
ਪੈਸੇ ਦੀ ਸਿੱਖਾਂ ਨੂੰ ਰੱਬ ਨੇ ਕੋਈ ਕਮੀ ਨਹੀਂ ਰਹਿਣ ਦਿਤੀ ਪਰ ਗੱਲ ਤਾਂ ਦਿਲ ਦੀ ਹੁੰਦੀ ਹੈ। ਅਪਣਾ 'ਲਾਭ' ਵੇਖ ਕੇ, ਪੈਸੇ ਜੇਬ 'ਚੋਂ ਕੱਢਣ ਵਾਲੇ ਤਾਂ ਬਹੁਤ ਹਨ.......
ਪੈਸੇ ਦੀ ਸਿੱਖਾਂ ਨੂੰ ਰੱਬ ਨੇ ਕੋਈ ਕਮੀ ਨਹੀਂ ਰਹਿਣ ਦਿਤੀ ਪਰ ਗੱਲ ਤਾਂ ਦਿਲ ਦੀ ਹੁੰਦੀ ਹੈ। ਅਪਣਾ 'ਲਾਭ' ਵੇਖ ਕੇ, ਪੈਸੇ ਜੇਬ 'ਚੋਂ ਕੱਢਣ ਵਾਲੇ ਤਾਂ ਬਹੁਤ ਹਨ ਪਰ ਕੌਮ ਦਾ, ਮਾਨਵਤਾ ਦਾ, ਆਉਂਦੀਆਂ ਪੀੜ੍ਹੀਆਂ ਦਾ 'ਲਾਭ' ਵੇਖ ਕੇ ਨਿਤਰਨ ਵਾਲੇ ਬਹੁਤ ਥੋੜੇ ਹੁੰਦੇ ਹਨ। ਇਸ ਵੇਲੇ 'ਉੱਚਾ ਦਰ' ਲਈ ਕੁਰਬਾਨੀ ਕਰਨ ਵਾਲਿਆਂ ਨੂੰ ਭਾਵੇਂ ਪੈਸੇ ਵਾਪਸ ਵੀ ਮਿਲ ਜਾਣੇ ਹਨ ਪਰ ਉਨ੍ਹਾਂ ਦੀ ਹਿੰਮਤ ਨੂੰ ਸਥਾਈ ਤੌਰ ਤੇ ਦਾਦ ਦੇਣ ਲਈ ਮੈਂ ਚਾਹਾਂਗਾ, ਇਨ੍ਹਾਂ ਸਾਰਿਆਂ ਦੀਆਂ ਤਸਵੀਰਾਂ ਗੈਲਰੀ ਵਿਚ ਹਮੇਸ਼ਾ ਲਈ ਲਗਾ ਕੇ ਰਖੀਆਂ ਜਾਣ ਕਿਉਂਕਿ ਇਨ੍ਹਾਂ ਦੀ ਹਿੰਮਤ ਸਦਕਾ ਹੀ 'ਉੱਚਾ ਦਰ' ਮਿਥੇ ਹੋਏ ਸਮੇਂ ਤੇ ਚਾਲੂ ਹੋ ਕੇ ਕੌਮ ਅਤੇ ਮਨੁੱਖਤਾ ਦੀ
ਸੇਵਾ ਕਰਨੀ ਸ਼ੁਰੂ ਕਰ ਸਕੇਗਾ। 'ਉੱਚਾ ਦਰ ਬਾਬੇ ਨਾਨਕ ਦਾ' ਜਲਦੀ ਤੋਂ ਜਲਦੀ ਕਿਵੇਂ ਸ਼ੁਰੂ ਹੋ ਜਾਵੇ, ਬਸ ਇਹੀ ਵਿਚਾਰ ਸਾਰਾ ਦਿਨ ਸਿਰ ਨੂੰ ਆਰਾਮ ਨਹੀਂ ਲੈਣ ਦੇਂਦਾ। ਬੇਸ਼ੱਕ ਮੈਂ ਸਾਰਾ ਕੁੱਝ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ ਹਵਾਲੇ ਕਰ ਦਿਤਾ ਹੈ ਤੇ ਅਪਣਾ ਇਕ ਪੈਸੇ ਜਿੰਨਾ ਵੀ ਹਿੱਸਾ ਇਸ ਵਿਚ ਨਹੀਂ ਰਖਿਆ, ਇਸ ਲਈ ਜੇ ਮੈਂ ਟਰੱਸਟ ਉਤੇ ਸਾਰਾ ਕੁੱਝ ਸੁਟ ਕੇ ਆਪ ਆਰਾਮ ਨਾਲ ਬੈਠ ਜਾਵਾਂ ਤਾਂ ਮੈਨੂੰ ਕੋਈ ਕੁੱਝ ਨਹੀਂ ਕਹਿ ਸਕਦਾ। ਪਰ ਮੈਂ ਇਹ ਵੇਖਣੋਂ ਤਾਂ ਨਹੀਂ ਰਹਿ ਸਕਦਾ ਕਿ ਮੈਂ ਤੇ ਮੇਰੇ ਪ੍ਰਵਾਰ ਨੇ ਸਾਰੀ ਉਮਰ ਦੀ ਕਮਾਈ, ਜਿਸ ਕੰਮ ਨੂੰ ਚਲਦਾ ਵੇਖਣ ਲਈ ਭੇਂਟ ਕਰ ਦਿਤੀ ਹੈ, ਉਹ ਕੰਮ ਸ਼ੁਰੂ ਹੋਇਆ ਵੀ ਹੈ ਕਿ ਨਹੀਂ ਤੇ ਜੇ ਨਹੀਂ ਸ਼ੁਰੂ
ਹੋਇਆ ਤਾਂ ਬਾਹਰ ਰਹਿ ਕੇ ਵੀ ਮੈਂ ਉਸ ਲਈ ਕੀ ਕਰ ਸਕਦਾ ਹਾਂ? ਬਸ ਇਹੀ ਸੋਚਾਂ ਮੈਨੂੰ ਘੇਰੀ ਰਖਦੀਆਂ ਹਨ। 90% ਕੰਮ ਪੂਰਾ ਹੋ ਜਾਣ ਮਗਰੋਂ, ਕੇਵਲ 10% ਕੰਮ ਨੂੰ ਮੁਕੰਮਲ ਹੁੰਦਾ ਵੇਖਣ ਦੀ ਕਾਹਲੀ ਮੈਨੂੰ ਹੀ ਨਹੀਂ ਲੱਗੀ ਹੋਈ, ਬਾਬੇ ਨਾਨਕ ਦੇ ਹੋਰ ਵੀ ਕਰੋੜਾਂ ਸ਼ਰਧਾਲੂਆਂ ਨੂੰ ਅਜਿਹੀ ਕਾਹਲੀ ਲੱਗੀ ਹੋਈ ਹੈ। ਇਹ ਮੈਂ ਜਾਣਦਾ ਹਾਂ ਪਰ ਦੂਜੇ ਸਾਰੇ 'ਕੁੱਝ ਕਰਨ' ਦੀ ਚਿੰਤਾ ਨਹੀਂ ਕਰ ਰਹੇ, ਬਸ ਚੁਪਚਾਪ ਇੰਤਜ਼ਾਰ ਕਰ ਰਹੇ ਹਨ ਤੇ ਮੈਨੂੰ ਚਿੰਤਾ ਇਹ ਲੱਗੀ ਹੋਈ ਹੈ ਕਿ ਕੀ ਕੀਤਾ ਜਾਏ ਜਿਸ ਨਾਲ 'ਉੱਚਾ ਦਰ' ਅਗਲੇ ਆਗਮਨ ਪੁਰਬ ਤੇ ਸ਼ੁਰੂ ਜ਼ਰੂਰ ਹੋ ਜਾਏ। ਮੇਰੀ ਚਿੰਤਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ 10% ਕੰਮ ਮੁਕਾਉਣ ਲਈ ਜਿਥੇ ਸਾਨੂੰ 10
ਕਰੋੜ ਹੋਰ ਚਾਹੀਦੇ ਹਨ, ਉਥੇ ਕੰਮ ਪੂਰਾ ਕਰਨ ਲਈ ਸਾਡੇ ਕੋਲ ਕੇਵਲ 8 ਮਹੀਨੇ ਬਾਕੀ ਰਹਿ ਗਏ ਹਨ। ਸੱਭ ਤੋਂ ਚੰਗਾ ਤਰੀਕਾ ਤਾਂ ਇਹੀ ਹੈ ਕਿ ਮੈਂਬਰਾਂ ਦੀ ਗਿਣਤੀ ਢਾਈ ਤਿੰਨ ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਕੀਤੀ ਜਾਵੇ ਪਰ ਇਹ ਕੰਮ ਇਕ ਦੋ ਮਹੀਨਿਆਂ ਵਿਚ ਨਹੀਂ ਹੋ ਸਕਣਾ ਤੇ ਇਸ ਤੋਂ ਵੱਧ ਦਾ ਸਾਡੇ ਕੋਲ ਸਮਾਂ ਨਹੀਂ ਰਿਹਾ। ਪੈਸੇ ਇਕੱਠੇ ਕਰਨ ਦਾ ਕੰਮ ਮੁੱਕੇ, ਤਾਂ ਹੀ ਤਾਂ ਬਾਕੀ ਰਹਿੰਦੇ ਕੰਮਾਂ ਨੂੰ ਹੱਥ ਪਾਇਆ ਜਾ ਸਕਦਾ ਹੈ। ਹੁਣ ਤਾਂ ਬਾਕੀ ਰਹਿੰਦੇ ਸਾਰੇ ਕੰਮਾਂ ਲਈ ਪਹਿਲਾਂ ਪੈਸੇ ਜਮ੍ਹਾਂ ਕਰਾਉਣੇ ਪੈਣਗੇ, ਜਿਵੇਂ ਬਿਜਲੀ, ਲਿਫ਼ਟਾਂ, ਏਅਰ ਕੰਡੀਸ਼ਨਿੰਗ। ਫ਼ਰਨੀਚਰ, ਕੰਪਿਊਟਰ, ਫ਼ਿਲਮਾਂ, ਸਕਰੀਨਾਂ, ਨਨਕਾਣਾ ਬਾਜ਼ਾਰ ਲਈ ਸਮਾਨ,
ਹਸਪਤਾਲ ਲਈ ਮਸ਼ੀਨਾਂ, ਰਸੋਈ ਲਈ ਕਰਾਕਰੀ ਤੇ ਮਸ਼ੀਨਾਂ¸ਸੱਭ ਕੁੱਝ ਪੈਸੇ ਪਹਿਲਾਂ ਦੇ ਕੇ ਕੰਮ ਸ਼ੁਰੂ ਕਰਵਾਇਆ ਜਾ ਸਕਦਾ ਹੈ। ਕੁੱਝ ਕੰਮ ਸਰਕਾਰ ਨੇ ਕਰਨੇ ਹਨ। ਸਰਕਾਰ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ, ਚੱਕਰ ਹੀ ਕਟਵਾਉਂਦੀ ਰਹਿੰਦੀ ਹੈ ਤੇ ਫਿਰ ਵੀ ਪਤਾ ਨਹੀਂ ਹੁੰਦਾ, ਕੰਮ ਕਰਦੀ ਕਦੋਂ ਹੈ। ਬਾਕੀ ਦੇ ਕੰਮ ਵੱਡੀਆਂ ਕੰਪਨੀਆਂ ਵਾਲਿਆਂ ਨੇ ਕਰਨੇ ਹਨ। ਉਹ ਵੀ ਪੈਸੇ ਪਹਿਲਾਂ ਲੈ ਕੇ, ਮਸ਼ੀਨਾਂ ਤੇ ਹੋਰ ਸਮਾਨ ਭੇਜਦੇ ਹਨ ਜਿਸ ਮਗਰੋਂ ਉਨ੍ਹਾਂ ਦੇ ਇੰਜੀਨੀਅਰ ਆਉਂਦੇ ਹਨ। ਸੋ ਜੇ 8 ਮਹੀਨਿਆਂ ਬਾਅਦ 'ਉੱਚਾ ਦਰ' ਬਾਬੇ ਨਾਨਕ ਦੇ 550ਵੇਂ ਆਗਮਨ ਪੁਰਬ ਸਮੇਂ ਚਾਲੂ ਕਰਨਾ ਹੈ ਤਾਂ ਪੂਰਾ ਪੈਸਾ ਇਕ ਡੇਢ ਮਹੀਨੇ ਵਿਚ ਇਕੱਠਾ ਕਰਨਾ ਪਵੇਗਾ।
ਮੈਂਬਰ ਬਣਾਉਣੇ ਵੀ ਜਾਰੀ ਰਖਣੇ ਚਾਹੀਦੇ ਹਨ ਪਰ ਬਹੁਤੇ ਲੋਕ, ਚੰਗੇ ਕੰਮ ਨੂੰ ਵੇਖ ਕੇ ਮੈਂਬਰ ਨਹੀਂ ਬਣਦੇ ਬਲਕਿ ਅਪਣੇ ਆਪ ਨੂੰ ਹੁੰਦੇ ਚੰਗੇ 'ਲਾਭ' ਨੂੰ ਵੇਖ ਕੇ ਮੈਂਬਰ ਬਣਦੇ ਹਨ। ਇਸ ਲਈ ਇਹ ਤਾਂ ਹੌਲੀ ਹੌਲੀ ਹੋਣ ਵਾਲਾ ਕੰਮ ਹੈ। ਜਿਵੇਂ ਕਿ ਮੈਂ ਪਿਛਲੀ ਵਾਰ ਵੀ ਕਿਹਾ ਸੀ, 100 ਹੱਥ ਨਿਤਰਨੇ ਚਾਹੀਦੇ ਹਨ ਜੋ ਇਸ ਆਖ਼ਰੀ ਹੱਲੇ ਵਿਚ, ਉੱਚਾ ਦਰ ਨੂੰ ਸ਼ੁਰੂ ਕਰਨ ਲਈ 10-10 ਲੱਖ ਰੁਪਏ ਉਧਾਰੇ ਦੇ ਦੇਣ ਜੋ ਉੱਚਾ ਦਰ ਚਾਲੂ ਹੋਣ ਤੇ ਉਨ੍ਹਾਂ ਨੂੰ ਵਾਪਸ ਮਿਲ ਜਾਣਗੇ। ਭਾਵੇਂ ਇਹ 10 ਲੱਖ ਛੇਤੀ ਹੀ ਵਾਪਸ ਵੀ ਮਿਲ ਜਾਣੇ ਹਨ ਪਰ ਇਸ ਵੇਲੇ ਇਹ 'ਉੱਚਾ ਦਰ' ਦੀ ਬੜੀ ਵੱਡੀ ਸੇਵਾ ਹੋਵੇਗੀ ਤੇ ਬਾਬੇ ਨਾਨਕ ਦੇ ਸੱਚੇ ਸਿੱਖ ਹੀ ਇਹ ਸੇਵਾ ਲੈਣ ਲਈ
ਮਨ ਨੂੰ ਤਿਆਰ ਕਰ ਸਕਣਗੇ। ਹੁਣ ਤਕ ਮੈਨੂੰ ਬਾਬੇ ਨਾਨਕ ਦੇ 7 ਸ਼ਰਧਾਲੂਆਂ ਨੇ ਟੈਲੀਫ਼ੋਨ ਤੇ ਕਿਹਾ ਹੈ ਕਿ ਉਹ 10-10 ਲੱਖ ਜ਼ਰੂਰ ਭੇਜ ਦੇਣਗੇ ਤਾਕਿ 'ਉੱਚਾ ਦਰ' ਤੁਰਤ ਚਾਲੂ ਹੋ ਜਾਏ। ਮੈਨੂੰ ਪਤਾ ਹੈ, ਰੋਜ਼ਾਨਾ ਸਪੋਕਸਮੈਨ ਦੇ ਬਹੁਤੇ ਪਾਠਕਾਂ ਕੋਲ ਪੈਸਾ ਨਹੀਂ ਹੈ ਭਾਵੇਂ ਇਸ ਆਖ਼ਰੀ ਹੱਲੇ ਵਿਚ ਸ਼ਾਮਲ ਹੋਣ ਨੂੰ ਉਨ੍ਹਾਂ ਦਾ ਦਿਲ ਬਹੁਤ ਕਰਦਾ ਹੈ। ਪਰ ਦੋ ਤਿੰਨ ਸਾਲ ਲਈ 10 ਲੱਖ ਦੇ ਸਕਣ ਵਾਲੇ ਵੀ ਸੈਂਕੜੇ ਨਹੀਂ, ਹਜ਼ਾਰਾਂ ਪਾਠਕਾਂ ਨੂੰ ਮੈਂ ਜਾਣਦਾ ਹਾਂ। ਉਹ ਬੜੀ ਆਸਾਨੀ ਨਾਲ ਉੱਚਾ ਦਰ ਦਾ ਸ਼ੁਭ ਆਰੰਭ ਕਰਨ ਦੇ ਆਖ਼ਰੀ ਹੱਲੇ ਲਈ 10 ਲੱਖ ਕੱਢ ਸਕਦੇ ਹਨ। ਗੱਲ ਤਾਂ ਦਿਲ ਦੀ ਹੁੰਦੀ ਹੈ। ਅਤੇ ਹੁਣ ਸੁਣ ਲਉ ਕਿ ਜਿਹੜੇ ਪਹਿਲੇ ਤਿੰਨ ਸੱਜਣਾਂ ਨੇ
ਹੁਣ ਤਕ ਅਪਣੇ ਆਪ 10-10 ਲੱਖ ਦੇਣ ਦੀ ਪੇਸ਼ਕਸ਼ ਕੀਤੀ ਹੈ (ਬਿਨਾਂ ਆਖੇ) ਉਨ੍ਹਾਂ ਵਿਚੋਂ ਇਕ ਬੀਬੀ ਦਲਜੀਤ ਕੌਰ ਬਾਰੇ ਮੈਂ ਪਿਛਲੇ ਹਫ਼ਤੇ ਦਸਿਆ ਸੀ ਤੇ ਉਨ੍ਹਾਂ ਦੀ ਫ਼ੋਟੋ ਵੀ ਛਾਪੀ ਸੀ। ਉਹ ਕੁੱਝ ਮਹੀਨੇ ਪਹਿਲਾਂ ਇਕ ਸਕੂਲ ਟੀਚਰ ਵਜੋਂ ਰੀਟਾਇਰ ਹੋਏ ਹਨ ਤੇ ਰੀਟਾਇਰਮੈਂਟ ਤੇ ਜਿਹੜੀ ਥੋੜੀ ਜਹੀ ਰਕਮ ਉਨ੍ਹਾਂ ਨੂੰ ਮਿਲੀ ਹੈ, ਉਸ ਵਿਚੋਂ 10 ਲੱਖ ਉਨ੍ਹਾਂ ਨੇ ਉੱਚਾ ਦਰ ਦੇ ਆਖ਼ਰੀ ਹੱਲੇ ਲਈ ਦੇ ਦਿਤੀ ਹੈ। ਕਲ ਉਹ ਅਪਣੇ ਪਤੀ ਨਾਲ ਮੈਨੂੰ ਮਿਲਣ ਆਏ ਤਾਂ ਉਨ੍ਹਾਂ ਦੇ ਪਤੀ ਸ. ਪ੍ਰਵਿੰਦਰ ਸਿੰਘ ਨੇ ਦਸਿਆ ਕਿ ਉਹ ਵੀ ਬਿਜਲੀ ਮਹਿਕਮੇ 'ਚੋਂ ਰੀਟਾਇਰ ਹੋ ਗਏ ਹਨ ਤੇ ਜਿਹੜੀ ਰਕਮ ਉਨ੍ਹਾਂ ਨੂੰ ਮਿਲੇਗੀ (ਮਹੀਨੇ ਕੁ ਬਾਅਦ),
ਉਸ ਵਿਚੋਂ ਉਹ ਵੀ ਅਪਣੇ ਵਲੋਂ 10 ਲੱਖ ਦੇ ਦੇਣਗੇ। ਇਨ੍ਹਾਂ ਦਾ ਬੇਟਾ ਦੀਪ ਅਨਮੋਲ ਸਿੰਘ ਪਹਿਲਾਂ ਹੀ 10 ਲੱਖ ਦੇ ਕੇ ਗਵਰਨਿੰਗ ਕੌਂਸਲ ਦਾ ਮੈਂਬਰ ਬਣਿਆ ਹੋਇਆ ਹੈ। ਇਹ ਹੈ ਇਕ ਦਿਲ ਵਾਲੇ ਪ੍ਰਵਾਰ ਦੀ ਕਹਾਣੀ। ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਬਾਬੇ ਨਾਨਕ ਦੇ ਸੱਚੇ 100 ਪ੍ਰੇਮੀ (ਨਿਰੀਆਂ ਗੱਲਾਂ ਕਰਨ ਵਾਲੇ ਨਹੀਂ, ਕੁਰਬਾਨੀ ਵਾਲੇ) ਵੀ ਜ਼ਰੂਰ ਨਿਤਰਨਗੇ, ਮੈਨੂੰ ਪੂਰੀ ਆਸ ਹੈ।
ਇਸ ਵੇਲੇ 'ਉੱਚਾ ਦਰ' ਨੂੰ ਸ਼ੁਰੂ ਕਰਨ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਭਾਵੇਂ ਪੈਸੇ ਵਾਪਸ ਮਿਲ ਜਾਣੇ ਹਨ ਪਰ ਉਨ੍ਹਾਂ ਦੀ ਹਿੰਮਤ ਨੂੰ ਸਥਾਈ ਤੌਰ ਤੇ ਦਾਦ ਦੇਣ ਲਈ ਮੈਂ ਚਾਹਾਂਗਾ, ਇਨ੍ਹਾਂ ਸਾਰਿਆਂ ਦੀਆਂ ਤਸਵੀਰਾਂ ਗੈਲਰੀ ਵਿਚ ਹਮੇਸ਼ਾ ਲਈ ਲਗਾ ਕੇ ਰਖੀਆਂ ਜਾਣ ਕਿਉਂਕਿ ਇਨ੍ਹਾਂ ਦੀ ਹਿੰਮਤ ਸਦਕਾ ਹੀ 'ਉੱਚਾ ਦਰ' ਮਿਥੇ ਹੋਏ ਸਮੇਂ ਤੇ ਚਾਲੂ ਹੋ ਕੇ ਕੌਮ ਅਤੇ ਮਨੁੱਖਤਾ ਦੀ ਸੇਵਾ ਕਰਨੀ ਸ਼ੁਰੂ ਕਰ ਸਕੇਗਾ।