
ਉੱਚਾ ਦਰ ਤਾਂ ਬਿਲਕੁਲ ਤਿਆਰ ਹੈ ਪਰ ਆਖ਼ਰੀ ਸਮੇਂ ਤੇ ਸਰਕਾਰ ਨੇ ਚਾਲੂ ਕਰਨ ਲਈ ਕੁੱਝ ਸ਼ਰਤਾਂ ਪੂਰੀਆਂ ਕਰਨ ਦਾ ਹੁਕਮ ਸੁਣਾ ਦਿਤਾ ਹੈ।
ਮੁਹਾਲੀ: ਮੈਂ ਅਪਣੀ ਜ਼ਿੰਦਗੀ ਦਾ ਲੇਖਾ ਜੋਖਾ ਕਰਦਾ ਹੋਇਆ ਯਾਨੀ ਜ਼ਿੰਦਗੀ ਦੀ ਪ੍ਰੀਖਿਆ ਵਿਚ ਅਪਣੇ ਕੀਤੇ ਚੰਗੇ ਮਾੜੇ ਕੰਮਾਂ ਨੂੰ ਯਾਦ ਕਰ ਰਿਹਾ ਹੁੰਦਾ ਹਾਂ ਜਦ ਕਾਰ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਗੇਟ ਤੇ ਪਹੁੰਚ ਜਾਂਦੀ ਹੈ। ਮੈਂ ਅੰਦਰ ਜਾਂਦਾ ਹਾਂ। ਸਬੱਬੀਂ ਉਥੇ ਦਿੱਲੀ ਅਤੇ ਪੰਜਾਬ ਤੋਂ ਬਾਬੇ ਨਾਨਕ ਦੇ ਕੁੱਝ ਪ੍ਰੇਮੀ ਆਏ ਹੁੰਦੇ ਹਨ ਜੋ ਮੰਗ ਕਰ ਰਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਅੰਦਰੋਂ ਖੋਲ੍ਹ ਕੇ ‘ਉੱਚਾ ਦਰ’ ਵਿਖਾਇਆ ਜਾਏ ਅਰਥਾਤ ਨਿਰੀ ਇਮਾਰਤ ਨਹੀਂ, ਜੋ ਕੁੱਝ ਅੰਦਰ ਵਿਖਾਇਆ ਜਾਣਾ ਹੈ, ਉਸ ਦੀ ਝਲਕ ਵੀ ਵਿਖਾਈ ਜਾਵੇ। ਉਨ੍ਹਾਂ ਨੂੰ ਦਸਿਆ ਜਾਂਦਾ ਹੈ ਕਿ ਅੰਦਰ ਦਾ ਪ੍ਰੋਗਰਾਮ ਤੁਹਾਨੂੰ ਚਾਲੂ ਕਰ ਕੇ ਨਹੀਂ ਵਿਖਾਇਆ ਜਾ ਸਕਦਾ ਕਿਉਂÇÎਕ ਅਜੇ ਦਿੱਲੀ ਤੋਂ ਇੰਜੀਨੀਅਰਾਂ ਨੇ ਆ ਕੇ ਪ੍ਰੋਗਰਾਮਾਂ ਨੂੰ ਚਾਲੂ ਕਰਨ ਵਾਲਾ ਆਖ਼ਰੀ ਕੰਮ ਕਰਨਾ ਹੈ। ਉਹ ਕਹਿੰਦੇ ਹਨ, ‘‘ਕੋਈ ਨਾ, ਚਾਲੂ ਹਾਲਤ ਵਿਚ ਮਗਰੋਂ ਵੇਖ ਲਵਾਂਗੇ, ਸਾਨੂੰ ਝਲਕ ਹੀ ਵਿਖਾ ਦਿਉ।’’ ਮੈਂ ਉਨ੍ਹਾਂ ਦੀ ਮੰਗ ਮੰਨ ਲੈਂਦਾ ਹਾਂ।
Ucha Dar Babe Nanak Da
ਸਾਰਾ ਕੁੱਝ ਵੇਖਣ ਮਗਰੋਂ ਉਹ ਮੈਨੂੰ ਦਫ਼ਤਰ ਵਿਚ ਆ ਮਿਲਦੇ ਹਨ ਤੇ ਝਲਕ ਵੇਖ ਕੇ ਹੀ ਏਨੀ ਖ਼ੁਸ਼ੀ ਪ੍ਰਗਟ ਕਰਦੇ ਹਨ ਜਿਵੇਂ ਉਨ੍ਹਾਂ ਨੇ ਜੰਨਤ ਵੇਖ ਲਈ ਹੋਵੇ। ਬਹੁਤ ਤਾਰੀਫ਼ਾਂ ਕਰਦੇ ਹਨ ਤੇ ਵਾਰ ਵਾਰ ਅਪਣੀ ਖ਼ੁਸ਼ੀ ਪ੍ਰਗਟ ਕਰਨ ਲਈ ਮੇਰੇ ਗੋਡੀਂ ਹੱਥ ਲਾਉਣ ਦੀ ਕੋਸ਼ਿਸ ਕਰਦੇ ਹਨ। ਉਹ ਵਾਰ ਵਾਰ ਪੁਛਦੇ ਹਨ, ‘‘ਹੁਣ ਤਾਂ ਚਾਲੂ ਕਰ ਹੀ ਦਿਉਗੇ ਨਾ? ਸੱਭ ਦਾ ਮਨ ਖ਼ੁਸ਼ ਹੋ ਜਾਵੇਗਾ। ਹੁਣ ਤਾਂ ਕੋਈ ਕਸਰ ਨਹੀਂ ਰਹੀ?’’ਮੈਂ ਉਨ੍ਹਾਂ ਨੂੰ ਹੌਸਲਾ ਦੇਂਦਾ ਹਾਂ ਕਿ ਹਾਂ ਹੁਣ ਚਾਲੂ ਕਰਨ ਦੀ ਮਿਤੀ ਛੇਤੀ ਹੀ ਅਖ਼ਬਾਰ ਵਿਚ ਲਿਖ ਦਿਆਂਗੇ। ਪਰ ਫਿਰ ਅੰਦਰੋਂ ਬੇਚੈਨ ਵੀ ਹੋ ਜਾਂਦਾ ਹਾਂ। ਸਰਕਾਰ ਨੇ ‘ਉੱਚਾ ਦਰ’ ਨੂੰ ਸ਼ੁਰੂ ਕਰਨ ਸਬੰਧੀ ਕੁੱਝ ਸ਼ਰਤਾਂ ਲਗਾ ਦਿਤੀਆਂ ਹਨ ਕਿ ਇਥੇ ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਆਉਣਾ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ, ਸਿਹਤ, ਸੁਵਿਧਾਵਾਂ ਆਦਿ ਦੇ 12 ਕੰਮਾਂ ਦਾ ਪ੍ਰਬੰਧ ਪਹਿਲਾਂ ਕੀਤਾ ਜਾਏ ਤੇ ਉਹ ਕੰਮ ਵਿਖਾ ਕੇ 4 ਸਰਕਾਰੀ ਮਹਿਕਮਿਆਂ ਤੋਂ ਪ੍ਰਵਾਨਗੀ ਲਈ ਜਾਵੇ। ਸਰਕਾਰ ਦਾ ਲਿਖਤੀ ਹੁਕਮ ਹੈ ਕਿ ‘‘ਪ੍ਰਵਾਨਗੀ ਮਿਲਣ ਤੋਂ ਪਹਿਲਾਂ ਤੁਸੀ ਇਸ ਨੂੰ ਚਾਲੂ ਨਹੀਂ ਕਰ ਸਕਦੇ।’’
Ucha dar Babe nanak Da
ਹਿਸਾਬ ਲਗਵਾਇਆ ਗਿਆ ਕਿ ਹੁਣ ਪ੍ਰਵਾਨਗੀ ਲੈਣ ਵਾਲੇ ਕੰਮਾਂ ਤੇ ਖ਼ਰਚ ਕਿੰਨਾ ਆਵੇਗਾ? ਸਸਤਾ ਰਾਹ ਵੀ ਫੜਿਆ ਜਾਏ ਤਾਂ ਤਿੰਨ ਕਰੋੜ ਰੁਪਿਆ ਲੱਗ ਜਾਏਗਾ। ਪੈਸੇ ਹੋਣ ਤਾਂ ਕੰਮ ਤਾਂ ਇਕ ਮਹੀਨੇ ਵਿਚ ਹੋ ਜਾਏਗਾ ਪਰ ਸਾਡੇ ਕੋਲੋਂ ਤਾਂ 100 ਕਰੋੜ ਦਾ ਸਫ਼ਰ ਵੀ ਬਹੁਤ ਔਖਾ ਹੋ ਕੇ ਅੱਠ ਸਾਲਾਂ ਵਿਚ ਤੈਅ ਹੋ ਸਕਿਆ ਹੈ। ਵਿਚੋਂ ਕਰਜ਼ਦਾਰਾਂ ਦਾ ਕਰਜ਼ਾ ਵੀ 50 ਕਰੋੜ ਤਕ ਵਾਪਸ ਕੀਤਾ ਹੈ ਤੇ ਏਨਾ ਵੱਡਾ ‘ਉੱਚਾ ਦਰ’ ਵੀ ਉਸ ਮਾਲਕ ਦੀ ਮਿਹਰ ਸਦਕਾ, ਬਣਾ ਦਿਤਾ ਹੈ। ਰੋਜ਼ਾਨਾ ਸਪੋਕਸਮੈਨ ਨੂੰ ਨਿਚੋੜ ਨਿਚੋੜ ਕੇ (ਬੀਬੀ ਜਗਜੀਤ ਕੌਰ ਦੀ ਮਿਹਰਬਾਨੀ ਸਦਕਾ) ਪੈਸਾ ਕਢਿਆ, ਅਖ਼ਬਾਰ ਦਾ ਵਿਕਾਸ ਰੋਕ ਲਿਆ ਪਰ ‘ਉੱਚਾ ਦਰ’ ਦਾ ਕੰਮ ਇਕ ਦਿਨ ਨਹੀਂ ਰੁਕਣ ਦਿਤਾ ਭਾਵੇਂ ਪੈਸਿਆਂ ਦੀ ਕਮੀ ਕਾਰਨ ਢੇਂਚੂ ਢੇਂਚੂ ਕਰ ਕੇ ਹੀ ਚਲਦਾ ਰਿਹਾ।
Joginder Singh With Others
ਮੈਂ ਸਾਥੀਆਂ ਨੂੰ ਅਰਥਾਤ ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਨੂੰ ਕਿਹਾ, ‘‘ਸਾਰੇ 10-10 ਲੱਖ ਰੁਪਏ ਦਾ ਪ੍ਰਬੰਧ ਕਰ ਦਿਉ, ਇਕ ਕਰੋੜ ਹੋਰ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਮੈਂ ਲੈਂਦਾ ਹਾਂ। ਸੱਭ ਨੇ ਹੱਥ ਖੜੇ ਕਰ ਦਿਤੇ ਕਿ ਕੁੱਝ ਨਹੀਂ ਕਰ ਸਕਦੇ। ਮੈਂ ਤਾਂ ਹੱਥ ਨਹੀਂ ਨਾ ਖੜੇ ਕਰ ਸਕਦਾ। ਕੁੱਝ ਅਮੀਰ ਮਿਤਰਾਂ ਦੇ ਦਰ ਵੀ ਖਟਖਟਾਏ। 100 ਕਰੋੜ ਦਾ ਅਜੂਬਾ ਬੜੀ ਮਿਹਨਤ ਨਾਲ ਤਿਆਰ ਤਾਂ ਕਰ ਲਿਆ ਹੈ ਤੇ ਹੁਣ 2-3 ਕਰੋੜ ਲਈ ਰੁਕਿਆ ਰਹੇਗਾ? ਰੁਕ ਗਿਆ ਤਾਂ ਹੋਰ ਖ਼ਰਚਾ ਵੱਧ ਜਾਏਗਾ ਤੇ ਹੋਰ ਕਈ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ। ‘ਉੱਚਾ ਦਰ’ ਦੇ ਪ੍ਰੇਮੀਆਂ ਨੂੰ ਨਿਰਾਸ਼ਾ ਵਖਰੀ ਹੋਵੇਗੀ। ਪਰ ਮੇਰੀ ਦਲੀਲ ਦਾ ਕਿਸੇ ਉਤੇ ਕੋਈ ਅਸਰ ਨਾ ਹੋਇਆ - ਉਨ੍ਹਾਂ ਤੇ ਵੀ ਨਾ ਹੋਇਆ ਜਿਨ੍ਹਾਂ ਬਾਰੇ ਮੈਨੂੰ ਪਤਾ ਹੈ, ਉਹ ਇਕੱਲੇ ਇਕੱਲੇ ਵੀ, ਸਰਕਾਰੀ ਸ਼ਰਤਾਂ ਪੂਰੀਆਂ ਕਰਨ ਜੋਗੇ ਪੈਸੇ ਦਾ ਪ੍ਰਬੰਧ ਕਰ ਸਕਦੇ ਹਨ ਤੇ 10 ਲੱਖ ਤਾਂ ਕੋਈ ਚੀਜ਼ ਹੀ ਨਹੀਂ ਉਨ੍ਹਾਂ ਵਾਸਤੇ।
ਕਈ ਦਿਨ ਪ੍ਰੇਸ਼ਾਨ ਰਿਹਾ। ਸੱਭ ਪਾਸੇ ਹੱਥ ਮਾਰ ਵੇਖੇ। ਬਹੁਤੇ ਤਾਂ ਪਿਛਲੇ ‘ਉਧਾਰ’ ਦੀ ਵਾਪਸੀ ਦੀ ਗੱਲ ਹੀ ਕਰਨ ਲੱਗ ਜਾਂਦੇ। ਮੈਂ ਵੇਖਿਆ, ਕਿਸੇ ਨੂੰ ਵੀ ਇਸ ਗੱਲ ਦਾ ਫ਼ਖ਼ਰ ਨਹੀਂ ਕਿ ਇਕ ਅਸੰਭਵ ਜਿਹਾ ਕੰਮ ਰੋਜ਼ਾਨਾ ਸਪੋਕਸਮੈਨ ਨੇ ਉਸ ਵੇਲੇ ਕਰ ਵਿਖਾਇਆ ਹੈ ਜਦ ਸਰਕਾਰ ਇਸ ਅਖ਼ਬਾਰ ਨੂੰ ਹੀ ਬੰਦ ਕਰਵਾਉਣ ਦੀ ਸਹੁੰ ਖਾਈ ਬੈਠੀ ਸੀ ਤੇ ‘ਪੁਜਾਰੀਵਾਦ’, ਸਪੋਕਸਮੈਨ ਨੂੰ ਨਿਗਲਣ ਲਈ ਮੂੰਹ ਅੱਡੀ ਖੜਾ ਸੀ। ਸਿੱਖਾਂ ਨੇ ਅਪਣੀ ਮਿਹਨਤ ਨਾਲ, ਪੈਸਾ ਪੈਸਾ ਆਨਾ ਆਨਾ ਪਾ ਕੇ ਅੱਜ ਤਕ ਕੋਈ ਸੰਸਥਾ ਨਹੀਂ ਬਣਾਈ ਜਿਸ ਨੂੰ ਵੇਖਣ ਲਈ ਤੇ ਉਸ ਕੋਲੋਂ ਦੁਨੀਆਂ ਦੇ ਸੱਭ ਤੋਂ ਨਵੇਂ ਧਰਮ ਬਾਰੇ ਗਿਆਨ ਲੈਣ ਲਈ, ਸੰਸਾਰ ਭਰ ਤੋਂ ਲੋਕ ਆਏ ਹੋਣ ਤੇ ਜਿਥੋਂ ਤਸੱਲੀ ਕਰਵਾ ਕੇ ਉਨ੍ਹਾਂ ਨੂੰ ਭੇਜਿਆ ਗਿਆ ਹੋਵੇ। ਪਹਿਲੀ ਵਾਰ ‘ਉੱਚਾ ਦਰ ਬਾਬੇ ਨਾਨਕ ਦਾ’ ਇਹ ਸੇਵਾ ਕਰਨ ਲਈ ਨਿਸ਼ਚਾ ਧਾਰ ਕੇ ਮੈਦਾਨ ਵਿਚ ਉਤਰਿਆ ਹੈ। ਇਸ ਮਾਮਲੇ ਵਿਚ ਵੀ ਇਹ ਪਹਿਲੀ ਸੰਸਥਾ ਹੋਵੇਗੀ ਜਿਸ ਦਾ ਸੌ ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਲਈ ਰਾਖਵਾਂ ਕਰ ਦਿਤਾ ਗਿਆ ਹੈ ਤੇ ਇਸ ਨੂੰ ਬਣਾਉਣ ਵਾਲੇ ਇਸ ’ਚੋਂ ਇਕ ਪੈਸਾ ਵੀ ਨਹੀਂ ਲੈਣਗੇ, ਨਾ ਉਹ ਇਸ ਦੇ ‘ਮਾਲਕ’ ਹੋਣ ਦਾ ਦਾਅਵਾ ਹੀ ਕਰਨਗੇ। ਫਿਰ ਜੇ ਆਮ ਸ਼ਰਧਾਵਾਨ ਪਾਠਕਾਂ ਨੂੰ ਹੀ ਆਖੀਏ ਕਿ ਪਹਿਲਾਂ ਵੀ ਪੈਸੇ ਵਾਲਿਆਂ ਨੇ ਏਧਰ ਚਰਨ ਨਹੀਂ ਸੀ ਪਾਏ (ਕਿਸੇ ਅਮੀਰ, ਵਜ਼ੀਰ, ਸਰਕਾਰ ਜਾਂ ਸੰਸਥਾ ਨੇ ਇਸ ਦੀ ਉਸਾਰੀ ਵਿਚ ਕੋਈ ਹਿੱਸਾ ਨਹੀਂ ਪਾਇਆ) ਤੇ ਹੁਣ ਵੀ ਨਹੀਂ ਪਾਉਣਗੇ ਤੇ ਹੁਣ ਜਦ ਇਹ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤਾਂ ਕੀ ਭਾਈ ਲਾਲੋਆਂ ਤਕ ਹੀ ਇਕ ਵਾਰ ਫਿਰ, ਆਖ਼ਰੀ ਵਾਰ, ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਸ਼ਰਤਾਂ ਪੂਰੀਆਂ ਕਰਨ ਲਈ ਪਹੁੰਚ ਕੀਤੀ ਜਾਏ?
ਮੈਂ ਅਪਣੇ ਬਾਰੇ ਦਸ ਦਿਆਂ, ਮੈਂ ਅਖ਼ਬਾਰ ਅਤੇ ‘ਉੱਚਾ ਦਰ’ ਦੇਣ ਲਈ ਅਪਣਾ ਸੱਭ ਕੁੱਝ ਪਹਿਲਾਂ ਹੀ ਅਰਪਣ ਕਰ ਚੁੱਕਾ ਹਾਂ। ਮੇਰੇ ਕੋਲ ਇਕ ਰੁਪਏ ਦੀ ਵੀ ਜ਼ਮੀਨ, ਜਾਇਦਾਦ ਨਹੀਂ ਤੇ ਕੋਈ ਬੈਂਕ ਬੈਲੈਂਸ ਵੀ ਨਹੀਂ, ਕਿਰਾਏ ਦੇ ਮਕਾਨ ਵਿਚ ਰਹਿੰਦਾ ਹਾਂ। ਪਾਠਕਾਂ ਵਿਚੋਂ ਦੋ ਚਾਰ ਸੌ ਵੀ ਨਿਠ ਕੇ ਹਿੰਮਤ ਕਰਨ (ਮੇਰੇ ਲਈ ਨਹੀਂ, ਬਾਬੇ ਨਾਨਕ ਦੇ ਦਰ ਲਈ) ਤਾਂ ਇਕ ਮਹੀਨੇ ਵਿਚ ਸਰਕਾਰ ਤੋਂ ਪ੍ਰਵਾਨਗੀ ਲੈਣ ਦੇ ਕਾਬਲ ਬਣ ਸਕਦੇ ਹਾਂ। ਹੁਣ ਤਾਂ ਉੱਚਾ ਦਰ ਤਿਆਰ ਵੀ ਹੋ ਚੁੱਕਾ ਹੈ ਤੇ ਇਹ ਸੋਚਣ ਦੀ ਲੋੜ ਨਹੀਂ ਕਿ ਪਤਾ ਨਹੀਂ ਕਦੋਂ ਚਾਲੂ ਹੋਵੇਗਾ? ਹੁਣ ਤਾਂ ਤਿਆਰ ਹੋਣ ਲਈ ਸਾਹਮਣੇ ਖੜਾ ਹੈ। ਕੋਈ ਵੀ ਆ ਕੇ ਵੇਖ ਸਕਦਾ ਹੈ। ਬਸ ਸਰਕਾਰੀ ਪ੍ਰਵਾਨਗੀ ਲੈਣ ਲਈ ਕੁੱਝ ਕੰਮ ਕਰਨੇ ਬਾਕੀ ਹਨ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਖ਼ਰੀ ਵਾਰ ਭਾਈ ਲਾਲੋਆਂ ਦੀ ਮਦਦ ਚਾਹੀਦੀ ਹੈ। ਕਿੰਨੇ ਕੁ ਨਿਤਰਨਗੇ?
ਮੈਨੂੰ ਪਤਾ ਹੈ, ਧਰਮ ਦੇ ਨਾਂ ਤੇ ਸਿੱਖ ਸੱਭ ਤੋਂ ਵੱਧ ਪੈਸਾ ਖ਼ਰਚ ਕਰਦੇ ਹਨ ਪਰ ਸਾਰਾ ਪੈਸਾ ਉਥੇ ਹੀ ਦੇਂਦੇ ਹਨ ਜਿਥੇ ਧਰਮ ਦੇ ਨਾਂ ਤੇ ਪੈਸਾ ਹਜ਼ਮ ਕਰਨ ਵਾਲੇ ਲੂੰਬੜ ਬੈਠੇ ਹੋਣ। ਜਿਥੇ ਕੋਈ ਈਮਾਨਦਾਰੀ ਨਾਲ ਭੇਖ ਰਚਾਏ ਬਿਨਾਂ, ਕੌਮ ਲਈ ਵੱਡਾ ਕੰਮ ਕਰਨਾ ਚਾਹੇ, ਉਥੇ ਸਿੱਖਾਂ ਦਾ ਹੱਥ ਤੰਗ ਹੀ ਰਹਿੰਦਾ ਹੈ। 1950 ਵਿਚ ਅਕਾਲੀ ਦਲ ਨੇ ਸਿੱਖਾਂ ਦਾ ਅੰਗਰੇਜ਼ੀ ਅਖ਼ਬਾਰ ਕੱਢਣ ਲਈ 50 ਲੱਖ ਮੰਗੇ ਸੀ।
ਸਿੱਖਾਂ ਨੇ ਸਾਢੇ 7 ਲੱਖ ਤੋਂ ਵੱਧ ਨਾ ਦਿਤੇ। ਭਗਤ ਪੂਰਨ ਸਿੰਘ ਦਾ ਹਾਲ ਮੈਂ ਵੇਖਿਆ ਹੋਇਆ ਹੈ। ਜੀਊਂਦੇ ਜੀਅ, ਉਸ ਨੂੰ ਸਿੱਖ ਏਨਾ ਵੀ ਨਹੀਂ ਸਨ ਦੇਂਦੇ ਜਿਸ ਨਾਲ ਉਹ ਖ਼ਰਚਾ ਵੀ ਪੂਰਾ ਕਰ ਸਕਣ। ਮੈਨੂੰ ਦਸਿਆ ਗਿਆ ਹੈ ਕਿ ਹੁਣ ਏਨਾ ਪੈਸਾ ਲੋਕ ਭੇਜਦੇ ਹਨ ਕਿ ਪ੍ਰਬੰਧਕ ਆਪ ਕਹਿੰਦੇ ਹਨ, ‘‘ਹੋਰ ਪੈਸੇ ਦੀ ਲੋੜ ਨਹੀਂ, ਵਾਲੰਟੀਅਰਾਂ ਦੀ ਲੋੜ ਹੈ।’’ ਹੁਣ ਉਨ੍ਹਾਂ ਨੂੰ ਵਾਲੰਟੀਅਰ ਨਹੀਂ ਮਿਲਦੇ। ਰੋਜ਼ਾਨਾ ਸਪੋਕਸਮੈਨ ਵੀ ਤਾਂ ਪਹਿਲਾ ਅਖ਼ਬਾਰ ਹੈ ਜਿਸ ਨੇ ਬਾਕੀ ਸਾਰੇ ਅਖ਼ਬਾਰਾਂ ਨਾਲੋਂ ਉਲਟ ਚੱਲ ਕੇ, ਆਪ ਅਪਣਾ ਕੁੱਝ ਨਹੀਂ ਬਣਾਇਆ ਪਰ ਉਹ ਕੁੱਝ ਬਣਾ ਕੇ ਵਿਖਾ ਦਿਤਾ ਹੈ ਜਿਸ ਨੂੰ ‘ਅਸੰਭਵ’ ਮੰਨਿਆ ਜਾਂਦਾ ਸੀ। ਇਸ ਦੇ ਪਾਠਕ ਵੀ ਆਖ਼ਰੀ ਹਮਲੇ ਵਿਚ ਕੁੱਝ ਅਜਿਹਾ ਹੀ ਕਰ ਵਿਖਾਣ ਤਾਂ ਬਾਬਾ ਨਾਨਕ ਤੁਹਾਡੇ ਸਾਰਿਆਂ ਤੇ ਬੁਹਤ ਖ਼ੁਸ਼ ਹੋਣਗੇ। 50-50 ਹਜ਼ਾਰ ਜਾਂ ਇਕ-ਇਕ ਲੱਖ, ਕੇਵਲ ਇਕ ਸਾਲ-ਦੋ ਸਾਲ ਲਈ ਦੇਣ ਵਾਲੇ 3-4 ਸੌ ਪਾਠਕ ਨਿਤਰ ਪੈਣ ਤਾਂ 2-3 ਕਰੋੜ ਕੋਈ ਵੱਡੀ ਰਕਮ ਤਾਂ ਨਹੀਂ ਰਹਿ ਜਾਂਦੀ। ਸਰਕਾਰ ਦੀਆਂ ਸ਼ਰਤਾਂ ਪੂਰੀਆਂ ਹੋ ਜਾਣਗੀਆਂ ਤੇ ਉੱਚਾ ਦਰ ਨੂੰ ਮਹੀਨੇ ਅੰਦਰ ਚਾਲੂ ਕਰਨ ਦੀ ਪ੍ਰਵਾਨਗੀ ਵੀ ਮਿਲ ਜਾਏਗੀ। ਜੋਗਿੰਦਰ ਸਿੰਘ