਬਾ ਨਾਨਕ, ਫਿਰ ਕਦੇ ਆਈਂ, ਇਸ ਵੇਲੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ, ਰਾਸ਼ਟਰਪਤੀ ਜੀ ਆ ਰਹੇ ਨੇ ਤੇ ਧੁਰੰਦਰ ਮਹਾਤਮਾ ਆ ਰਹੇ ਨੇ, ਤੇਰਾ ਇਥੇ ਕੀ ਕੰਮ? ਦੇਸ਼ ਦੇ ਮਹਾਨ ਨੇਤਾ ਜੋ ਅਕਾਲੀ ਲੀਡਰਾਂ ਦੇ ਵੀ 'ਭਾਈਵਾਲ' ਹਨ, ਉਹ ਆ ਰਹੇ ਹਨ ਤਾਂ ਸਟੇਜ ਤੋਂ ਭਾਈਵਾਲ ਏਨਾ ਹੀ ਕਹਿ ਦੇਣ ਕਿ ਇਕ ਵਿਦੇਸ਼ੀ ਸਰਕਾਰ ਨੇ ਤਾਂ ਨਾਨਕ ਦਾ ਗੁਰਦਵਾਰਾ ਸਿੱਖਾਂ ਨੂੰ ਦੇ ਦਿਤਾ ਹੈ, ਤੁਸੀਂ ਵੀ ਨਾਨਕ ਦਾ, 1984 ਵਿਚ ਖੋਹਿਆ 'ਗਿਆਨ ਗੋਦੜੀ' ਗੁਰਦਵਾਰਾ ਵਾਪਸ ਕਰਨ ਦਾ ਐਲਾਨ ਕਰ ਦਿਉ ਚਾ। ਤੁਸੀਂ ਵੀ ਪੰਜਾਬ ਦਾ 70 ਫ਼ੀ ਸਦੀ ਖੋਹਿਆ ਪਾਣੀ ਵਾਪਸ ਕਰ ਦਿਉ ਤੇ ਤੁਸੀਂ ਵੀ ਪੰਜਾਬ ਦੀ ਖੋਹੀ ਰਾਜਧਾਨੀ ਤੇ ਡੈਮ, ਹੈੱਡਵਰਕਸ ਵਾਪਸ ਕਰ ਦਿਉ ਜਨਾਬ! ਹੈ ਕਿਸੇ ਵਿਚ ਏਨਾ ਕੁ ਸੱਚ ਕਹਿਣ ਦੀ ਹਿੰਮਤ? ਜੇ ਨਹੀਂ ਤਾਂ ਇਸ ਨੂੰ ਨਾਨਕ ਦਾ ਸ਼ਤਾਬਦੀ ਸਮਾਗਮ ਤਾਂ ਨਾ ਆਖੋ, ਸਿੱਧਾ ਵੱਡੇ ਹਾਕਮਾਂ ਨੂੰ ਖ਼ੁਸ਼ ਕਰੂ ਸਮਾਗਮ ਕਹਿ ਦਿਉ, ਠੀਕ ਲੱਗੇਗਾ।
ਸ. ਜੋਗਿੰਦਰ ਸਿੰਘ