
Nijji Diary De Panne: ਅਸੂਲਾਂ ਨਾਲ ਜੁੜੋ, ਸਚਾਈ ਨਾਲ ਜੁੜੋ ਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰਅਤ ਪੈਦਾ ਕਰੋ.....
ਅਕਾਲੀ-ਬੀਜੇਪੀ ਜਾਂ ਬਾਦਲ ਸਰਕਾਰ ਬਣਨ ਮਗਰੋਂ ਜਿਸ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਨੂੰ ਕੁਚਲਣ, ਤਬਾਹ ਕਰਨ ਤੇ ਬੰਦ ਕਰਾਉਣ ਦੇ ਯਤਨ ‘ਅਕਾਲੀ ਸਰਕਾਰ’ ਨੇ ਕੀਤੇ, ਉਸ ਵਲ ਵੇਖ ਕੇ ਅਕਸਰ ਮੈਨੂੰ ਇਕ ਸਵਾਲ ਪੁਛਿਆ ਜਾਂਦਾ ਹੈ ਕਿ ਰਾਜਸੱਤਾ ਪ੍ਰਾਪਤ ਕਰਨ ਮਗਰੋਂ ਕੀ ਸਿੱਖ ਅਪਣਿਆਂ ਨੂੰ ਮਾਰਨ ਦੀ ਰੀਤ ਸਦਾ ਲਈ ਚਾਲੂ ਰੱਖਣਗੇ ਤੇ ਅਪਣੀ ‘ਭਰਾ-ਮਾਰੂ ਰੀਤ’ ਵਿਚ ਕਦੇ ਕੋਈ ਤਬਦੀਲੀ ਨਹੀਂ ਲਿਆਉਣਗੇ? ਮਹਾਰਾਜਾ ਰਣਜੀਤ ਸਿੰਘ ਇਕੋ ਇਕ ਸਿੱਖ ਰਾਜਾ ਹੋਇਆ ਹੈ ਜਿਸ ਬਾਰੇ ਇਕ ਮੁਸਲਮਾਨ ਕਵੀ ਨੇ ਵੀ ਲਿਖਿਆ ਕਿ ਉਹ ‘ਅੱਛਾ ਰੱਜ ਕੇ ਰਾਜ ਕਮਾਇ ਗਿਆ’ ਭਾਵੇਂ ਕਿ ਉਸ ਨੇ ਵੀ ਅਪਣੇ ਦਰਬਾਰ ਵਿਚ ਇਕ ਵੀ ਸਿੱਖ ਵਜ਼ੀਰ ਨਾ ਬੈਠਣ ਦਿਤਾ ਤੇ ਉਨ੍ਹਾਂ ਨੂੰ ਦੂਰ ਦੁਰੇਡੇ ਦੇ ਇਲਾਕਿਆਂ ਵਿਚ ਭੇਜ ਦਿਤਾ ਤਾਕਿ ਉਹ ਸਰਬੱਤ ਖ਼ਾਲਸਾ ਸੱਦਣ ਦੀ ਮੰਗ ਕਰ ਕੇ, ਰਣਜੀਤ ਸਿੰਘ ਦੇ ਪੁੱਤਰ ਦੀ ਥਾਂ ਕਿਸੇ ਹੋਰ ਚੰਗੇ ਸਿੱਖ ਨੂੰ ਅਗਲਾ ਮਹਾਰਾਜਾ ਬਨਾਉਣ ਦੀ ਮੰਗ ਨੂੰ ਅਮਲੀ ਜਾਮਾ ਨਾ ਪਹਿਨਾ ਦੇਣ। ਉਸ ਤੋਂ ਬਾਅਦ, ਜਿਹੜਾ ਕੋਈ ਵੀ ਗੱਦੀ ’ਤੇ ਬੈਠਾ, ਉਸ ਨੇ ਅਪਣਿਆਂ ਨੂੰ ਹੀ ਮਾਰਿਆ।
‘ਪੈਪਸੂ’ ਦੇ ਨਾਂ ਨਾਲ ਜਾਣੇ ਜਾਂਦੇ ਇਲਾਕੇ ਦੀਆਂ ਸਿੱਖ ਰਿਆਸਤਾਂ ਵਿਚ ਵੀ ਹਾਲਾਤ ਇਹੋ ਜਹੇ ਹੀ ਰਹੇ। ਆਜ਼ਾਦ ਹਿੰਦੁਸਤਾਨ ਵਿਚ ਪੰਜਾਬੀ ਸੂਬਾ ਬਣਨ ਮਗਰੋਂ ਸਿੱਖਾਂ ਦੀ ਇਕੋ ਇਕ ਪਾਰਟੀ ਦੀ ਹਕੂਮਤ ਬਣੀ ਤਾਂ ਲਛਮਣ ਸਿੰਘ ਗਿੱਲ ਨੇ ਸੰਤ ਚੰਨਣ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਗਿੱਲ ਗੱਦੀ ਤੋਂ ਲੱਥਾ ਤਾਂ ਮਗਰਲਿਆਂ ਨੇ ਉਸ ਦੀ ਉਹ ਬੁਰੀ ਹਾਲਤ ਕਰ ਦਿਤੀ ਕਿ ਜਗਰਾਉਂ ਦੇ ਮੈਜਿਸਟਰੇਟ ਦੇ ਘਰ ਵਿਚ ਅਸੀ ਉਸ ਨੂੰ ਗਿੜਗੜਾਉਂਦਿਆਂ ਤੇ ਇਹ ਕਹਿੰਦਿਆਂ ਵੀ ਸੁਣਿਆ ਕਿ ‘‘ਜੱਜ ਸਾਹਿਬ, ਮੈਨੂੰ ਅਪਣੇ ਘਰ ਪਨਾਹ ਦੇ ਦਿਉ। ਬਾਹਰ ਇਹ ਮੈਨੂੰ ਮਾਰ ਦੇਣਗੇ। ਮੈਨੂੰ ਬਚਾ ਲਉ ਜੱਜ ਸਾਹਿਬ।’’ ਜੱਜ ਨੇ ਵਾਰ ਵਾਰ ਅਪਣੀ ਮਜਬੂਰੀ ਦੱਸੀ ਤੇ ਅਖ਼ੀਰ ਪਿਛਲੇ ਦਵਾਜ਼ਿਉਂ ਉਸ ਨੂੰ ਗਲੀ ਵਿਚੋਂ ਭੱਜ ਜਾਣ ਦੀ ਆਗਿਆ ਦੇ ਦਿਤੀ।
ਉਹ ਜੱਜ ਰੀਟਾਇਰ ਹੋ ਕੇ ਅੱਜ ਵੀ ਜਲੰਧਰ ਰਹਿੰਦੇ ਹਨ। ਮਿਸਾਲਾਂ ਢੇਰ ਹਨ ਕਿ ਸਿੱਖ, ਸੱਤਾਧਾਰੀ ਹੋਣ ਮਗਰੋਂ, ਅਪਣਿਆਂ ਨੂੰ ਹੀ ਸੱਭ ਤੋਂ ਪਹਿਲਾਂ ਅਪਣੇ ਗੁੱਸੇ ਅਤੇ ਨਫ਼ਰਤ ਦਾ ਸ਼ਿਕਾਰ ਬਣਾਉਂਦੇ ਹਨ ਤੇ ਇਹ ਗ਼ਲਤ ਕਾਰਾ ਬੜੀ ਬੇਰਹਿਮੀ ਨਾਲ ਕਰਦੇ ਹਨ। ਹਾਕਮ ਬਣਨ ਮਗਰੋਂ, ਆਜ਼ਾਦ ਸੋਚਣੀ ਵਾਲੇ ਸਿੱਖਾਂ, ਗੁਰੂ ਨਾਨਕ ਦੇ ਨਿਰਮਲ ਫ਼ਲਸਫ਼ੇ, ਪੰਜਾਬੀ ਭਾਸ਼ਾ ਅਤੇ ਸਿੱਖ ਸਿਧਾਂਤਾਂ ਉਤੇ ਜਿੰਨਾ ਵੱਡਾ ਕੁਹਾੜਾ ਸਿੱਖ ਹਾਕਮ ਚਲਾਂਦੇ ਹਨ, ਕਿਸੇ ਹੋਰ ਕੌਮ ਦਾ ਹਾਕਮ ਨਹੀਂ ਕਰਦਾ। ਹਾਕਮ ਦੀ ਗੱਦੀ ਸਾਨੂੰ ਬਹੁਤ ਹੀ ਹੰਕਾਰੀ ਬਣਾ ਦੇਂਦੀ ਹੈ - ਖ਼ਾਸ ਤੌਰ ’ਤੇ ਅਪਣੇ ਕਥਿਤ ਸਿੱਖ ਦੁਸ਼ਮਣਾਂ ਜਾਂ ਆਲੋਚਕਾਂ ਪ੍ਰਤੀ।
ਭਲੇ ਅਕਾਲੀ ਵਰਕਰਾਂ ਤੇ ਲੀਡਰਾਂ ਲਈ ਸੋਚਣ ਦਾ ਸਮਾਂ ਹੈ। ਇਸ ਤਰ੍ਹਾਂ ਉਨ੍ਹਾਂ ਦੀ ਪਾਰਟੀ ਦਾ ਵੀ ਤੇ ਸਿੱਖਾਂ ਦਾ ਵੀ ਅਕਸ ਬਹੁਤ ਨੀਵਾਂ ਹੋ ਰਿਹਾ ਹੈ। ਤੁਸੀ ਗਵਰਨਰ ਕੋਲੋਂ ਹਰਚਰਨ ਬੈਂਸ ਦੀ ਲਿਖੀ ਤਕਰੀਰ ਪੜ੍ਹਵਾ ਕੇ ਅਪਣੇ ਆਪ ਨੂੰ ‘ਸੰਤ ਸਿਆਸਤਦਾਨ’ ਬੇਸ਼ਕ ਅਖਵਾ ਲਉ ਪਰ ਤੁਹਾਡੀ ਧੱਕੜਸ਼ਾਹੀ ਦੀ ਚਰਚਾ ਗਲੀ ਗਲੀ ਵਿਚ ਹੀ ਨਹੀਂ, ਦੇਸ਼ ਦੇ ਉੱਚੇ ਐਵਾਨਾਂ ਵਿਚ ਵੀ ਹੋ ਰਹੀ ਹੈ। ‘ਰੋਜ਼ਾਨਾ ਸਪੋਕਸਮੈਨ’ ਬਾਰੇ ਪੁੱਛ ਕੇ ਦੱਸੋ ਕਿ ਕੀ ਕੋਈ ਅਜਿਹਾ ਐਡੀਟਰ ਹੋਰ ਵੀ ਹੈ ਜਿਸ ਨੂੰ ਮਾਰ ਦੇਣ ਤੇ ਛੇਕ ਦੇਣ ਦੀਆਂ ਧਮਕੀਆਂ ਕੇਵਲ ਇਸ ਲਈ ਦਿਤੀਆਂ ਗਈਆਂ ਕਿ ਉਹ ‘ਪੁਜਾਰੀਵਾਦ’ ਨੂੰ ਮਾਨਤਾ ਨਹੀਂ ਦੇਂਦਾ (ਵਰਲਡ ਸਿੱਖ ਕਨਵੈਨਸ਼ਨ ਨੇ ‘ਗੁਰਮਤਾ’ ਕਰ ਕੇ ਪੁਜਾਰੀਵਾਦ ਨੂੰ ਕੋਈ ਮਾਨਤਾ ਨਾ ਦੇਣ ਲਈ ਹੀ ਕਿਹਾ ਸੀ)?
ਇਹ ਵੀ ਪੁੱਛ ਕੇ ਦੱਸੋ ਕਿ ਹਿੰਦੁਸਤਾਨ ਵਿਚ ਜਾਂ ਦੁਨੀਆਂ ਵਿਚ ਕੋਈ ਹੋਰ ਐਡੀਟਰ ਜਾਂ ਅਖ਼ਬਾਰ ਹੈ ਜਿਸ ਨੂੰ ਕਿਸੇ ਸੈਕੁਲਰ ਸਰਕਾਰ ਦੇ ਮੁਖੀ ਨੇ ਇਹ ਕਹਿ ਕੇ ਮਿਲਣ ਤੋਂ ਇਨਕਾਰ ਕੀਤਾ ਹੋਵੇ ਕਿ ਉਹ ਪਹਿਲਾਂ ਪੁਜਾਰੀਆਂ ਕੋਲ ਪੇਸ਼ ਹੋ ਕੇ ਆਵੇ? ਇਹ ਵੀ ਪੁੱਛ ਕੇ ਦੱਸੋ ਕਿ ਅਖ਼ਬਾਰ ਬੰਦ ਕਰਵਾ ਦੇਣ ਦੀਆਂ ਧਮਕੀਆਂ ਕਿਸੇ ਵੀ ਲੋਕ-ਰਾਜੀ ਦੇਸ਼ ਵਿਚ ਕੋਈ ਜ਼ਿੰਮੇਵਾਰ ਹਾਕਮ ਜਾਂ ਲੀਡਰ ਦੇਂਦਾ ਹੈ? ਇਹ ਵੀ ਪੁੱਛ ਕੇ ਦੱਸੋ ਕਿ ਜੇ ਅਖ਼ਬਾਰ ਵਿਚ ਛਪੀ ਐਡੀਟਰ ਦੀ ਨਹੀਂ, ਕਿਸੇ ਹੋਰ ਦੀ ਲਿਖਤ ਉਤੇ ਕਿਸੇ ਤਬਕੇ ਨੂੰ ਇਤਰਾਜ਼ ਹੋ ਜਾਏ ਤਾਂ ਕੀ ਐਡੀਟਰ ਦੇ ਮਗਰ ਪੁਲਿਸ ਲਗਾ ਦਿਤੀ ਜਾਂਦੀ ਹੈ ਜੋ ‘ਅੱਜ ਹੀ ਐਡੀਟਰ ਨੂੰ ਸਾਡੇ ਹਵਾਲੇ ਕਰੋ’ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦੇਂਦੀ ਹੈ? ਕੀ ਜ਼ਿੰਮੇਵਾਰ ਅਖ਼ਬਾਰਾਂ ਦੇ ਐਡੀਟਰਾਂ ਨੂੰ ਇਸ ਤਰ੍ਹਾਂ ਇਕੋ ਹੀ ਲੇਖ ਦੇ ਮਾਮਲੇ ਵਿਚ, ਸ਼ਹਿਰ ਸ਼ਹਿਰ ਵਿਚ, ਥਾਂ ਥਾਂ ਗਿ੍ਰਫ਼ਤਾਰ ਕਰ ਕੇ ਕਾਲ-ਕੋਠੜੀ ਵਿਚ ਬੰਦ ਕਰਨ ਦੀ ਕੋਸ਼ਿਸ਼ ਕਰਨਾ, ਪ੍ਰੈੱਸ ਦੀ ਆਜ਼ਾਦੀ ਦੀ ਨਿਸ਼ਾਨੀ ਹੈ?
ਅਕਾਲੀ ਵਰਕਰੋ! ਤੁਹਾਡੀ ਪਾਰਟੀ ਦਾ ਕਿਸੇ ਵੇਲੇ ਬੜਾ ਨਾਂ ਹੁੰਦਾ ਸੀ। ਅੰਰਗੇਜ਼ਾਂ, ਮੁਸਲਮਾਨਾਂ ਤੇ ਹਿੰਦੂ ਲੇਖਕਾਂ ਨੇ ਤੁਹਾਡੀ ਪਾਰਟੀ ਦੇ ਗੁਣ ਗਾਨ ਨਾਲ ਕਿਤਾਬਾਂ ਭਰੀਆਂ ਹੋਈਆਂ ਹਨ। ਪਰ ਅੱਜ ਜਿਵੇਂ ਤੁਹਾਡੇ ਲੀਡਰ ਕਰ ਰਹੇ ਹਨ, ਇਸ ਨਾਲ ਤੁਹਾਡੀ ਪਾਰਟੀ ਇਕ ਘਰਾਣੇ ਦੇ ਕੁੱਝ ਲੋਕਾਂ ਦੀ ਗ਼ੁਲਾਮ ਪਾਰਟੀ ਬਣ ਚੁੱਕੀ ਹੈ, ਪ੍ਰੈੱਸ ਦੀ ਆਜ਼ਾਦੀ ਦੀ ਦੁਸ਼ਮਣ ਪਾਰਟੀ ਬਣ ਚੁਕੀ ਹੈ ਤੇ ਪੰਜਾਬੀ ਨਾਲ ਵੈਰ ਕਮਾਉਣ ਵਾਲੀ ਪਾਰਟੀ ਬਣ ਚੁਕੀ ਹੈ। ਤੇ ਤੁਸੀ? ਤੁਸੀ ਵੀ ਲਿਫ਼ਾਫ਼ਾ ਕਲਚਰ ਦੇ ਏਨੇ ਆਦੀ ਹੋ ਗਏ ਹੋ ਕਿ ਲਿਫ਼ਾਫ਼ੇ ਵਿਚੋਂ ਕੋਈ ਵੀ ਨਾਂ ਨਿਕਲੇ ਤੇ ਭਾਵੇਂ ਇਕੋ ਘਰਾਣੇ ਦੇ ਨਾਂ ਬਾਰ ਬਾਰ ਕਿਉਂ ਨਾ ਕੱਢੇ ਜਾਣ, ਤੁਸੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਣ ਦੀ ਰਸਮ ਹੀ ਪੂਰੀ ਕਰਦੇ ਹੋ ਬੱਸ!
ਤੁਹਾਡੀ ਪਾਰਟੀ ਤਾਂ ਅਕਾਲ ਦੀ ਪਾਰਟੀ ਅਖਵਾਂਦੀ ਸੀ ਤੇ ਇਸੇ ਲਈ ਅਕਾਲੀ ਪਾਰਟੀ ਸੀ। ਅਕਾਲੀ ਤਿਆਗ ਦੀ ਮੂਰਤੀ ਸਮਝੇ ਜਾਂਦੇ ਸਨ। ਅੱਜ ਸੱਭ ਤੋਂ ਵੱਧ ਭ੍ਰਿਸ਼ਟਾਚਾਰ ਦੇ ਦੋਸ਼ ਇਸੇ ਪਾਰਟੀ ਦੇ ਆਗੂਆਂ ਉਤੇ ਲੱਗ ਰਹੇ ਹਨ। ਅਕਾਲੀ ਵਰਕਰੋ, ਤੁਹਾਡੀ ਪਾਰਟੀ ਗ਼ਰੀਬ, ਦੁਖੀਆਂ ਤੇ ਹਕੂਮਤ ਦੇ ਸਤਾਏ ਹੋਏ ਲੋਕਾਂ ਦੀ ਬਾਂਹ ਫੜਨ ਵਾਲੀ ਪਾਰਟੀ ਹੁੰਦੀ ਸੀ ਜੋ ਇਕੱਲੀ ਹੋ ਕੇ ਵੀ ਐਮਰਜੈਂਸੀ ਵਿਰੁਧ ਮੋਰਚਾ ਲਾ ਕੇ ਇਤਿਹਾਸ ਸਿਰਜਦੀ ਸੀ ਤੇ ਤੱਤ ਗੁਰਮਤਿ ਦੀ ਸੱਭ ਤੋਂ ਵੱਡੀ ਪ੍ਰਚਾਰਕ, ਰਖਿਅਕ ਪਾਰਟੀ ਸੀ। ਤੁਹਾਡੀ ਪਾਰਟੀ ਤਾਂ ਪ੍ਰੈੱਸ ਦੀ ਆਜ਼ਾਦੀ ਦੀ ਸੱਭ ਤੋਂ ਵੱਡੀ ਜ਼ਾਮਨ ਪਾਰਟੀ ਹੁੰਦੀ ਸੀ।
ਤੁਹਾਡੇ ਹੀ ਆਗੂ ਐਲਾਨੀਆਂ ਕਹਿੰਦੇ ਹਨ ਕਿ ਫ਼ਲਾਣਾ ਅਖ਼ਬਾਰ ਬੰਦ ਕਰਵਾ ਕੇ ਰਹਾਂਗੇ!! ਕਿਹੜਾ ਅਖ਼ਬਾਰ? ਜਿਹੜਾ ਗੁਰਬਾਣੀ ਦੀ ਨਵੀਂ ਵਿਆਖਿਆ ਲਗਾਤਾਰ ਦਿੰਦਾ ਹੈ ਤੇ ਹਰ ਰੋਜ਼ ਸਿੱਖ ਇਤਿਹਾਸ ਦੇ ਪੰਨੇ ਨਵੇਂ ਰੂਪ ਵਿਚ ਪ੍ਰਕਾਸ਼ਤ ਕਰਦਾ ਹੈ? ਤੁਹਾਡੇ ਲੀਡਰ ਉਹ ਅਖ਼ਬਾਰ ਬੰਦ ਕਰਵਾਉਣਾ ਚਾਹੁੰਦੇ ਨੇ ਜਿਸ ਨੇ ਪੰਜਾਬੀ ਪੱਤਰਕਾਰੀ ਵਿਚ ਇਨਕਲਾਬ ਲਿਆ ਕੇ ਵਿਖਾ ਦਿਤਾ ਹੈ ਤੇ 50 ਸਾਲ ਪੁਰਾਣੇ ਅਖ਼ਬਾਰਾਂ ਨੂੰ ਵੀ ਅਪਣੇ ਮਗਰ ਲੱਗਣ ਲਈ ਮਜਬੂਰ ਕਰ ਦਿਤਾ ਹੈ।
ਅਕਾਲੀ ਵਰਕਰੋ, ਤੁਸੀ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਜੋ ਗੁਰੂ ਗੋਬਿੰਦ ਸਿੰਘ ਨੂੰ ਦਾਦੂ ਦੀ ਕਬਰ ’ਤੇ ਨਮਸਕਾਰ ਕਰਨ ਤੋਂ ਟੋਕ ਦੇਂਦੇ ਸਨ।
ਪਰ ਜੇ ਤੁਸੀ ਬਾਹਵਾਂ ਖੜੀਆਂ ਕਰਨ ਅਤੇ ਹਰ ਗ਼ਲਤ ਗੱਲ ਹੁੰਦੀ ਵੇਖ ਕੇ ਵੀ ਚੁੱਪ ਰਹਿਣ ਲੱਗ ਪਏ ਤਾਂ ਯਕੀਨ ਰਖਿਉ, ਤੁਹਾਡੀ ਪਾਰਟੀ ਵੀ ‘ਤਪੋਂ ਰਾਜ ਤੇ ਰਾਜੋਂ ਨਰਕ’ ਵਾਲੀ ਹਾਲਤ ਵਿਚ ਪੁਜ ਕੇ ਰਹੇਗੀ। ਕੁਦਰਤ ਦੇ ਨਿਯਮ ਸੱਭ ਲਈ ਇਕੋ ਜਹੇ ਹੁੰਦੇ ਹਨ। ਤੁਹਾਡੀ ਪਾਰਟੀ ਲਈ ਕੁਦਰਤ ਨੇ ਅਪਣੇ ਨਿਯਮ ਬਦਲ ਨਹੀਂ ਦੇਣੇ। ਇਸ ਤੋਂ ਵੀ ਜ਼ਿਆਦਾ ਦੁੱਖ ਹੈ ਕਿ ਕਿਉਂਕਿ ਤੁਸੀ ‘ਧਰਮ ਸਿਆਸਤ ਇਕ’ ਦੇ ਨਾਹਰੇ ਹੇਠ ਧਰਮ ਉਤੇ ਵੀ ਪ੍ਰਭਾਵਤ ਹੁੰਦੇ ਹੋ, ਇਸ ਲਈ ਸਿੱਖ ਧਰਮ ਵੀ ਰਸਾਤਲ ਵਿਚ ਚਲਾ ਜਾਏਗਾ। ਪਹਿਲਾਂ ਵੀ ਪੰਜਾਬ ਵਿਚ 80 ਫ਼ੀ ਸਦੀ ਸਿੱਖ ਅਕਾਲੀ ਸਰਕਾਰ ਦੇ ਦੌਰ ਅੰਦਰ ਪਤਿਤ ਹੋ ਗਏ ਹਨ। ਸਾਰਾ ਦੋਸ਼ ਤੁਹਾਡੇ ਉਤੇ ਹੀ ਲੱਗੇਗਾ। ਅਜੇ ਵੀ ਵੇਲਾ ਜੇ, ਸਮਝ ਜਾਉ। ਅਸਲ ‘ਅਕਾਲੀ’ ਬਣੋ। ਇਕ ਪ੍ਰਵਾਰ ਜਾਂ ਲੀਡਰ ਦੇ ਗ਼ੁਲਾਮ ਨਾ ਬਣੋ।
ਅਸੂਲਾਂ ਨਾਲ ਜੁੜੋ, ਸਚਾਈ ਨਾਲ ਜੁੜੋ ਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਜੁਰਅਤ ਪੈਦਾ ਕਰੋ। ਲੀਡਰਾਂ ਨੂੰ ਖੁਲ੍ਹ ਕੇ ਆਖੋ, ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਵਾਲੀ ਪਾਰਟੀ ਕਿੰਨੀ ਵੀ ਚੜ੍ਹਤ ਵਿਚ ਹੋਵੇ, ਉਸ ਦਾ ਅੰਤ ਹੋ ਕੇ ਰਹਿੰਦਾ ਹੈ। ਇਹ ਲੋਕ-ਰਾਜ ਦਾ ਪਹਿਲਾ ਅਸੂਲ ਹੈ। ਹਾਕਮ ਨਹੀਂ ਸਮਝਦੇ। ਇੰਦਰਾ ਗਾਂਧੀ ਵੀ ਨਹੀਂ ਸੀ ਸਮਝੀ। ਮੂੰਹ ਦੇ ਪਰਨੇ ਡਿੱਗੀ ਸੀ। ਨਕਲੀ ਬਾਬਿਆਂ ਦੀ ਓਟ ਨਹੀਂ ਬਚਾ ਸਕੇਗੀ। ਸਚਾਈ ਹੀ ਬਚਾ ਸਕਦੀ ਹੈ। ਤੁਸੀ ਤਾਂ ਸਮਝੋ ਤੇ ਅਪਣੀ ਪਾਰਟੀ ਨੂੰ ਬਚਾਉ, ਧਰਮ ਨੂੰ ਬਚਾਉ ਤੇ ਅਪਣੀ ਸਾਖ ਨੂੰ ਬਚਾਉ। ਸੁਣੋਗੇ ਮੇਰੀ ਗੱਲ? (ਜੋਗਿੰਦਰ ਸਿੰਘ)