ਮੇਰੇ ਪਿਛੋਂ 'ਉੱਚਾ ਦਰ ਬਾਬੇ ਨਾਨਕ ਦਾ' ਦਾ ਵੀ ਰੰਗ ਰੂਪ ਬਦਲ ਤਾਂ ਨਹੀਂ ਦਿਤਾ ਜਾਵੇਗਾ?
Published : Jul 22, 2017, 3:52 pm IST
Updated : Apr 5, 2018, 1:45 pm IST
SHARE ARTICLE
Ucha Dar Baba Nanak Da
Ucha Dar Baba Nanak Da

'ਉੱਚਾ ਦਰ ਬਾਬੇ ਨਾਨਕ ਦਾ' ਜਿਉਂ ਜਿਉਂ ਮੁਕੰਮਲ ਹੋਣ ਦੇ ਨੇੜੇ ਪੁਜਦਾ ਜਾਂਦਾ ਹੈ, ਇਹ ਸਵਾਲ ਜ਼ਿਆਦਾ ਜ਼ੋਰ ਨਾਲ ਤੇ ਵਾਰ ਵਾਰ ਮੇਰੇ ਕੋਲੋਂ ਪੁਛਿਆ ਜਾ ਰਿਹਾ ਹੈ ਕਿ...

ਜੋਗਿੰਦਰ ਸਿੰਘ
'ਉੱਚਾ ਦਰ ਬਾਬੇ ਨਾਨਕ ਦਾ' ਜਿਉਂ ਜਿਉਂ ਮੁਕੰਮਲ ਹੋਣ ਦੇ ਨੇੜੇ ਪੁਜਦਾ ਜਾਂਦਾ ਹੈ, ਇਹ ਸਵਾਲ ਜ਼ਿਆਦਾ ਜ਼ੋਰ ਨਾਲ ਤੇ ਵਾਰ ਵਾਰ ਮੇਰੇ ਕੋਲੋਂ ਪੁਛਿਆ ਜਾ ਰਿਹਾ ਹੈ ਕਿ ਮੇਰੇ ਪਿੱਛੋਂ, 'ਉੱਚਾ ਦਰ ਬਾਬੇ ਨਾਨਕ ਦਾ' ਦਾ ਹਾਲ ਵੀ ਸ਼੍ਰੋਮਣੀ ਅਕਾਲੀ ਦਲ (ਹੁਣ ਪੰਜਾਬੀ ਪਾਰਟੀ), ਸ਼੍ਰੋਮਣੀ ਗੁ. ਪ੍ਰ. ਕਮੇਟੀ (ਹੁਣ ਪੈਸੇ ਦਾ ਹਿਸਾਬ ਕਿਤਾਬ, ਸਰਕਾਰੀ ਦਫ਼ਤਰਾਂ ਵਾਂਗ, ਰੱਖਣ ਵਾਲੀ ਤੇ ਰਾਜਸੀ ਲੋਕਾਂ ਦੀ ਹੱਥ-ਬੰਨ੍ਹ ਸੇਵਾਦਾਰੀ ਕਰਨ ਵਾਲੀ ਪਰ 'ਧਰਮ ਪੰਖ ਕਰ ਊਡਰਿਆ' ਦੇ ਪ੍ਰਤੱਖ ਦਰਸ਼ਨ ਕਰਵਾਉਣ ਵਾਲੀ ਸ਼੍ਰੋਮਣੀ ਸੰਸਥਾ) ਵਾਲਾ ਤਾਂ ਨਹੀਂ ਹੋ ਜਾਵੇਗਾ? ਅਜਿਹਾ ਕਹਿਣ ਵਾਲਿਆਂ ਦੀ ਚਿੰਤਾ ਇਹ ਹੈ ਕਿ ਬੜੀ ਮੁਸ਼ਕਲ ਨਾਲ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਨੇ, ਪਹਿਲੀ ਵਾਰ ਸੰਸਾਰ ਪੱਧਰ ਦਾ ਇਕ ਅਜੂਬਾ ਤਿਆਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮਗਰੋਂ ਧਨਾਢ ਲੋਕ ਤੇ ਸਿਆਸੀ ਲੋਕ ਇਸ ਉਤੇ ਜੱਫਾ ਮਾਰ ਕੇ, ਇਸ ਵਿਚੋਂ ਇਸ ਦੀ ਰੂਹ ਤਾਂ ਨਹੀਂ ਕੱਢ ਦੇਣਗੇ ਤੇ ਇਸ ਨੂੰ ਕੇਵਲ ਇਕ ਸੁੰਦਰ ਇਮਾਰਤ ਬਣਾ ਕੇ ਤਾਂ ਨਹੀਂ ਰੱਖ ਦੇਣਗੇ?
ਸ਼ੰਕੇ ਉਨ੍ਹਾਂ ਦੇ ਠੀਕ ਹਨ। ਸਿੱਖਾਂ ਦੀ ਕੋਈ ਸੰਸਥਾ, ਭਾਰਤੀ ਭ੍ਰਿਸ਼ਟਾਚਾਰ, ਭਾਰਤੀ 'ਬ੍ਰਾਹਮਣਵਾਦ', ਭਾਰਤੀ ਮਾਇਆਵਾਦ ਤੇ ਭਾਰਤੀ ਪਰਵਾਰਵਾਦ ਤੋਂ ਬਚੀ ਨਹੀਂ ਰਹਿ ਸਕੀ। ਇਹ ਚਾਰੇ ਬੀਮਾਰੀਆਂ ਜਿਸ ਸਿੱਖ ਸੰਸਥਾ ਨੂੰ ਲੱਗ ਜਾਂਦੀਆਂ ਹਨ, ਉਹ ਵਿਖਾਵੇ ਦੀ ਸੰਸਥਾ ਬਣ ਕੇ ਹੀ ਰਹਿ ਜਾਂਦੀ ਹੈ ਤੇ ਅਪਣਾ ਨਿਸ਼ਚਿਤ ਕੀਤਾ ਟੀਚਾ ਉਸ ਨੂੰ ਯਾਦ ਨਹੀਂ ਰਹਿੰਦਾ।
ਪਰ ਇਸ ਦਾ ਇਲਾਜ ਕੀ ਹੈ? ਮੈਨੂੰ ਪਾਠਕ ਲਿਖਦੇ ਹਨ ਕਿ ਤੁਸੀ ਜੀਵਨ ਭਰ ਲਈ ਆਪ ਇਸ ਨੂੰ ਅਪਣੇ ਹੱਥਾਂ ਵਿਚ ਰਖਣਾ ਸੀ ਤੇ ਮੈਂਬਰਾਂ ਦੇ ਹਵਾਲੇ ਕਰਨ ਦੀ ਗੱਲ ਨਹੀਂ ਸੀ ਸੋਚਣੀ ਕਿਉਂਕਿ ਮੈਂਬਰ ਤਾਂ ਕੋਈ ਵੀ ਬਣ ਸਕਦਾ ਹੈ। ਅੱਜ ਮੈਂਬਰ ਚੰਗੇ ਹਨ ਕਿਉਂਕਿ ਉਹ ਸਪੋਕਸਮੈਨ ਦੇ ਸਕੂਲ ਵਿਚ ਪੜ੍ਹੇ ਹੋਏ ਹਨ ਪਰ ਕਲ ਪੈਸੇ ਵਾਲੇ, ਮੈਂਬਰੀ ਲੈ ਕੇ, ਇਸ ਉਤੇ ਕਾਬਜ਼ ਹੋਣ ਦੇ ਇਰਾਦੇ ਨਾਲ ਤੇ ਇਸ ਦੀ ਵਿਚਾਰਧਾਰਾ ਨੂੰ ਬਦਲ ਦੇਣ ਦੀ ਸੋਚ ਲੈ ਕੇ ਇਸ ਵਿਚ ਆ ਸ਼ਾਮਲ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਇਹੀ ਕੁੱਝ ਤਾਂ ਹੋਇਆ ਹੈ।
ਇਨ੍ਹਾਂ ਸਾਰੇ ਪਾਠਕਾਂ ਨੂੰ ਮੈਂ ਪੁਛਦਾ ਹਾਂ ਕਿ ਕੀ ਉਹ ਕੋਈ ਅਜਿਹਾ ਤਰੀਕਾ ਦਸ ਸਕਦੇ ਹਨ ਜਿਸ ਨਾਲ ਮੈਂ ਰੱਬ ਨੂੰ ਆਖਾਂ ਕਿ 'ਉੱਚਾ ਦਰ' ਮੇਰੇ ਬਿਨਾਂ ਕਿਤੇ ਰਾਹ ਤੋਂ ਭਟਕ ਨਾ ਜਾਵੇ, ਇਸ ਲਈ ਮੈਨੂੰ 100-200 ਸਾਲ ਤਕ ਇਥੋਂ ਨਾ ਹਟਾਈਂ ਤਾਕਿ ਮੈਂ 'ਉੱਚਾ ਦਰ' ਨੂੰ ਅਪਣੇ ਨਿਸ਼ਾਨੇ ਤੋਂ ਭਟਕਣੋਂ ਰੋਕ ਸਕਾਂ?
ਜੇ ਮੈਂ ਰੱਬ ਨੂੰ ਇਹ ਗੱਲ ਆਖਾਂ ਵੀ ਤਾਂ ਕੀ ਉਹ ਮੇਰੀ ਗੱਲ ਮੰਨ ਲਵੇਗਾ? ਨਹੀਂ, ਉਸ ਨੇ ਅਪਣੇ ਵਿਧਾਨ ਅਨੁਸਾਰ, ਹਰ ਕਿਸੇ ਦੇ ਸਾਹ ਖ਼ਤਮ ਕਰਨੇ ਹੀ ਕਰਨੇ ਹਨ। ਕੋਈ ਇਥੇ ਸਦਾ ਲਈ ਟਿਕ ਕੇ ਨਹੀਂ ਰਹਿ ਸਕਦਾ, ਭਾਵੇਂ ਉਸ ਦੀ ਕੁੱਝ ਲੋਕਾਂ ਨੂੰ ਕਿੰਨੀ ਵੀ ਲੋੜ ਕਿਉਂ ਨਾ ਹੋਵੇ। ਫਿਰ ਜਦ ਮਰਨਾ ਸੱਭ ਨੇ ਹੀ ਹੈ ਤਾਂ ਸੋਚਣ ਵਾਲੀ ਗੱਲ ਇਹ ਨਹੀਂ ਹੁੰਦੀ ਕਿ ਮੈਂ ਮਰਦੇ ਦਮ ਤਕ ਇਸ ਨੂੰ ਅਪਣੇ ਕਾਬੂ ਹੇਠ ਰੱਖਾਂ ਬਲਕਿ ਸੋਚਣ ਵਾਲੀ ਗੱਲ ਇਹ ਹੁੰਦੀ ਹੈ ਕਿ ਮੇਰੇ ਬਾਅਦ, ਅਜਿਹਾ ਕੀ ਪ੍ਰਬੰਧ ਹੋਵੇ ਜਿਸ ਨਾਲ ਇਹ ਸੰਸਥਾ, ਹਮੇਸ਼ਾ ਲਈ ਜਾਂ ਵੱਧ ਤੋਂ ਵੱਧ ਸਮੇਂ ਲਈ ਅਪਣੇ ਟੀਚਿਆਂ ਨੂੰ ਸਾਹਮਣੇ ਰੱਖ ਕੇ ਕੰਮ ਕਰਦੀ ਰਹਿ ਸਕੇ ਤੇ ਭਟਕੇ ਨਾ?
ਮੈਂ ਇਹ ਦੂਜੀ ਗੱਲ ਹੀ ਸੋਚੀ ਤੇ ਇਸ ਨਤੀਜੇ ਤੇ ਪੁੱਜਾ ਕਿ ਮੈਨੂੰ ਆਪ ਨਿਰਲੇਪ ਰਹਿ ਕੇ ਤੇ ਕਿਸੇ ਵੀ ਧੜੇ ਵਿਚ ਸ਼ਾਮਲ ਹੋਏ ਬਿਨਾਂ, ਪੂਰੀ ਤਰ੍ਹਾਂ, ਨਿਰ-ਸਵਾਰਥ ਹੋ ਕੇ, ਸਪੋਕਸਮੈਨ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਮੈਂਬਰਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਹੈ ਤਾਕਿ ਉਹ ਟੀਚਿਆਂ ਤੋਂ ਨਾ ਆਪ ਥਿੜਕਣ, ਨਾ ਕਿਸੇ ਹੋਰ ਨੂੰ ਇਹ ਆਗਿਆ ਦੇਣ ਕਿ ਉਹ ਸੰਸਥਾ ਨੂੰ ਲੀਹੋਂ ਲਾਹ ਸਕੇ। ਮੈਨੂੰ ਪਤਾ ਹੈ, ਇਸ ਵੇਲੇ ਜਿੰਨੇ ਵੀ ਮੈਂਬਰ ਹਨ, ਕੁੱਝ ਗਿਣਤੀ ਦਿਆਂ ਨੂੰ ਛੱਡ ਕੇ, ਬਾਕੀ ਸਾਰੇ ਬਹੁਤ ਪੱਕੇ ਹਨ ਤੇ ਮੇਰੀ ਤਰ੍ਹਾਂ ਹੀ ਸੋਚਦੇ ਹਨ। ਉਨ੍ਹਾਂ ਨੂੰ ਥੋੜੀ ਜਹੀ ਟਰੇਨਿੰਗ ਦੇਣ ਦੀ ਲੋੜ ਹੈ ਜਿਸ ਨਾਲ ਉਹ ਹਰ ਝੱਖੜ ਤੇ ਤੂਫ਼ਾਨ ਦਾ ਮੁਕਾਬਲਾ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਣਗੇ। ਇਮਾਰਤ ਉਸਾਰੀ ਦਾ ਕੰਮ ਮੁਕੰਮਲ ਹੋ ਜਾਏ ਤਾਂ ਮੈਂ ਸਾਰੇ ਮੈਂਬਰਾਂ ਨੂੰ ਤਿੰਨ ਮਹੀਨੇ ਦਾ ਇਕ ਟਰੇਨਿੰਗ ਕੋਰਸ ਆਪ ਕਰਵਾਉਣਾ ਚਾਹਾਂਗਾ, ਜਿਸ ਮਗਰੋਂ ਉਹ ਸਾਰੇ ਹੀ ਸਰਗਰਮ ਹੋ ਕੇ ਅਪਣੇ ਉਸਾਰੇ ਇਸ ਕਿਲ੍ਹੇ ਦੇ, ਹਰੀ ਸਿੰਘ ਨਲੂਏ ਵਰਗੇ ਰਾਖੇ ਤੇ ਪ੍ਰਬੰਧਕ ਬਣ ਕੇ, ਨਲੂਏ ਨਾਲੋਂ ਵੀ ਵੱਡੀਆਂ ਜਿੱਤਾਂ ਪ੍ਰਾਪਤ ਕਰ ਵਿਖਾਣ ਦੇ ਕਾਬਲ ਹੋ ਜਾਣਗੇ। ਤਿੰਨ ਮਹੀਨੇ ਦੇ ਕੋਰਸ ਵਿਚ ਵਿਚਾਰਧਾਰਾ, ਗਿਆਨ, ਪ੍ਰਬੰਧ, ਹਲੀਮੀ, ਸੇਵਾ ਅਤੇ ਹਰ ਤਰ੍ਹਾਂ ਦੇ 'ਦੁਸ਼ਮਣ' ਉਤੇ ਫ਼ਤਹਿ ਪ੍ਰਾਪਤ ਕਰਨ ਦੀ ਪੂਰੀ ਜਾਣਕਾਰੀ ਸਾਰੇ ਮੈਂਬਰਾਂ ਨੂੰ ਦਿਤੀ ਜਾਏਗੀ। ਨਾਲ ਦੇ ਨਾਲ, ਇਮਾਰਤਾਂ ਅੰਦਰ ਵਿਖਾਈ ਜਾਣ ਵਾਲੀ ਵਿਸ਼ੇਸ਼ ਸਮੱਗਰੀ ਦੀ ਤਿਆਰੀ ਵੀ ਜਾਰੀ ਰਹੇਗੀ।
ਉਪਰ ਚਾਰ ਬੀਮਾਰੀਆਂ ਦਾ ਜ਼ਿਕਰ ਮੈਂ ਕੀਤਾ ਹੈ। ਭਾਰਤੀ ਬ੍ਰਾਹਮਣਵਾਦ ਦਾ ਇਸ ਦੇਸ਼ ਨੇ ਸੱਭ ਤੋਂ ਵਧੀਆ ਉੱਤਰ 'ਨਾਨਕਵਾਦ' ਦੇ ਰੂਪ ਵਿਚ ਦਿਤਾ ਹੈ। ਜਿਸ ਨੂੰ ਬਾਬੇ ਨਾਨਕ ਦੀ ਪੂਰੀ ਗੱਲ ਸਮਝ ਆ ਗਈ, ਉਹ ਬ੍ਰਾਹਮਣਵਾਦ ਜਾਂ ਕਿਸੇ ਹੋਰ 'ਵਾਦ' ਦੇ ਨੇੜੇ ਵੀ ਨਹੀਂ ਢੁਕ ਸਕੇਗਾ।
ਦੂਜੀ ਬੀਮਾਰੀ ਹੈ 'ਭਾਰਤੀ ਮਾਇਆਵਾਦ' ਦੀ। ਇਹ ਭਾਰਤ ਦੇ ਹਰ ਧਰਮ ਅਸਥਾਨ ਵਿਚ ਘੁਣ ਵਾਂਗ ਪਸਰੀ ਮਿਲਦੀ ਹੈ ਕਿਉਂਕਿ ਧਰਮ-ਅਸਥਾਨ ਮਾਇਆ ਦੇ ਕੇਂਦਰ ਬਣਾ ਦਿਤੇ ਗਏ ਹਨ (ਸਾਰੇ ਹੀ ਧਰਮਾਂ ਦੇ) ਜੋ ਬਾਬੇ ਨਾਨਕ ਨੂੰ ਬਿਲਕੁਲ ਪਸੰਦ ਨਹੀਂ ਸੀ। 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਮਾਇਆ ਟਿਕ ਹੀ ਨਾ ਸਕੇ, ਇਸ ਲਈ 100% ਮੁਨਾਫ਼ਾ ਤੁਰਤ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇਂਦੇ ਰਹਿਣ ਦਾ ਪ੍ਰਬੰਧ ਕਰ ਦਿਤਾ ਗਿਆ ਹੈ। ਗੁਰੂ ਦੇ ਨਾਂ ਤੇ ਮਾਇਆ ਇਕੱਤਰ ਕਰਨ ਵਾਲੀ ਗੋਲਕ ਹੀ ਅੰਦਰ ਕੋਈ ਨਹੀਂ ਰਖਣੀ ਤਾਂ ਮਾਇਆਵਾਦ ਕਿਵੇਂ ਆਏਗਾ? ਮਾਇਆਵਾਦ ਨਾ ਆ ਸਕਿਆ ਤਾਂ ਭ੍ਰਿਸ਼ਟਾਚਾਰ, ਖ਼ਾਲੀ ਪਲੇਟਾਂ ਚੱਟਣ ਲਈ ਤਾਂ ਇਥੇ ਆਉਣ ਵਾਲਾ ਨਹੀਂ।
ਆਖ਼ਰੀ ਬੀਮਾਰੀ ਪ੍ਰਵਾਰਵਾਦ ਦੀ। ਟਰੱਸਟ ਡੀਡ ਵਿਚ ਲਿਖ ਦਿਤਾ ਗਿਆ ਹੈ ਕਿ ਮੈਂਬਰਾਂ 'ਚੋਂ ਕੋਈ ਵੀ, ਕੇਵਲ ਦੋ ਸਾਲ ਲਈ ਟਰੱਸਟੀ ਬਣ ਸਕਦਾ ਹੈ। ਹਰ ਸਾਲ ਸਰਬ ਸੰਮਤੀ ਨਾਲ ਚੋਣ ਹੋਇਆ ਕਰੇਗੀ। ਸੋ ਪ੍ਰਵਾਰਵਾਦ ਨੂੰ ਥਾਂ ਹੀ ਕੋਈ ਨਹੀਂ ਦਿਤੀ ਗਈ। ਸ਼ੁਰੂਆਤ ਮੈਂ ਅਪਣੇ ਆਪ ਤੋਂ ਕੀਤੀ ਹੈ। ਮੇਰੇ ਪ੍ਰਵਾਰ ਦਾ ਕੋਈ ਜੀਅ (ਮੇਰੇ ਸਮੇਤ) 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਕੋਈ ਪਦਵੀ ਨਹੀਂ ਲਵੇਗਾ।
ਸਿਧਾਂਤ ਦੀ ਹਿਫ਼ਾਜ਼ਤ ਲਈ, ਟਰੱਸਟ ਡੀਡ ਵਿਚ ਇਹ ਵੀ ਖੁਲ੍ਹ ਕੇ ਲਿਖ ਦਿਤਾ ਗਿਆ ਹੈ ਕਿ ਸਾਰੇ ਮੈਂਬਰ ਰਲ ਕੇ ਵੀ ਚਾਹੁਣ, ਤਾਂ ਵੀ ਉਸ ਆਦਰਸ਼ ਅਤੇ ਟੀਚੇ ਨੂੰ ਨਹੀਂ ਬਦਲ ਸਕਦੇ (ਜਿਵੇਂ ਅਕਾਲੀ ਦਲ ਦੇ ਸਿਧਾਂਤ ਤੇ ਟੀਚਿਆਂ ਨੂੰ, ਸੱਤਾ-ਪ੍ਰਾਪਤੀ ਅਤੇ ਨਿਜੀ ਮਾਲਕੀ ਸਥਾਪਤ ਕਰਨ ਲਈ ਕੀਤਾ ਗਿਆ ਹੈ) ਤੇ ਇਸ ਨੂੰ ਸਪੱਸ਼ਟ ਤੌਰ ਤੇ ਟਰੱਸਟ ਡੀਡ ਵਿਚ ਲਿਖ ਦਿਤਾ ਗਿਆ ਹੈ।
ਹੁਣ ਰਹੀ ਆਖ਼ਰੀ ਗੱਲ ਕਿ ਕਲ ਨੂੰ ਧਨਾਢ ਲੋਕ ਪੈਸੇ ਦੇ ਜ਼ੋਰ ਨਾਲ ਮੈਂਬਰੀਆਂ ਪ੍ਰਾਪਤ ਕਰ ਕੇ ਉੱਚਾ ਦਰ ਉਤੇ ਗ਼ਲਬਾ ਨਹੀਂ ਪਾ ਲੈਣਗੇ? ਹਾਂ, ਇਹ ਡਰ ਮੈਨੂੰ ਵੀ ਹੈ। ਪਰ ਇਸ ਦਾ ਹੱਲ ਕੀ ਹੈ? ਇਹੀ ਕਿ ਸਪੋਕਸਮੈਨ ਵਲੋਂ ਪ੍ਰਚਾਰੀ ਜਾਂਦੀ ਸੱਚੀ ਸੁੱਚੀ 'ਨਾਨਕਵਾਦੀ' ਵਿਚਾਰਧਾਰਾ ਤੋਂ ਜਾਣੂ ਲੋਕ, ਇਸ ਦੇ ਏਨੇ ਜ਼ਿਆਦਾ ਮੈਂਬਰ ਬਣ ਜਾਣ ਕਿ ਜਦ ਨੂੰ ਧਨਾਢ ਅਤੇ ਸਿਆਸੀ ਲੋਕ ਇਧਰ ਮੂੰਹ ਕਰਨ ਦੀ ਸੋਚਣ, ਉਦੋਂ ਤਕ 'ਉੱਚਾ ਦਰ' ਦੀ ਨਵੀਂ ਮੈਂਬਰਸ਼ਿਪ ਹੀ ਬੰਦ ਕਰ ਦਿਤੀ ਗਈ ਹੋਵੇ ਤੇ ਜੇ ਕਿਸੇ ਨੂੰ ਦਿਤੀ ਵੀ ਜਾਵੇ ਤਾਂ ਪਹਿਲੇ ਮੈਂਬਰਾਂ ਦੀ ਦੋ ਤਿਹਾਈ ਦੀ ਪ੍ਰਵਾਨਗੀ ਨਾਲ ਹੀ ਦਿਤੀ ਜਾਵੇ। ਮੈਂ ਤਾਂ ਬੜੇ ਤਰਲੇ ਕੀਤੇ ਹਨ ਕਿ ਇਸ ਦੇ ਮੈਂਬਰ ਬਣ/ਬਣਾ ਕੇ ਸਦਾ ਲਈ ਇਸ ਨੂੰ 'ਪੱਕੇ ਨਾਨਕਵਾਦੀਆਂ' ਦਾ ਕਿਲ੍ਹਾ ਬਣਾ ਲਉ ਤੇ ਬਾਹਰੋਂ ਕਿਸੇ ਭੇਖੀ, ਨਕਲੀ ਬੰਦੇ ਦਾ ਆਉਣਾ ਹੀ ਬੰਦ ਕਰ ਦਿਉ।
ਬਾਹਰੋਂ ਨਵਿਆਂ ਧਨਾਢਾਂ, ਭੇਖੀਆਂ ਦਾ ਦਾਖ਼ਲਾ ਉਦੋਂ ਹੀ ਬੰਦ ਕੀਤਾ ਜਾ ਸਕੇਗਾ ਜਦੋਂ 'ਉੱਚਾ ਦਰ' ਦੀਆਂ ਅਪਣੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਤੇ ਕਿਸੇ ਦਾ ਕੁੱਝ ਦੇਣਾ ਬਾਕੀ ਨਹੀਂ ਰਹੇਗਾ। ਮੈਂਬਰ ਆਪ ਹੀ ਇਹ ਪ੍ਰਬੰਧ ਕਰ ਸਕਦੇ ਹਨ। ਹੁਣ ਤਾਂ ਬੈਂਕਾਂ ਦਾ ਵੀ ਤੇ ਪਾਠਕਾਂ ਦਾ ਵੀ ਪੈਸਾ ਦੇਣਾ ਬਾਕੀ ਹੈ ਤੇ ਅਜੇ ਹੋਰ ਪੈਸੇ ਦੀ ਵੀ ਲੋੜ ਹੈ। ਸੋ ਅੱਜ ਮੈਂ ਪੁਰਾਣੇ ਲਾਈਫ਼ ਮੈਂਬਰਾਂ ਨੂੰ ਤਜਵੀਜ਼ ਦੇਣ ਲੱਗਾ ਹਾਂ ਕਿ 'ਉੱਚਾ ਦਰ' ਚਾਲੂ ਹੁੰਦਿਆਂ ਹੀ ਚੰਦੇ ਦੁਗਣੇ ਹੋ ਜਾਣੇ ਹਨ। ਉਸ ਤੋਂ ਪਹਿਲਾਂ ਸਾਰੇ ਪੁਰਾਣੇ ਲਾਈਫ਼ ਮੈਂਬਰਾਂ ਨੂੰ ਮੇਰੀ ਆਖ਼ਰੀ ਪੇਸ਼ਕਸ਼ ਹੈ ਕਿ ਉਨ੍ਹਾਂ ਨੇ ਪਹਿਲਾਂ ਜਿੰਨੇ ਵੀ ਪੈਸੇ ਦਿਤੇ ਹਨ, ਉਨ੍ਹਾਂ ਦੀ ਰਸੀਦ ਭੇਜ ਕੇ ਹੁਣ ਕੇਵਲ 25 ਹਜ਼ਾਰ ਹੋਰ ਭੇਜ ਦੇਣ, ਉਨ੍ਹਾਂ ਨੂੰ ਸਰਪ੍ਰਸਤ ਮੈਂਬਰ ਬਣਾ ਲਿਆ ਜਾਵੇਗਾ। ਆਪ ਜਾਣਦੇ ਹੀ ਹੋ, ਸਰਪ੍ਰਸਤ ਮੈਂਬਰਸ਼ਿਪ ਇਸ ਸਮੇਂ ਇਕ ਲੱਖ ਰੁਪਏ ਹੈ, ਜੋ 'ਉੱਚਾ ਦਰ' ਸ਼ੁਰੂ ਹੋ ਜਾਣ ਤੇ 2 ਲੱਖ ਦੀ ਹੋ ਜਾਣੀ ਹੈ¸ਬਸ ਕੁੱਝ ਮਹੀਨਿਆਂ ਦੀ ਗੱਲ ਹੀ ਤਾਂ ਬਾਕੀ ਹੈ। ਜੇ ਸਾਰੇ ਲਾਈਫ਼ ਮੈਂਬਰ ਕੇਵਲ 25 ਹਜ਼ਾਰ ਹੋਰ ਦੇ ਕੇ, ਸਰਪ੍ਰਸਤ ਮੈਂਬਰ ਬਣ ਜਾਣ ਤੇ ਸਾਰੇ ਸਰਪ੍ਰਸਤ ਮੈਂਬਰ, 'ਉੱਚਾ ਦਰ' ਦੇ ਮੁੱਖ ਸਰਪ੍ਰਸਤ ਮੈਂਬਰ ਬਣ ਜਾਣ ਤਾਂ 'ਉੱਚਾ ਦਰ' ਦੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਹੋਰ ਮੈਂਬਰ ਲੈਣ ਦੀ ਲੋੜ ਵੀ ਖ਼ਤਮ ਹੋ ਜਾਏਗੀ। ਉਸ ਹਾਲਤ ਵਿਚ ਭਾਵੇਂ ਕੋਈ ਕਰੋੜ ਰੁਪਿਆ ਵੀ ਦੇਵੇ, ਉਸ ਨੂੰ ਮੈਂਬਰਸ਼ਿਪ ਨਹੀਂ ਦਿਤੀ ਜਾਏਗੀ। ਇਸ ਨਾਲ ਪੁਰਾਣੇ, ਸਿਦਕਵਾਨ ਮੈਂਬਰ ਹੀ 'ਉੱਚਾ ਦਰ' ਦੇ ਮਾਲਕ ਬਣੇ ਰਹਿਣਗੇ ਅਤੇ ਨਵੇਂ ਧਨਾਢਾਂ ਦਾ ਡਰ ਵੀ ਖ਼ਤਮ ਹੋ ਜਾਏਗਾ। ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜੇ 'ਸਾਰੇ' ਮੈਂਬਰ ਅਗਲੀ ਛਾਲ ਮਾਰਨ ਲਈ ਤਿਆਰ ਹੋ ਜਾਣ। ਹੋ ਸਕੋਗੇ? ਜੇ ਲਾਈਫ਼ ਮੈਂਬਰਾਂ ਦਾ ਹੁੰਗਾਰਾ ਠੀਕ ਠੀਕ ਪ੍ਰਾਪਤ ਹੋਇਆ ਤਾਂ ਸਰਪ੍ਰਸਤ ਮੈਂਬਰਾਂ ਨੂੰ ਮੁੱਖ ਸਰਪ੍ਰਸਤ ਮੈਂਬਰ ਬਣਨ ਲਈ ਵੀ ਕੁੱਝ ਰਿਆਇਤਾਂ ਦੇ ਦੇਵਾਂਗੇ ਪਰ ਲਾਈਫ਼ ਮੈਂਬਰਾਂ ਦਾ ਹੁੰਗਾਰਾ ਵੇਖਣ ਮਗਰੋਂ ਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement