ਅਕਾਲ ਤਖ਼ਤ ਦਾ ਨਾਂ ਵਰਤ ਕੇ, ਪੰਥ-ਪ੍ਰਸਤਾਂ ਨਾਲ ‘ਮੁਜਰਮਾਂ’ ਵਾਲਾ ਸਲੂਕ ਕਰਨਾ ਬੰਦ ਕਰੋ! 
Published : May 8, 2022, 9:01 am IST
Updated : May 8, 2022, 9:01 am IST
SHARE ARTICLE
Akal Takht Sahib
Akal Takht Sahib

ਛੋਟੀ ਛੋਟੀ ਗੱਲ ’ਤੇ ‘ਛੇਕ ਦਿਆਂਗੇ’ ਦੇ ਲਲਕਾਰੇ, ਆਜ਼ਾਦ ਸੋਚਣੀ ਵਾਲੇ ਵਿਦਵਾਨਾਂ ਨੂੰ ਸਿੱਖੀ ਲਈ ਲਿਖਣਾ ਛੱਡ ਕੇ ਟਰੱਕ ਡਰਾਈਵਰੀ ਕਰਨ ਲਈ ਮਜਬੂਰ ਕਰ ਰਹੇ ਨੇ... (1)

 

ਮੈਂ ਨਹੀਂ ਜਾਣਦਾ ਥਮਿੰਦਰ ਸਿੰਘ ਆਨੰਦ ਤੇ ਔਕਾਰ ਸਿੰਘ ਕੌਣ ਹਨ ਪਰ ਉਹ ਵੀ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਪ੍ਰੋ. ਪਿਆਰ ਸਿੰਘ, ਪ੍ਰੋ. ਦਰਸ਼ਨ ਸਿੰਘ ਅਤੇ ਮੇਰੇ ਵਰਗੇ ਹੀ ਹੋਣਗੇ ਜਿਨ੍ਹਾਂ ਦੇ ਦਿਲ ਦੀ ਇਹ ਇੱਛਾ ਹੋਵੇਗੀ ਕਿ ਬਾਬੇ ਨਾਨਕ ਦੀ ਸਿੱਖੀ ਸਾਰੇ ਜਹਾਨ ਵਿਚ ਫੈਲੇ, ਗੁਰਬਾਣੀ ਹਰ ਇਕ ਨੂੰ ਕੰਠ ਹੋਵੇ ਪਰ ਕਾਤਬਾਂ ਤੇ ਹੋਰਨਾਂ ਵਲੋਂ ਇਸ ਵਿਚ ਪਾਏ ਗਏ ਰਲੇ ਤੇ ਗ਼ਲਤੀਆਂ ਠੀਕ ਕਰ ਲਏ ਜਾਣ ਤਾਕਿ ਪੜ੍ਹਨ ਵਾਲਿਆਂ ਨੂੰ ਅਸਾਨੀ ਰਹੇ, ਬਾਣੀ ਵੱਧ ਤੋਂ ਵੱਧ ਲੋਕਾਂ ਵਿਚ ਹਰਮਨ-ਪਿਆਰੀ ਹੋਵੇ ਤੇ ਉਸ ਕਵਿਤਾ ਨੂੰ ‘ਗੁਰਬਾਣੀ’ ਨਾ ਕਿਹਾ ਜਾਵੇ ਜੋ ਬਾਅਦ ਵਿਚ ਰਲਾਈ ਗਈ ਹੈ ਜਿਵੇਂ ‘ਰਾਗਮਾਲਾ’ ਆਦਿ। ਕਰਤਾਰਪੁਰੀ ਬੀੜ ਵਿਚ ਮੌਜੂਦ ‘ਬਾਣੀ’ ਦੇ ਨਾਂ ਤੇ ਕਈ ਇਤਰਾਜ਼-ਯੋਗ ਪਦ, ਹਟਾ ਦਿਤੇ ਗਏ ਸਨ ਕਿਉਂਕਿ ਇਹ ‘ਅਕਲੀ ਸਾਹਿਬ ਸੇਵੀਐ’ ਦੇ ਗੁਰੂ-ਸਿਧਾਂਤ ਨੂੰ ਨਾ ਮੰਨਣ ਵਾਲੇ ਕਿਸੇ ਕਾਤਬ ਨੇ ਲਿਖੇ ਸਨ।

Thaminder Singh AnandThaminder Singh Anand

ਪਰ ਅੱਗੋਂ ਕੀ ਕਿਸੇ ਵੀ ਸਿੱਖ ਵਿਦਵਾਨ ਦਾ ਹੱਕ ਨਹੀਂ ਰਿਹਾ ਕਿ ਉਹ ਰਹਿ ਗਈਆਂ ਗ਼ਲਤੀਆਂ ਵਲ ਉਂਗਲ ਕਰੇ? ਕੀ ਬਾਣੀ ਵਿਚ ਕਾਤਬਾਂ ਵਲੋਂ ਕੀਤੇ ਗਏ ਗ਼ਲਤ ਸ਼ਬਦ-ਜੋੜ ਵੀ ਸਿੱਖ ਵਿਦਵਾਨਾਂ ਲਈ ‘ਪਵਿੱਤਰ’ ਹਨ, ਜਦ ਤਕ ਕਿ ‘ਜਥੇਦਾਰ’ ਉਨ੍ਹਾਂ ਨੂੰ ਗ਼ਲਤ ਨਹੀਂ ਕਹਿ ਦੇਂਦੇ? ਫਿਰ ਤਾਂ ਜਥੇਦਾਰੀ ਦੇ ਨਾਂ ’ਤੇ ਤਾਂ ਇਜਾਰੇਦਾਰੀ ਕਾਇਮ ਕਰ ਦਿਤੀ ਗਈ ਸਮਝੋ ਜਿਸ ਵਿਚ ਵਿਦਵਾਨਾਂ ਦਾ ਰੋਲ ਹੀ ਕੋਈ ਨਹੀਂ। ਜਿਸ ਧਰਮ ਵਿਚ ਵਿਦਵਾਨਾਂ ਨੂੰ ਪੁਜਾਰੀਵਾਦ ਦੇ ਅਧੀਨ ਕਰ ਕੇ, ਮਾੜੀ ਮਾੜੀ ਗੱਲ ਤੇ ਛੇਕਣ ਦੀਆਂ ਧਮਕੀਆਂ ਦਿਤੀਆਂ ਜਾਣ, ਉਹ ਧਰਮ ਅੱਜ ਵੀ ਹੈ ਨਹੀਂ ਤੇ ਕਲ ਵੀ ਹੈ ਨਹੀਂ।

Akal Takht SahibAkal Takht Sahib

ਘੱਟੋ ਘੱਟ ਬਾਬੇ ਨਾਨਕ ਦੇ ਧਰਮ ਵਿਚ ਤਾਂ ਇਸ ਗ਼ਲਤ ਪ੍ਰਥਾ ਲਈ ਕੋਈ ਥਾਂ ਨਹੀਂ ਰੱਖੀ ਗਈ। ਜਿਨ੍ਹਾਂ ਪੁਰਾਤਨ ਧਰਮਾਂ ਵਿਚ ਅਜਿਹੀ ਪ੍ਰਥਾ ਸੀ ਵੀ, ਉਨ੍ਹਾਂ ਵਿਚ ਵੀ ਇਹ ਖ਼ਤਮ ਕਰ ਦਿਤੀ ਗਈ ਹੈ। ਅਪਣੇ ਆਪ ਨੂੰ ‘ਮਾਡਰਨ’ ਕਹਿਣ ਵਾਲੇ ਧਰਮ ਵਿਚ ਇਹ ਉਪੱਦਰ ਸਹਿਆ ਕਿਉਂ ਜਾ ਰਿਹਾ ਹੈ? ਮਾਡਰਨ ਦੁਨੀਆਂ ਦੀਆਂ ਤਾਂ ਅਦਾਲਤਾਂ ਵੀ ਵਿਦਵਾਨ ਦੀ ਕਲਮ ਉਤੇ ਪੁਜਾਰੀਵਾਦ ਦਾ ਤਾਲਾ ਬਰਦਾਸ਼ਤ ਨਹੀਂ ਕਰਦੀਆਂ। ਸ. ਥਮਿੰਦਰ ਸਿੰਘ ਨੇ ਤਾਂ ਕੋਈ ਰਚਨਾ ਕੱਢੀ ਜਾਂ ਪਾਈ ਨਹੀਂ ਸੀ ਸਗੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸ਼ਬਦ-ਜੋੜਾਂ ਵਿਚ ਗ਼ਲਤੀਆਂ (ਕਾਤਬਾਂ ਦੀਆਂ) ਦੀ ਸੁਧਾਈ ਹੀ ਲੋਕਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਸੀ। ਕੀ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਕਰਤਾਰ ਸਿੰਘ ਨੇ ਅਪਣੀ ਪੁਸਤਕ ਵਿਚ ਇਹੀ ਕੰਮ ਨਹੀਂ ਕੀਤਾ? ਉਥੇ ਕਿਉਂ ਚੁੱਪ ਰਹੇ? ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਘਾਣ ਕਰਨ ਵਾਲੀਆਂ ਕਿਤਾਬਾਂ ਨਹੀਂ ਸਨ ਛਾਪੀਆਂ?

Giani Joginder Singh VedantiGiani Joginder Singh Vedanti

ਅਕਾਲ ਤਖ਼ਤ ਦੇ ਕਿਸੇ ਸਿੰਘ ਸਾਹਿਬ ਨੇ ਕਦੇ ਕੋਈ ਆਵਾਜ਼ ਕੱਢੀ? ਨਹੀਂ, ਉਨ੍ਹਾਂ ਦੀ ਡਿਊਟੀ ਸ਼ਾਇਦ ਇਹ ਲਾਈ ਗਈ ਹੈ ਕਿ ਡੇਰੇਦਾਰਾਂ, ਸਾਧਾਂ ਤੇ ਸਿਆਸਤਦਾਨਾਂ ਵਲੋਂ ਥਾਪੇ ਗਿਆਂ ਵਲ ਕੈਰੀ ਅੱਖ ਨਾਲ ਕਦੇ ਨਹੀਂ ਵੇਖਣਾ ਪਰ ਕੋਈ ਸੱਚਾ ਸੁੱਚਾ ਸਿੱਖ ‘ਵਿਦਵਾਨ’ ਅਗਰ ਮਾੜੀ ਜਹੀ ਵਖਰੀ ਗੱਲ ਕਰ ਦੇਵੇ ਤਾਂ ਉਸ ਦੇ ਸਿਰ ਵਿਚ ਠਾਹ ਸੋਟਾ ਮਾਰਨਾ ਹੈ ਤਾਕਿ ਉਹ ਮੁੜ ਤੋਂ ਸਿੱਖੀ ਦੀ ਸੇਵਾ ਕਰਨ ਦੀ ਗੱਲ ਕਰਨੀ ਹੀ ਛੱਡ ਜਾਵੇ। ਪੁਜਾਰੀ ਸ਼ੇ੍ਰਣੀ ਕਿਸੇ ਸੱਚੇ ਤੇ ਪੰਥ-ਪਿਆਰ ਵਾਲੇ ਵਿਦਵਾਨ ਨੂੰ ਉਭਰਦਾ ਨਹੀਂ ਵੇਖ ਸਕਦੀ ਤੇ ਉਨ੍ਹਾਂ ਨੂੰ ਅਪਣੀ ਲੱਤ ਹੇਠੋਂ ਲੰਘਾ ਕੇ ਹੀ ਸੰਤੁਸ਼ਟ ਹੁੰਦੀ ਹੈ।

Giani Harpreet SinghGiani Harpreet Singh

ਕਿਸੇ ਪੁਰਾਣੇ ਤੋਂ ਪੁਰਾਣੇ ਧਰਮ ਵਿਚ ਵੀ ਵਿਦਵਾਨਾਂ ਨਾਲ ਏਨਾ ਬੁਰਾ ਸਲੂਕ ਨਹੀਂ ਕੀਤਾ ਜਾਂਦਾ। ਅਕਾਲ ਤਖ਼ਤ ਤੇ ਸੱਦ ਕੇ, ਉਨ੍ਹਾਂ ਨੂੰ ਤਨਖ਼ਾਹਦਾਰ ਜਥੇਦਾਰ ਤੂੰ ਤੂੰ ਕਰ ਕੇ ਬੁਲਾਉਂਦਾ ਹੈ ਜਿਵੇਂ ਥਾਣੇ ਵਿਚ ਕਿਸੇ ਆਦੀ ਮੁਜਰਮ ਨੂੰ ਬੁਲਾਂਦੇ ਹਨ। ਅਜਬ ਨਹੀਂ ਕਿ ਮੰਨੇ ਪ੍ਰਮੰਨੇ ਸਿੱਖ ਵਿਦਵਾਨ, ਸਿੱਖੀ ਬਾਰੇ ਲਿਖਣ ਦਾ ‘ਖ਼ਤਰਿਆਂ ਭਰਪੂਰ’ ਕੰਮ ਬੰਦ ਕਰ ਕੇ ਟਰੱਕ ਡਰਾਈਵਰੀ ਕਰਨ ਲੱਗ ਪਏ ਹਨ। ਤਾਜ਼ਾ ਹੁਕਮਨਾਮੇ ਦੇ ਜਵਾਬ ਵਿਚ ਮੈਨੂੰ ਵਿਦਵਾਨਾਂ ਦੇ ਦਰਜਨਾਂ ਟੈਲੀਫ਼ੋਨ ਹੁਣ ਤਕ ਆ ਚੁੱਕੇ ਹਨ। ਵੱਡੇ ਵੱਡੇ ਵਿਦਵਾਨਾਂ ਨੇ ਮੈਨੂੰ ਦਸਿਆ ਹੈ ਕਿ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਦਿੱਲੀ ਦੇ ਚਾਤਰ ਲੋਕ, ਸਾਡੇ ਸਿਆਸੀ ਲੀਡਰਾਂ ਰਾਹੀਂ ਤੇ ਉਹ ਅੱਗੋਂ ਅਪਣੇ ਥਾਪੇ ‘ਜਥੇਦਾਰਾਂ’ ਰਾਹੀਂ ਅਕਾਲ ਤਖ਼ਤ ਦਾ ਨਾਂ ਵਰਤ ਕੇ, ਸਿੱਖਾਂ ਦੇ ਆਜ਼ਾਦ ਖ਼ਿਆਲ ਤੇ ਸੱਚੀ ਸੁੱਚੀ ਸੋਚ ਵਾਲੇ ਇਤਿਹਾਸਕਾਰਾਂ, ਵਿਦਵਾਨਾਂ, ਪ੍ਰਚਾਰਕਾਂ ਦਾ ਉਤਸ਼ਾਹ ਵਧਾਉਣ ਦੀ ਥਾਂ (ਜੋ ਸਾਰੀ ਦੁਨੀਆਂ ਕਰਦੀ ਹੈ) ਉਨ੍ਹਾਂ ਨੂੰ ਜ਼ਲੀਲ ਕਰ ਕੇ ਚੁੱਪ ਕਰਵਾ ਦੇਣ ਦੇ, ਕਿਸੇ ਗੁਪਤ ਫ਼ੈਸਲੇ ਨੂੰ ਲਾਗੂ ਕਰਵਾ ਰਹੇ ਹਨ।

SikhSikh

ਵੇਖ ਲਉ, ਪਿਛਲੀ ਅੱਧੀ ਸਦੀ ਵਿਚ ਕੋਈ ਨਵਾਂ ਇਤਿਹਾਸਕਾਰ ਨਹੀਂ ਉਭਰਨ ਦਿਤਾ ਗਿਆ, ਸਿੱਖੀ ਦੇ ਵਿਹੜੇ ਵਿਚ ਕੋਈ ਵਿਦਵਾਨ ਨਹੀਂ ਪੁੰਗਰਨ ਦਿਤਾ ਗਿਆ, ਪੰਥ ਦੇ ਮਾਰਗ ਤੇ ਚਲਣ ਵਾਲਾ ਕੋਈ ਅਖ਼ਬਾਰ ਨਿਰਵਿਘਨ ਨਹੀਂ ਚਲਣ ਦਿਤਾ ਗਿਆ ਤੇ ਜਿਹੜਾ ਕੋਈ ਉਠਿਆ, ਉਸ ਦੇ ਸਿਰ ਤੇ ਅਪਣੇ ‘ਹੁਕਮਨਾਮੇ’ ਦਾ ਡੰਡਾ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿਤਾ ਗਿਆ ਤੇ ਦਮਗੱਜੇ ਮਾਰੇ ਕਿ ‘ਅਸੀ ਬੰਦ ਕਰਵਾ ਕੇ ਰਹਾਂਗੇ।’’ ਸ਼ੁਰੂ ਤਾਂ ਕੁੱਝ ਕਰ ਨਹੀਂ ਸਕੇ (ਟੀਵੀ ਚੈਨਲ ਵੇਖ ਲਉ), ਪੰਥ ਦੀ ਆਵਾਜ਼ ਬੰਦ ਕਰਵਾਉਣ ਵਿਚ ਹੀ ਲੱਗੇ ਰਹਿੰਦੇ ਨੇ। ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਘਾਣ ਕਰਨ ਵਾਲੀਆਂ ਪੁਸਤਕਾਂ ਛਾਪੀਆਂ ਤਾਂ ਉਨ੍ਹਾਂ ਵਲ ਅੱਖ ਪੁਟ ਕੇ ਵੀ ਨਹੀਂ ਵੇਖਿਆ ਗਿਆ...।  

SGPCSGPC

ਮੈਨੂੰ ਯਾਦ ਹੈ, ਪ੍ਰੋ. ਪਿਆਰ ਸਿੰਘ ਮਜਬੂਰੀ ਵਿਚ ਅਕਾਲ ਤਖ਼ਤ ’ਤੇ ਚਲੇ ਤਾਂ ਗਏ ਪਰ ਉਨ੍ਹਾਂ ਹੱਥ ਜੋੜ ਕੇ ਪੁਛਿਆ, ‘‘ਮੈਨੂੰ ਇਹ ਤਾਂ ਦਸ ਦਿਉ ਮੈਂ ਗ਼ਲਤ ਕੀ ਕਰ ਦਿਤਾ ਹੈ?’’ ਅਕਾਲ ਤਖ਼ਤ ਦੇ ਉਸ ਵੇਲੇ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਦਾ ਜਵਾਬ ਸੀ, ‘‘ਕਮੇਟੀ ਬਣਾ ਦਿਤੀ ਹੈ। ਉਹ ਦੱਸੇਗੀ ਕਿ ਤੁਸੀ ਕਿਹੜੀਆਂ ਗ਼ਲਤੀਆਂ ਕੀਤੀਆਂ ਹਨ। ਇੰਤਜ਼ਾਰ ਕਰੋ।’’ ਡਾ. ਪਿਆਰ ਸਿੰਘ, ‘‘ਮੇਰਾ ਕਸੂਰ ਤਾਂ ਦੱਸੋ’’ ਕੂਕਦੇ ਕੂਕਦੇ ਅਖ਼ੀਰ ਪ੍ਰਾਣ ਤਿਆਗ ਗਏ ਪਰ ਅੱਜ ਤਕ ਕਮੇਟੀ ਦੀ ਮੀਟਿੰਗ ਹੀ ਨਹੀਂ ਹੋਈ। 

ਕੁੱਝ ਮਹੀਨੇ ਪਹਿਲਾਂ ਮੌਜੂਦਾ ਜਥੇਦਾਰ ਨੇ ਅਪਣਾ ਪ੍ਰਤੀਨਿਧ ਮੇਰੇ ਕੋਲ ਭੇਜਿਆ ਕਿ ਚਲੋ ਜੋ ਪਿੱਛੇ ਹੋਇਆ, ਉਹਨੂੰ ਭੁਲਾ ਦਿਉ ਤੇ ਇਕ ਮਿੰਟ ਲਈ ਆ ਜਾਉ ਤਾਕਿ ਗੱਲ ਖ਼ਤਮ ਕਰ ਦਈਏ। ਜਥੇਦਾਰ ਜੀ ਨੇ ਅਪਣੇ ਪ੍ਰਤੀਨਿਧ ਹੱਥ ਸੁਨੇਹਾ ਭੇਜਿਆ ਕਿ ‘‘ਉਸ ਤੋਂ ਬਾਅਦ ਤੁਹਾਨੂੰ ਹਰ ਸਮਾਗਮ ਵਿਚ ਵਿਦਵਾਨਾਂ ਦੀ ਪਹਿਲੀ ਕਤਾਰ ਵਿਚ ਕੁਰਸੀ ਦਿਆ ਕਰਾਂਗੇ ਤੇ ਹਰ ਗੱਲ ਬਾਰੇ ਤੁਹਾਡੀ ਰਾਏ ਲਿਆ ਕਰਾਂਗੇ।’’ ਮੈਂ ਕਿਹਾ, ‘‘ਮੈਨੂੰ ਲਾਲਚ ਨਾ ਦਿਉ ਤੇ ਸਾਰੇ ਗ਼ਲਤ ਹੁਕਮਨਾਮੇ ਰੱਦ ਕਰ ਦਿਉ। ਬਸ ਏਨਾ ਹੀ ਕਾਫ਼ੀ ਹੈ।’’

Akal Takht SahibAkal Takht Sahib

ਜਵਾਬ ਮਿਲਿਆ, ‘‘ਦੂਜਿਆਂ ਦੀ ਛੱਡੋ, ਅਪਣੀ ਗੱਲ ਕਰੋ। ਸਾਡੀ ਡਿਊਟੀ ਤੁਹਾਡੇ ਕੇਸ ਬਾਰੇ ਗੱਲ ਕਰਨ ਦੀ ਹੀ ਲੱਗੀ ਹੈ।’’
ਮੈਂ ਕਿਹਾ, ‘‘ਤੁਹਾਡੇ ਪਿਛਲੇ ਜਥੇਦਾਰ ਨੇ ਜੋ ਆਪ ਟੈਲੀਫ਼ੋਨ ਕਰ ਕੇ ਮੈਨੂੰ ਕਿਹਾ ਸੀ ਕਿ ‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ’, ਕੀ ਤੁਸੀ ਉਸ ਨੂੰ ਠੀਕ ਮੰਨਦੇ ਹੋ ਜਾਂ ਨਹੀਂ? ਜੇ ਮੰਨਦੇ ਹੋ ਤਾਂ ਪੇਸ਼ੀ ਲਈ ਬੁਲਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਤੇ ਗ਼ਲਤ ਹੁਕਮਨਾਮਾ ਆਪੇ ਵਾਪਸ ਲੈ ਲਉ। ਉਸ ਹਾਲਤ ਵਿਚ ਇਕ ਸਿੱਖ ਨਾਲ ਏਨਾ ਧੱਕਾ ਕਰਨ ਬਦਲੇ ਮਾਫ਼ੀ ਤੁਹਾਨੂੰ ਮੰਗਣੀ ਪਵੇਗੀ। ਮੈਂ ਅਪਣੇ ਗੁਰੂ (ਅਕਾਲ ਪੁਰਖ) ਤੋਂ ਪੁਛ ਕੇ ਇਹ ਗੱਲ ਤੁਹਾਨੂੰ ਕਹਿ ਰਿਹਾ ਹਾਂ। ਹੋਰ ਮੈਂ ਕੋਈ ਗੱਲ ਨਹੀਂ ਸੁਣਨੀ। ਹਾਂ ਜੇ ਸਮਝਦੇ ਹੋ ਕਿ ਮੈਂ ਕੋਈ ਵੱਡੀ ਭੁਲ ਕੀਤੀ ਹੀ ਸੀ ਤਾਂ ਮੈਂ ਕੋਈ ਰਿਆਇਤ ਨਹੀਂ ਮੰਗਦਾ। ਡਟੇ ਰਹੇ ਅਪਣੇ ਹੁਕਮਨਾਮੇ ਤੇ, ਵਾਹਿਗੁਰੂ ਤੁਹਾਨੂੰ ਜਵਾਬ ਦੇ ਦੇਵੇਗਾ।’’ 

Prof. Darshan SinghProf. Darshan Singh

ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ ਉਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਾ ਬੈਠੇ। ਅਕਾਲ ਤਖ਼ਤ ਦਾ ਜਥੇਦਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆ ਕੇ ਗੱਲ ਕਰ ਲੈਂਦਾ। ਪਰ ‘ਜਥੇਦਾਰੀ’ ਦੀ ਆਕੜ ਕਿਵੇਂ ਕਾਇਮ ਰਹਿੰਦੀ? ਸੋ ਇਹੀ ਕਿਹਾ ਗਿਆ ਕਿ ਅਕਾਲ ਤਖ਼ਤ ਤੇ ਪੇਸ਼ ਹੋਣ ਦਾ ਮਤਲਬ ਜਥੇਦਾਰ ਦੇ ਦਫ਼ਤਰ ਵਿਚ ਪੇਸ਼ ਹੋਣਾ ਹੁੰਦਾ ਹੈ! ਇਹ ਅਕਾਲ ਤਖ਼ਤ ਦੇ ਇਕ ਸਾਬਕਾ ਜਥੇਦਾਰ ਨੂੰ ਦਸਿਆ ਜਾ ਰਿਹਾ ਸੀ ਜਿਸ ਨੇ ਹੁਣ ਤਕ ਦੇ ਸਾਰੇ ‘ਜਥੇਦਾਰਾਂ’ ਨਾਲੋਂ ਗੁਰਬਾਣੀ ਦਾ ਇਕੱਲਿਆਂ ਜ਼ਿਆਦਾ ਪ੍ਰਚਾਰ ਕੀਤਾ ਸੀ ਤੇ ਕਰ ਰਿਹਾ ਹੈ। 

Gurbakhsh Singh Kala Afghana

Gurbakhsh Singh Kala Afghana

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ 10 ਕਿਤਾਬਾਂ ਲਿਖ ਕੇ ਗੁਰਮਤਿ ਸਾਹਿਤ ਵਿਚ ਇਹ ਨਵੀਂ ਪਿਰਤ ਸ਼ੁਰੂ ਕੀਤੀ ਕਿ ਕੋਈ ਵੀ ਗੱਲ ਕਹਿਣ ਲਈ ਗੁਰਬਾਣੀ ਦੇ 5 ਸ਼ਬਦਾਂ ਦਾ ਹਵਾਲਾ ਜ਼ਰੂਰ ਦਿਉ। ਉਨ੍ਹਾਂ ਨੇ ਹੀ ਪਹਿਲੀ ਵਾਰ ਮੰਗ ਕੀਤੀ ਸੀ ਕਿ ਜਥੇਦਾਰਾਂ ਦਾ ‘ਹੁਕਮਨਾਮਾ’ ਵੀ ਬਾਣੀ ਦੇ 5 ਸ਼ਬਦਾਂ ਉਤੇ ਖਰਾ ਉਤਰਨ ਵਾਲਾ ਹੋਣਾ ਚਾਹੀਦਾ ਹੈ, ਐਵੇਂ ਨਹੀਂ। ਉਹ ਵੀ ਕੈਨੇਡਾ ਵਿਚ ਇਹ ਸਵਾਲ ਪੁਛਦੇ ਪੁਛਦੇ ਹੀ ਸਵਾਸ ਤਿਆਗ ਗਏ ਕਿ, ‘‘ਯਾਰੋ ਮੇਰਾ ਕਸੂਰ ਤਾਂ ਦੱਸ ਦਿਉ, ਮੈਂ ਗ਼ਲਤ ਕੀ ਕਰ ਦਿਤਾ ਹੈ?’’ 2003 ਦੀ ਮੋਹਾਲੀ ਵਿਚ ਹੋਈ ਵਰਲਡ ਸਿੱਖ ਕਨਵੈਨਸ਼ਨ ਨੇ ਠੀਕ ਹੀ ਸਰਬ-ਸੰਮਤ ਫ਼ੈਸਲਾ ਕੀਤਾ ਸੀ ਕਿ ਸਿੱਖੀ ਵਿਚ ਪੁਜਾਰੀਵਾਦ ਨੂੰ ਕੋਈ ਥਾਂ ਹਾਸਲ ਨਹੀਂ ਤੇ ਕਿਸੇ ਨੂੰ ਇਨ੍ਹਾਂ ਅੱਗੇ ਪੇਸ਼ ਨਹੀਂ ਹੋਣਾ ਚਾਹੀਦਾ। ਜਿਹੜੇ ਅੱਜ ਤਕ ਪੇਸ਼ ਨਹੀਂ

Akal Takht SahibAkal Takht Sahib

ਹੋਏ, ਉਹ ਅਕਾਲ ਤਖ਼ਤ ਨੂੰ ਹੀ ਨਹੀਂ, ਸਿੱਖੀ ਅਤੇ ਵਿਦਵਤਾ ਨੂੰ ਪੁਜਾਰੀਵਾਦ ਦੇ ਪੰਜੇ ’ਚੋਂ ਆਜ਼ਾਦ ਕਰਵਾਉਣ ਲਈ ਅਪਣੀ ਕੁਰਬਾਨੀ ਦੇਣ ਵਾਲੇ ਮੋਢੀ ਹੀ ਹਨ। ਗੁਰਦਵਾਰੇ ਵਿਚ ਬੈਠ ਕੇ ਛੇਕਣ ਵਾਲਾ ਪੁਜਾਰੀਵਾਦ, ਜੇ ਵਿਦਵਾਨਾਂ ਨੂੰ ਜ਼ਲੀਲ ਕਰਨ ਅਤੇ ਪੰਥ ਦੀ ਬਿਹਤਰੀ ਲਈ ਆਜ਼ਾਦੀ ਨਾਲ ਕੰਮ ਕਰਨ ਵਾਲਿਆਂ ਦੇ ਰਾਹ ਵਿਚ ਰੋੜੇ ਅਟਕਾਉਣੋਂ ਨਾ ਹਟਿਆ ਤਾਂ ਇਕ ਦਿਨ ਪੰਥ ਉਸ ਤਰ੍ਹਾਂ ਹੀ ਜਾਗੇਗਾ ਜਿਵੇਂ ਮਾਰਟਨ ਲੂਥਰ ਦੇ ਕਹਿਣ ਤੇ ਪੋਪ ਵਿਰੁਧ ਈਸਾਈ ਜਗਤ ਜਾਗਿਆ ਸੀ ਤੇ ਪੋਪ ਦੀਆਂ ਸਾਰੀਆਂ ਸ਼ਕਤੀਆਂ ਮਿੱਟੀ ਵਿਚ ਮਿਲਾ ਕੇ ਹੀ ਰਿਹਾ ਸੀ। ਜੇ ਉਹ ਅਜਿਹਾ ਨਾ ਕਰਦਾ ਤਾਂ ਈਸਾਈਅਤ ਹੁਣ ਤਕ ਮਿੱਟੀ ਵਿਚ ਮਿਲ ਚੁਕੀ ਹੋਣੀ ਸੀ। ਜੇ ਸਿੱਖ ਪੁਜਾਰੀਵਾਦ ਨੂੰ ਵਿਦਵਾਨਾਂ ਦਾ ਗਲਾ ਘੋਟਣੋਂ ਨਾ ਰੋਕਿਆ ਗਿਆ ਤਾਂ ਇਹ ਅਪਣੀ ਤਾਕਤ ਦਾ ਰੋਅਬ ਵਿਖਾਉਂਦਾ ਵਿਖਾਉਂਦਾ ਸਿੱਖੀ ਨੂੰ ਵੀ ਮਿੱਟੀ ਵਿਚ ਮਿਲਾ ਕੇ ਰਹੇਗਾ। ਕੀ ਪੰਥ ਜਾਗੇਗਾ ਜਾਂ ਸੁੱਤਾ ਹੀ ਰਹੇਗਾ?          ( ਜੋਗਿੰਦਰ ਸਿੰਘ) 

 (ਚਲਦਾ) ਬਾਕੀ ਅਗਲੇ ਐਤਵਾਰ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement