ਬਾਬੇ ਨਾਨਕ ਦਾ 550ਵਾਂ ਆਗਮਨ ਪੁਰਬ ਵੀ ਅੰਨ੍ਹੀ ਫ਼ਜ਼ੂਲ ਖ਼ਰਚੀ
Published : Aug 5, 2018, 10:05 am IST
Updated : Aug 5, 2018, 10:05 am IST
SHARE ARTICLE
Nankana Sahib
Nankana Sahib

ਮੈਂ ਪਿਛਲੇ ਹਫ਼ਤੇ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦਾ ਪਲਾਜ਼ਾ (ਨਾਂ ਵੀ ਕੋਈ ਧਾਰਮਕ ਜਾਂ ਪੰਜਾਬੀ ਨਹੀਂ ਸੀ ਸੁਝਿਆ ਉਨ੍ਹਾਂ ਨੂੰ?) ਤੇ ਵਿਰਾਸਤੀ ਗਲੀ ਵੇਖਣ ਚਲਾ ਗਿਆ ਜਿਸ...

ਅਸੀ ਪਿਛਲੀਆਂ ਕਈ 'ਸ਼ਤਾਬਦੀਆਂ' ਮਨਾਈਆਂ ਜਾਂਦੀਆਂ ਵੇਖਦੇ ਆ ਰਹੇ ਹਾਂ। ਅਰਬਾਂ ਖਰਬਾਂ ਦਾ ਖ਼ਰਚ ਹੋਇਆ, ਬਾਬਿਆਂ ਦੇ ਵਿਸ਼ਾਲ 'ਲੰਗਰ' ਲੱਗੇ (ਲੰਗਰ ਕਾਹਦੇ ਸਨ, ਮਲਿਕ ਭਾਗੋ ਦੇ 'ਮਹਾਂ ਭੋਜ' ਸਨ ਨਿਰੇ), ਵਿਸ਼ਾਲ ਕੀਰਤਨ ਦਰਬਾਰ ਵੇਖੇ, ਧੂਆਂਧਾਰ ਲੈਕਚਰ ਸੁਣੇ, ਸਰਕਾਰਾਂ ਨੇ 'ਯਾਦਗਾਰਾਂ' ਉਤੇ ਕਰੋੜਾਂ ਖ਼ਰਚੇ ਪਰ ਕੀ ਲੋਕਾਂ ਦੀ ਜੀਵਨ-ਸ਼ੈਲੀ ਬਦਲੀ? ਗ਼ਰੀਬੀ ਘੱਟ ਹੋਈ? ਸਮਾਜ ਕੁੱਝ ਬਦਲਿਆ? ਨੌਜਵਾਨਾਂ ਦਾ ਨਸ਼ਿਆਂ ਵਲੋਂ ਧਿਆਨ ਹਟਿਆ?

ਗੁਰੂ ਕੀ ਗੋਲਕ ਦਾ ਪੈਸਾ ਗ਼ਰੀਬ ਦੇ ਮੂੰਹ ਵਿਚ ਚਲਾ ਗਿਆ? ਜੇ ਹਾਂ ਤਾਂ ਆਉ ਅੱਗੇ ਆ ਕੇ ਮੇਰੀ ਡਾਇਰੀ ਦੇ ਪੰਨੇ ਤੇ ਅਪਣਾ ਸੱਚ ਲਿਖ ਕੇ ਲੋਕਾਂ ਦਾ ਫ਼ਤਵਾ ਲੈ ਲਉ। ਜੇ ਨਹੀਂ ਤਾਂ ਅਰਬਾਂ ਖਰਬਾਂ ਦਾ ਖ਼ਰਚਾ ਕਰਨ ਦਾ ਕੀ ਮਤਲਬ ਹੈ ਤੇ ਅੱਗੋਂ ਵੀ 'ਸ਼ਤਾਬਦੀਆਂ' ਦੇ ਨਾਂ ਤੇ ਹੋਰ ਖ਼ਰਚਾ ਕਿਉਂ ਕੀਤਾ ਜਾਵੇ?


ਮੈਂ ਪਿਛਲੇ ਹਫ਼ਤੇ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦਾ ਪਲਾਜ਼ਾ (ਨਾਂ ਵੀ ਕੋਈ ਧਾਰਮਕ ਜਾਂ ਪੰਜਾਬੀ ਨਹੀਂ ਸੀ ਸੁਝਿਆ ਉਨ੍ਹਾਂ ਨੂੰ?) ਤੇ ਵਿਰਾਸਤੀ ਗਲੀ ਵੇਖਣ ਚਲਾ ਗਿਆ ਜਿਸ ਬਾਰੇ ਪ੍ਰਚਾਰ ਤਾਂ ਬਹੁਤ ਸੁਣਿਆ ਸੀ ਪਰ ਵੇਖਣ ਦਾ ਮੌਕਾ ਪਹਿਲਾਂ ਨਹੀਂ ਸੀ ਮਿਲਿਆ। ਡੇਢ ਦੋ ਸਾਲ ਮਗਰੋਂ ਹੀ ਹਾਲਤ ਅਫ਼ਸੋਸਨਾਕ ਲੱਗ ਰਹੀ ਸੀ। ਪੱਥਰਾਂ ਦੇ ਮਿਲਾਨ ਵਿਚਲੀਆਂ ਦਰਾੜਾਂ ਵੇਖ ਕੇ ਹੀ ਪਤਾ ਲੱਗ ਸਕਦਾ ਸੀ ਕਿ ਜਿੰਨੇ ਖ਼ਰਚ ਦਾ ਦਾਅਵਾ ਕੀਤਾ ਗਿਆ ਹੈ, ਉਸ ਤੋਂ ਚੌਥਾ ਹਿੱਸਾ ਵੀ ਉਥੇ ਨਹੀਂ ਲਗਿਆ ਅਤੇ ਕੰਮ ਵਿਚਲੀ ਸ਼ਰਧਾ ਭਾਵਨਾ ਤਾਂ ਬਿਲਕੁਲ ਹੀ ਨਜ਼ਰ ਨਹੀਂ ਸੀ ਆਉਂਦੀ।

ਬਸ ਪੰਜਾਬ ਤੋਂ ਬਾਹਰ ਦੇ ਵੱਡੇ ਠੇਕੇਦਾਰਾਂ ਤੇ ਇਸ ਦੀ ਰੂਹ ਤੋਂ ਅਣਜਾਣ ਲੋਕਾਂ ਦੇ ਹੱਥ ਕਰੋੜਾਂ ਰੁਪਏ ਇਹ ਕਹਿ ਕੇ ਫੜਾ ਦਿਤੇ ਗਏ ਕਿ 'ਵੋਟਾਂ ਲੈਣੀਆਂ ਹਨ, ਇਕ ਵਾਰ ਤਾਂ ਖ਼ੂਬ ਚਮਕ ਦਮਕ ਬਣਾ ਕੇ ਵਿਖਾ ਦਿਉ, ਮਗਰੋਂ ਦੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ।'

ਠੰਢੇ ਦੇਸ਼ਾਂ ਵਿਚ ਤਾਂ ਹਰ ਪ੍ਰਕਾਰ ਦੀਆਂ ਯਾਦਗਾਰਾਂ ਚਲ ਜਾਂਦੀਆਂ ਹਨ ਪਰ ਗਰਮ ਦੇਸ਼ਾਂ ਵਿਚ ਹਵਾਈ ਨਹੀਂ ਹਵਾਦਾਰ, ਠੰਢੇ ਚੌਗਿਰਦੇ ਵਾਲੀਆਂ ਤੇ ਹੋਰ ਤਰ੍ਹਾਂ ਦੀਆਂ ਯਾਦਗਾਰਾਂ ਉਸਾਰਨੀਆਂ ਪੈਂਦੀਆਂ ਹਨ। ਗਰਮ ਦੇਸ਼ਾਂ ਦੀ ਗਰਮੀ, ਪਛਮੀ ਤਰਜ਼ ਦੀਆਂ ਯਾਦਗਾਰਾਂ ਨੂੰ ਛੇਤੀ ਹੀ ਪੁਰਾਣੀਆਂ, ਉਖੜੀਆਂ ਹੋਈਆਂ ਤੇ ਅੱਖਾਂ ਨੂੰ ਚੁੱਭਣ ਵਾਲੀਆਂ ਬਣਾ ਦੇਂਦੀ ਹੈ। ਅੰਮ੍ਰਿਤਸਰ ਦੀ 'ਵਿਰਾਸਤੀ ਗਲੀ' ਨੂੰ ਵੇਖ ਕੇ ਬਹੁਤ ਨਿਰਾਸ਼ਾ ਹੋਈ। ਜਾਲੀਆਂ ਨਾਲ 'ਗੰਦਗੀ' ਜਾਂ ਪੁਰਾਤਨਤਾ ਨੂੰ ਢੱਕ ਦੇਣ ਦੀ ਗੱਲ ਕਿਸੇ ਚੰਗੇ ਇੰਜੀਨੀਅਰ ਦੇ ਦਿਮਾਗ਼ ਦੀ ਸੋਚ ਨਹੀਂ ਹੋ ਸਕਦੀ।

ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਸ਼ਰਧਾਲੂਆਂ ਅੰਦਰ ਸ਼ਰਧਾ ਭਾਵਨਾ ਪੈਦਾ ਕਰਨ ਲਈ ਖ਼ਰਚਾ ਕੀਤਾ ਜਾ ਰਿਹਾ ਸੀ ਕਿ ਮੇਲਾ ਵੇਖਣ ਆਏ ਮੇਲੀਆਂ ਦਾ ਦਿਲ ਪ੍ਰਚਾਉਣ ਲਈ ਨਾਚ ਨਚਦੀਆਂ ਬੀਬੀਆਂ ਤੇ ਭੰਗੜਾ ਪਾਉਂਦੇ ਮਰਦਾਂ ਦੇ ਬੁਤ ਲਗਾ ਕੇ ਉਨ੍ਹਾਂ ਦੀਆਂ ਬਿਰਤੀਆਂ ਨੂੰ ਖਿੰਡਾਉਣ ਲਈ ਤੇ ਧਰਮ ਤੋਂ ਦੂਰ ਲਿਜਾਣ ਦੇ ਯਤਨ ਕੀਤੇ ਜਾ ਰਹੇ ਸਨ?


ਆਨੰਦਪੁਰ ਸਾਹਿਬ ਦੇ 'ਵਿਰਾਸਤੇ ਖ਼ਾਲਸਾ' ਦਾ ਜ਼ਿਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਲ ਰਿਹਾ ਸੀ ਤਾਂ ਉਨ੍ਹਾਂ ਨੇ ਪਹਿਲਾ ਸਵਾਲ ਹੀ ਇਹ ਕੀਤਾ, ''ਪਰ ਉਥੋਂ ਸੁਨੇਹਾ ਕੀ ਮਿਲਦਾ ਹੈ?'' ਮੈਂ ਕਿਹਾ, ''ਸੁਨੇਹਾ ਤੇ ਤਾਂ ਮਿਲਦਾ ਜੇ ਸੁਨੇਹੇ ਤੋਂ ਜਾਣੂ ਲੋਕਾਂ ਨੂੰ ਕੰਮ ਦਿਤਾ ਗਿਆ ਹੁੰਦਾ। ਉਹ ਤਾਂ ਕਰੋੜਾਂ ਰੁਪਏ ਦਾ ਖ਼ਰਚਾ ਵਿਖਾ ਕੇ ਇਕ ਇਮਾਰਤ ਹੀ ਦੇ ਸਕਦੇ ਸਨ ਤੇ ਉਹੀ ਉਨ੍ਹਾਂ ਨੇ ਦਿਤੀ ਹੈ।''


ਅੰਮ੍ਰਿਤਸਰ ਦੇ 'ਪਲਾਜ਼ੇ' ਦੇ ਹੇਠਾਂ ਤਹਿਖ਼ਾਨੇ ਵਿਚ ਜਾਣ ਤੋਂ ਪਹਿਲਾਂ ਉਪਰ ਤੁਹਾਨੂੰ ਦਰਬਾਰ ਸਾਹਿਬ ਦੇ ਸਾਖਿਆਤ ਦਰਸ਼ਨ ਹੁੰਦੇ ਹਨ ਤੇ ਹੇਠਾਂ ਉਤਰਦੇ ਹੀ ਤੁਸੀ ਇਕ ਵੱਡੇ ਹਾਲ ਵਿਚ ਦਰਬਾਰ ਸਾਹਿਬ ਦੇ ਮਾਡਲ ਸਾਹਮਣੇ ਜਾ ਖੜੇ ਹੁੰਦੇ ਹੋ। ਸਾਖਿਆਤ ਤਾਜ ਮਹੱਲ ਤੋਂ 10 ਗਜ਼ ਅੱਗੇ ਜੇ ਕੋਈ ਕਰੋੜਾਂ ਦਾ ਖ਼ਰਚਾ ਕਰ ਕੇ, ਇਕ ਹੋਰ ਵੱਡੀ ਇਮਾਰਤ ਵਿਚ ਤਾਜ ਮਹੱਲ ਦਾ ਮਾਡਲ ਵਿਖਾਣ ਦੀ ਗੱਲ ਵੀ ਕਰੇਗਾ ਤਾਂ ਉਸ ਨੂੰ ਮੂਰਖ ਕਹਿ ਕੇ ਉਥੋਂ ਹਟਾ ਦਿਤਾ ਜਾਏਗਾ। ਮੈਂ ਦੁਨੀਆਂ ਦੀਆਂ ਵੱਡੀਆਂ ਯਾਦਗਾਰਾਂ ਵੇਖੀਆਂ ਹਨ।

ਅਸਲ ਯਾਦਗਾਰ ਦੇ ਸਾਹਮਣੇ ਕੁੱਝ ਕਦਮਾਂ ਤੇ ਹੀ, ਕਰੋੜਾਂ ਰੁਪਏ ਖ਼ਰਚ ਕੇ ਉਸੇ ਦਾ ਮਾਡਲ ਵਿਖਾਏ ਜਾਣ ਦੀ 'ਸਿਆਣਪ' ਸ਼ਾਇਦ ਪਹਿਲੀ ਵਾਰ ਸਾਡੇ ਸਿੱਖ ਸਿਆਸਤਦਾਨਾਂ ਨੇ ਹੀ ਵਿਖਾਈ ਹੈ। ਕੀ ਇਥੇ ਕੋਈ ਹੋਰ ਨਵੀਂ ਚੀਜ਼ ਵਿਖਾਣ ਬਾਰੇ ਉਹ ਨਹੀਂ ਸਨ ਸੋਚ ਸਕਦੇ?


'ਪਲਾਜ਼ਾ' ਦੇ ਉਪਰ ਹੀ ਇਕ ਸਾਧੂ ਦੀ ਸਮਾਧੀ ਵੀ ਪਲਾਜ਼ੇ ਵਾਂਗ ਹੀ ਮਹਿੰਗੇ ਪੱਥਰ ਨਾਲ ਚਮਕਾ ਦਿਤੀ ਗਈ ਹੈ ਜਦਕਿ ਪਹਿਲਾਂ ਇਹ ਕਿਸੇ ਨੂੰ ਨਜ਼ਰ ਵੀ ਨਹੀਂ ਸੀ ਆਉਂਦੀ। ਸਮਾਧੀ ਉਤੇ ਲਿਖਿਆ ਹੈ, ''ਓਮ ਭਗਵਾਨ ਸ੍ਰੀ ਚੰਦਰਾਯ ਨਮ: ਸਮਾਧਾਂ ਅਖਾੜਾ ਮਹੰਤ ਟਹਿਲ ਦਾਸ ਜੀ ਉਦਾਸੀਨ ਸੰਮਤ 1890 ਉਨ੍ਹਾਂ ਦੇ ਬਜ਼ੁਰਗ ਗੁਰੂਆਂ ਦੇ ਬਾਦ 'ਚ ਅਖਾੜੇ ਦੇ ਹੋਨੇ ਵਾਲੇ ਮਹੰਤਾਂ ਦੀਆ ਸਮਾਧਾਂ ਮੌਜੂਦ ਹਨ।'' ਨੇੜੇ ਹੀ 'ਸ਼ਨੀ ਮੰਦਰ' ਵੀ ਪਲਾਜ਼ੇ ਕਾਰਨ, ਦਰਬਾਰ ਸਾਹਿਬ ਸਮੂਹ ਦਾ ਭਾਗ ਹੀ ਬਣਿਆ ਨਜ਼ਰ ਆਉਣ ਲੱਗ ਪਿਆ ਹੈ ਜਦਕਿ ਪਹਿਲਾਂ ਸੁਣਿਆ ਕਰਦੇ ਸੀ ਕਿ ਦੁਕਾਨਾਂ ਦੇ ਪਿੱਛੇ ਕਿਤੇ ਇਹ ਮੌਜੂਦ ਹੈ।

ਪਲਾਜ਼ਾ ਦੀ ਵਿਉਂਤਬੰਦੀ ਵਿਚ ਅਕਲ ਨੂੰ ਬਹੁਤਾ ਦਖ਼ਲ ਨਹੀਂ ਦੇਣ ਦਿਤਾ ਗਿਆ, 'ਵੋਟਾਂ ਖ਼ਾਤਰ ਪੂਰੇ ਤਾਲ' ਵਾਲੀ ਗੱਲ ਹੀ ਕੀਤੀ ਗਈ ਹੈ। ਇਸ ਵੇਲੇ ਤਾਂ ਫਵਾਰੇ, ਫ਼ਿਲਮਾਂ ਤੇ ਕੀਮਤੀ ਪੱਥਰ ਹੀ ਵੇਖੇ ਜਾ ਰਹੇ ਹਨ ਪਰ ਸਮਾਂ ਪਾ ਕੇ, ਸਿੱਖ ਆਪ ਵੀ ਕਹਿਣ ਲੱਗ ਜਾਣਗੇ ਕਿ ਦਰਬਾਰ ਸਾਹਿਬ ਦੀ ਸ਼ਾਨ ਨੂੰ, ਪਲਾਜ਼ਾ ਬਣਾ ਕੇ ਘੱਟ ਹੀ ਕੀਤਾ ਗਿਆ ਹੈ। ਦਰਬਾਰ ਸਾਹਿਬ, ਦੁਨੀਆਂ ਦੀਆਂ ਅਤਿ ਸੁੰਦਰ ਇਮਾਰਤਾਂ 'ਚੋਂ ਗਿਣਿਆ ਜਾਂਦਾ ਹੈ, ਉਸ ਨੂੰ ਨਕਲੀ 'ਪਲਾਜ਼ਿਆਂ' ਦੀ ਲੋੜ ਨਹੀਂ ਸੀ ਜੋ ਸਮਾਧਾਂ ਤੇ ਸ਼ਨੀ ਮੰਦਰ ਨੂੰ ਦਰਬਾਰ ਸਾਹਿਬ ਕੰਪਲੈਕਸ ਦਾ ਹਿੱਸਾ ਬਣਾ ਦੇਣ।

ਇਥੇ ਜੇ ਪਲਾਜ਼ਾ ਬਣਾਉਣਾ ਵੀ ਸੀ ਤਾਂ ਚਾਰ-ਦੀਵਾਰੀ ਅੰਦਰ ਗ਼ੈਰ-ਸਿੱਖ ਯਾਦਗਾਰਾਂ ਨੂੰ ਢੱਕ ਕੇ ਪਿੰਗਲਵਾੜਾ, ਚੀਫ਼ ਖ਼ਾਲਸਾ ਦੀਵਾਨ, ਸਿੱਖ ਅਜਾਇਬ ਘਰ, ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟ ਫ਼ੈਡਰੇਸ਼ਨਾਂ ਤੇ ਸਿੰਘ ਸਭਾ ਲਹਿਰ ਦਾ ਇਤਿਹਾਸ ਵਿਖਾਇਆ ਜਾਣਾ ਚਾਹੀਦਾ ਸੀ ਜਾਂ ਦੁਕਾਨਾਂ ਉਪਰ ਇਨ੍ਹਾਂ ਸਿੱਖ ਸੰਸਥਾਵਾਂ ਦੇ ਦਫ਼ਤਰ ਬਣਾ ਕੇ, ਆਸੇ ਪਾਸੇ ਸਿੱਖ ਮਾਹੌਲ ਸਿਰਜਿਆ ਜਾਣਾ ਚਾਹੀਦਾ ਸੀ ਤਾਕਿ ਕਿਸੇ ਵੀ ਗ਼ੈਰ-ਸਿੱਖ ਚੀਜ਼ (ਜੋ ਸਿੱਖੀ ਵਿਚ ਪ੍ਰਵਾਨ ਨਹੀਂ) ਦੀ ਝਲਕ, ਦਰਬਾਰ ਸਾਹਿਬ ਕੰਪਲੈਕਸ ਦਾ ਭਾਗ ਬਣ ਕੇ ਸ਼ਰਧਾਲੂਆਂ ਦੇ ਸਾਹਮਣੇ ਨਾ ਆਵੇ।


ਗੱਲ ਬਾਬੇ ਨਾਨਕ ਦੇ 550ਵੇਂ ਆਗਮਨ ਪੁਰਬ ਨੂੰ ਮਨਾਏ ਜਾਣ ਦੀ ਹੋ ਰਹੀ ਸੀ। ਦੂਰ ਅੰਦੇਸ਼ ਤੇ ਸਿਆਣੇ ਸਿੱਖਾਂ ਨੂੰ ਡਰ ਸਤਾਉਣ ਲੱਗ ਪਿਆ ਹੈ ਕਿ ਬਾਬੇ ਨਾਨਕ ਦੀ ਸਾਢੇ ਪੰਜਵੀਂ ਜਨਮ ਸ਼ਤਾਬਦੀ ਦਾ ਵੀ ਉਹੀ ਹਾਲ ਕਰ ਦਿਤਾ ਜਾਏਗਾ ਜੋ ਪਿਛਲੀਆਂ ਸ਼ਤਾਬਦੀਆਂ ਦਾ, ਸਰਕਾਰੀ ਧੂਮ ਧੜੱਕੇ ਨੇ ਕਰ ਦਿਤਾ ਸੀ। ਖ਼ੂਬ ਸ਼ੋਰ ਮਚੇਗਾ, ਅਰਬਾਂ ਰੁਪਏ ਖ਼ਰਚ ਦੇਣ ਦੇ ਦਾਅਵੇ ਕਰ ਦਿਤੇ ਜਾਣਗੇ ਤੇ 'ਸਵਾਦਿਸ਼ਟ ਲੰਗਰਾਂ' ਦਾ ਖ਼ੂਬ ਪ੍ਰਚਾਰ ਕੀਤਾ ਜਾਵੇਗਾ।

ਦੀਵਾਨਾਂ, ਕੀਰਤਨ ਦਰਬਾਰਾਂ ਤੇ ਨਗਰ ਕੀਰਤਨਾਂ ਦਾ ਖ਼ੂਬ ਸ਼ੋਰ ਸੁਣਨ ਨੂੰ ਮਿਲੇਗਾ, ਪ੍ਰਚਾਰ ਦੇ ਨਾਂ ਤੇ ਅਰਬਾਂ ਰੁਪਏ ਇਕੱਠੇ ਕਰ ਲਏ ਜਾਣਗੇ ਪਰ ਸਿੱਖਾਂ ਤੇ ਸਿੱਖੀ ਦੀ ਹਾਲਤ ਉਹੀ ਪਹਿਲਾਂ ਵਾਲੀ ਹੀ ਰਹੇਗੀ। ਗ਼ਰੀਬ ਦੇ ਮੂੰਹ 'ਚੋਂ, ਪ੍ਰਚਾਰਕ ਲੋਕ, ਚਲਾਕ ਕਾਂ ਵਾਂਗ, ਰੋਟੀ ਦੀ ਬੁਰਕੀ ਵੀ ਕੱਢ ਲੈਣਗੇ ਪਰ ਉਸ ਨੂੰ ਦੇਣਗੇ ਕੁੱਝ ਨਹੀਂ ਤੇ ਢੋਲਕੀਆਂ ਛੈਣੇ ਕੁੱਟ ਕੁੱਟ ਕੇ ਕਹਿੰਦੇ ਰਹਿਣਗੇ ਕਿ ''ਭਾਈ ਗੁਰੂ ਦਾ ਹੁਕਮ ਹੈ ਕਿ ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ ਹੈ। ਇਸ ਲਈ ਗੁਰੂ ਦੀ ਗੋਲਕ ਵਿਚ ਦਿਲ ਖੋਲ੍ਹ ਕੇ ਮਾਇਆ ਪਾਉ ਕਿਉਂਕਿ ਇਹ ਗੁਰੂ ਦਾ ਹੁਕਮ ਹੈ। ਲੰਗਰ ਦੇ ਰੂਪ ਵਿਚ ਗ਼ਰੀਬ ਦੇ ਮੂੰਹ ਵਿਚ ਰੋਜ਼ ਹੀ ਚਲੀ ਜਾਂਦੀ ਹੈ'' (ਖ਼ਾਲਸ ਝੂਠ)।


ਦੂਰ-ਅੰਦੇਸ਼ ਤੇ ਸਿਆਣੇ ਲੋਕ ਆਸ ਕਰਦੇ ਹਨ ਕਿ ਰਵਾਇਤੀ ਵਿਖਾਵੇ ਅਤੇ ਮਾਇਆ ਬਟੋਰਨ ਦੇ ਪ੍ਰੋਗਰਾਮ ਤਾਂ ਅੰਤ ਤਕ, ਇਸੇ ਤਰ੍ਹਾਂ ਚਲਦੇ ਰਹਿਣਗੇ ਪਰ ਉੱਚਾ ਦਰ ਤੋਂ ਅਪਣਾ ਨਵਾਂ ਪ੍ਰੋਗਰਾਮ, ਇਸ ਵੇਲੇ ਜ਼ਰੂਰ ਹੀ ਸ਼ੁਰੂ ਕਰ ਦਿਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਪ੍ਰੋਗਰਾਮ ਨੂੰ ਵੇਖ ਕੇ ਹੀ ਨਵੀਂ ਨਾਨਕਵਾਦੀ ਲਹਿਰ ਸ਼ੁਰੂ ਹੋ ਸਕੇਗੀ ਜਿਸ ਦੀ ਅੱਜ ਬੜੀ ਸਖ਼ਤ ਲੋੜ ਹੈ। 10-10 ਲੱਖ ਦੀ ਆਰਜ਼ੀ ਮਦਦ ਦੇਣ ਵਾਲੇ 100 ਹੀਰੇ ਨਿੱਤਰ ਆਉਣ ਤਾਂ 'ਉੱਚਾ ਦਰ' ਇਤਿਹਾਸਕ ਕਾਰਜ ਕਰਨ ਦੀ ਹਾਲਤ ਵਿਚ ਤਾਂ ਆ ਹੀ ਚੁੱਕਾ ਹੈ।

ਦੂਜੇ ਪਾਸੇ, ਢਾਈ ਤਿੰਨ ਹਜ਼ਾਰ ਮੈਂਬਰ, ਜੇ ਸਾਰੇ ਰੱਲ ਕੇ, ਇਸ ਨੂੰ ਚਾਲੂ ਕਰਨ ਲਈ 50,000 ਤੋਂ ਇਕ ਲੱਖ ਦੀ ਰਕਮ ਉਧਾਰ ਵਜੋਂ ਹੀ ਦੇ ਦੇਣ ਤਾਂ ਮਿੰਟਾਂ ਵਿਚ ਮੋਰਚਾ ਫ਼ਤਿਹ ਹੋ ਸਕਦਾ ਹੈ ਪਰ ਸਾਰੇ ਇਹ ਕੰਮ ਕਰਨ ਲਈ ਤਿਆਰ ਹੋ ਜਾਣ ਤਾਂ ਹੀ ਤਾਂ ਚਮਤਕਾਰ ਹੋ ਸਕਦਾ ਹੈ। ਅਪੀਲਾਂ ਨਾਲ ਤਾਂ ਕਿਸੇ ਨੇ ਕੁੱਝ ਨਹੀਂ ਕਰਨਾ, ਅੰਦਰੋਂ ਹੀ ਰੂਹ ਦੀਆਂ ਡੂੰਘਾਈਆਂ 'ਚੋਂ ਆਵਾਜ਼ ਉਠੇ ਤਾਂ ਹੀ ਕੁੱਝ ਹੋ ਸਕਦਾ ਹੈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement