ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਜਾਂ ਕੁਚਲਵਾਉਣ ਵਾਲੇ ਕਿਸੇ ਐਡੀਟਰ ਨੂੰ ਇਨਾਮ ਲਈ ਚੁਣਨਾ ਹੋਵੇ ਤਾਂ ਪਹਿਲਾ ਇਨਾਮ ਯਕੀਨਨ ਤੁਹਾਨੂੰ ਹੀ ਮਿਲੇਗਾ,
Nijji Diary De Panne: ਮੈਂ ਦਸ ਰਿਹਾ ਸੀ ਕਿ ਇਕ ਜਾਣਕਾਰ ਅਫ਼ਸਰ ਨੇ ਮੇਰੀ ਇਸ ਹੈਰਾਨੀ ਨੂੰ ਪਹਿਲੀ ਵਾਰ ਦੂਰ ਕੀਤਾ ਕਿ ਬਰਜਿੰਦਰ ਏਨੇ ਗੂੜ੍ਹੇ ਮਿੱਤਰ ਤੋਂ ਏਨਾ ਵੱਡਾ ਦੁਸ਼ਮਣ ਕਿਵੇਂ ਬਣ ਗਿਆ? ਉਸ ਨੇ ਦਸਿਆ ਕਿ ਉਹ ਸ. ਬਾਦਲ ਨਾਲ ਮੇਰੀ ਆਰਜ਼ੀ ਨੇੜਤਾ ਦੀਆਂ ਕਨਸੋਆਂ ਸੁਣ ਕੇ ਹੀ ਏਨਾ ਡਰ ਗਿਆ ਸੀ ਕਿ ਸੋਚਦਾ ਸੀ ਕਿ ਮੈਂ ਸ਼ਾਇਦ ਮੁੱਖ ਮੰਤਰੀ ਬਾਦਲ ਨੂੰ ਉਸ ਕੋਲੋਂ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਜੇ ਛੇਤੀ ਮੇਰੇ ਪਰ ਨਾ ਕੁਤਰੇ ਗਏ ਤਾਂ ਮੈਂ ਬਾਦਲਾਂ ਨੂੰ ‘ਅਜੀਤ’ ਤੋਂ ਪੂਰੀ ਤਰ੍ਹਾਂ ਤੋੜ ਲਵਾਂਗਾ।
ਇਹ ਸੋਚਦਿਆਂ ਹੀ ਉਸ ਨੂੰ ਤਰੇਲੀ ਆ ਜਾਂਦੀ ਕਿ ਮੁੱਖ ਮੰਤਰੀ ਉਤੇ ਅਪਣਾ ਏਕਾਧਿਕਾਰ ਬਣਾਏ ਬਿਨਾ ਉਸ ਦੇ ਪਿਤਾ ਵੀ ਪੱਤਰਕਾਰੀ ਵਿਚ ਹਾਰ ਗਏ ਸਨ ਤੇ ਉਹ ਆਪ ਵੀ ਪਰਚਾ ਬੰਦ ਕਰ ਬੈਠਾ ਸੀ ਤੇ ਜੇ ਮੈਂ ਬਾਦਲ ਨੂੰ ਉਸ ਕੋਲੋਂ ਖੋਹ ਲਿਆ ਤਾਂ ਉਹ ਤਾਂ ਦੋ ਮਹੀਨੇ ਵੀ ਅਪਣੇ ਜ਼ੋਰ ਨਾਲ ਅਖ਼ਬਾਰ ਤਾਂ ਕੀ, ਇਕ ਮਾਸਕ ਪਰਚਾ ਚਲਾਉਣ ਦੀ ਹਿੰਮਤ ਵੀ ਨਹੀਂ ਸੀ ਰਖਦਾ ਤੇ ਸਾਰੇ ਖ਼ਿਤਾਬ, ਅਹੁਦੇ ਤੇ ਇਸ਼ਤਿਹਾਰ ਵੀ ਜਾਂਦੇ ਰਹਿਣਗੇ। ਸੋ ਡਰਿਆ ਹੋਇਆ ਬਰਜਿੰਦਰ ਮੇਰੇ ਨਾਲ ਹਸਦ ਕਰਨ ਲੱਗ ਪਿਆ ਸੀ ਤੇ ਹੁਣ ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇਗਾ ਜਦ ਤਕ ਉਹ ਮੁੱਖ ਮੰਤਰੀ ਨਾਲ ਮੇਰੀ ਪੱਕੀ ਦੁਸ਼ਮਣੀ ਦਾ ਪ੍ਰਬੰਧ ਨਹੀਂ ਕਰ ਲੈਂਦਾ।
ਅੱਜ ਪਿਛੇ ਵਲ ਝਾਤ ਮਾਰ ਕੇ ਕਹਿ ਸਕਦਾ ਹਾਂ ਕਿ ਬਾਦਲਾਂ ਨਾਲ ਮੇਰੇ ਮਤਭੇਦ ਤਾਂ ਰਹਿਣੇ ਸਨ ਪਰ ਏਨੀ ਡਾਢੀ ਤੇ ਲੰਮੀ ਲੜਾਈ ਦਾ ਸ੍ਰੋਤ ਇਕੱਲਾ ਬਰਜਿੰਦਰ ਹੀ ਸੀ ਜੋ ਲੜਾਈ ਖ਼ਤਮ ਹੋਣ ਹੀ ਨਹੀਂ ਸੀ ਦੇਣਾ ਚਾਹੁੰਦਾ। ਬਾਦਲ ਪ੍ਰਵਾਰ ਦਾ ਲਗਭਗ ਹਰ ਮੈਂਬਰ ਮੇਰੇ ਕੋਲ ਇਹ ਕਹਿਣ ਲਈ ਆਇਆ ਕਿ ਜੋ ਹੋ ਗਿਆ, ਉਹ ਗ਼ਲਤ ਸੀ ਪਰ ‘‘ਹੁਣ ਜੇ ਅਕਾਲ ਤਖ਼ਤ ਤੇ ਤੁਹਾਡੇ ਜਾਏ ਬਿਨਾਂ ਅਸੀ ‘ਹੁਕਮਨਾਮਾ’ ਵਾਪਸ ਕਰਵਾਉਂਦੇ ਹਾਂ ਤਾਂ ‘ਤੁਹਾਡੇ ਮਿੱਤਰ’ ਨੇ ਹੀ ਅਸਮਾਨ ਸਿਰ ’ਤੇ ਚੁਕ ਲੈਣਾ ਹੈ, ਇਸ ਲਈ ਇਕ ਮਿੰਟ ਵਾਸਤੇ ਆ ਜਾਉ, ਸਾਰੀ ਗ਼ਲਤੀ ਠੀਕ ਕਰ ਦਿਆਂਗੇ।’’
ਮੇਰਾ ਜਵਾਬ ਸ਼ੁਰੂ ਤੋਂ ਹੁਣ ਤਕ ਇਹੀ ਰਿਹਾ ਹੈ ਕਿ ‘‘ਜੇ ਤੁਸੀ ਮੈਨੂੰ ਇਹ ਸਮਝਾ ਦਿਉ ਕਿ ਮੈਂ ਏਨੀ ਵੱਡੀ ਗ਼ਲਤੀ ਕਿਹੜੀ ਕਰ ਦਿਤੀ ਸੀ ਜਿਸ ਬਦਲੇ ਏਨਾ ਵੱਡਾ ਕਦਮ ਮੇਰੇ ਵਿਰੁਧ ਚੁਕਿਆ ਗਿਆ ਤਾਂ ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਤਕ ਨੰਗੇ ਪੈਰੀਂ ਚਲ ਕੇ ਵੀ ਅਕਾਲ ਤਖ਼ਤ ਤੇ ਆ ਜਾਵਾਂਗਾ ਪਰ ਜੇ ਤੁਸੀ ਮੇਰੀ ਗ਼ਲਤੀ ਨਹੀਂ ਦਸ ਸਕਦੇ ਤਾਂ ਮੈਨੂੰ ਪੁਜਾਰੀਆਂ ਅੱਗੇ ਖ਼ਾਹਮਖ਼ਾਹ ਦੀ ਪੇਸ਼ੀ ਲਈ ਕਦੇ ਨਾ ਕਹਿਣਾ।’’
ਉਹ ਮੰਨਦੇ ਸਨ ਕਿ ਗ਼ਲਤੀ ਮੈਂ ਕੋਈ ਨਹੀਂ ਸੀ ਕੀਤੀ ਤੇ ਐਵੇਂ ਹੀ ਧੱਕਾ ਹੋ ਗਿਆ ਸੀ ਜਿਸ ਦਾ ਉਨ੍ਹਾਂ ਨੂੰ ਵੀ ਅਫ਼ਸੋਸ ਸੀ। ਫਿਰ ਉਨ੍ਹਾਂ, ਜਥੇਦਾਰ ਅਕਾਲ ਤਖ਼ਤ ਕੋਲੋਂ ਵੀ ਮੈਨੂੰ ਟੈਲੀਫ਼ੋਨ ਕਰਵਾਇਆ ਕਿ, ‘‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਇਹ ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਭੁੱਲ ਵੇਦਾਂਤੀ ਨੇ ਕੀਤੀ ਸੀ ਪਰ ਤੁਸੀ ਇਕ ਮਿੰਟ ਲਈ ਆ ਜਾਉ, ਸਾਰਾ ਝਗੜਾ ਅੱਧੇ ਮਿੰਟ ਵਿਚ ਹੀ ਖ਼ਤਮ ਕਰ ਦਿਆਂਗਾ।’’ ਉਧਰ ਹਿੰਦੁਸਤਾਨ ਦਾ ਕੋਈ ਮਹੱਤਵਪੂਰਨ ਸਿੱਖ ਨਹੀਂ ਸੀ ਜਿਸ ਨੇ ਇਸ ‘ਪੁਜਾਰੀ ਧੱਕੇ’ ਵਿਰੁਧ ਬਿਆਨ ਨਾ ਦਿਤਾ ਹੋਵੇ ਤੇ ਵਿਦੇਸ਼ਾਂ ਚੋਂ ਵੀ ਪੰਥਕ ਜਥੇਬੰਦੀਆਂ ਤੇ ਗੁਰਦਵਾਰਾ ਕਮੇਟੀਆਂ ਮਤੇ ਪਾਸ ਕਰ ਕੇ ਭੇਜ ਰਹੀਆਂ ਸਨ ਪਰ ਇਥੇ ਇਕੱਲਾ ਬਰਜਿੰਦਰ ਸਿੰਘ ਮੇਰੇ ਵਿਰੁਧ ਚੀਕ ਚਹਾੜਾ ਪਾਈ ਜਾਂਦਾ ਸੀ। ਕੁੱਝ ਝਲਕੀਆਂ ਹਾਜ਼ਰ ਹਨ :
- 2004 ਵਿਚ ਜਦ ਵੇਦਾਂਤੀ ਨੇ ਛੇਕੂ ਹੁਕਮਨਾਮਾ ਜਾਰੀ ਕਰ ਦਿਤਾ ਤਾਂ ਬਰਜਿੰਦਰ ਨੇ ਅਪਣੇ ਅਖ਼ਬਾਰ ਵਿਚ ਅੱਤ ਚੁਕ ਲਈ ਜਦਕਿ ਖ਼ੁਸ਼ਵੰਤ ਸਿੰਘ ਸਾਰੇ ਦੇਸ਼ ਦੇ ਵੱਡੇ ਅਖ਼ਬਾਰਾਂ ਵਿਚ ਲਿਖ ਕੇ ਇਸ ਪੁਜਾਰੀ ਧੱਕੇ ਵਿਰੁਧ ਆਵਾਜ਼ ਉੱਚੀ ਕਰ ਰਿਹਾ ਸੀ ਤੇ ਦੇਸ਼, ਦੁਨੀਆਂ ਦਾ ਕੋਈ ਮਹੱਤਵਪੂਰਨ ਸਿੱਖ ਆਗੂ ਜਾਂ ਸਿੱਖ ਸੰਸਥਾ ਅਜਿਹੀ ਨਹੀਂ ਸੀ ਰਹੀ ਜਿਸ ਨੇ ਮੇਰੀ ਹਮਾਇਤ ਵਿਚ ਬਿਆਨ ਨਾ ਦਿਤਾ ਹੋਵੇ।
ਬਰਜਿੰਦਰ ਮੇਰੇ ਵਿਰੁਧ ਕਿਸੇ ਇਕ ਵੀ ਨਿਰਪੱਖ ਵਿਦਵਾਨ ਦਾ ਬਿਆਨ ਤਾਂ ਨਾ ਛਾਪ ਸਕਿਆ ਪਰ ਅਪਣੇ ਅਖ਼ਬਾਰ ਰਾਹੀਂ ਇਹ ਪ੍ਰਭਾਵ ਦੇਂਦਾ ਰਿਹਾ ਜਿਵੇਂ ਉਸ ਦਾ ਕੋਈ ਵੱਡਾ ਦੁਸ਼ਮਣ ਬੁਰੀ ਤਰ੍ਹਾਂ ਘਿਰ ਗਿਆ ਹੈ ਜਿਸ ’ਚੋਂ ਉਸ ਨੂੰ ਬਚ ਨਿਕਲਣ ਦਾ ਰਾਹ ਨਹੀਂ ਦੇਣਾ। ਮੇਰੇ ਵਿਰੁਧ ਖ਼ਬਰਾਂ ’ਚ ਏਨੀ ਘਟੀਆ ਸ਼ਬਦਾਵਲੀ ਛਾਪੀ ਜਾਂਦੀ ਸੀ ਤੇ ਹੁਣ ਵੀ ਵਰਤੀ ਜਾਂਦੀ ਹੈ ਕਿ ਰਹੇ ਰੱਬ ਦਾ ਨਾਂ।
- 1 ਦਸੰਬਰ 2005 ਨੂੰ ਰੋਜ਼ਾਨਾ ਸਪੋਕਸਮੈਨ ਨਿਕਲ ਆਇਆ ਤੇ ਪਹਿਲੇ ਦਿਨ ਹੀ ਇਸ ਨੂੰ ਮਿਲੇ ਪਿਆਰ ਨੂੰ ਵੇਖ ਕੇ ਏਨਾ ਘਬਰਾਇਆ ਕਿ ਬਾਦਲ ਦੇ ਪੈਰੀਂ ਜਾ ਪਿਆ ਕਿ ਅੱਜ ਹੀ ਅਖ਼ਬਾਰ ਵਿਰੁਧ ਵੀ ਹੁਕਮਨਾਮਾ ਜਾਰੀ ਕਰਵਾਉ ਨਹੀਂ ਤਾਂ ‘ਅਜੀਤ’ ਬੰਦ ਹੋ ਜਾਏਗਾ। ਬਾਦਲ ਨੇ ਵੇਦਾਂਤੀ ਨੂੰ ਕਿਹਾ ਪਰ ਉਹ ਅਪਣੇ ਪਹਿਲੇ ਕੀਤੇ ਤੇ ਹੀ ਪਛਤਾ ਰਿਹਾ ਸੀ, ਹੋਰ ਗ਼ਲਤੀ ਕਰਨ ਨੂੰ ਤਿਆਰ ਨਾ ਹੋਇਆ।
ਇਸ ਤੇ ਸ਼੍ਰੋਮਣੀ ਕਮੇਟੀ ਦੇ ਮੀਡੀਆ ਇੰਚਾਰਜ ਦੇ ਦਸਤਖ਼ਤਾਂ ਨਾਲ ਇਤਿਹਾਸ ਦਾ ਪਹਿਲਾ ਅਖੌਤੀ ਤੇ ਸ਼ਰਮਨਾਕ ਹੁਕਮਨਾਮਾ ਪਹਿਲੀ ਦਸੰਬਰ 2005 ਨੂੰ ਹੀ ਜਾਰੀ ਕਰਵਾਇਆ ਗਿਆ ਕਿ ਕੋਈ ਸਿੱਖ ਰੋਜ਼ਾਨਾ ਸਪੋਕਸਮੈਨ ਨੂੰ ਨਾ ਪੜ੍ਹੇ, ਇਸ ਵਿਚ ਨੌਕਰੀ ਨਾ ਕਰੇ, ਇਸ ਨੂੰ ਇਸ਼ਤਿਹਾਰ ਨਾ ਦੇਵੇ ਤੇ ਹੋਰ ਕੋਈ ਸਹਿਯੋਗ ਨਾ ਦੇਵੇ।
- ਰੋਜ਼ਾਨਾ ਸਪੋਕਸਮੈਨ ਨੂੰ ਦਿਤੇ ਜਾਣ ਵਾਲੇ ਇਸ਼ਤਿਹਾਰਾਂ ਤੇ ਮੁਕੰਮਲ ਪਾਬੰਦੀ ਲਵਾ ਦਿਤੀ ਗਈ ਜੋ ਬਾਦਲ ਸਰਕਾਰ ਦੇ ਪੂਰੇ ਦੌਰ ਵਿਚ ਅਥਵਾ 10 ਸਾਲ ਤਕ ਜਾਰੀ ਰਹੀ ਤੇ 150 ਕਰੋੜ ਦਾ ਨੁਕਸਾਨ ਰੋਜ਼ਾਨਾ ਸਪੋਕਸਮੈਨ ਨੂੰ ਸਹਿਣਾ ਪਿਆ। ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ’ਤੇ ਵੀ ਪਾਬੰਦੀ ਲਗਵਾ ਦਿਤੀ ਜੋ 20 ਸਾਲ ਤੋਂ ਅੱਜ ਵੀ ਜਾਰੀ ਹੈ।
- ਉਦੋਂ ਇਹ ਅਪਣੇ ਦਫ਼ਤਰ ਵਿਚ ਬੈਠ ਕੇ ਅਪਣੇ ਚਰਚਿਤ ‘ਠਹਾਕੇ’ ਨਾਲ ਕਿਹਾ ਕਰਦਾ ਸੀ ਕਿ ‘‘ਰੋਜ਼ਾਨਾ ਸਪੋਕਸਮੈਨ ਛੇ ਮਹੀਨੇ ਕੱਢ ਗਿਆ ਤਾਂ ਮੇਰਾ ਨਾਂ ਬਦਲ ਦੇਣਾ ਤੇ ਛੇਆਂ ਮਹੀਨਿਆਂ ਵਿਚ ਜੋਗਿੰਦਰ ਸਿੰਘ ਸੱਭ ਕੁੱਝ ਗੁਆ ਕੇ ਨੌਕਰੀ ਮੰਗਣ ਮੇਰੇ ਕੋਲ ਹੀ ਆਏਗਾ...।’’
- ਜਦੋਂ ਬਾਦਲ ਸਰਕਾਰ ਨੇ ਅਸੈਂਬਲੀ ਵਿਚ ਬਿਲ ਪੇਸ਼ ਕੀਤਾ ਕਿ 295-ਏ ਧਾਰਾ ਦੇ ਦੋਸ਼ੀ ਵਿਅਕਤੀ ਨੂੰ ਤਿੰਨ ਸਾਲ ਦੀ ਬਜਾਏ 10 ਸਾਲ ਕੈਦ ਦੀ ਸਜ਼ਾ ਦਿਤੀ ਜਾਏ ਤਾਂ ਕਾਨੂੰਨ ਭਾਵੇਂ ਅਜੇ ਤਕ ਵੀ ਨਹੀਂ ਬਣ ਸਕਿਆ ਪਰ ਬਰਜਿੰਦਰ ਨੇ ‘ਅਜੀਤ’ ਵਿਚ ਖ਼ਬਰ ਛਪਵਾਈ ਕਿ ਹੁਣ ਜੋਗਿੰਦਰ ਸਿੰਘ 10 ਸਾਲ ਤਕ ਜੇਲ ਵਿਚ ਸੜੇਗਾ।
- ਜਦੋਂ ਜੱਗਬਾਣੀ (ਪੰਜਾਬੀ) ਸ਼ੁਰੂ ਹੋਇਆ ਤਾਂ ਕਾਫ਼ੀ ਦੇਰ ਤਕ ਉਸ ਦਾ ਵੀ ਖੁਲ੍ਹ ਕੇ ਵਿਰੋਧ ਕੀਤਾ ਤੇ ‘ਨੰਗੇਜਵਾਦ’ ਨੂੰ ਬਹਾਨਾ ਬਣਾਇਆ।
- ਜਦੋਂ ਜਸਬੀਰ ਸਿੰਘ ਆਹਲੂਵਾਲੀਆ ਨੇ ਵੱਡਾ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਐਡੀਟਰ ਦੇ ਨਾਂ ਦਾ ਵੀ ਐਲਾਨ ਕਰ ਦਿਤਾ ਤਾਂ ਬਰਜਿੰਦਰ ਨੇ ਉਸ ਨੂੰ ਤਰਲਾ ਮਾਰਿਆ ਕਿ ਉਹ ਅਖ਼ਬਾਰ ਸ਼ੁਰੂ ਨਾ ਕਰੇ ਤਾਂ ਉਹ ਬਾਦਲ ਨੂੰ ਕਹਿ ਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਟੀ ਫ਼ਤਿਹਗੜ੍ਹ ਸਾਹਿਬ ਦਾ ਵਾਈਸ ਚਾਂਸਲਰ ਬਣਵਾ ਦੇਵੇਗਾ। ਆਹਲੂਵਾਲੀਆ ਅਖ਼ੀਰ ਮੰਨ ਗਿਆ ਤੇ ਉਸ ਨੂੰ ਵੀ ਸੀ ਬਣਵਾ ਵੀ ਦਿਤਾ ਗਿਆ। ਬਰਜਿੰਦਰ ਡਰਦਾ ਸੀ ਕਿ ਆਹਲੂਵਾਲੀਆ ਦਾ ਅਖ਼ਬਾਰ ਉਸ ਦੀ ਪਿੱਠ ਲਵਾ ਸਕਦਾ ਹੈ ਕਿਉਂਕਿ ਉਸ ਕੋਲ ਮਾਇਕ ਸਾਧਨ ਬਹੁਤ ਸਨ।
- ਕਿਸੇ ਹੋਰ ਐਡੀਟਰ ਨੇ ਪੰਜਾਬੀ ਅਖ਼ਬਾਰਾਂ ਦਾ ਰਾਹ ਰੋਕਣ ਦਾ ਕਦੇ ਯਤਨ ਨਹੀਂ ਕੀਤਾ, ਸਿਵਾਏ ਹਮਦਰਦ ਪ੍ਰਵਾਰ ਦੇ।
ਇਹ ਸਾਰਾ ਕੁੱਝ ਯਾਦ ਕਰਵਾਉਣ ਤੋਂ ਮੇਰਾ ਮਕਸਦ ਖ਼ੁਸ਼ੀ ਪ੍ਰਗਟ ਕਰਨਾ ਨਹੀਂ ਸਗੋਂ ਮੈਂ ਤਾਂ ਹੁਣ ਵੀ ਇਹ ਉਰਦੂ ਸ਼ੇਅਰ ਅਕਸਰ ਬਰਜਿੰਦਰ ਦੀ ਬੇਵਫ਼ਾਈ ਨੂੰ ਯਾਦ ਕਰ ਕੇ ਗੁਣਗੁਣਾਉਣ ਲਗਦਾ ਹਾਂ :
ਹਮ ਅਪਨੇ ਦੋਸਤੋਂ ਕੀ ਬੇਵਫ਼ਾਈ ਸਹਿ ਤੋ ਲੇਤੇ ਹੈਂ
ਮਗਰ ਹਮ ਜਾਨਤੇ ਹੈਂ ਦਿਲ ਹਮਾਰੇ ਟੂਟ ਜਾਤੇ ਹੈਂ।
ਬਰਜਿੰਦਰ ਦੇ ਉਲਟ, ਮੈਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਕਦੀ ਖ਼ੁਸ਼ ਨਹੀਂ ਹੋਵਾਂਗਾ ਕਿਉਂਕਿ ਐਡੀਟਰ ਨੂੰ ਦੋਸ਼ੀ ਠਹਿਰਾਉਣ ਜਾਂ ਸਜ਼ਾ ਮਿਲਣ ਨਾਲ ਪੱਤਰਕਾਰੀ ਦੇ ਪੇਸ਼ੇ ਨੂੰ ਵੀ ਬਦਨਾਮੀ ਮਿਲਦੀ ਹੈ। ਫਿਰ ਮੈਂ ਉਸ ਨੂੰ ਛੋਟੇ ਭਰਾ ਵਰਗਾ ਦਰਜਾ ਦਿਤਾ ਸੀ ਤੇ ਮੈਂ ਕਦੀ ਵੀ ਉਸ ਦਾ ਬੁਰਾ ਨਾ ਚਾਹਿਆ ਹੈ, ਨਾ ਚਾਹਾਂਗਾ। ਸੱਚ ਇਹ ਹੈ ਕਿ ਮੈਂ ਕਿਸੇ ਬੇਗਾਨੇ ਬਾਰੇ ਵੀ ਮਾੜੇ ਵਿਚਾਰ ਬਹੁਤਾ ਚਿਰ ਨਹੀਂ ਰਖ ਸਕਦਾ। ਮੈਂ ਬਰਜਿੰਦਰ ਦਾ ਵੀ ਭਲਾ ਚਾਹਾਂਗਾ ਤੇ ਦਿਲੋਂ ਚਾਹਾਂਗਾ ਕਿ ‘ਪ੍ਰੈਸ ਦੀ ਆਜ਼ਾਦੀ’ ਦੀ ਓਟ ਲਏ ਬਿਨਾਂ ਉਹ ਅਪਣੇ ਕੰਮਾਂ ਅਤੇ ਰੀਕਾਰਡ ਦੇ ਸਹਾਰੇ ਸੁਰਖ਼ਰੂ ਹੋ ਵਿਖਾਵੇ।
ਜਦ ਤਕ ਅਦਾਲਤ ਦਾ ਫ਼ੈਸਲਾ ਨਹੀਂ ਆ ਜਾਂਦਾ, ਮੈਂ ਉਸ ਉਤੇ ਲਗਾਏ ਗਏ ਕਿਸੇ ਦੋਸ਼ ਨੂੰ ਠੀਕ ਨਹੀਂ ਮੰਨਾਂਗਾ। ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਉਸ ਨੇ ਜੋ ਸਲੂਕ, ਲੁਕ ਛੁਪ ਕੇ ਨਹੀਂ, ਬਾਕਾਇਦਾ ਖੁਲ੍ਹ ਕੇ ਸਾਡੇ ਨਾਲ ਕੀਤਾ, ਉਸ ਨੂੰ ਯਾਦ ਕਰ ਕੇ ਮੈਂ ਚਾਹਾਂਗਾ ਕਿ ਉਹ ਸੱਚ ਦੇ ਸਹਾਰੇ ਸਫ਼ਲ ਹੋ ਵਿਖਾਵੇ ਪਰ ਇਥੇ ਦਿਤੀਆਂ ਕੁੱਝ ਕੁ ਉਦਾਹਰਣਾਂ ਕਾਰਨ ਜਦ ਉਹ ‘ਪ੍ਰੈੱਸ ਦੀ ਆਜ਼ਾਦੀ’ ਨੂੰ ਆਸਰਾ ਬਣਾਉਣ ਲਗਦਾ ਹੈ ਤਾਂ ਭੁੱਲੀਆਂ ਵਿਸਰੀਆਂ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੀ ਮਾਰ ਮੈਂ ਅਪਣੇ ਪਿੰਡੇ ’ਤੇ ਵੀ ਹੰਢਾਈ ਹੈ। ਹਾਂ ਜੇ ਕਦੀ ਪਛਤਾਵਾ ਕਰਨ ਦੀ ਗੱਲ ਮਨ ਵਿਚ ਆ ਜਾਵੇ ਤਾਂ ਇਹ ਕਾਂਗਰਸ ਵਲੋਂ 84 ਦੇ ਘਲੂਘਾਰਿਆਂ ਬਾਰੇ ਪਛਤਾਵਾ ਕਰਨ ਵਰਗੀ ਹੀ ਹੋਵੇਗੀ ਤੇ ਮੈਂ ਇਸ ਦਾ ਖੁਲ੍ਹੇ ਮਨ ਨਾਲ ਸਵਾਗਤ ਕਰਾਂਗਾ।
-ਜੋਗਿੰਦਰ ਸਿੰਘ