ਅਮਰੀਕੀ ਸੈਨੇਟਰ ਪੈਟ ਟੂਮੀ ਨੂੰ ਸ਼੍ਰੋਮਣੀ ਕਮੇਟੀ ਦਸ ਤਾਂ ਦੇਵੇ ਕਿ ਹੁਣ 1984 ਦਾ ਸਾਲ ਇਤਿਹਾਸ ਦਾ ਸੱਭ ਤੋਂ ਕਾਲਾ ਸਾਲ......
Published : Oct 9, 2022, 7:06 am IST
Updated : Oct 9, 2022, 8:51 am IST
SHARE ARTICLE
photo
photo

ਸਿੱਖਾਂ ਨੂੰ ਆਪ ਤਾਂ ਜ਼ੁਲਮ ਸਹਿਣਾ ਆਉਂਦਾ ਹੈ ਤੇ ਸ਼ਹੀਦੀਆਂ ਪਾਉਣੀਆਂ ਆਉਂਦੀਆਂ ਹਨ ਪਰ ਉਨ੍ਹਾਂ ਅਪਣੇ ਉਪਰ........

 

ਸਿੱਖਾਂ ਨੂੰ ਆਪ ਤਾਂ ਜ਼ੁਲਮ ਸਹਿਣਾ ਆਉਂਦਾ ਹੈ ਤੇ ਸ਼ਹੀਦੀਆਂ ਪਾਉਣੀਆਂ ਆਉਂਦੀਆਂ ਹਨ ਪਰ ਉਨ੍ਹਾਂ ਅਪਣੇ ਉਪਰ ਹੋਏ ਜ਼ੁਲਮ ਅਤੇ ਅਪਣੀਆਂ ਪ੍ਰਾਪਤੀਆਂ ਬਾਰੇ ਵੀ ਆਪ ਕਦੇ ਨਹੀਂ ਲਿਖਿਆ। ਰਾਣੀ ਜਿੰਦਾਂ ਨੂੰ ਅਸੀ ਗਾਲਾਂ ਹੀ ਕਢਦੇ ਰਹੇ ਜਦ ਤਕ ਡਾ. ਗੰਡਾ ਸਿੰਘ ਨੇ ਅੰਗਰੇਜ਼ ਨਾਲ ਹੋਏ ਉਸ ਦੇ ਚਿੱਠੀ ਪੱਤਰ ਨੂੰ ਕਿਤਾਬੀ ਰੂਪ ਦੇ ਕੇ ਸਿੱਖਾਂ ਨੂੰ ਲਾਹਨਤਾਂ ਨਾ ਪਾਈਆਂ ਕਿਉਂਕਿ ਉਹ ਤਾਂ ਮਹਾਰਾਣੀ ਨੂੰ ਖ਼ਾਹਮਖ਼ਾਹ ਗੰਦੀਆਂ ਗਾਲਾਂ ਕੱਢ ਕੇ ਪਾਪ ਦੇ ਭਾਗੀ ਹੀ ਬਣਦੇ ਰਹੇ। ਬਾਬਾ ਬੰਦਾ ਸਿੰਘ ਵਰਗਾ ਬਹਾਦਰ ਤੇ ਪੱਕਾ ਸਿੱਖ ਤਾਂ ਦੁਨੀਆਂ ਵਿਚ ਢੂੰਡਿਆਂ ਕਿਧਰੇ ਨਹੀਂ ਮਿਲੇਗਾ ਪਰ ਸਿੱਖਾਂ ਨੇ ਉਸ ਦੇ ਸ਼ਹੀਦ ਹੋਣ ਤੇ ਖ਼ੁਸ਼ੀ ਹੀ ਮਨਾਈ ਤੇ ਰਸਮੀ ਭੋਗ ਤਕ ਵੀ ਨਾ ਪਾਇਆ ਤੇ ਅਰਦਾਸ ਵੀ ਨਾ ਕੀਤੀ ਕਿਉਂਕਿ ਮੁਗ਼ਲ ਖ਼ੁਫ਼ੀਆ ਏਜੰਸੀਆਂ ਦੇ ਫੈਲਾਏ ਝੂਠ ਨੂੰ ਸਿੱਖ ਮੰਨ ਚੁੱਕੇ ਸਨ ਕਿ ਉਹ ਸਿੱਖੀ ਤੋਂ ਬਾਗ਼ੀ ਹੋ ਚੁੱਕਾ ਸੀ।

ਫਿਰ ਮੌਕੇ ਦੇ ਗਵਾਹ ਦੋ ਅੰਗਰੇਜ਼ਾਂ ਦੀ ਲਿਖਤ ਵਿਚ ਬਿਆਨ ਕੀਤੀ ਬੰਦਾ ਸਿੰਘ ਦੀ ਸ਼ਹਾਦਤ ਦੀ ਸਾਰੀ ਕਥਾ ਡਾ. ਗੰਡਾ ਸਿੰਘ ਨੇ ਲਿਖ ਦਿਤੀ ਤਾਂ ਹੁਣ ਸਿੱਖ ਉਸ ਦੇ ਦਿਨ ਮਨਾਉਂਦੇ ਹਨ ਤੇ ਯਾਦਗਾਰਾਂ ਕਾਇਮ ਕਰਦੇ ਹਨ। ਜੇ ਅੰਗਰੇਜ਼ਾਂ ਦੀ ਲਿਖਤ ਡਾ. ਗੰਡਾ ਸਿੰਘ ਨੂੰ ਨਾ ਮਿਲਦੀ ਤਾਂ ਸਿੱਖ ਤਾਂ ਬਾਬਾ ਬੰਦਾ ਸਿੰਘ ਨੂੰ ਮਾਰ ਹੀ ਚੁੱਕੇ ਸਨ ਤੇ ਚੇਤੇ ’ਚੋਂ ਕੱਢ ਹੀ ਚੁੱਕੇ ਸਨ। ਇਸ ਤੋਂ ਪਹਿਲਾਂ ‘ਭਾਈ ਬਾਲਾ’ ਵਰਗਾ ਕਿਰਦਾਰ ਵੀ ਮੁਗ਼ਲ ਖ਼ੁਫ਼ੀਆ ਏਜੰਸੀਆਂ ਦਾ ਹੀ ਪੈਦਾ ਕੀਤਾ ਹੋਇਆ ਸੀ ਪਰ ਸਿੱਖ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਨੇ ਜਦ ਖੋਜ ਕਰ ਕੇ ਸਾਬਤ ਕਰ ਦਿਤਾ ਕਿ ਭਾਈ ਬਾਲਾ ਨਾਂ ਦਾ ਕੋਈ ਵਿਅਕਤੀ ਤਾਂ ਪੈਦਾ ਹੀ ਨਹੀਂ ਹੋਇਆ ਤੇ ਉਹ ਤਾਂ ਖ਼ੁਫ਼ੀਆ ਏਜੰਸੀਆਂ ਦਾ ਘੜਿਆ ਇਕ ਨਕਲੀ ਕਿਰਦਾਰ ਸੀ ਜੋ ਬਾਬੇ ਨਾਨਕ ਨੂੰ ਬਦਨਾਮ ਕਰਨ ਤੇ ਉਸ ਦੀ ਵਿਚਾਰਧਾਰਾ ਨੂੰ ਲੀਹੋਂ ਲਾਹੁਣ ਲਈ ਘੜਿਆ ਗਿਆ ਸੀ, ਤਾਂ ਵੀ ਸਿੱਖ ਦੋਚਿੱਤੀ ਵਿਚ ਹੀ ਫਸੇ ਰਹੇ ਕਿਉਂਕਿ ਇਹ ਖੋਜ ਕੇਵਲ ਇਕ ਸਿੱਖ ਦੀ ਕੀਤੀ ਹੋਈ ਸੀ।

ਜੇ ਇਹ ਖੋਜ ਕਿਸੇ ਅੰਗਰੇਜ਼ ਨੇ ਲਿਖੀ ਹੁੰਦੀ ਤਾਂ ਸਿੱਖਾਂ ਨੇ ਝੱਟ ਮੰਨ ਲੈਣੀ ਸੀ ਪਰ ਕਿਉਂਕਿ ਇਕ ਸਿੱਖ ਇਤਿਹਾਸਕਾਰ ਦੀ ਖੋਜ ਹੈ, ਇਸ ਲਈ ਅੱਧੇ ਸਿੱਖ ਬਦਸਤੂਰ ਭਾਈ ਬਾਲੇ ਦੀ ਹੋਂਦ ਨੂੰ ਵੀ ਮੰਨੀ ਜਾ ਰਹੇ ਹਨ। ਮੈਂ ਅਮਰੀਕਾ ਦੇ ਸੱਭ ਤੋਂ ਵੱਡੇ ਸਿੱਖ ਮਿਊਜ਼ੀਅਮ ਨੂੰ ਵੇਖਣ ਗਿਆ ਤਾਂ ਉਥੇ ਵੀ ਬਾਬਾ ਨਾਨਕ ਦੀ ਤਸਵੀਰ ਨਾਲ ਇਕ ਪਾਸੇ ਭਾਈ ਮਰਦਾਨਾ ਤੇ ਦੂਜੇ ਪਾਸੇ ਭਾਈ ਬਾਲਾ (ਜੋ ਕਦੇ ਹੋਇਆ ਹੀ ਨਹੀਂ) ਬੈਠੇ ਵਿਖਾਏ ਗਏ ਸਨ। ਕਾਸ਼! ਕੋਈ ਅੰਗਰੇਜ਼ ਇਹ ਖੋਜ ਲਿਖ ਗਿਆ ਹੁੰਦਾ ਤਾਂ ਸਾਰੇ ਸਿੱਖਾਂ ਨੇ ਹੁਣ ਤਕ ਮੰਨੀ ਹੋਣੀ ਸੀ। ਇਸੇ ਤਰ੍ਹਾਂ ਸਾਰੇ ਸਿੱਖ ਇਤਿਹਾਸਕਾਰ ਤੇ ਇਤਿਹਾਸਕ ਸਬੂਤ ਇਹ ਮੰਨਦੇ ਹਨ ਕਿ ਅੰਗਰੇਜ਼ ਨੇ ਇਕ ਮਿੰਟ ਲਈ ਵੀ ਸਿੱਖਾਂ ਨੂੰ ਕੁੱਝ ਦੇਣ ਦੀ ਗੱਲ ਨਹੀਂ ਸੀ ਸੋਚੀ। ਉਹ ਇਥੋਂ ਜਾਣ ਲਗਿਆਂ ਕੇਵਲ ਇਹ ਯਕੀਨੀ ਬਣਾ ਰਿਹਾ ਸੀ ਕਿ ਇਕ ਪਾਸੇ ਹਿੰਦੁਸਤਾਨ ਵਿਚ ਉਸ ਦੀ ਪਸੰਦ ਦੇ ਬੰਦੇ ਰਾਜਗੱਦੀ ’ਤੇ ਬੈਠ ਜਾਣ ਜੋ ਮਗਰੋਂ ਵੀ ਅੰਗਰੇਜ਼ੀ ਹਿਤਾਂ ਦਾ ਧਿਆਨ ਰੱਖਣ ਤੇ ਦੂਜੇ ਪਾਸੇ ਪਾਕਿਸਤਾਨ ਵਿਚ ਵੀ ਅਜਿਹੇ ਲੋਕ ਹੀ ਰਾਜਗੱਦੀ ਸੰਭਾਲਣ ਜੋ ਅੰਗਰੇਜ਼ ਦੇ ਮਿੱਤਰ ਸਨ ਤਾਕਿ ਉਹ ਮਗਰੋਂ ਵੀ ਪਾਕਿਸਤਾਨ ਤੇ ਗਵਾਂਢੀ ਮੁਸਲਿਮ ਦੇਸ਼ਾਂ ਵਿਚ ਬਰਤਾਨਵੀ ਹਿਤਾਂ ਦਾ ਧਿਆਨ ਰੱਖਣ। 

ਅੰਗਰੇਜ਼ ਇਸੇ ਲਈ ਅੰਤ ਤਕ ਇਨ੍ਹਾਂ ਦੋਹਾਂ ਮਿੱਤਰਾਂ (ਹਿੰਦ ਦੇ ਹਿੰਦੂ ਲੀਡਰਾਂ ਤੇ ਪਾਕਿਸਤਾਨ ਦੇ ਮੁਸਲਿਮ ਲੀਗੀ ਲੀਡਰਾਂ) ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਹਿੰਦੂ ਲੀਡਰ ਤਾਂ ਸਾਫ਼ ਕਹਿ ਗਏ ਕਿ ਉਨ੍ਹਾਂ ਨੂੰ ਗੱਦੀ ਤੋਂ ਸਿਵਾ ਹੋਰ ਕੁੱਝ ਨਹੀਂ ਚਾਹੀਦਾ ਪਰ ਮੁਸਲਿਮ ਲੀਗੀ ਅੜੇ ਰਹੇ ਕਿ ਜਿਵੇਂ ਵੀ ਹੋਵੇ, ਸਾਰਾ ਪੰਜਾਬ (ਰਾਵਲਪਿੰਡੀ ਤੋਂ ਲੈ ਕੇ ਗੁੜਗਾਉਂ ਤਕ) ਪਾਕਿਸਤਾਨ ਨੂੰ ਦਿਵਾਇਆ ਜਾਏ ਕਿਉਂਕਿ ਇਸ ਸਾਰੇ ਪੰਜਾਬ (ਗੁੜਗਾਉਂ ਤਕ ਦੇ) ਵਿਚ ਬਹੁਗਿਣਤੀ ਮੁਸਲਮਾਨਾਂ ਦੀ ਸੀ। ਸੋ ਅੰਗਰੇਜ਼ ਅੰਤ ਤਕ ਸਿੱਖ ਲੀਡਰਾਂ ਨੂੰ ਮਨਾਉਂਦਾ ਰਿਹਾ ਕਿ ਤੁਸੀ ਪਾਕਿਸਤਾਨ ਅੰਦਰ ਹੀ ਇਕ ਕੋਨੇ ਵਿਚ ਸਿੱਖ ਸਟੇਟ ਲੈ ਲਉ ਤੇ ਪੰਜਾਬ ਨੂੰ ਵੰਡਣ ਲਈ ਨਾ ਕਹੋ ਅਰਥਾਤ ਪਾਕਿਸਤਾਨ ਦੀ ਸਰਹੱਦ ਗੁੜਗਾਉਂ ਤਕ ਲਿਜਾਣ ਦਿਉ। ਅੰਗਰੇਜ਼ ਨੇ ਇਕ ਸਿੱਖ ਆਈ.ਸੀ.ਐਸ. ਅਫ਼ਸਰ ਸਿਰਦਾਰ ਕਪੂਰ ਸਿੰਘ ਨੂੰ ਵੀ ਖ਼ੂਬ ਵਰਤਿਆ ਤਾਕਿ ਉਹ ਸਿੱਖ ਲੀਡਰਾਂ ਨੂੰ ਮੁਸਲਿਮ ਲੀਗ ਦੀ ਪੇਸ਼ਕਸ਼ ਮੰਨ ਲੈਣ ਲਈ ਤਿਆਰ ਕਰ ਲੈਣ। ਆਜ਼ਾਦੀ ਮਗਰੋਂ ਜਦੋਂ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਮਾ. ਤਾਰਾ ਸਿੰਘ ਨੂੰ ਖ਼ਤਮ ਕਰਨ ਲਈ ਝੂਠ ਘੜਿਆ ਤਾਂ ਕਪੂਰ ਸਿੰਘ ਨੇ ਅਪਣੇ ਰੋਲ ਨੂੰ ਠੀਕ ਦੱਸਣ ਲਈ ‘ਸਾਚੀ ਸਾਖੀ’ ਕਿਤਾਬ ਲਿਖ ਦਿਤੀ ਜਿਸ ਦਾ ਅਸਰ ਉਨ੍ਹਾਂ ਨੌਜੁਆਨਾਂ ਨੇ ਕਬੂਲ ਕਰ ਲਿਆ ਜਿਹੜੇ ਅਸਲ ਹਾਲਾਤ ਵਾਪਰਨ ਸਮੇਂ ਮੌਜੂਦ ਨਹੀਂ ਸਨ। ਉਸ ਵੇਲੇ ਦੀ ਸਿੱਖ ਲੀਡਰਸ਼ਿਪ ਦੀ ਪੰਥ ਪ੍ਰਤੀ ਇਹ ਬੜੀ ਵੱਡੀ ਸੇਵਾ ਸੀ ਕਿ ਉਨ੍ਹਾਂ ਨੇ ਇਹ ਸਾਜ਼ਸ਼ ਸਿਰੇ ਨਾ ਚੜ੍ਹਨ ਦਿਤੀ ਵਰਨਾ ਹੁਣ ਤਕ ਅਫ਼ਗ਼ਾਨਿਸਤਾਨ ਵਾਂਗ, ਸਿੱਖਾਂ ਨੂੰ ਪਾਕਿਸਤਾਨ ਵਿਚੋਂ ਵੀ ਕੱਢ ਦਿਤਾ ਗਿਆ ਹੁੰਦਾ ਤੇ ਪੂਰਬੀ, ਪਛਮੀ, ਦੋਹਾਂ ਪੰਜਾਬਾਂ ਦੇ ਸਿੱਖ ਯੂਪੀ ਬਿਹਾਰ ਵਿਚ ਰੁਲ ਰਹੇ ਹੁੰਦੇ।
ਸਿੱਖ ਲੀਡਰਸ਼ਿਪ ਦੀ ਸਿਆਣਪ ਦੀ ਗੱਲ ਇਤਿਹਾਸਕਾਰਾਂ ਨੇ ਵੀ ਮੰਨੀ ਤੇ ਕੌਮੀ ਲੀਡਰਾਂ ਨੇ ਵੀ ਕਿ ਉਸ ਨੇ ਅੱਧਾ ਪੰਜਾਬ ਲੀਗ ਕੋਲੋਂ ਬਚਾ ਕੇ ਬੜਾ ਵੱਡਾ ਕੰਮ ਕੀਤਾ ਸੀ। ਪਰ ਜਦ ਮਾ. ਤਾਰਾ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਲਾਗੂ ਕਰਨ ਦੀ ਮੰਗ ਤੇਜ਼ ਕਰ ਦਿਤੀ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਖ਼ੁਫ਼ੀਆ ਏਜੰਸੀਆਂ ਕੋਲੋਂ ਇਹ ਨਿਰੋਲ ਝੂਠ ਤੇ ਆਧਾਰਤ ਸ਼ੁਰਲੀ ਛੁਡਵਾ ਦਿਤੀ ਕਿ ਅੰਗਰੇਜ਼ ਤਾਂ ਖ਼ਾਲਿਸਤਾਨ ਦੇਂਦੇ ਸਨ ਪਰ ਮਾ. ਤਾਰਾ ਸਿੰਘ ਨੇ ਹੀ ਲੈਣ ਤੋਂ ਨਾਂਹ ਕਰ ਦਿਤੀ। ਉਸ ਵੇਲੇ ਤਾਂ ਸ. ਬਲਦੇਵ ਸਿੰਘ, ਹੁਕਮ ਸਿੰਘ, ਗਿ. ਕਰਤਾਰ ਸਿੰਘ, ਸ. ਸਵਰਨ ਸਿੰਘ, ਸੁਰਜੀਤ ਸਿੰਘ ਮਜੀਠੀਆ, ਪ੍ਰਤਾਪ ਸਿੰਘ ਕੈਰੋਂ ਤੇ ਉਸ ਦੇ ਮਝੈਲ ਸਾਥੀ ਸਾਰੇ ਇਕੱਠੇ ਹੀ ਸਨ। ਉਨ੍ਹਾਂ ’ਚੋਂ ਕਿਸੇ ਵਿਰੁਧ ਇਹ ਝੂਠ ਨਾ ਬੋਲਿਆ ਗਿਆ ਹਾਲਾਂਕਿ ਜੋ ਵੀ ਫ਼ੈਸਲਾ ਹੋਇਆ, ਉਹ ਸੱਭ ਦਾ ਸਾਂਝਾ ਸੀ। ਨਾ ਖ਼ੁਫ਼ੀਆ ਏਜੰਸੀਆਂ ਨੇ, ਨਾ ਕਪੂਰ ਸਿੰਘ ਨੇ ਮਾ. ਤਾਰਾ ਸਿੰਘ ਤੋਂ ਬਿਨਾਂ ਕਿਸੇ ਹੋਰ ਸਿੱਖ ਲੀਡਰ ਦਾ ਨਾਂ ਹੀ ਲਿਆ ਕਿਉਂਕਿ ਮਕਸਦ ਮਾ. ਤਾਰਾ ਸਿੰਘ ਨੂੰ ਖ਼ਤਮ ਕਰਨਾ ਸੀ, ਹੋਰ ਕੋਈ ਨਹੀਂ।

ਮੈਂ ਖ਼ੁਫ਼ੀਆ ਏਜੰਸੀਆਂ ਦੇ ਇਨ੍ਹਾਂ ‘ਝੂਠਾਂ’ ਬਾਰੇ ਵਾਰ ਵਾਰ ਲਿਖਦਾ ਰਹਿੰਦਾ ਹਾਂ ਕਿਉਂਕਿ ਮੈਨੂੰ ਡਰ ਲੱਗਾ ਰਹਿੰਦਾ ਹੈ ਕਿ ਜੇ ਸਿੱਖ ਇਸੇ ਤਰ੍ਹਾਂ ਅਵੇਸਲੇ ਬਣੇ ਰਹੇ ਤਾਂ ਉਨ੍ਹਾਂ ਦਾ ਸਾਰਾ ਇਤਿਹਾਸ ਹੀ ਖ਼ੁਫ਼ੀਆ ਏਜੰਸੀਆਂ ਦਾ ਤਿਆਰ ਕੀਤਾ ਹੋਇਆ ਇਤਿਹਾਸ ਬਣ ਜਾਏਗਾ। ਹੁਣ ਵੀ ਸਿੱਖ ਇਤਿਹਾਸ ਦਾ 80 ਫ਼ੀ ਸਦੀ ਹਿੱਸਾ ਖ਼ਫ਼ੀਆ ਏਜੰਸੀਆਂ ਦਾ ਹੀ ਤਿਆਰ ਕੀਤਾ ਹੋਇਆ ਹੈ ਤੇ ਕਰਮ ਸਿੰਘ ਹਿਸਟੋਰੀਅਨ, ਡਾ. ਗੰਡਾ ਸਿੰਘ, ਕ੍ਰਿਪਾਲ ਸਿੰਘ ਹਿਸਟੋਰੀਅਨ ਦੇ ਯਤਨਾਂ ਸਦਕਾ ਕੁੱਝ ਹਿੱਸੇ ਹੀ ਸਾਫ਼ ਹੋ ਸਕੇ ਹਨ ਪਰ ਬਾਕੀ ਤਾਂ ਹਰ ਪਾਸੇ ਖ਼ੁਫ਼ੀਆ ਏਜੰਸੀਆਂ ਹੀ ਘੱਟ-ਗਿਣਤੀਆਂ ਦਾ ਇਤਿਹਾਸ ਲਿਖਵਾ ਰਹੀਆਂ ਲਗਦੀਆਂ ਹਨ ਕਿਉਂਕਿ ਘੱਟ-ਗਿਣਤੀਆਂ ਦੇ ਆਗੂ ਤੇ ਇਤਿਹਾਸਕਾਰ ਆਪ ਅਵੇਸਲੇ ਹੋ ਚੁੱਕੇ ਹਨ। ਸਿੱਖਾਂ ਦਾ ਹਾਲ ਸੱਭ ਤੋਂ ਮਾੜਾ ਹੈ ਕਿਉਂਕਿ ਅਕਾਲ ਤਖ਼ਤ ਦਾ ਡੰਡਾ ਵੀ ਪੰਥਕ ਸੋਚ ਵਾਲੇ ਲੇਖਕਾਂ, ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਚੁੱਪ ਕਰਾਉਣ ਤੇ ਲਿਖਣਾ ਬੰਦ ਕਰਨ ਵਾਲੇ ਪਾਸੇ ਹੀ ਧਕੇਲਦਾ ਆ ਰਿਹਾ ਹੈ।

ਸੋ ਇਸ ਸਿਲਸਿਲੇ ਵਿਚ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਇਹ ਕਹਿੰਦਾ ਹੈ ਕਿ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਬਾਰੇ ਸੁਪ੍ਰੀਮ ਕੋਰਟ ਦਾ ਫ਼ੈਸਲਾ (ਜਿਸ ਅਧੀਨ ਹਰਿਆਣੇ ਦੇ ਗੁਰਦਵਾਰਿਆਂ ਦੀਆਂ ਗੋਲਕਾਂ ਉਤੇ ਸ਼੍ਰੋਮਣੀ ਕਮੇਟੀ, ਅੰਮ੍ਰਿਤਸਰ ਦਾ ਕਬਜ਼ਾ ਖ਼ਤਮ ਹੋਣ ਜਾ ਰਿਹਾ ਹੈ ਤੇ ਹਰਿਆਣੇ ਦੇ ਸਿੱਖ ਆਪ ਇਨ੍ਹਾਂ ਨੂੰ ਹਰਿਆਣੇ ਦੇ ਸਿੱਖਾਂ ਤੇ ਗੁਰਦਵਾਰਿਆਂ ਦੇ ਭਲੇ ਲਈ ਵਰਤਣਗੇ) 1984 ਦੇ ਸਾਕੇ ਨਾਲੋਂ ਵੀ ਵੱਡਾ ਹੈ ਅਤੇ ਸਾਰੇ ਸਿੱਖ ਵਿਦਵਾਨ, ਇਤਿਹਾਸਕਾਰ ਤੇ ਸਿੱਖ ਪਰਚੇ ਚੁੱਪ ਹਨ ਤਾਂ ਲਗਦਾ ਹੈ ਕਿ ਅਮਰੀਕੀ ਸੈਨੇਟਰ ਪੈਟ ਟੂਮੀ ਖ਼ਾਹਮਖ਼ਾਹ ਹੀ ਸਿੱਖਾਂ ਲਈ ਅਥਰੂ ਵਹਾ ਰਹੇ ਹਨ। ਖ਼ੁਦ ਸਿੱਖਾਂ ਦੇ ਅਖੌਤੀ ਲੀਡਰ ਤਾਂ 52 ਗੁਰਦਵਾਰਾ ਗੋਲਕਾਂ ਖੁਸ ਜਾਣ ਨੂੰ ‘ਵੱਡਾ ਸਾਕਾ’ ਤੇ ਬਲੂ-ਸਟਾਰ ਨੂੰ ‘ਛੋਟਾ ਸਾਕਾ’ ਕਹਿ ਰਹੇ ਹਨ ਤਾਂ ਕੋਈ ਦੂਜਾ ਇਨ੍ਹਾਂ ਦੀ ਕੀ ਮਦਦ ਕਰੇਗਾ? ਜਿਸ ਦਿਨ ਇਨ੍ਹਾਂ ਕੋਲੋਂ ਸ਼੍ਰੋਮਣੀ ਕਮੇਟੀ ਵੀ ਸਿੱਖ ਵੋਟਰਾਂ ਨੇ ਖੋਹ ਲਈ (ਉਹ ਤਾਂ ਖੁਸਣੀ ਲਾਜ਼ਮੀ ਹੈ ਕਿਉਂਕਿ ਇਹ ਬਦਲ ਹੀ ਨਹੀਂ ਰਹੇ) ਇਹ ਤਾਂ ਇਥੋਂ ਤਕ ਕਹਿ ਦੇਣਗੇ ਕਿ ਇਹ ਤਾਂ ਵੱਡੇ ਘੱਲੂਘਾਰੇ ਤੇ ਛੋਟੇ ਘਲੂਘਾਰੇ ਨਾਲੋਂ ਵੀ ਵੱਡਾ ਘਲੂਘਾਰਾ ਹੋ ਗਿਆ ਹੈ। ਰੱਬ ਬਚਾਏ ਸਿੱਖ ਪੰਥ ਨੂੰ ਇਸ ਦੇ ਨਾਦਾਨ ਰਖਵਾਲਿਆਂ ਕੋਲੋਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement