ਉੱਚਾ ਦਰ ਦੀਆਂ ਛੋਟੀਆਂ ਸੇਵਾਵਾਂ ਪਾਠਕ ਲੈ ਲੈਣ, ਅਗਲੀ ਵੱਡੀ ਸੇਵਾ (10 ਕਰੋੜ) ਦੀ ਮੇਰੀ ਜ਼ਿੰਮੇਵਾਰੀ!
Published : Jul 29, 2017, 4:42 pm IST
Updated : Apr 2, 2018, 5:58 pm IST
SHARE ARTICLE
Ucha Dar
Ucha Dar

'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਦਾ ਜਦ ਵਿਧੀਵਤ ਐਲਾਨ ਪਹਿਲੀ ਵਾਰੀ ਕੀਤਾ ਗਿਆ ਤਾਂ ਮੈਂ ਸਪੱਸ਼ਟ ਐਲਾਨ ਕਰ ਦਿਤਾ ਸੀ ਕਿ ਮੈਂ ਅਪਣੀ ਕੋਈ ਜਾਇਦਾਦ ਨਹੀਂ ਬਣਾਉਣੀ, ਨਾ

'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਦਾ ਜਦ ਵਿਧੀਵਤ ਐਲਾਨ ਪਹਿਲੀ ਵਾਰੀ ਕੀਤਾ ਗਿਆ ਤਾਂ ਮੈਂ ਸਪੱਸ਼ਟ ਐਲਾਨ ਕਰ ਦਿਤਾ ਸੀ ਕਿ ਮੈਂ ਅਪਣੀ ਕੋਈ ਜਾਇਦਾਦ ਨਹੀਂ ਬਣਾਉਣੀ, ਨਾ ਮੈਨੂੰ ਕੋਈ ਹੋਰ ਗੁਪਤ ਪ੍ਰਗਟ ਲਾਭ ਹੀ ਚਾਹੀਦਾ ਹੈ¸ਸਗੋਂ 'ਉੱਚਾ ਦਰ' ਇਹ ਸੋਚ ਕੇ ਬਣਾਉਣਾ ਚਾਹੁੰਦਾ ਹਾਂ ਕਿ ਧਰਮਾਂ ਦੀ ਦੁਨੀਆਂ ਵਿਚ ਅਗਲਾ ਇਨਕਲਾਬ ਜੋ ਆਉਣਾ ਹੈ, ਉਸ ਦਾ ਆਗੂ ਬਾਬਾ ਨਾਨਕ ਹੋਵੇਗਾ ਤੇ ਉਸ ਦੀ ਅਗਵਾਈ ਬਾਬੇ ਨਾਨਕ ਦੀ ਬਾਣੀ ਵਿਚਲਾ ਰੂਹਾਨੀ ਸੰਦੇਸ਼ ਕਰੇਗਾ ਪਰ ਬਹੁਤੇ ਸਿੱਖ ਉਸ ਸੰਦੇਸ਼ ਨੂੰ ਸਮਝ ਹੀ ਨਹੀਂ ਸਕੇ ਤੇ ਜਿਹੜੇ ਸਮਝ ਸਕੇ ਸਨ, ਉਹ ਬਾਹਰਲੇ ਸਨ ਜਿਨ੍ਹਾਂ ਨੇ 'ਖ਼ਤਰੇ' ਨੂੰ ਟਾਲਣ ਲਈ, ਸਿੱਖਾਂ ਨੂੰ ਜੰਗਾਂ ਯੁਧਾਂ ਵਿਚ ਉਲਝਾ ਦਿਤਾ ਤੇ ਆਪ ਅੰਦਰ ਵੜ ਕੇ, ਬਾਬੇ ਦੀ ਬਾਣੀ ਦੇ ਅਰਥ ਹੀ ਉਲਟਾਉਣ ਲੱਗ ਪਏ ਤੇ ਉਹ 'ਸਾਖੀਆਂ' ਘੜ ਦਿਤੀਆਂ ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਸੀ। ਬਦਕਿਸਮਤੀ ਨਾਲ ਗੁਰਦਵਾਰਿਆਂ ਵਿਚ ਅੱਜ ਤਕ ਨਾਨਕ-ਬਾਣੀ ਦੇ ਉਹੀ ਗ਼ਲਤ ਅਰਥ ਹੀ ਚਲ ਰਹੇ ਹਨ ਤੇ ਝੂਠੀਆਂ ਸਾਖੀਆਂ ਉਤੇ ਹੀ ਟੇਕ ਰੱਖੀ ਜਾ ਰਹੀ ਹੈ।
ਜੇ ਕੋਈ ਇਕੱਲਾ ਦੁਕੱਲਾ ਬੰਦਾ ਸੁਧਾਰ ਵਾਲੇ ਪਾਸੇ ਇਕ ਪੈਰ ਵੀ ਪੁਟ ਦੇਵੇ ਤਾਂ ਉਹ ਭਾਵੇਂ ਸਿੰਘ ਸਭਾ ਲਹਿਰ ਦਾ ਬਾਨੀ ਹੋਵੇ ਤੇ ਭਾਵੇਂ ਵਿਚਾਰਾ ਸਪੋਕਸਮੈਨ ਦਾ ਸੰਪਾਦਕ¸ਉਸ ਵਿਰੁਧ ਧਰਮ ਦਾ ਨਾਂ ਲੈ ਕੇ ਅਧਰਮ ਦੀ ਡਾਂਗ ਚੁਕ ਲਈ ਜਾਂਦੀ ਹੈ। ਇਸ ਸਥਿਤੀ ਨੂੰ ਬਦਲਣ ਲਈ ਅਰਥਾਤ ਬਾਬੇ ਨਾਨਕ ਦੀ ਅਸਲ ਸਿੱਖੀ ਨੂੰ ਬਚਾਉਣ ਲਈ 'ਉੱਚਾ ਦਰ' ਵਰਗੀ ਵੱਡੀ ਸੰਸਥਾ ਜ਼ਰੂਰੀ ਹੈ ਜੋ ਬਾਬੇ ਨਾਨਕ ਦੀ ਬਾਣੀ ਤੋਂ ਬਾਹਰ ਨਾ ਜਾਵੇ, ਜਿਸ ਨੂੰ ਨਿਸ਼ਕਾਮ ਲੋਕ ਹੀ ਸੰਭਾਲਣ ਤੇ ਜਿਸ ਦਾ ਸਾਰਾ ਦਾ ਸਾਰਾ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇ ਦਿਤਾ ਜਾਇਆ ਕਰੇ।
ਇਸ ਸੰਸਥਾ ਵਿਚ ਮੇਰੀ ਇਕ ਪੈਸੇ ਜਿੰਨੀ ਵੀ ਕੋਈ ਗ਼ਰਜ਼ ਨਾ ਹੋਣ ਦੇ ਬਾਵਜੂਦ, ਮੈਂ ਐਲਾਨ ਕੀਤਾ ਕਿ ਇਸ 60 ਕਰੋੜੀ ਸੰਸਥਾ ਲਈ ਅੱਧੇ ਖ਼ਰਚੇ ਦਾ ਪ੍ਰਬੰਧ ਮੈਂ ਕਰ ਦਿਆਂਗਾ ਤੇ ਬਾਕੀ ਅੱਧੇ ਦਾ ਪ੍ਰਬੰਧ, ਪਾਠਕ ਮੈਂਬਰਸ਼ਿਪ ਲੈ ਕੇ ਕਰ ਦੇਣ। ਮੈਂ ਜਦ ਇਹ ਐਲਾਨ ਕੀਤਾ ਸੀ ਤਾਂ ਕੀ ਮੇਰੇ ਕੋਲ ਪੈਸਾ ਸੀ? ਨਹੀਂ, ਜੋ ਕੁੱਝ ਵੀ ਮੇਰੇ ਕੋਲ ਸੀ, ਅਖ਼ਬਾਰ ਸ਼ੁਰੂ ਕਰਨ ਵਿਚ ਲੱਗ ਗਿਆ ਸੀ ਤੇ ਉਧਰੋਂ ਸਰਕਾਰ, ਪੁਜਾਰੀ ਤੇ ਉਨ੍ਹਾਂ ਦੇ ਦੂਜੇ ਸ਼ਕਤੀਸ਼ਾਲੀ ਸਾਥੀ ਐਲਾਨ ਕਰੀ ਜਾ ਰਹੇ ਸਨ ਕਿ ''ਅਖ਼ਬਾਰ ਨੂੰ ਛੇ ਮਹੀਨੇ ਨਹੀਂ ਚਲਣ ਦਿਆਂਗੇ, ਸਾਲ ਨਹੀਂ ਚਲ ਸਕੇਗਾ'' ਵਗ਼ੈਰਾ ਵਗ਼ੈਰਾ। ਇਸ਼ਤਿਹਾਰ ਸਾਡੇ ਬੰਦ ਕਰ ਦਿਤੇ ਗਏ ਸਨ ਤੇ ਕੇਸਾਂ ਵਿਚ ਉਲਝਾ ਵੱਖ ਦਿਤਾ ਗਿਆ ਸੀ। ਮਸਾਂ ਆਈ ਚਲਾਈ ਹੀ ਕਰ ਰਹੇ ਸੀ। ਦੀਵਾਰ ਨਾਲ ਕੰਡ ਜੋੜ ਕੇ ਅਪਣੇ ਆਪੇ ਨੂੰ ਬਚਾ ਰਹੇ ਸੀ।
ਉਸ ਵੇਲੇ ਵੀ ਮੈਂ ਬੜੇ ਹੌਸਲੇ ਨਾਲ ਕਿਹਾ ਸੀ, ''ਅੱਧਾ ਤੁਸੀ ਸਾਰੇ ਰੱਲ ਕੇ ਪਾ ਦੇਣਾ, ਅੱਧਾ ਮੇਰੀ ਜ਼ਿੰਮੇਵਾਰੀ।'' ਕੀ ਮੈਂ ਕੋਈ ਗੱਪ ਮਾਰ ਰਿਹਾ ਸੀ? ਨਹੀਂ ''ਮੈਂ ਅਪਣੇ ਗੁਰ ਪੂਛ ਵੇਖਿਆ'' ਵਾਲੀ ਹਾਲਤ ਵਿਚ ਆ ਕੇ ਮੈਂ ਅਪਣੇ ਗੁਰ (ਅਕਾਲ ਪੁਰਖ) ਨਾਲ ਕਈ ਵਾਰ ਗੱਲ ਕਰਨ ਵਿਚ ਸਫ਼ਲ ਹੋ ਜਾਂਦਾ ਹਾਂ ਤੇ ਇਸ ਹਾਲ ਵਿਚ ਮੈਨੂੰ ਯਕੀਨ ਹੋ ਗਿਆ ਸੀ ਕਿ ਏਨੀ ਕੁ ਮੰਗ ਤਾਂ ਮੇਰੀ ਉਹ ਜ਼ਰੂਰ ਹੀ ਪੂਰੀ ਕਰ ਦੇਵੇਗਾ। ਸੋ ਅਸੀ ਬੈਂਕਾਂ ਤੋਂ ਕਰਜ਼ਾ ਲਿਆ ਜਾਂ ਰਿਸ਼ਤੇਦਾਰਾਂ, ਮਿੱਤਰਾਂ, ਪਾਠਕਾਂ ਤੋਂ ਲਿਆ ਪਰ ਅਪਣਾ ਵਾਅਦਾ, ਵਕਤ ਤੋਂ ਪਹਿਲਾਂ ਹੀ ਪੂਰਾ ਕਰ ਦਿਤਾ। ਮੈਨੂੰ ਯਕੀਨ ਸੀ ਕਿ ਉਸਾਰੀ ਹੁੰਦੀ ਵੇਖ ਕੇ, ਪਾਠਕ ਵੀ ਅਪਣਾ ਹਿੱਸਾ ਜਲਦੀ ਹੀ ਦੇ ਦੇਣਗੇ।
ਅੱਜ ਤਕ ਪਾਠਕਾਂ ਨੇ 30 ਦੀ ਬਜਾਏ 15 ਹੀ ਦਿਤੇ ਹਨ (ਮੈਂਬਰਸ਼ਿਪ ਲੈ ਕੇ) ਪਰ ਪਾਠਕਾਂ ਨੇ 'ਉੱਚਾ ਦਰ' ਲਈ ਉਧਾਰ ਵਜੋਂ ਜਿਹੜਾ 27 ਕਰੋੜ ਦਿਤਾ ਸੀ, ਉਸ ਬਦਲੇ 40 ਕਰੋੜ ਰੁਪਿਆ (ਅੱਧਾ ਅਸਲ, ਅੱਧਾ ਵਿਆਜ) ਅਸੀ ਵਾਪਸ ਵੀ ਤਾਂ ਕਰ ਦਿਤਾ ਹੈ। ਦੁਨੀਆਂ ਵਿਚ ਕਿਤੇ ਨਹੀਂ ਹੋਇਆ ਕਿ ਕੋਈ ਧਾਰਮਕ ਸੰਸਥਾ ਬਣ ਰਹੀ ਹੋਵੇ ਤੇ ਉਸ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਸ ਨੇ ਤਿੰਨ ਚੌਥਾਈ (75%) ਉਧਾਰ (ਬੈਂਕਾਂ ਦਾ ਵੀ ਤੇ ਪਾਠਕਾਂ ਦਾ ਵੀ) ਵਾਪਸ ਵੀ (ਸੂਦ ਸਮੇਤ) ਕਰ ਦਿਤਾ ਹੋਵੇ। ਰੋਜ਼ਾਨਾ ਸਪੋਕਸਮੈਨ ਦੇ ਵਿਕਾਸ ਨੂੰ ਰੋਕ ਕੇ ਤੇ ਅਪਣੇ ਆਪ ਨੂੰ ਡਾਢੀ ਔਕੜ ਵਿਚ ਪਾ ਕੇ ਅਸੀ ਹਰ ਕੋਸ਼ਿਸ਼ ਕੀਤੀ ਕਿ ਕਿਸੇ ਪਾਠਕ ਨੂੰ ਵੀ ਕੋਈ ਔਕੜ ਪੇਸ਼ ਨਾ ਆਵੇ ਤੇ ਉੱਚਾ ਦਰ ਦਾ ਕੰਮ ਵੀ ਨਾ ਰੁਕੇ।
ਪਿਛਲੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਮੈਂ ਇਸ ਲਈ ਕਰ ਰਿਹਾ ਹਾਂ ਕਿ ਅੱਜ ਮੈਂ ਇਕ ਹੋਰ ਪੇਸ਼ਕਸ਼ ਅਪਣੇ ਵਲੋਂ ਕਰਨ ਜਾ ਰਿਹਾ ਹਾਂ। ਬੇਸ਼ੱਕ 'ਉੱਚਾ ਦਰ' ਵਿਚ ਮੇਰਾ ਹੁਣ ਇਕ ਪੈਸੇ ਜਿੰਨਾ ਵੀ ਹਿੱਸਾ ਨਹੀਂ (ਨਾ ਅੱਗੋਂ ਹੀ ਹੋਵੇਗਾ) ਤੇ ਮੈਂ ਜੋ ਕੁੱਝ ਵੱਧ ਤੋਂ ਵੱਧ ਦੇ ਸਕਦਾ ਸੀ, ਦੇ ਦਿਤਾ ਹੈ ਤੇ ਹੁਣ ਭੁਲ ਜਾਣਾ ਚਾਹੁੰਦਾ ਹਾਂ ਕਿ ਮੈਂ ਉੱਚਾ ਦਰ ਲਈ ਕੁੱਝ ਕੀਤਾ ਵੀ ਹੈ। ਪਰ ਜਦ ਤਕ ਜੀਵਤ ਹਾਂ, ਮੇਰਾ ਹਰ ਸਾਹ ਤੇ ਮੇਰੀ ਜੇਬ ਵਿਚਲਾ ਹਰ ਪੈਸਾ, 'ਉੱਚਾ ਦਰ' ਦੀ ਅਮਾਨਤ ਬਣਿਆ ਰਹੇਗਾ। ਇਹ ਛੇਤੀ ਤੋਂ ਛੇਤੀ ਚਾਲੂ ਹੋ ਜਾਏ, ਉਹਦੇ ਲਈ ਕੀਤੀ ਜਾਣ ਵਾਲੀ ਕਿਸੇ ਵੀ ਕੁਰਬਾਨੀ ਨੂੰ ਤੁਛ ਜਿਹੀ ਸੇਵਾ ਹੀ ਸਮਝਾਂਗਾ। ਇਸੇ ਲਈ ਇਕ ਨਵੀਂ ਪੇਸ਼ਕਸ਼ ਕਰਨ ਜਾ ਰਿਹਾ ਹਾਂ।
ਮੇਰੀ ਪੇਸ਼ਕਸ਼ ਇਹ ਹੈ ਕਿ ਤੁਸੀ ਸਾਰੇ ਪਾਠਕ ਉਹ ਸਾਰੀਆਂ ਸੇਵਾਵਾਂ 15 ਅਗੱਸਤ ਤਕ ਆਪ ਲੈ ਲਉ (ਇਕ ਇਕ ਕਮਰੇ ਜਾਂ ਇਕ ਕੰਮ ਨੂੰ ਅੰਤਮ ਛੋਹਾਂ ਦੇ ਕੇ ਵਰਤੋਂ ਲਾਇਕ ਬਣਾਉਣ ਦੀਆਂ) ਤਾਂ ਬਾਕੀ ਰਹਿੰਦੇ 11-12 ਕਰੋੜ ਦਾ ਪ੍ਰਬੰਧ ਕਰਨਾ ਮੇਰੇ ਜ਼ਿੰਮੇ ਲਾ ਦਿਉ। ਮੈਂ ਪਹਿਲਾਂ ਵੀ ਕਈ ਵਾਰ ਲਿਖ ਚੁੱਕਾ ਹਾਂ ਕਿ ਪੂਰੀ ਤਰ੍ਹਾਂ ਮੁਕੰਮਲ ਕਰ ਕੇ ਉੱਚਾ ਦਰ ਨੂੰ ਚਾਲੂ ਕਰਨ ਲਈ 15 ਕਰੋੜ ਹੋਰ ਚਾਹੀਦੇ ਹਨ, ਫਿਰ ਇਹ ਅੰਤਰ-ਰਾਸ਼ਟਰੀ ਪੱਧਰ ਦਾ ਅਜੂਬਾ ਬਣ ਕੇ ਸਾਹਮਣੇ ਆਏਗਾ। ਸਾਰੀਆਂ ਸੇਵਾਵਾਂ ਉਤੇ (ਜਿਨ੍ਹਾਂ ਦਾ ਜ਼ਿਕਰ ਵਾਰ ਵਾਰ ਇਸ਼ਤਿਹਾਰ ਵਿਚ ਕੀਤਾ ਜਾਂਦਾ ਹੈ) ਸਵਾ ਤਿੰਨ ਕਰੋੜ ਲੱਗ ਜਾਣਗੇ। ਜਿਸ ਜਾਇਦਾਦ ਦੀ ਮਾਲਕੀ ਵੀ ਤੁਹਾਨੂੰ ਦੇ ਦਿਤੀ ਗਈ ਹੋਵੇ, ਉਸ ਲਈ ਜੇ ਤੁਹਾਨੂੰ ਸਵਾ ਤਿੰਨ ਕਰੋੜ (ਆਪਸ ਵਿਚ ਰਲ ਮਿਲ ਕੇ) ਪਾ ਦੇਣ ਬਦਲੇ 10-12 ਕਰੋੜ ਮਿਲਦੇ ਹੋਣ, ਉੱਚਾ ਦਰ 100% ਤਕ ਤਿਆਰ ਹੋ ਕੇ ਸ਼ੁਰੂ ਵੀ ਹੋ ਸਕਦਾ ਹੋਵੇ ਤਾਂ ਕਿਹੜਾ ਸਿਆਣਾ 'ਮਾਲਕ' ਹੈ ਜੋ ਇਸ ਦਾ ਫ਼ਾਇਦਾ ਨਹੀਂ ਉਠਾਣਾ ਚਾਹੇਗਾ? ਮੈਨੂੰ ਕਈਆਂ ਨੇ ਫ਼ੋਨ ਤੇ ਕਿਹਾ ਹੈ ਕਿ 'ਫ਼ਲਾਣੀ ਸੇਵਾ ਅਸੀ ਕਰਾਂਗੇ' ਪਰ ਪੈਸਾ ਕਿਸੇ ਨੇ ਨਹੀਂ ਭੇਜਿਆ। ਮੈਂ ਅਪਣਾ ਰੀਕਾਰਡ ਪੇਸ਼ ਕਰ ਦਿਤਾ ਹੈ ਕਿ ਮੇਰੀ ਜੇਬ ਭਾਵੇਂ ਖ਼ਾਲੀ ਹੋਵੇ ਪਰ ਜੋ ਵਾਅਦਾ ਮੈਂ ਕਰਦਾ ਹਾਂ, ਉਹ ਪੂਰਾ ਕਰ ਕੇ ਹੀ ਰਹਿੰਦਾ ਹਾਂ। ਮੈਂ ਜਿਸ ਬੰਦੇ ਨੂੰ 'ਉੱਚੇ ਦਰ' ਵਿਖੇ ਲਿਆ ਕੇ 10 ਕਰੋੜ ਲੈ ਲੈਣਾ ਹੈ, ਉਸ ਨੂੰ 90% ਕੰਮ ਹੋ ਚੁਕਾ ਵਿਖਾਣਾ ਜ਼ਰੂਰੀ ਹੈ, ਫਿਰ ਉਹ 10% ਕੰਮ ਲਈ ਪੈਸੇ ਤੁਰਤ ਦੇ ਦੇਵੇਗਾ। ਸੋ ਟੈਲੀਫ਼ੋਨ ਕਰਨ ਦੀ ਲੋੜ ਨਹੀਂ, ਸੇਵਾ ਲੈਣ ਲਈ ਸਿਰਫ਼ ਤੇ ਸਿਰਫ਼ ਇਕ ਚੈੱਕ ਜਾਂ ਬੈਂਕ ਡਰਾਫ਼ਟ ਹੀ ਕਾਫ਼ੀ ਹੈ। ਹਾਂ, ਇਹ 10 ਕਰੋੜ, ਨਾ ਹੀ ਵਾਪਸ ਕਰਨਾ ਪਵੇਗਾ ਤੇ ਨਾ ਹੀ ਉਸ ਉਤੇ ਕੋਈ ਸੂਦ ਹੀ ਦੇਣਾ ਪਵੇਗਾ।
'ਏਕਸ ਕੇ ਬਾਰਕ' ਦੀਆਂ ਦਿੱਲੀ, ਬਠਿੰਡਾ, ਮੁਕਤਸਰ, ਫ਼ਰੀਦਕੋਟ, ਕੋਟਕਪੂਰਾ ਤੇ ਅੰਮ੍ਰਿਤਸਰ ਦੀਆਂ ਇਕਾਈਆਂ ਕੁੱਝ ਸਰਗਰਮ ਹੋਈਆਂ ਤਾਂ ਹਨ ਪਰ ਪਤਾ ਨਹੀਂ, ਖੁਲ੍ਹੇ ਦਿਲ ਨਾਲ ਬਾਬੇ ਨਾਨਕ ਦੇ ਉੱਚੇ ਦਰ ਲਈ ਪੈਸਾ ਕੱਢਣ ਵਾਲੇ ਕਿੰਨੇ ਕੁ ਨਿਤਰਦੇ ਹਨ। ਆਮ ਤੌਰ ਤੇ ਚੰਗੇ ਖਾਂਦੇ ਪੀਂਦੇ ਸਿੱਖ ਵੀ 'ਮੇਰੇ 50 ਰੁਪਏ ਲਿਖ ਲਉ', 'ਮੇਰੇ ਸੌ ਰੁਪਏ ਲਿਖ ਲਉ' ਤੋਂ ਅੱਗੇ ਨਹੀਂ ਵੱਧ ਸਕਦੇ। ਪਰ 100 ਕਰੋੜੀ ਪ੍ਰਾਜੈਕਟਾਂ ਨੂੰ ਤਾਂ ਵੱਡੇ ਦਿਲ ਵਾਲੇ ਲੋਕ ਚਾਹੀਦੇ ਹੁੰਦੇ ਹਨ ਜੋ ਲਟਕਾ ਲਟਕਾ ਕੇ ਨਹੀਂ, 'ਤੁਰਤ ਦਾਨ' ਦੇ ਨਾਲ ਨਾਲ 'ਤੁਰਤ ਕਲਿਆਣ' (ਕੰਮ ਪੂਰਾ ਹੋਣ ਦਾ ਪੂਰਾ ਪ੍ਰਬੰਧ) ਵਿਚ ਪੂਰਾ ਯਕੀਨ ਰਖਦੇ ਹੋਣ ਤੇ ਦਿਲੋਂ ਮਨੋਂ ਚਾਹੁੰਦੇ ਹੋਣ ਕਿ 'ਉੱਚਾ ਦਰ' ਹਰ ਹਾਲ ਵਿਚ, ਇਸੇ ਸਾਲ ਮੁਕੰਮਲ ਹੋ ਜਾਵੇ। ਏਕਸ ਕੇ ਬਾਰਕ ਦੇ ਉਪਰ ਵਰਣਤ ਸਾਰੇ ਜੱਥੇ 40-40 ਜਾਂ 50-50 ਲੱਖ ਪ੍ਰਤੀ ਜੱਥਾ ਇਕੱਤਰ ਕਰ ਦੇਣ ਤਾਂ ਹਫ਼ਤੇ ਵਿਚ ਸਾਰਾ ਕੰਮ ਨਿਬੜ ਸਕਦਾ ਹੈ। ਖ਼ੈਰ, ਮੇਰੀ ਪੇਸ਼ਕਸ਼ ਸੱਭ ਲਈ ਖੁਲ੍ਹੀ ਹੈ। ਜੇ 'ਉੱਚਾ ਦਰ' ਲਈ ਤਿੰਨ ਕਰੋੜ ਦੇ ਕੰਮ ਸਿਰੇ ਚੜ੍ਹਾਉਣ ਦੀ ਸੇਵਾ ਅਪਣੇ ਲਈ ਲੈ ਕੇ 10 ਕਰੋੜ, 'ਉੱਚਾ ਦਰ' ਦੇ ਖ਼ਜ਼ਾਨੇ ਵਿਚ ਮੁਫ਼ਤੋ ਮੁਫ਼ਤੀ (ਵਾਪਸ ਨਹੀਂ ਕਰਨਾ, ਸੂਦ ਨਹੀਂ ਦੇਣਾ) ਪਵਾਉਣ ਵਿਚ ਯਕੀਨ ਰਖਦੇ ਹੋ ਤਾਂ ਮੇਰੀ ਪੇਸ਼ਕਸ਼ ਆਪ ਸੱਭ ਲਈ ਖੁਲ੍ਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement