ਜੇ 'ਉੱਚਾ ਦਰ' ਵਰਗੀ ਕੌਮੀ ਜਾਇਦਾਦ ਕਿਸੇ ਦੂਜੀ ਕੌਮ ਲਈ ਕਿਸੇ ਨੇ ਉਸਾਰ ਦਿਤੀ ਹੁੰਦੀ...
Published : Jun 3, 2018, 4:34 am IST
Updated : Jun 3, 2018, 4:34 am IST
SHARE ARTICLE
Ucha Dar Baba Nanak Da
Ucha Dar Baba Nanak Da

ਮੈਨੂੰ ਬਹੁਤ ਯਕੀਨ ਸੀ ਕਿ 90% ਕੰਮ ਪੂਰਾ ਹੋ ਜਾਣ ਮਗਰੋਂ, 10% ਕੰਮ ਲਈ ਵਾਜ ਮਾਰਾਂਗੇ ਤਾਂ ਪਾਠਕ, ਇਕ ਅਪੀਲ ਤੇ ਭੱਜੇ ਆਉਣਗੇ ਤੇ ਜਿਸ ਅਜੂਬੇ ਦੀ ਮਾਲਕੀ ਵੀ ਉਨ੍ਹਾਂ...

ਮੈਨੂੰ ਬਹੁਤ ਯਕੀਨ ਸੀ ਕਿ 90% ਕੰਮ ਪੂਰਾ ਹੋ ਜਾਣ ਮਗਰੋਂ, 10% ਕੰਮ ਲਈ ਵਾਜ ਮਾਰਾਂਗੇ ਤਾਂ ਪਾਠਕ, ਇਕ ਅਪੀਲ ਤੇ ਭੱਜੇ ਆਉਣਗੇ ਤੇ ਜਿਸ ਅਜੂਬੇ ਦੀ ਮਾਲਕੀ ਵੀ ਉਨ੍ਹਾਂ ਨੂੰ ਸੌਂਪ ਦਿਤੀ ਗਈ ਹੈ, ਉਸ ਨੂੰ ਮੁਕੰਮਲ ਕਰਨ ਦਾ ਬਾਕੀ ਸਾਰਾ ਕੰਮ ਹੱਸ ਕੇ ਅਪਣੇ ਹੱਥਾਂ ਵਿਚ ਲੈਣ ਦੀ ਪੇਸ਼ਕਸ਼ ਕਰ ਦੇਣਗੇ...

ਜੇ ਯਹੂਦੀਆਂ, ਮੁਸਲਮਾਨਾਂ ਤੇ ਅੰਗਰੇਜ਼ਾਂ ਲਈ 'ਉੱਚਾ ਦਰ' ਵਰਗੀ ਕੋਈ ਉਸਾਰੀ ਕਿਸੇ ਨੇ ਕਰ ਵਿਖਾਈ ਹੁੰਦੀ ਤਾਂ ਉਨ੍ਹਾਂ ਨੇ ਇਕ ਅਪੀਲ ਸੁਣ ਕੇ ਤੇ ਸਾਹਮਣੇ ਬਣੀ ਇਮਾਰਤ ਵੇਖ ਕੇ ਸ਼ਾਮ ਤਕ ਪੈਸਿਆਂ ਦਾ ਢੇਰ ਲਾ ਦੇਣਾ ਸੀ ਤੇ ਕਹਿਣਾ ਸੀ, ''ਲਉ, ਅਹਿ ਫੜੋ ਬਾਕੀ ਲੋੜੀਂਦੀ ਰਕਮ ਤੇ ਦੋ ਮਹੀਨਿਆਂ ਵਿਚ ਚਾਲੂ ਕਰ ਦਿਉ।'' ਪੈਸਾ ਉਧਾਰ ਵਜੋਂ ਦੇਣ ਵਾਲਿਆਂ ਨੇ ਸਾਰਾ ਸੂਦ ਕੌਮੀ ਜਾਇਦਾਦ ਲਈ ਛੱਡ ਦੇਣਾ ਸੀ, ਸਗੋਂ ਲਗਭਗ ਸਾਰਿਆਂ ਨੇ ਪੂਰੇ ਦੇ ਪੂਰੇ ਬਾਂਡ ਦਾਨ ਕਰ ਦੇਣੇ ਸਨ।

ਕਿਉਂ ਭਲਾ? ਕਿਉਂਕਿ ਉਹ ਹਨ ਅਸਲ ਨਿਸ਼ਕਾਮ ਦਾਨੀ ਜਦਕਿ ਅਸੀ ਹਾਂ ਬ੍ਰਾਹਮਣ ਦੇ ਰਸਤੇ ਤੇ ਚਲਣ ਵਾਲੇ, ਨਿਜੀ ਫ਼ਾਇਦੇ ਦੀ ਗੱਲ ਪਹਿਲਾਂ ਸੋਚ ਕੇ, ਭੇਟਾ ਦੇ ਨਾਂ ਤੇ 'ਰਿਸ਼ਵਤ' ਵਜੋਂ ਕੁੱਝ ਕੁ ਐਡਵਾਂਸ ਦੇਣ ਵਾਲੇ ਚਤਰ ਦਾਨੀ ਜੋ ਅਪਣੇ ਬਾਨੀ ਅਤੇ ਇਸ਼ਟ ਦੀ ਯਾਦ ਵਿਚ ਬਣੀ ਕੌਮੀ ਯਾਦਗਾਰ ਲਈ ਦਿਤੇ ਪੈਸੇ ਉਤੇ ਸੂਦ ਤਾਂ ਬਾਜ਼ਾਰ ਤੋਂ ਵੱਧ ਲੈਣਾ ਚਾਹੁੰਦੇ ਹਾਂ ਪਰ ਕੌਮੀ ਜਾਇਦਾਦ ਬਣਨ ਤਕ ਇੰਤਜ਼ਾਰ ਕਰਨ ਦੀ 'ਕੁਰਬਾਨੀ' ਵੀ ਨਹੀਂ ਕਰ ਸਕਦੇ! ਜੇ ਏਨੀ ਕੁ ਕੁਰਬਾਨੀ ਹੀ ਕਰ ਸਕਦੇ ਤਾਂ 'ਉੱਚਾ ਦਰ' ਤਿੰਨ ਸਾਲ ਪਹਿਲਾਂ ਸ਼ੁਰੂ ਵੀ ਹੋ ਚੁੱਕਾ ਹੁੰਦਾ... ਹੁਣ ਵੀ ਉਹੀ ਹਾਲ ਹੈ।

'ਉੱਚਾ ਦਰ ਬਾਬੇ ਨਾਨਕ ਦਾ' ਦੇ ਵਿਸ਼ਾਲ ਕੰਪਲੈਕਸ (ਅਹਾਤੇ) ਵਿਚ ਲਗਭਗ ਤਿਆਰ ਖੜੀਆਂ ਇਮਾਰਤਾਂ ਵਲ ਵੇਖਦਾ ਹਾਂ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਕਿ ਇਹ ਮੇਰੇ ਵਰਗੇ ਭਾਈ ਲਾਲੋਆਂ ਦੇ ਮੁੜ੍ਹਕੇ ਨਾਲ ਤਿਆਰ ਹੋਈਆਂ ਹਨ। 80 ਕਰੋੜ ਦੀ ਰਕਮ ਲੱਗ ਚੁੱਕੀ ਹੈ। ਮੈਂਬਰਸ਼ਿਪ ਲੈ ਕੇ ਪਾਠਕਾਂ ਨੇ ਤਾਂ ਕੁੱਲ 15 ਕਰੋੜ ਪੈਸਾ ਦਿਤਾ ਹੈ। ਏਨੀ ਰਕਮ ਤਾਂ ਜ਼ਮੀਨ ਖ਼ਰੀਦਣ ਦੇ ਖ਼ਰਚਿਆਂ ਉਤੇ ਹੀ ਲੱਗ ਗਈ ਸੀ।

ਏਨਾ ਵੱਡਾ ਅਜੂਬਾ ਤਿਆਰ ਕਰਨ ਦੇ ਨਾਲ ਨਾਲ, ਅਸੀ ਉਧਾਰ ਪੈਸਾ ਲਗਾਉਣ ਵਾਲਿਆਂ ਦਾ 40 ਕਰੋੜ ਵੀ ਵਾਪਸ ਕਰਨ ਵਿਚ ਕਾਮਯਾਬ ਰਹੇ (ਅੱਧਾ ਮੂਲ ਤੇ ਅੱਧਾ ਵਿਆਜ)। ਜੇ ਇਹ ਸੱਜਣ ਮੇਰੀ ਗੱਲ ਮੰਨ ਲੈਂਦੇ ਤੇ 'ਉੱਚਾ ਦਰ' ਮੁਕੰਮਲ ਹੋਣ ਤਕ ਸਬਰ ਕਰ ਲੈਂਦੇ ਤਾਂ 'ਉੱਚਾ ਦਰ' 3-4 ਸਾਲ ਪਹਿਲਾਂ ਚਾਲੂ ਹੋ ਗਿਆ ਹੁੰਦਾ ਤੇ ਉਨ੍ਹਾਂ ਦਾ ਪੈਸਾ ਵੀ ਅੰਦਰਲੀ ਕਮਾਈ ਨਾਲ ਹੀ ਵਾਪਸ ਹੋ ਗਿਆ ਹੁੰਦਾ।

ਪਰ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਪੈਸਾ ਲਾਉਣ ਵਾਲੇ 98% ਉਹ ਲੋਕ ਸਨ ਜਿਨ੍ਹਾਂ ਨੂੰ 'ਉੱਚਾ ਦਰ' ਬਣੇ ਜਾਂ ਨਾ ਬਣੇ, ਇਸ ਵਿਚ ਕੋਈ ਦਿਲਚਸਪੀ ਨਹੀਂ ਸੀ, ਉਨ੍ਹਾਂ ਦੇ ਮੂੰਹ 'ਚੋਂ ਤਾਂ 'ਮੇਰਾ ਪੈਸਾ ਮੇਰਾ ਸੂਦ' ਹੀ ਨਿਕਲਦਾ ਸੁਣਾਈ ਦੇਂਦਾ ਸੀ।ਸਿੱਖ ਇਤਿਹਾਸ ਵਿਚ ਪਹਿਲੀ ਵਾਰ, ਆਮ ਲੋਕਾਂ ਨੇ ਸਪੋਕਸਮੈਨ ਦੀ ਅਗਵਾਈ ਹੇਠ, ਏਨਾ ਵੱਡਾ ਅਜੂਬਾ ਤਿਆਰ ਕੀਤਾ ਹੈ। ਸਰਕਾਰਾਂ ਤੇ ਕਮੇਟੀਆਂ, ਇਮਾਰਤਾਂ ਉਸਾਰ ਸਕਦੀਆਂ ਹਨ,

ਉਨ੍ਹਾਂ ਵਿਚ ਜਾਨ ਨਹੀਂ ਪਾ ਸਕਦੀਆਂ। ਲੋਕ ਆਪ ਜੋ ਕੰਮ ਕਰਦੇ ਹਨ, ਉਹ ਲਗਨ ਨਾਲ ਕਰਦੇ ਹਨ ਤੇ ਲਗਨ ਨਾਲ ਕੀਤੇ ਕੰਮ ਵਿਚੋਂ ਬਹੁਤ ਕੁੱਝ ਚੰਗਾ ਨਿਕਲ ਆਉਂਦਾ ਹੈ ਜੋ ਇਨਕਲਾਬ ਵੀ ਲਿਆ ਦੇਂਦਾ ਹੈ ਜਿਵੇਂ 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਵਿਸ਼ਵਾਸ ਕੀਤਾ ਜਾ ਰਿਹਾ ਹੈ। ਇਸੇ ਲਈ ਮੈਂ ਸ਼ੁਰੂ ਵਿਚ ਹੀ ਕਹਿ ਦਿਤਾ ਸੀ, ਇਹ ਮੇਰੀ ਨਿਜੀ ਜਾਇਦਾਦ ਨਹੀਂ ਹੋਵੇਗੀ, ਕੌਮੀ ਜਾਇਦਾਦ ਹੋਵੇਗੀ ਤੇ ਮੈਂਬਰਾਂ ਦੇ ਨਾਂ ਕਰ ਦਿਤੀ ਜਾਏਗੀ।

ਮੈਂ ਚਾਹੁੰਦਾ ਸੀ ਕਿ ਸਪੋਕਸਮੈਨ ਦਾ ਹਰ ਪਾਠਕ ਤੇ ਹਰ ਚੰਗਾ ਸਿੱਖ, ਇਸ ਵਿਚ ਹਿੱਸਾ ਜ਼ਰੂਰ ਪਾਵੇ ਤੇ ਇਹੀ ਸਮਝਿਆ ਜਾਵੇ ਕਿ ਇਹ ਕਿਸੇ ਇਕੱਲੇ ਬੰਦੇ ਨੇ ਨਹੀਂ ਬਣਾਇਆ, ਬਾਬੇ ਨਾਨਕ ਦੇ ਸਾਰੇ ਸਿੱਖਾਂ ਨੇ ਰੱਲ ਕੇ ਉਸਾਰਿਆ ਹੈ। ਪਰ ਮੈਨੂੰ ਪਹਿਲਾ ਧੱਕਾ ਉਦੋਂ ਲੱਗਾ ਜਦੋਂ ਪਾਠਕਾਂ ਨੂੰ ਅਪੀਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਮੈਂਬਰ ਬਣੋ। ਕਿਸੇ ਸਾਲ ਸੌ ਮੈਂਬਰ ਬਣਨੇ, ਕਿਸੇ ਸਾਲ 150 ਤੇ ਕਿਸੇ ਸਾਲ 200। 6-7 ਸਾਲਾਂ ਦੀਆਂ ਲਗਾਤਾਰ ਅਪੀਲਾਂ ਮਗਰੋਂ 2500 ਮੈਂਬਰ ਹੀ ਹੁਣ ਤਕ ਬਣੇ ਹਨ। ਬਾਕੀ (15 ਕਰੋੜ ਨੂੰ ਛੱਡ ਕੇ) ਸਾਰਾ ਪੈਸਾ ਸਾਨੂੰ ਸੂਦ ਤੇ ਲੈ ਕੇ ਹੀ ਲਾਉਣਾ ਪਿਆ।

ਫਿਰ ਵੀ ਮੈਨੂੰ ਯਕੀਨ ਸੀ ਕਿ 90% ਕੰਮ ਹੋ ਜਾਣ ਮਗਰੋਂ ਤੇ 10% ਬਾਕੀ ਦਾ ਕੰਮ ਸੰਪੂਰਨ ਕਰਨ ਲਈ ਪਾਠਕਾਂ ਨੂੰ ਵਾਜ ਮਾਰਾਂਗੇ ਤਾਂ ਉਹ ਹੱਸ ਕੇ, ਇਹ ਆਖ਼ਰੀ ਭਾਰ ਅਪਣੇ ਮੋਢਿਆਂ ਤੇ ਚੁਕ ਲੈਣਗੇ। ਮੇਰਾ ਖ਼ਿਆਲ ਸੀ ਕਿ ਜਿਹੜੇ 2500 ਮੈਂਬਰਾਂ ਦੇ ਨਾਂ ਮਾਲਕੀ ਕਰ ਦਿਤੀ ਗਈ ਹੈ, ਉਹ ਤਾਂ ਇਸ ਨੂੰ ਚਾਲੂ ਕਰਨ ਦੇ ਆਖ਼ਰੀ ਹੱਲੇ ਵਜੋਂ ਇਕ ਇਕ ਮੈਂਬਰ ਹੋਰ ਦੇਣ ਦੀ ਅਪੀਲ ਤੇ ਹੱਸ ਕੇ ਫੁੱਲ ਚੜ੍ਹਾ ਹੀ ਦੇਣਗੇ। ਹੈਰਾਨ ਹਾਂ, ਉਹ ਵੀ ਪੂਰੀ ਤਰ੍ਹਾਂ ਚੁੱਪ ਹਨ। ਚਿੱਠੀ ਦਾ ਜਵਾਬ ਵੀ ਨਹੀਂ ਦੇਂਦੇ। ਬਾਕੀ ਸਿੱਖਾਂ ਦਾ ਹਾਲ ਤਾਂ ਪਹਿਲਾਂ ਹੀ ਪਤਾ ਸੀ। 

ਕੌਮ ਦੀ ਵਿਗੜੀ ਬਣਾਉਣ ਵਾਲਿਆਂ ਅਤੇ ਕੌਮ ਨੂੰ ਸਮੇਂ ਦੀ ਹਾਣ ਦਾ ਬਣਾਉਣ ਵਾਲਿਆਂ ਨਾਲ ਕੌਮ ਇਸ ਤਰ੍ਹਾਂ ਕਿਉਂ ਕਰਦੀ ਹੈ? ਸ਼ੁਰੂ ਤੋਂ ਹੀ ਇਸ ਤਰ੍ਹਾਂ ਕਰਦੀ ਆਈ ਹੈ। ਇਸ ਕੌਮ ਨੇ ਸਿਰਫ਼ ਉਨ੍ਹਾਂ ਨੂੰ ਹੀ ਸੌ ਫ਼ੀ ਸਦੀ ਹੁੰਗਾਰਾ ਭਰਿਆ ਹੈ ਜਿਨ੍ਹਾਂ ਨੇ ਇਸ ਨੂੰ ਲਲਕਾਰਾ ਦਿਤਾ, ''ਆਉ ਚੁੱਕੋ ਕ੍ਰਿਪਾਨਾਂ ਤੇ ਮਾਰ ਦਈਏ ਜਾਂ ਸਾਰੇ ਮਰ ਜਾਈਏ!'' ਮਰ ਜਾਣ ਲਈ, ਸਾਰੇ ਦੇ ਸਾਰੇ ਸਿੱਖ ਕਈ ਵਾਰ ਇਕੱਠੇ ਹੋ ਕੇ ਨਿਤਰੇ ਹਨ।

ਪਰ ਜੇ ਕੋਈ ਇਨ੍ਹਾਂ ਨੂੰ ਆਖੇ ਕਿ ਆਉ ਹੁਣ ਅਕਲ ਤੇ ਕਲਮ ਦੇ ਜ਼ੋਰ ਨਾਲ ਅਤੇ ਨਵੇਂ ਜ਼ਮਾਨੇ ਦੀਆਂ ਲੋੜਾਂ ਅਨੁਸਾਰ ਅਪਣਾ ਅਮੀਰ ਫ਼ਲਸਫ਼ਾ ਦੁਨੀਆਂ ਨੂੰ ਵੀ ਤੇ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਮਝਾਉਣ ਲਈ ਥੋੜਾ ਥੋੜਾ ਹਿੱਸਾ ਪਾ ਕੇ ਵੱਡਾ ਯਤਨ ਕਰੀਏ ਤਾਂ ਕੋਈ ਵਿਰਲਾ ਹੀ ਇਨ੍ਹਾਂ ਦੀ ਮਦਦ ਲਈ ਅੱਗੇ ਆਵੇਗਾ, ਬਾਕੀਆਂ ਦਾ ਜਵਾਬ ਤਾਂ ਇਹੀ ਹੁੰਦਾ ਹੈ ਕਿ ''ਜੋ ਕੁੱਝ ਕਰਨਾ ਈ, ਤੂੰ ਆਪੇ ਕਰ, ਸਾਥੋਂ ਰੁਪਏ ਪੈਸੇ ਦੀ ਮਦਦ ਨਾ ਲਾ ਬੈਠੀਂ। ਜੋ ਦੇਣਾ ਹੁੰਦਾ ਹੈ, ਗੁਰਦੁਆਰੇ ਦੇ ਆਉਂਦੇ ਹਾਂ ਜਾਂ ਸੰਤਾਂ ਨੂੰ ਭੇਜ ਦੇਂਦੇ ਹਾਂ।''

ਜ਼ਰਾ ਵੇਖ ਲਉ ਕਰਮ ਸਿੰਘ ਹਿਸਟੋਰੀਅਨ ਵਲ ਜਿਸ ਨੇ ਪਹਿਲੀ ਵਾਰ ਦਸਿਆ ਕਿ ਬਾਲਾ ਨਾਂ ਦਾ ਬੰਦਾ ਤਾਂ ਕੋਈ ਪੈਦਾ ਹੀ ਨਹੀਂ ਸੀ ਹੋਇਆ ਤੇ ਉਹ ਨਕਲੀ ਕਿਰਦਾਰ ਬਾਬੇ ਨਾਨਕ ਨੂੰ ਬਦਨਾਮ ਕਰਨ ਲਈ ਘੜਿਆ ਗਿਆ ਸੀ। ਕਰਮ ਸਿੰਘ ਦੀ ਇਕੋ ਕਿਤਾਬ 'ਕੱਤਕ ਕਿ ਵਿਸਾਖ' ਹੀ ਛੱਪ ਸਕੀ ਤੇ ਬੋਰੀਆਂ ਭਰ ਕੇ ਲਿਖੇ ਬਾਕੀ ਦੇ ਖਰੜੇ ਬ੍ਰਾਹਮਣਵਾਦੀਆਂ ਨੇ ਛਪਣ ਹੀ ਨਾ ਦਿਤੇ ਤੇ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਉਹ ਕੀਮਤੀ ਖ਼ਜ਼ਾਨਾ ਚਲਾ ਕਿਥੇ ਗਿਆ।

ਸਿੱਖਾਂ ਨੇ ਉਸ ਦੀ ਕੋਈ ਮਦਦ ਨਾ ਕੀਤੀ ਤੇ ਉਹ ਕੌਮ ਦੀ ਸੇਵਾ ਦਾ ਜਜ਼ਬਾ ਮਨ ਵਿਚ ਹੀ ਲੈ ਕੇ ਮਰ ਗਿਆ। ਫਿਰ ਭਾਈ ਕਾਹਨ ਸਿੰਘ ਨਾਭਾ ਨੇ 'ਹਮ ਹਿੰਦੂ ਨਹੀਂ' ਲਿਖ ਕੇ, ਕੌਮ ਨੂੰ ਬ੍ਰਾਹਮਣਵਾਦ ਨਾਲੋਂ ਤੋੜਨ ਤੇ ਅਪਣੀ ਆਜ਼ਾਦ ਹਸਤੀ ਬਾਰੇ ਸੋਝੀ ਪੈਦਾ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਵਿਰੁਧ ਸਿੱਖ ਹੀ ਉਠ ਖੜੇ ਹੋਏ ਅਤੇ ਬਾਕੀ ਜੋ ਕੁੱਝ ਉਨ੍ਹਾਂ ਦੇਣਾ ਸੀ, ਉਹ ਛਾਪਣੋਂ ਹੀ ਰੁਕ ਗਏ ਤੇ ਉਨ੍ਹਾਂ ਆਪ ਲਿਖਿਆ, ''ਇਨ੍ਹਾਂ ਬੁਰਛਾਗਰਦਾਂ ਤੋਂ ਡਰਦਾ ਮੈਂ ਕੁੱਝ ਲਿਖਣ ਦੀ ਹਿੰਮਤ ਨਹੀਂ ਕਰ ਰਿਹਾ।''

ਸਿੱਖਾਂ ਨੇ ਭਾਈ ਕਾਹਨ ਸਿੰਘ ਨਾਭਾ ਦਾ ਵੀ ਕੋਈ ਸਾਥ ਨਾ ਦਿਤਾ। ਜੇ ਮਹਾਰਾਜਾ ਨਾਭਾ ਉਨ੍ਹਾਂ ਦਾ ਸਾਥ ਨਾ ਦੇਂਦਾ ਤਾਂ ਉਹ, ਉਹ ਕੁੱਝ ਵੀ ਨਾ ਦੇ ਸਕਦੇ ਜੋ ਉਨ੍ਹਾਂ ਨੇ ਦਿਤਾ ਹੈ, ਭਾਵੇਂ ਬਹੁਤ ਕੁੱਝ ਉਨ੍ਹਾਂ ਦਾ ਵੀ ਅਣਛਪਿਆ ਹੀ ਰਹਿ ਗਿਆ। ਫਿਰ ਆਈ ਸਿੰਘ ਸਭਾ ਲਹਿਰ ਦੇ ਬਾਨੀਆਂ ਦੀ ਵਾਰੀ। ਪੁਜਾਰੀਵਾਦੀਆਂ ਕੋਲੋਂ ਉਨ੍ਹਾਂ ਨੂੰ ਵਕਤ ਦੀ ਸਰਕਾਰ ਅਤੇ ਧਰਮ ਉਤੇ ਕਾਬਜ਼ ਲੋਕਾਂ ਨੂੰ ਛੇਕਵਾ ਦਿਤਾ ਤੇ ਗੁਰਦਵਾਰਿਆਂ ਵਿਚ ਦਾਖ਼ਲਾ ਬੰਦ ਕਰਵਾ ਦਿਤਾ।

ਸਿੱਖਾਂ ਨੇ ਉਨ੍ਹਾਂ ਦੀ ਵੀ ਕੋਈ ਮਦਦ ਨਾ ਕੀਤੀ, ਭਾਵੇਂ ਹੁਣ ਉਨ੍ਹਾਂ ਦੀ ਯਾਦ ਮਨਾਉਂਦੇ ਹਨ। ਗਿ: ਦਿਤ ਸਿੰਘ ਤਾਂ ਬਹੁਤ ਬੁਰੀ ਹਾਲਤ ਵਿਚ ਇਕ ਮੁਸਲਮਾਨ ਦੇ ਦਵਾਖ਼ਾਨੇ ਵਿਚ ਰਾਤ ਰਹਿੰਦੇ ਸਨ ਤੇ ਉਸ ਕੋਲੋਂ ਮਿਲੀ ਦਵਾਈ ਨਾਲ ਹੀ ਦਿਨ-ਕਟੀ ਕਰਦੇ ਸਨ। ਪਰ ਮੈਨੂੰ ਸਪੋਕਸਮੈਨ ਦੇ ਪਾਠਕਾਂ ਤੋਂ ਇਹ ਉਮੀਦ ਕਦੀ ਵੀ ਨਹੀਂ ਸੀ ਕਿ ਉਹ ਮੇਰੇ ਸਾਰੇ ਇਤਿਹਾਸ ਤੋਂ ਵਾਕਫ਼ ਹੁੰਦੇ ਹੋਏ ਵੀ 'ਉੱਚਾ ਦਰ' ਦਾ 10% ਹਿੱਸਾ ਪੂਰਾ ਕਰਨ ਦੀ ਗੱਲ ਸੁਣ ਕੇ ਵੀ ਇਸ ਤਰ੍ਹਾਂ ਘੇਸਲ ਮਾਰ ਲੈਣਗੇ।

ਮੈਂ ਤਾਂ ਸ਼ੁਰੂ ਵਿਚ ਹੀ ਸੋਚਦਾ ਸੀ ਕਿ ਕੌਮੀ ਜਾਇਦਾਦ ਉਸਾਰਦਿਆਂ, ਕਲ ਨੂੰ ਕੋਈ ਮੁਸ਼ਕਲ ਆ ਖੜੀ ਹੋਈ ਤਾਂ ਸਪੋਕਸਮੈਨ ਦੇ ਲੱਖਾਂ ਪ੍ਰੇਮੀ ਅਪਣਾ ਸੱਭ ਕੁੱਝ ਕੁਰਬਾਨ ਕਰ ਕੇ ਵੀ, ਕੌਮੀ ਜਾਇਦਾਦ ਨੂੰ ਜਾਂ ਮੈਨੂੰ ਕਿਸੇ ਮੁਸ਼ਕਲ ਵਿਚ ਨਹੀਂ ਪੈਣ ਦੇਣਗੇ। ਮੈਨੂੰ ਸਮਝ ਨਹੀਂ ਆਉਂਦੀ, ਸਿੱਖ ਹਰ ਵਾਰ ਹੀ, ਕੌਮ ਦਾ ਭਲਾ ਚਾਹੁਣ ਲਈ ਅਪਣਾ ਸੱਭ ਕੁੱਝ ਵਾਰ ਦੇਣ ਵਾਲਿਆਂ ਅਤੇ ਕੌਮ ਦੀ ਤਰੱਕੀ ਲਈ ਚੰਗੇ ਰਾਹ ਉਲੀਕਣ ਵਾਲਿਆਂ ਨੂੰ ਇਸ ਤਰ੍ਹਾਂ ਪਿਠ ਵਿਖਾ ਕੇ ਕਿਉਂ ਭੱਜ ਜਾਂਦੇ ਹਨ? ਹਾਕਮ ਤੇ ਪੁਜਾਰੀ ਜਾਂ ਬ੍ਰਾਹਮਣਵਾਦੀ ਤਾਂ ਉਨ੍ਹਾਂ ਦੇ ਵਿਰੋਧੀ ਹੁੰਦੇ ਹੀ ਹਨ,

ਸਿੱਖ ਵੀ ਥੋੜਾ ਜਿਹਾ ਪੈਸਾ ਦੇਣੋਂ ਬਚਣ ਖ਼ਾਤਰ, ਉਨ੍ਹਾਂ ਦਾ ਸਾਥ ਦੇਣੋਂ ਕਿਉਂ ਪਾਸਾ ਵੱਟ ਲੈਂਦੇ ਹਨ? ਦੇਸ਼ ਵਿਦੇਸ਼ ਵਿਚ ਘੁੰਮ ਫਿਰ ਕੇ ਮੈਂ ਵੇਖਿਆ ਹੈ ਕਿ 550 ਸਾਲ ਪਹਿਲਾਂ (ਬਾਬੇ ਨਾਨਕ ਦੇ ਜਨਮ ਤੋਂ ਪਹਿਲਾਂ) ਜੋ ਹਾਲਤ ਆਮ ਹਿੰਦੁਸਤਾਨੀਆਂ ਦੀ ਸੀ, ਉਹੀ ਹਾਲਤ ਅੱਜ ਦੇ ਸਿੱਖਾਂ ਦੀ ਵੀ ਬਣੀ ਹੋਈ ਹੈ। 10, 20, 100 ਦੇ ਨੋਟ ਟੇਕ ਕੇ ਅਰਬਾਂ ਰੁਪਏ ਹਰ ਸਾਲ ਗੋਲਕਾਂ ਰਾਹੀਂ 'ਦਾਨ' ਦੇਂਦੇ ਹਨ ਜੋ ਬਾਬੇ ਨਾਨਕ ਅਨੁਸਾਰ 'ਅਕਲੀ ਕੀਚੈ ਦਾਨ' ਵਾਲਾ ਦਾਨ ਨਹੀਂ ਹੁੰਦਾ, ਇਸ ਲਈ ਬੇਕਾਰ ਜਾ ਰਿਹਾ ਹੈ। ਨਾ ਗ਼ਰੀਬ ਦਾ ਕੋਈ ਭਲਾ ਹੋ ਰਿਹਾ ਹੈ, ਨਾ ਧਰਮ ਦਾ, ਨਾ ਮਾਨਤਵਾ ਦਾ। ਬਾਬੇ ਨਾਨਕ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ।

ਉੱਚਾ ਦਰ ਬਾਬੇ ਨਾਨਕ ਦਾ ਦੀ ਗੱਲ ਹੀ ਵੇਖ ਲਉ। ਇਹ ਕਿਸੇ ਦੀ ਨਿਜੀ ਜਾਇਦਾਦ ਨਹੀਂ, ਕੌਮੀ ਜਾਇਦਾਦ ਹੈ ਜਿਸ ਦਾ ਗ਼ਰੀਬ, ਧਰਮ ਅਤੇ ਮਾਨਵਤਾ ਸੱਭ ਨੂੰ ਭਾਰੀ ਲਾਭ ਮਿਲੇਗਾ ਪਰ 90% ਕੰਮ ਤਿਆਰ ਹੋ ਜਾਣ ਮਗਰੋਂ ਤੇ 80 ਕਰੋੜ ਰੁਪਏ ਲੱਗ ਜਾਣ ਮਗਰੋਂ ਬਾਕੀ ਦੇ 10% ਕੰਮ ਨੂੰ ਪੂਰਿਆਂ ਕਰਨ ਲਈ ਅਜੇ ਵੀ ਅਪੀਲਾਂ ਤੇ ਅਪੀਲਾਂ ਕਰਦੇ ਰਹਿਣਾ ਪੈ ਰਿਹਾ ਹੈ

ਤੇ ਕਿਸੇ ਨੂੰ ਪ੍ਰਵਾਹ ਨਹੀਂ ਕਿ ਭਾਈ ਲਾਲੋਆਂ ਵਲੋਂ (ਕਿਸੇ ਸਰਕਾਰੀ ਜਾਂ ਸੰਸਥਾਈ ਜਾਂ ਸੰਪਰਦਾਈ ਜਾਂ ਸੇਠਾਈ ਤਾਕਤ ਦੀ ਮਦਦ ਬਿਨਾਂ ਹੋਂਦ ਵਿਚ ਆ ਚੁੱਕੇ ਅਜੂਬੇ ਨੂੰ) ਉਸਾਰ ਵਿਖਾਣ ਵਾਲਿਆਂ ਦਾ ਹੱਥ ਵਟਾਉਣ ਲਈ, ਆਖ਼ਰੀ ਹੱਲੇ ਵਿਚ ਅਸੀ ਵੀ ਕੋਈ ਵੱਡਾ ਯੋਗਦਾਨ ਪਾ ਦਈਏ। ਨਾ, ਕਿਸੇ ਨੂੰ ਪ੍ਰਵਾਹ ਹੀ ਕੋਈ ਨਹੀਂ। ਪੈਸੇ ਦੀ ਕੁਰਬਾਨੀ ਦਾ ਕੋਈ ਜਜ਼ਬਾ ਤਾਂ ਨਜ਼ਰ ਹੀ ਨਹੀਂ ਆਉਂਦਾ। ਉਧਾਰਾ ਪੈਸਾ ਜੋ ਉਸਾਰੀ ਲਈ ਦਿਤਾ ਗਿਆ ਸੀ, ਉਸ 'ਚੋਂ 40 ਕਰੋੜ ਰੁਪਈਆ (ਅੱਧਾ ਸੂਦ, ਅੱਧਾ ਅਸਲ) ਵਾਪਸ ਕੀਤਾ ਵੀ ਜਾ ਚੁੱਕਾ ਹੈ।

ਉਨ੍ਹਾਂ ਪਾਠਕਾਂ ਨੂੰ ਬੜਾ ਆਖਿਆ, ਤੁਸੀ ਉੱਚਾ ਦਰ ਲਈ ਪੈਸਾ ਦਿਤਾ ਸੀ, ਵਪਾਰ ਲਈ ਨਹੀਂ, 'ਉੱਚਾ ਦਰ' ਨੂੰ ਬਣ ਤਾਂ ਲੈਣ ਦਿਉ। ਕੋਈ ਨਾ ਮੰਨਿਆ ਅਖੇ¸''ਉੱਚਾ ਦਰ ਬਣੇ ਨਾ ਬਣੇ, ਸਾਡਾ ਪੈਸਾ ਤੇ ਸੂਦ ਹੁਣੇ ਹੀ ਚਾਹੀਦੈ।'' ਉਹ ਮੰਨ ਜਾਂਦੇ ਤਾਂ 3-4 ਸਾਲ ਪਹਿਲਾਂ 'ਉੱਚਾ ਦਰ' ਚਾਲੂ ਹੋ ਗਿਆ ਹੁੰਦਾ। ਅੱਜ ਵੀ ਕਹਿੰਦੇ ਹਾਂ, ਹੁਣ ਆਖ਼ਰੀ ਦੌਰ ਵਿਚ ਰੁਕਾਵਟ ਨਾ ਬਣੋ, ਪਹਿਲਾਂ 'ਉੱਚਾ ਦਰ' ਬਣ ਲੈਣ ਦਿਉ। ਨਹੀਂ, ਕੋਈ ਦਲੀਲ ਨਹੀ, ਕੋਈ ਅਪੀਲ ਨਹੀਂ, ਬੱਸ 'ਮੇਰਾ ਪੈਸਾ, ਮੇਰਾ ਸੂਦ।'

ਕੌਮੀ ਜਜ਼ਬਾ ਸਿੱਖਾਂ ਵਿਚ ਦੂਰ ਦੂਰ ਤਕ ਦਿਸਦਾ ਹੀ ਕੋਈ ਨਹੀਂ। ਹਰ ਕੋਈ ਪੈਸੇ ਪਿੱਛੇ ਦੌੜ ਰਿਹਾ ਹੈ। ਕੌਮ ਉੱਚੀ ਉਠੇ, ਉਹਦੇ ਲਈ ਸਿਰ ਦੀ ਕੁਰਬਾਨੀ ਦੇਣ ਵਾਲੇ ਸਿੱਖ ਤਾਂ ਮਿਲ ਜਾਣਗੇ, ਪੈਸੇ ਦੀ ਕੁਰਬਾਨੀ ਵਾਲੇ ਮਿਲਣੇ ਔਖੇ ਹਨ। ਸੂਦ ਦਾ ਇਕ ਪੈਸਾ ਵੀ ਛੱਡਣ ਲਈ ਤਿਆਰ ਨਹੀਂ, ਅਸਲ 'ਚੋਂ ਤਾਂ ਕੀ ਦੇਣਾ ਹੈ। ਗੁਰੂ ਦੇ ਸਿੱਖੋ, ਜੇ ਯਹੂਦੀਆਂ, ਮੁਸਲਮਾਨਾਂ ਤੇ ਅੰਗਰੇਜ਼ਾਂ ਲਈ 'ਉੱਚਾ ਦਰ' ਵਰਗੀ ਕੋਈ ਉਸਾਰੀ ਹੋਈ ਹੁੰਦੀ ਤਾਂ ਉਨ੍ਹਾਂ ਨੇ ਇਕ ਅਪੀਲ ਸੁਣ ਕੇ ਤੇ ਸਾਹਮਣੇ ਬਣੀ ਇਮਾਰਤ ਵੇਖ ਕੇ ਸ਼ਾਮ ਤਕ ਪੈਸਿਆਂ ਦਾ ਢੇਰ ਲਾ ਦੇਣਾ ਸੀ ਤੇ ਕਹਿਣਾ ਸੀ,

''ਲਉ, ਅਹਿ ਫੜੋ ਬਾਕੀ ਲੋੜੀਂਦੀ ਰਕਮ ਤੇ ਦੋ ਮਹੀਨਿਆਂ ਵਿਚ ਚਾਲੂ ਕਰ ਦਿਉ।'' ਉਨ੍ਹਾਂ ਨੇ ਸਾਰਾ ਸੂਦ ਕੌਮੀ ਜਾਇਦਾਦ ਲਈ ਛੱਡ ਦੇਣਾ ਸੀ, ਸਗੋਂ ਲਗਭਗ ਸਾਰਿਆਂ ਨੇ ਪੂਰੇ ਦੇ ਪੂਰੇ ਬਾਂਡ ਦਾਨ ਕਰ ਦੇਣੇ ਸਨ। ਕਿਉਂ ਭਲਾ? ਕਿਉਂਕਿ ਉਹ ਹਨ ਅਸਲ ਨਿਸ਼ਕਾਮ ਦਾਨੀ ਜਦਕਿ ਅਸੀ ਹਾਂ ਬ੍ਰਾਹਮਣ ਦੇ ਰਸਤੇ ਤੇ ਚਲਣ ਵਾਲੇ, ਨਿਜੀ ਫ਼ਾਇਦੇ ਦੀ ਗੱਲ ਪਹਿਲਾਂ ਸੋਚ ਕੇ 'ਰਿਸ਼ਵਤ' ਵਜੋਂ ਕੁੱਝ ਕੁ ਐਡਵਾਂਸ ਦੇਣ ਵਾਲੇ ਚਤਰ ਦਾਨੀ!!

ਗੁਰੂ ਦੇ ਸਿੱਖਾਂ ਨੂੰ ਕਹਿਣਾ ਚਾਹਾਂਗਾ, ਬਾਬੇ ਨਾਨਕ ਦੇ ਰਾਹ ਤੇ ਚਲ ਕੇ ਅਸਲ ਤੇ ਸੱਚੇ ਦਾਨੀ ਬਣੋ ਨਹੀਂ ਤਾਂ ਸੱਭ ਕੁੱਝ ਹੁੰਦਿਆਂ ਸੁੰਦਿਆਂ ਵੀ, ਦੁਨੀਆਂ ਦੀਆਂ ਅਤਿ ਕਮਜ਼ੋਰ ਤੇ ਪਛੜੀਆਂ ਕੌਮਾਂ ਵਿਚੋਂ ਗਿਣੇ ਜਾਣ ਲੱਗ ਜਾਉਗੇ। ਤੁਸੀ ਦੁਨੀਆਂ ਨੂੰ ਵਿਖਾਣ ਲਈ ਆਪ ਕੁੱਝ ਨਹੀਂ ਬਣਾਇਆ, ਨਾ ਕਦੇ ਬਣਾ ਹੀ ਸਕੋਗੇ। ਰਾਜਿਆਂ, ਸਰਕਾਰਾਂ ਦੇ ਬਣਾਏ ਹੋਏ ਮਹਿਲਾਂ ਵਿਚ ਵੀ ਠਾਠ ਹੁੰਦੀ ਹੈ, ਜਾਨ ਨਹੀਂ ਹੁੰਦੀ। ਪਹਿਲੀ ਵਾਰ ਭਾਈ ਲਾਲੋਆਂ ਨੇ ਯਤਨ ਕੀਤਾ ਹੈ, ਇਸ ਯਤਨ ਨੂੰ ਸੱਚੇ ਦਾਨੀ ਬਣ ਕੇ ਮੁਕੰਮਲ ਕਰਨ ਦਾ ਕੰਮ ਅਪਣੇ ਹੱਥਾਂ ਵਿਚ ਲੈ ਲਉ!

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement