Nijji Diary De Panne : ਚੌਧਰੀ ਦੇਵੀ ਲਾਲ ਚਾਹੁੰਦੇ ਸਨ ਕਿ ਪੰਜਾਬੀ ਸੂਬਾ ਤੇ ਵੱਖ ਹੋ ਕੇ ਵੀ ਦੋਵੇਂ ਬਹੁਤ ਮਜ਼ਬੂਤ ਰਾਜ ਬਣਨ ਪਰ...
Published : May 4, 2025, 6:32 am IST
Updated : May 4, 2025, 1:35 pm IST
SHARE ARTICLE
Joginder Singh water crisis Nijji Diary De Panne today in punjabi
Joginder Singh water crisis Nijji Diary De Panne today in punjabi

Nijji Diary De Panne : 56 ਸਾਲ ਬਾਅਦ ਵੀ ਅੱਜ ਪੰਜਾਬ ਉਸ ਨਾਲੋਂ ਵੀ ਮਾੜੀ ਹਾਲਤ ਵਿਚ ਹੈ ਜੋ 1966 ਵਿਚ ਸੀ ਤੇ ਜੋ ਕੁੱਝ ਇਸ ਕੋਲ ਬਾਕੀ ਰਹਿ ਗਿਆ ਹੈ, ਉਹ ਵੀ ਖੋਹਣ,,,

Joginder Singh water crisis Nijji Diary De Panne today in punjabi : ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਮਗਰੋਂ ਸਿੱਖਾਂ ਨੂੰ ਖੁਲ੍ਹ ਕੇ ਕਹਿ ਦਿਤਾ ਸੀ ਕਿ ਸਿੱਖ ਭੁੱਲ ਜਾਣ ਕਿ ਆਜ਼ਾਦੀ ਤੋਂ ਪਹਿਲਾਂ ਜੋ ਵਾਅਦੇ ਉਨ੍ਹਾਂ ਨਾਲ ਕੀਤੇ ਗਏ ਸਨ, ਉਹ ਕਦੇ ਪੂਰੇ ਵੀ ਕੀਤੇ ਜਾਣਗੇ! ਸੰਵਿਧਾਨ ਬਣਾਉਣ ਵੇਲੇ ਵੀ ਸਿੱਖਾਂ ਦੇ ਪ੍ਰਤਿਨਿਧਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਰਾਹੀਂ ਕੁੱਝ ਪੁਰਾਣੇ ਵਾਅਦੇ ਲਾਗੂ ਕਰ ਦਿਤੇ ਜਾਣ। ਨਹਿਰੂ ਸਰਕਾਰ ਨੇ ਫਿਰ ਨਾਂਹ ਕਰ ਦਿਤੀ। ਡਾ. ਅੰਬੇਦਕਰ ਵੀ ਚੁੱਪ ਰਹੇ। ਨਾ ਹੱਕ ਵਿਚ ਬੋਲੇ, ਨਾ ਵਿਰੋਧ ਵਿਚ। ਸਿੱਖ ਪ੍ਰਤੀਨਿਧਾਂ ਨੇ ਸੰਵਿਧਾਨ ਦੇ ਖਰੜੇ ਨੂੰ ਮੰਜ਼ੂਰ ਕਰਨ ਵਜੋਂ ਉਦੋਂ ਤਕ ਉਸ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਜਦ ਤਕ ਇਸ ਰਾਹੀਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਸਰਕਾਰ ਨੇ ਉਨ੍ਹਾਂ ਦੀ ਕੋਈ ਪ੍ਰਵਾਹ ਨਾ ਕੀਤੀ। ਅਕਾਲੀ ਲੀਡਰਾਂ ਨੇ ਵਿਚਕਾਰਲਾ ਰਸਤਾ ਲੱਭ ਕੇ ਪੰਜਾਬੀ ਸੂਬੇ ਦੀ ਮੰਗ ਰੱਖ ਦਿਤੀ ਕਿਉਂਕਿ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਰਾਜ ਬਣਾਏ ਜਾ ਰਹੇ ਸਨ। ਹਰਿਆਣਵੀ ਲੀਡਰਾਂ ਨੇ ਵੀ ਇਸ ਦੀ ਹਮਾਇਤ ਕਰ ਦਿਤੀ ਕਿਉਂਕਿ ਇਸ ਨਾਲ ਹਰਿਆਣਾ ਰਾਜ ਅਪਣੇ ਆਪ ਬਣ ਜਾਂਦਾ ਸੀ। ਨਹਿਰੂ ਨੇ ਫਿਰ ਤੋਂ ਸਾਫ਼ ਨਾਂਹ ਕਰ ਦਿਤੀ ਤੇ 15 ਅਗੱਸਤ ਦੇ ਆਜ਼ਾਦੀ ਸਮਾਗਮ ਵਿਚ ਵੀ ਗਰਜ ਕੇ ਕਹਿ ਦਿਤਾ, ‘‘ਪੰਜਾਬੀ ਸੂਬਾ ਕਭੀ ਨਹੀਂ ਬਨਾਇਆ ਜਾਏਗਾ। ਯੇਹ ਹਮੇਸ਼ਾ ਅਕਾਲੀਉਂ ਕੇ ਦਿਮਾਗ਼ੋਂ ਮੇਂ ਹੀ ਰਹੇਗਾ।’’

ਫਿਰ ਇੰਦਰਾ ਗਾਂਧੀ ਦਾ ਦੌਰ ਸ਼ੁਰੂ ਹੋਇਆ। ਉਹ ਵੀ ਬਾਪ ਵਾਂਗ ਹੀ ਪੰਜਾਬੀ ਸੂਬਾ ਬਣਾਉਣ ਦੀ ਕੱਟੜ ਵਿਰੋਧੀ ਸੀ। ਪਰ ਪਾਕਿਸਤਾਨ ਨਾਲ ਲੜਾਈ ਦੌਰਾਨ ਸਿੱਖਾਂ ਨੂੰ ਭਾਰਤ ਸਰਕਾਰ ਵਿਰੁਧ ਭੜਕਾਉਣ ਵਾਲੇ ਪਾਕਿਸਤਾਨੀ ਪ੍ਰਚਾਰ ਨੇ ਦਿੱਲੀ ਵਾਲਿਆਂ ਨੂੰ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿਤਾ। ਹੁਣ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਚੁਕੇ ਸਨ। ਉਨ੍ਹਾਂ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਬਣਾਈ ਕਮੇਟੀ ਦਾ ਪ੍ਰਧਾਨ ਸ. ਹੁਕਮ ਸਿੰਘ ਨੂੰ ਬਣਾ ਦਿਤਾ। ਸ. ਹੁਕਮ ਸਿੰਘ ਨੇ ਫ਼ੈਸਲਾ ਪੰਜਾਬੀ ਸੂਬੇ ਦੇ ਹੱਕ ਵਿਚ ਕਰਵਾ ਦਿਤਾ। ਇੰਦਰਾ ਗਾਂਧੀ ਭੱਜ ਕੇ ਲਾਲ ਬਹਾਦਰ ਸ਼ਾਸਤਰੀ ਕੋਲ ਗਈ ਤੇ ਬੋਲੀ, ‘‘ਇਹ ਕੀ ਅਨਰਥ ਕਰਵਾ ਦਿਤਾ ਜੇ? ਪੰਜਾਬ ਦੇ ਹਿੰਦੂਆਂ ਦਾ ਕੀ ਬਣੇਗਾ? ਹੁਕਮ ਸਿੰਘ ਪੱਕਾ ਅਕਾਲੀ ਹੈ, ਉਸ ਨੂੰ ਕਮੇਟੀ ਦਾ ਪ੍ਰਧਾਨ ਕਿਉਂ ਬਣਾ ਦਿਤਾ? ਉਸ ਨੇ ਤਾਂ ਪੰਜਾਬੀ ਸੂਬੇ ਦੇ ਹੱਕ ਵਿਚ ਫ਼ੈਸਲਾ ਕਰਵਾਣਾ ਹੀ ਸੀ...।’’

ਸ. ਹੁਕਮ ਸਿੰਘ ਨੇ ਮਗਰੋਂ ‘ਹਿੰਦੁਸਤਾਨ ਟਾਈਮਜ਼’ (ਅੰਗਰੇਜ਼ੀ) ਵਿਚ ਇਕ ਲੇਖ ਲਿਖ ਕੇ ਦਸਿਆ ਕਿ ਉਸ ਨੂੰ ਇਸ ਲਈ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਕਿਉਂਕਿ ਉਸ ਨੇ ਗ਼ੈਰ-ਰਸਮੀ ਗੱਲਬਾਤ ਵਿਚ ਸ਼ਾਸਤਰੀ ਜੀ ਨੂੰ ਕਹਿ ਦਿਤਾ ਸੀ ਕਿ, ‘‘ਮੈਂ ਵੀ ਸਦਾ ਪੰਜਾਬੀ ਸੂਬਾ ਬਣਾਉਣ ਲਈ ਹੀ ਲੜਦਾ ਰਿਹਾ ਹਾਂ ਪਰ ਮੌਜੂਦਾ ਹਾਲਾਤ ਵਿਚ ਮੈਨੂੰ ਲਗਦਾ ਹੈ ਕਿ ਪੰਜਾਬੀ ਸੂਬੇ ਦਾ ਸਿੱਖਾਂ ਨੂੰ ਬਹੁਤਾ ਫ਼ਾਇਦਾ ਨਹੀਂ ਹੋਣਾ ਤੇ ਸਰਕਾਰ ਐਵੇਂ ਡਰ ਰਹੀ ਹੈ ਕਿ ਸਿੱਖਾਂ ਦੀ ਤਾਕਤ ਬਹੁਤ ਵੱਧ ਜਾਵੇਗੀ। ਜਾਤ-ਵਾਦ ਸਿੱਖਾਂ ਉਤੇ ਵੀ ਬਹੁਤ ਹਾਵੀ ਹੋ ਗਿਆ ਹੈ ਤੇ ਪੰਜਾਬ ਵਿਚ ਜੱਟ-ਭਾਪਾ ਖਿੱਚੋਤਾਣ ਬਹੁਤ ਵਧਣ ਲੱਗ ਪਈ ਹੈ ਜੋ ਸਿੱਖਾਂ ਨੂੰ ਆਪਸ ਵਿਚ ਵੰਡ ਦੇਵੇਗੀ ਜਿਵੇਂ ਹੁਣ ਵੀ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਜੱਟ ਬਹੁਗਿਣਤੀ ਦੇ ਲੀਡਰ, ਸਾਰੀ ਤਾਕਤ ਅਪਣੇ ਹੱਥਾਂ ਵਿਚ ਰਖਣਾ ਚਾਹੁਣਗੇ ਤੇ ਪੰਥ ਵਿਚ ਉਹ ਫੁਟ ਪੈ ਜਾਏਗੀ ਜੋ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ।’’

ਲਾਲ ਬਹਾਦਰ ਸ਼ਾਸਤਰੀ ਨੇ ਸ. ਹੁਕਮ ਸਿੰਘ ਦੇ ਇਹ ਵਿਚਾਰ ਸੁਣ ਕੇ ਹੀ ਉਨ੍ਹਾਂ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਹੁਣ ਸ. ਹੁਕਮ ਸਿੰਘ ਪੰਜਾਬੀ ਸੂਬਾ ਨਾ ਬਣਨ ਵਿਚ ਹੀ ਸਿੱਖਾਂ ਦਾ ਭਲਾ ਸਮਝਣ ਲੱਗ ਪਏ ਸੀ। ਜਦ ਸ਼ਾਸਤਰੀ ਜੀ ਨੇ ਸ. ਹੁਕਮ ਸਿੰਘ ਨੂੰ ਬੁਲਾ ਕੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਤਾਂ ਉਨ੍ਹਾਂ ਦਾ ਉੱਤਰ ਸੀ ਕਿ ‘‘ਮੈਂ ਜੋ ਕੁੱਝ ਤੁਹਾਨੂੰ ਕਿਹਾ ਸੀ, ਅੱਜ ਵੀ ਉਸ ’ਤੇ ਕਾਇਮ ਹਾਂ ਕਿ ਪੰਜਾਬੀ ਸੂਬਾ ਬਣਨ ਮਗਰੋਂ ਸਿੱਖਾਂ ਦੀ ਏਕਤਾ, ਨਵੀਂ ਆਉਣ ਵਾਲੀ, ਲੀਡਰਸ਼ਿਪ ਨੇ ਕਾਇਮ ਨਹੀਂ ਰਹਿਣ ਦੇਣੀ ਤੇ ਜੱਟ ਸਿੱਖ ਲੀਡਰਾਂ ਨੇ ਗ਼ੈਰ-ਜੱਟ ਸਿੱਖ ਲੀਡਰਾਂ ਨੂੰ ਅਪਣੇ ਨਾਲ ਨਹੀਂ ਲੈਣਾ ਤੇ ਪੰਥਕ ਜਜ਼ਬਾ ਖ਼ਤਮ ਹੋ ਜਾਣਾ ਹੈ। ਮੈਂ ਅੱਜ ਵੀ ਇਨ੍ਹਾਂ ਵਿਚਾਰਾਂ ’ਤੇ ਕਾਇਮ ਹਾਂ ਪਰ ਕਮੇਟੀ ਦੇ ਪ੍ਰਧਾਨ ਵਜੋਂ ਮੇਰਾ ਕੰਮ ਇਹ ਵੇਖਣਾ ਸੀ ਕਿ ਜੇ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਸੂਬੇ ਬਣਾਏ ਜਾ ਰਹੇ ਹਨ ਤਾਂ ਪੰਜਾਬ ਨੂੰ ਇਸ ਹੱਕ ਤੋਂ ਵਾਂਝਾ ਕਿਸ ਬਿਨਾਅ ’ਤੇ ਰਖਿਆ ਜਾਵੇ? ਮੈਂ ਇਨਸਾਫ਼ ਹੀ ਕਰਨਾ ਸੀ ਤੇ ਇਨਸਾਫ਼ ਹੀ ਕੀਤਾ, ਮੇਰੇ ਨਿਜੀ ਵਿਚਾਰ ਭਾਵੇਂ ਕੁੱਝ ਵੀ ਕਿਉਂ ਨਾ ਹੋਣ।’’

ਜਦ ਪੰਜਾਬੀ ਸੂਬੇ ਬਾਰੇ ਫ਼ੈਸਲਾ ਲਾਗੂ ਕਰਨ ਦਾ ਸਮਾਂ ਆਇਆ ਤਾਂ ਦੇਸ਼ ਦੀ ਕਮਾਨ ਗੁਲਜ਼ਾਰੀ ਲਾਲ ਨੰਦਾ ਦੇ ਹੱਥ ਵਿਚ ਸੀ। ਨੰਦਾ ਜੀ ਨਿਹਾਇਤ ਈਮਾਨਦਾਰ ਪਰ ਪੰਜਾਬੀ ਸੂਬੇ ਦੇ ਕੱਟੜ ਵਿਰੋਧੀ ਸਨ - ਸ਼ਾਇਦ ਪੰਜਾਬੀ ਹੋਣ ਕਰ ਕੇ। ‘ਹਿੰਦ ਸਮਾਚਾਰ’ ਦੇ ਲਾਲਾ ਜਗਤ ਨਾਰਾਇਣ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਪੁਛਿਆ, ‘‘ਇਹ ਕੀ ਕਰ ਰਹੇ ਹੋ? ਹਿੰਦੂਆਂ ਨੂੰ ਸਿੱਖਾਂ ਦੇ ਅਧੀਨ ਕਰ ਰਹੇ ਹੋ?’’ ਨੰਦਾ ਜੀ ਨੇ ਉੱਤਰ ਦਿਤਾ, ‘‘ਫ਼ਿਕਰ ਨਾ ਕਰੋ, ਮੈਂ ਐਸਾ ਪੰਜਾਬੀ ਸੂਬਾ ਬਣਾ ਦਿਤਾ ਹੈ ਕਿ 10 ਸਾਲ ਮਗਰੋਂ ਸਿੱਖਾਂ ਨੇ ਆਪ ਹੀ ਕਹਿਣਾ ਸ਼ੁਰੂ ਕਰ ਦੇਣਾ ਹੈ ਕਿ ਇਸ ਨਾਲੋਂ ਤਾਂ ਪਹਿਲਾਂ ਵਾਲਾ ਪੰਜਾਬ ਹੀ ਚੰਗਾ ਸੀ, ਉਹੀ ਵਾਪਸ ਬਣਾ ਦਿਉ’’।

ਨੰਦਾ ਜੀ ਜ਼ਿਕਰ ਕਰ ਰਹੇ ਸਨ ਸਾਂਝੀਆਂ ਕੜੀਆਂ ਦਾ ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਨੂੰ ਬੰਨ੍ਹ ਦਿਤਾ ਗਿਆ ਸੀ ਤੇ ਇਕ ਦੂਜੇ ਨਾਲ ਲੜਦੇ ਰਹਿਣ ਲਈ ਤਿਆਰ ਕਰ ਦਿਤਾ ਗਿਆ ਸੀ। ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਦਰਿਆ, ਪੰਜਾਬ ਦੇ ਡੈਮ, ਪੰਜਾਬ ਦੇ ਗੁਰਦਵਾਰੇ, ਪੰਜਾਬ ਦੇ ਅਫ਼ਸਰ - ਸੱਭ ਕੁੱਝ ਕੇਂਦਰ ਅਧੀਨ ਕਰ ਦਿਤੇ ਗਏ ਸਨ ਤੇ ਅਜਿਹਾ ਪ੍ਰਬੰਧ ਕਰ ਦਿਤਾ ਗਿਆ ਸੀ ਕਿ ਦੋਵੇਂ ਨਾ ਕਦੇ ਆਪਸ ਵਿਚ ਲੜਨੋਂ ਹਟਣ, ਨਾ ਕੋਈ ਮਸਲਾ ਹੱਲ ਹੋਵੇ, ਦੋਵੇਂ ਸੂਬੇ ਘਾਟੇ ਵਿਚ ਚਲੇ ਜਾਣ ਤੇ ਅਖ਼ੀਰ ਤੰਗ ਹੋ ਕੇ ਮੰਗ ਕਰਨ ਲੱਗ ਜਾਣ ਕਿ ‘‘ਸਾਨੂੰ ਪਹਿਲਾਂ ਵਾਲੀ ਹਾਲਤ ਵਿਚ ਹੀ ਲੈ ਜਾਉ, ਅਸੀ ਉਦੋਂ ਜ਼ਿਆਦਾ ਸੁਖੀ ਸੀ।’’

ਹਰਿਆਣਵੀ ਲੀਡਰਾਂ ਵਿਚੋਂ ਇਕ ਹੀ ਲੀਡਰ ਸੀ ਚੌਧਰੀ ਦੇਵੀ ਲਾਲ ਜਿਸ ਨੂੰ ਸਾਰੀ ਸ਼ਰਾਰਤ ਦੀ ਸਮਝ ਸੀ ਤੇ ਉਹ ਅਪਣੇ ਸਮਰਥਕਾਂ ਨੂੰ ਵੀ ਕਹਿੰਦੇ ਰਹਿੰਦੇ ਸੀ ਕਿ ਸਿੱਖਾਂ ਨੂੰ ਪਾਕਿਸਤਾਨ ਵਲ ਨਾ ਧੱਕੋ, ਉਨ੍ਹਾਂ ਨੇ ਦੇਸ਼ ਨੂੰ ਹਮੇਸ਼ਾ ਬਚਾਇਆ ਹੈ, ਉਨ੍ਹਾਂ ਲਈ ਸਾਹ ਲੈਣ ਜੋਗੀ ਥਾਂ ਤਾਂ ਛੱਡ ਦਿਉ ਕਿਉਂਕਿ ਹਰਿਆਣੇ ਨੂੰ ਦਿੱਲੀ ਤੇ ਯੂ.ਪੀ. ਕੋਲੋਂ ਬਹੁਤ ਕੁੱਝ ਮਿਲ ਸਕਦਾ ਹੈ, ਪੰਜਾਬ ਨਾਲ ਲੜ ਕੇ ਪੰਜਾਬ ਦਾ ਨੁਕਸਾਨ ਤਾਂ ਕਰ ਸਕਦੇ ਹਾਂ, ਮਿਲਣਾ ਸਾਨੂੰ ਕੁੱਝ ਵੀ ਨਹੀਂ।’’  1966 ਵਾਲਾ ਪੁਨਰਗਠਨ ਐਕਟ ਬਣਨ ਮਗਰੋਂ, ਅਕਲ ਦੀ ਮੰਗ ਇਹ ਸੀ ਕਿ ਅਕਾਲੀ ਲੀਡਰ ਸਾਂਝੀਆਂ ਕੜੀਆਂ ਤੁਰਤ ਖ਼ਤਮ ਕਰਨ ਲਈ ਅੜ ਜਾਂਦੇ ਪਰ ‘ਗੱਦੀ-ਮੋਹ’ ਵਿਚ ਉਹ ਇਸ ਤਰ੍ਹਾਂ ਗ੍ਰਸੇ ਗਏ ਕਿ ਦਿੱਲੀ ਵਾਲਿਆਂ ਨਾਲ ‘ਪਤੀ-ਪਤਨੀ’ ਵਾਲਾ ਰਿਸ਼ਤਾ ਵੀ ਜੋੜ ਲਿਆ, ਵਜ਼ੀਰੀਆਂ ਵੀ ਸਾਂਝੀਆਂ ਕਰ ਲਈਆਂ, ਅਕਾਲੀ ਦਲ ਦਾ ‘ਪੰਥਕ’ ਸਰੂਪ ਵੀ ਖ਼ਤਮ ਕਰ ਦਿਤਾ ਤੇ ਕੇਂਦਰ ਤੋਂ ਵਚਨ ਦੋ ਹੀ ਲਏ ਕਿ ‘ਦਿੱਲੀ ਅਤੇ ਪੰਜਾਬ ਵਿਚ ਦੋਹੀਂ ਥਾਈਂ ਵਜ਼ੀਰੀਆਂ ਤੇ ਗੁਰਦਵਾਰਿਆਂ ਦੀਆਂ ਗੋਲਕਾਂ, ਬਾਦਲ ਪ੍ਰਵਾਰ ਲਈ ਸੁਰੱਖਿਅਤ ਰਹਿਣ ਦਿਤੀਆਂ ਜਾਣਗੀਆਂ।’ 

ਸੋ 56 ਸਾਲ ਬਾਅਦ ਵੀ ਅੱਜ ਪੰਜਾਬ ਉਸ ਨਾਲੋਂ ਵੀ ਮਾੜੀ ਹਾਲਤ ਵਿਚ ਹੈ ਜੋ 1966 ਵਿਚ ਸੀ ਤੇ ਜੋ ਕੁੱਝ ਇਸ ਕੋਲ ਬਾਕੀ ਰਹਿ ਗਿਆ ਹੈ, ਉਹ ਵੀ ਖੋਹਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ। ਮੈਂ ਉਪਰ ਬਹੁਤ ਥੋੜ੍ਹੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਪਰ 1966 ਤੋਂ 2022 ਤਕ ਦੀਆਂ ਪ੍ਰਾਪਤੀਆਂ ਤੇ ਨਾਕਾਮੀਆਂ ਦਾ ਪੂਰਾ ਵੇਰਵਾ ਤਿਆਰ ਕਰ ਲਿਆ ਜਾਏ ਤਾਂ ਇਹ ਕਹੇ ਬਿਨਾਂ ਕੋਈ ਨਹੀਂ ਰਹਿ ਸਕੇਗਾ ਕਿ ਐਸੀ ਲੀਡਰਸ਼ਿਪ ਨਾਲੋਂ ਤਾਂ ਅਸੀ ‘ਨਿਖਸਮੇ’ ਹੀ ਭਲੇ, ਜੋ ਸਾਡੇ ਆਸਰੇ, ਗੱਦੀ ’ਤੇ ਬੈਠ ਕੇ ਹੀ, ਅੰਦਰੋਂ ਪੰਜਾਬ ਤੇ ਪੰਥ ਦਾ ਹੀ ਨੁਕਸਾਨ ਕਰਦੀ ਆ ਰਹੀ ਹੈ ਤੇ ਲੋਕਾਂ ਦਾ ਵਿਸ਼ਵਾਸ ਖ਼ਤਮ ਕਰਨ ਲਈ ਜ਼ਿੰਮੇਵਾਰ ਹੈ! ਹੱਲ ਕੀ ਨਿਕਲੇ? ਇਥੇ ਹੀ ਮੈਨੂੰ ਯਾਦ ਆਉਂਦੀ ਹੈ, ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੀ ਇਕ ਘਟਨਾ। ਮੈਂ ਉਸ ਵੇਲੇ ਪੱਤਰਕਾਰੀ ਵਿਚ ਨਵਾਂ ਨਵਾਂ ਪੈਰ ਧਰਿਆ ਸੀ ਤੇ ਇਕ ਮਾਸਕ ਪਰਚਾ ਕਢਿਆ ਕਰਦਾ ਸੀ। ਮਾਸਕ ਪਰਚਾ ਵੀ ਕਿਉਂਕਿ ਗ਼ੈਰ-ਸਿਆਸੀ ਪਰਚਾ ਸੀ, ਇਸ ਲਈ ਸਿਆਸਤਦਾਨਾਂ ਨਾਲ ਮੇਰਾ ਕੋਈ ਵਾਹ-ਵਾਸਤਾ ਨਹੀਂ ਸੀ ਹੁੰਦਾ ਪਰ ਅੰਗਰੇਜ਼ੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਪ੍ਰੇਮ ਮਹਿੰਦਰਾ ਅਤੇ ਇਸੇ ਅਖ਼ਬਾਰ ਦੇ ਚ੍ਰਚਿਤ ਫ਼ੋਟੋਗਰਾਫ਼ਰ ਯੋਗ ਜਾਏ ਮੇਰੀ ਲਿਖਤ ਨੂੰ ਪਸੰਦ ਕਰਦੇ ਸਨ, ਇਸ ਲਈ ਮੇਰੇ ਕੋਲ ਆ ਜਾਇਆ ਕਰਦੇ ਸਨ ਤੇ ਕਦੇ ਕਦੇ ਮੈਨੂੰ ਸਿਆਸਤਦਾਨਾਂ ਕੋਲ ਵੀ ਲੈ ਜਾਂਦੇ ਸਨ।

ਇਕ ਦਿਨ ਪ੍ਰੇਮ ਮਹਿੰਦਰਾ ਮੇਰੇ ਕੋਲ ਆਏ ਤੇ ਕਹਿਣ ਲੱਗੇ, ‘‘ਦੇਵੀ ਲਾਲ ਨੂੰ ਮਿਲਣ ਜਾ ਰਿਹਾ ਹਾਂ, ਤੁਸੀ ਵੀ ਨਾਲ ਚੱਲੋ। ਤੁਹਾਨੂੰ ਬਹੁਤ ਚੰਗਾ ਲੱਗੇਗਾ। ਆਮ ਸਿਆਸਤਦਾਨਾਂ ਨਾਲੋਂ ਬਿਲਕੁਲ ਵਖਰੀ ਕਿਸਮ ਦਾ ਬੰਦਾ ਹੈ। ਉਹਨੂੰ ਮਿਲ ਕੇ ਤੁਸੀ ਬਹੁਤ ਖ਼ੁਸ਼ ਹੋਵੋਗੇ।’’ ਮੈਂ ਚਲਾ ਗਿਆ। ਮੇਰੇ ਘਰ ਦੇ ਨੇੜੇ ਹੀ ਉਹ ਇਕ ਕੋਠੀ ਵਿਚ ਅਕਸਰ ਬੈਠਿਆ ਕਰਦੇ ਸਨ। ਪ੍ਰੇਮ ਮਹਿੰਦਰਾ ਨੇ ਅਪਣੇ ਖ਼ਾਸ ਅੰਦਾਜ਼ ਵਿਚ ਪਹਿਲਾਂ ਕੁੱਝ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਤੇ ਫਿਰ ਬੋਲੇ, ‘‘ਚੌਧਰੀ ਸਾਹਬ, ਪੰਜਾਬੀ ਸੂਬੇ ਦੇ ਤੁਸੀ ਵੱਡੇ ਹਮਾਇਤੀ ਹੋ। ਪੰਜਾਬੀ ਸੂਬਾ ਬਣ ਜਾਏ ਤਾਂ ਤੁਹਾਨੂੰ ਕੀ ਮਿਲੇਗਾ?’’ ਦੇਵੀ ਲਾਲ ਜੀ ਬੋਲੇ, ‘‘ਹਰਿਆਣਾ ਮਿਲੇਗਾ, ਹੋਰ ਕੀ ਚਾਹੀਦੈ ਸਾਨੂੰ?’’

ਪ੍ਰੇਮ ਮਹਿੰਦਰਾ ਬੋਲੇ, ‘‘ਪਿੱਦੀ ਜਿੰਨਾ ਹਰਿਆਣਾ ਲੈ ਕੇ ਕੀ ਕਰੋਗੇ? ਨਾ ਤੁਹਾਨੂੰ ਭਾਖੜਾ ਮਿਲੇਗਾ, ਨਾ ਸਤਲੁਜ, ਨਾ ਬਿਆਸ ਤੇ ਨਾ ਰਾਵੀ। ਉਦਯੋਗ ਤੁਹਾਡੇ ਕੋਲ ਨਹੀਂ, ਖੇਤੀ ਤੁਹਾਡੀ ਚੰਗੀ ਨਹੀਂ, ਵੱਖ ਹੋ ਕੇ ਭੁੱਖੇ ਮਰੋਗੇ? ਪੰਜਾਬ ਦੇ ਸਿਰ ’ਤੇ ਤਾਂ ਜੀਅ ਰਹੇ ਹੋ।’’ ਦੇਵੀ ਲਾਲ ਤਣ ਕੇ ਬੈਠ ਗਏ ਤੇ ਬੋਲੇ, ‘‘ਸਾਨੂੰ ਮੂਰਖ ਨਾ ਸਮਝੋ, ਸਾਨੂੰ ਪਤਾ ਹੈ ਜਦ ਤਕ ਅਸੀ ਪੰਜਾਬ ਨਾਲ ਬੰਨ੍ਹੇ ਹੋਏ ਹਾਂ, ਤਦ ਤਕ ਅਸੀ ਇਸੇ ਤਰ੍ਹਾਂ ਭੁੱਖੇ ਨੰਗੇ ਰਹਾਂਗੇ। ਪਰ ਜਿਸ ਦਿਨ ਹਰਿਆਣਾ ਬਣ ਗਿਆ, ਅਸੀ ਪੰਜਾਬ ਦੀ ਬਰਾਬਰੀ ’ਤੇ ਆ ਜਾਵਾਂਗੇ ਕਿਉਂਕਿ ਯੂ.ਪੀ. ਦੇ ਮੇਰਠ ਡਵੀਜ਼ਨ ਦੇ ਜਾਟ ਜੋ ਸਾਡੇ ਤੋਂ ਵੱਖ ਕੀਤੇ ਹੋਏ ਹਨ, ਉਹ ਸਾਡੇ ਨਾਲ ਆ ਰਲਣਗੇ ਤੇ ਮਹਾਂ ਹਰਿਆਣਾ ਬਣ ਜਾਏਗਾ। ਅਕਾਲੀ ਵੀ ਸਾਡਾ ਸਾਥ ਦੇਣਗੇ ਤੇ ਯੂ.ਪੀ. ਵਾਲੇ ਤਾਂ ਤਿਆਰ ਹੀ ਬੈਠੇ ਹਨ। ਜਮਨਾ ਦਾ ਪਾਣੀ ਸਾਡੇ ਲਈ ਕਾਫ਼ੀ ਹੋਵੇਗਾ ਪਰ ਕਮੀ ਹੋਈ ਤਾਂ ਯੂਪੀ ਵੀ ਸਾਨੂੰ ਹੋਰ ਪਾਣੀ ਦੇ ਦੇਵੇਗਾ। ਪੰਜਾਬ ਵਾਲੇ ਵੀ ਸਾਡੇ ਭਾਈ ਹਨ। ਉਹ ਜੇ ਰਾਜਸਥਾਨ ਨੂੰ ਮੁਲ ਲੈ ਕੇ ਪਾਣੀ ਦੇ ਸਕਦੇ ਨੇ ਤਾਂ ਸਾਨੂੰ ਵੀ ਦੇ ਦੇਣਗੇ। ਹੁਣ ਨਾਲੋਂ 100 ਗੁਣਾਂ ਖ਼ੁਸ਼ਹਾਲ ਬਣ ਜਾਏਗਾ ਸਾਡਾ ਹਰਿਆਣਾ। ਤੁਸੀ ਇਸ ਦੀ ਫ਼ਿਕਰ ਨਾ ਕਰੋ...।’’ (ਚਲਦਾ)
(10 ਅਤੇ 17 ਅਪ੍ਰੈਲ 2022 ਦੇ ਪਰਚੇ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement