Nijji Diary De Panne: ਯੋਗ ਜਾਏ ਅੰਗਰੇਜ਼ੀ ਟ੍ਰਿਬਿਊਨ ਦਾ ਫ਼ੋਟੋਗਰਾਫ਼ਰ ਸੀ। ਉਸ ਨੇ ਜੂਨ ’84 ਵਿਚ ਦਰਬਾਰ ਸਾਹਿਬ ਦੀ ਬਰਬਾਦੀ ਦੀਆਂ ਤਸਵੀਰਾਂ ਵੀ ਸੱਭ ਤੋਂ..
’84 ਦੇ ਘਲੁਘਾਰਿਆਂ ਨੂੰ ਯਾਦ ਕਰਦਿਆਂ, ਅਕਸਰ ਮੈਨੂੰ ਯੋਗ ਜਾਏ ਦੀ ਯਾਦ ਆ ਜਾਂਦੀ ਹੈ। ਮੈਂ ਮਾਸਕ ‘ਪੰਜ ਪਾਣੀ’ ਦਾ ਸੰਪਾਦਕ ਸੀ ਤੇ ਯੋਗ ਜਾਏ ‘ਟਰੀਬਿਊਨ’ (ਅੰਗਰੇਜ਼ੀ) ਦਾ ਮੰਨਿਆ ਪ੍ਰਮੰਨਿਆ ਫ਼ੋਟੋਗ੍ਰਾਫ਼ਰ। ਇਹ ਉਹ ਸਮਾਂ ਸੀ ਜਦ ਅੰਗਰੇਜ਼ੀ ਟਿ੍ਰਬਿਊਨ ਵਿਚ ਕੰਮ ਕਰਦਾ ਹਰ ਬੰਦਾ, ਪੰਜਾਬੀ ਰਸਾਲਿਆਂ ਵਾਲਿਆਂ ਨੂੰ ਬਹੁਤ ਛੋਟੇ ਬੰਦੇ ਸਮਝਦਾ ਹੁੰਦਾ ਸੀ ਤੇ ਜੇ ਕਦੇ ਉਨ੍ਹਾਂ ਬਾਰੇ ਮੂੰਹ ਖੋਲ੍ਹਦਾ ਵੀ ਸੀ ਤਾਂ ਉਨ੍ਹਾਂ ਦਾ ਮਜ਼ਾਕ ਉਡਾਉਣ ਲਈ ਹੀ। ਅਜਿਹੇ ਵਿਚ ਟ੍ਰਿਬਿਊਨ ਦੇ ਰਾਸ਼ਟਰੀ ਪ੍ਰਸਿੱਧੀ ਵਾਲੇ ਫ਼ੋਟੋਗ੍ਰਾਫ਼ਰ ਯੋਗ ਜਾਏ ਅਤੇ ਟਿ੍ਰਬਿਊਨ ਦੇ ਸੀਨੀਅਰ ਪੱਤਰਕਾਰ ਪ੍ਰੇਮ ਮਹਿੰਦਰਾ ਨਾਲ ਮੇਰੀ ਦੋਸਤੀ ਕਿਵੇਂ ਪੈ ਗਈ, ਮੈਨੂੰ ਚੇਤੇ ਉਤੇ ਖ਼ੂਬ ਜ਼ੋਰ ਪਾ ਕੇ ਵੀ ਕੁੱਝ ਯਾਦ ਨਹੀਂ ਆਉਂਦਾ।
ਬਸ ਏਨਾ ਹੀ ਯਾਦ ਆਉਂਦਾ ਹੈ ਕਿ ਯੋਗ ਜਾਏ ਹਫ਼ਤੇ ਵਿਚ ਇਕ ਦਿਨ ਮੇਰੇ ਕੋਲ ਜ਼ਰੂਰ ਆ ਜਾਂਦਾ ਤੇ ਬੜੀਆਂ ਗਹਿਰ ਗੰਭੀਰ ਗੱਲਾਂ ਕਰਦਾ ਹੁੰਦਾ ਸੀ। ਉਹ ਮੈਨੂੰ ਫ਼ੋਟੋਗ੍ਰਾਫ਼ਰ ਨਾਲੋਂ ਜ਼ਿਆਦਾ ਇਕ ‘ਸਕਾਲਰ’ ਲਗਦਾ ਸੀ ਜੋ ਸੋਚਾਂ ਵਿਚ ਤਾਰਿਆਂ ਤੋਂ ਕਿਤੇ ਉਪਰ ਘੁੰਮਦਾ ਰਹਿੰਦਾ ਸੀ। ਮੈਨੂੰ ਦੂਜਿਆਂ ਕੋਲੋਂ ਇਹ ਸੁਣ ਕੇ ਵੀ ਖ਼ੁਸ਼ੀ ਹੁੰਦੀ ਕਿ ‘ਟ੍ਰਿਬਿਊਨ’ ਦੇ ਇਹ ਦੋਵੇਂ ਸੀਨੀਅਰ ਪੱਤਰਕਾਰ, ਮੇਰੀ ਪਿੱਠ ਪਿੱਛੇ, ਮੇਰੀ ਬਹੁਤ ਤਾਰੀਫ਼ ਕਰਿਆ ਕਰਦੇ ਸਨ। ਸ਼ਾਇਦ ਮੇਰੇ ਬਾਰੇ ਇਹ ਚਰਚਾ ਚਲ ਪਈ ਸੀ ਕਿ ਮੈਂ ਬੇਬਾਕੀ ਨਾਲ ਸੱਚ ਬੋਲਦਾ ਹੀ ਨਹੀਂ ਸਗੋਂ ਸੁਣਦਾ ਵੀ ਹਾਂ। ਯੋਗ ਜਾਏ ਵੀ ਬਹੁਤ ਸਾਰੇ ਸੱਚ ਮੈਨੂੰ ਸੁਣਾ ਜਾਂਦਾ ਸੀ ਤੇ ਬਹੁਤ ਸਾਰੇ ਸੱਚ ਮੇਰੇ ਕੋਲੋਂ ਸੁਣ ਕੇ ਉਠਦਾ ਸੀ ਤੇ ਅਕਸਰ ਕਿਹਾ ਕਰਦਾ ਸੀ, ‘‘ਬੜਾ ਅਨੰਦ ਆਉਂਦੈ, ਤੁਹਾਡੇ ਨਾਲ ਗੱਲ ਕਰ ਕੇ। ਅੱਜ ਦਾ ਦਿਨ ਸਫ਼ਲ ਹੋਇਆ। ਫਿਰ ਮਿਲਾਂਗੇ।’’
ਚਾਹ ਪਾਣੀ ਘੱਟ ਹੀ ਕਦੇ ਪੀਂਦਾ ਸੀ।
ਹਰ ਵੇਲੇ ਰੱਜਿਆ ਰੱਜਿਆ ਲਗਦਾ ਸੀ। ਉਸ ਦੇ ਨਾਂ ਤੋਂ ਅੰਦਾਜ਼ਾ ਲਗਾਣਾ ਔਖਾ ਸੀ ਕਿ ਉਹ ਹਿੰਦੂ ਸੀ ਜਾਂ ਈਸਾਈ। ਪਰ ਮੈਂ ਉਸ ਨੂੰ ਕਦੇ ਉਸ ਦੇ ਧਰਮ ਬਾਰੇ ਪੁਛਿਆ ਵੀ ਨਾ ਕਿਉਂਕਿ ਹਰ ਵਾਰ ਗੱਲ ਕਰਨ ’ਤੇ ਇਹੀ ਮਹਿਸੂਸ ਹੁੰਦਾ ਸੀ ਕਿ ਉਹ ਸਚਮੁਚ ਇਕ ਵਧੀਆ ਇਨਸਾਨ ਸੀ¸ਹੋਰ ਉਸ ਬਾਰੇ ਜਾਣਨ ਦੀ ਲੋੜ ਵੀ ਕੀ ਸੀ? ਹਿੰਦੁਸਤਾਨ ਦਾ ਸ਼ਾਇਦ ਹੀ ਕੋਈ ਵੱਡਾ ਆਗੂ ਜਾਂ ਪ੍ਰਸਿੱਧ ਹਸਤੀ ਅਜਿਹੀ ਹੋਵੇ ਜਿਸ ਨਾਲ ਉਸ ਦੀ ਗੂੜ੍ਹੀ ਦੋਸਤੀ ਨਾ ਹੋਵੇ। ਮੇਰੀ ਤਾਂ ਉਸ ਦੇ ਵੱਡੇ ਦੋਸਤਾਂ ਸਾਹਮਣੇ ਹਸਤੀ ਹੀ ਕੋਈ ਨਹੀਂ ਸੀ। ਮੈਂ ਤਾਂ ਪੱਤਰਕਾਰੀ ਵਿਚ ਵੀ ਹਾਲੇ ‘ਨਵਾਂ ਘੁਸਪੈਠੀਆ’ ਹੀ ਮੰਨਿਆ ਜਾਂਦਾ ਸੀ। ਸੱਭ ਤੋਂ ਵੱਧ ਜ਼ਿਕਰ ਉਹ ਆਚਾਰੀਆ ਰਜਨੀਸ਼ ‘ਓਸ਼ੋ’ ਦਾ ਕਰਿਆ ਕਰਦਾ ਸੀ। ਅਖ਼ਬਾਰਾਂ ਵਿਚ ਓਸ਼ੋ ਦਾ ਇਕ ਬਿਆਨ ਛਪਿਆ ਕਿ ‘‘ਸਿੱਖ ਅਗਰ ਖ਼ਾਲਿਸਤਾਨ ਮੰਗਦੇ ਹਨ ਤਾਂ ਦੇ ਦਿਉ ਉਨ੍ਹਾਂ ਨੂੰ। ਕੀ ਬੁਰਾਈ ਹੈ ਇਸ ਵਿਚ? ਸਿੱਖਾਂ ਨੇ ਦੇਸ਼ ਲਈ ਜੋ ਕੁੱਝ ਕੀਤਾ ਹੈ ਉਸ ਬਦਲੇ ਜੇ ਉਨ੍ਹਾਂ ਨੇ ਖ਼ਾਲਿਸਤਾਨ ਮੰਗ ਲਿਆ ਤਾਂ ਕਿਹੜੀ ਆਫ਼ਤ ਆ ਗਈ? ਰੋ ਕੇ ਪਾਕਿਸਤਾਨ ਵੀ ਦਿਤਾ ਹੀ ਜੇ। ਹੱਸ ਕੇ ਖ਼ਾਲਿਸਤਾਨ ਵੀ ਦੇ ਦਿਉ। ਫ਼ਾਇਦੇ ਵਿਚ ਹਿੰਦੁਸਤਾਨ ਹੀ ਰਹੇਗਾ।’’
ਓਸ਼ੋ ਦਾ ਇਹ ਬਿਆਨ ਛਪਣ ਦੀ ਦੇਰ ਸੀ ਕਿ ਖ਼ੁਫ਼ੀਆ ਏਜੰਸੀਆਂ ਹਰਕਤ ਵਿਚ ਆ ਗਈਆਂ। ਉਸ ਨੂੰ ਗਿ੍ਰਫ਼ਤਾਰ ਕਰ ਕੇ ਜੇਲ ਵਿਚ ਸੁੱਟਣ ਦੀਆਂ ਖ਼ਬਰਾਂ ਛਪਣ ਲਗੀਆਂ। ਓਸ਼ੋ ਹਿਮਾਚਲ ਵਿਚ ਕੁਫ਼ਰੀ ਤੋਂ ਉਪਰ ਛੁਪਿਆ ਬੈਠਾ ਸੀ ਤੇ ਯੋਗ ਜਾਏ ਨੂੰ ਵਾਰ-ਵਾਰ ਸੁਨੇਹੇ ਭੇਜਦਾ ਸੀ ਕਿ ਉਹ ਉਸ ਨੂੰ ਬਚਾ ਲਵੇ। ਯੋਗ ਜਾਏ ਨੇ ਕਿਹਾ ਵੀ, ‘‘ਫ਼ਿਕਰ ਨਾ ਕਰੋ, ਮੈਂ ਸੱਭ ਠੀਕ ਕਰ ਦਿਤਾ ਹੈ, ਕੋਈ ਤੁਹਾਨੂੰ ਹੱਥ ਨਹੀਂ ਲਾਵੇਗਾ। ਇਕ ਛੋਟੀ ਜਹੀ ਤਰਦੀਦ, ਅਪਣੇ ਦਸਤਖ਼ਤਾਂ ਵਾਲੀ ਭੇਜ ਦਿਉ। ਬਾਕੀ ਮੇਰੇ ’ਤੇ ਛੱਡ ਦਿਉ।’’ ਪਰ ਓਸ਼ੋ ਦਾ ਡਰਨਾ ਜਾਰੀ ਰਿਹਾ।
ਮੈਂ ਕਿਹਾ, ‘‘ਓਸ਼ੋ ਬਾਰੇ ਤਾਂ ਇਹੀ ਸੁਣਿਆ ਸੀ ਕਿ ਬਹੁਤ ਨਿਡਰ ਤੇ ਤਾਕਤਵਰ ਬੰਦਿਆਂ ’ਚੋਂ ਇਕ ਹੈ...?’’ ਯੋਗ ਜਾਏ ਹੱਸ ਕੇ ਬੋਲਿਆ, ‘‘ਯਾਰਾਂ ਦਾ ਯਾਰ ਹੈ, ਬੜਾ ਜ਼ਹੀਨ ਹੈ ਪਰ ਅਕਲਾਂ ਵਾਲੇ ਸਾਰੇ ਲੋਕਾਂ ਦੀ ਤਰ੍ਹਾਂ ਹੀ ਬੱਸ...।’’ ਅਪਣਾ ਅਧੂਰਾ ਵਾਕ ਵਿਚੋਂ ਛੱਡ ਕੇ (ਜੋ ਮੈਂ ਪੂਰਾ ਦਾ ਪੂਰਾ ਸਮਝ ਲਿਆ ਸੀ) ਉਹ ਜ਼ੋਰ ਦੀ ਹੱਸਣ ਲਗਾ। ਮੈਂ ਵੀ ਉਸ ਦੇ ਹਾਸੇ ਵਿਚ ਸ਼ਾਮਲ ਹੋ ਗਿਆ। ਬਹੁਤ ਸਾਰੀਆਂ ਗੱਲਾਂ ਹਨ ਦੱਸਣ ਵਾਲੀਆਂ ਪਰ ਫਿਰ ਕਦੇ ਸਹੀ। ਮੈਂ ਗੱਲ ਇਹ ਕਹਿ ਕੇ ਸ਼ੁਰੂ ਕੀਤੀ ਸੀ ਕਿ ’84 ਦੇ ਘਲੂਘਾਰਿਆਂ ਨੂੰ ਯਾਦ ਕਰ ਕੇ, ਯੋਗ ਜਾਏ ਦੀ ਯਾਦ ਆ ਗਈ। ਯੋਗ ਜਾਏ, ਬਲੂ-ਸਟਾਰ ਆਪ੍ਰੇਸ਼ਨ ਮਗਰੋਂ ਅੰਮ੍ਰਿਤਸਰ ਜਾ ਕੇ ਤਸਵੀਰਾਂ ਲੈਣ ਵਾਲਾ ਪਹਿਲਾ ਫ਼ੋਟੋਗ੍ਰਾਫ਼ਰ ਸੀ। ਉਸ ਨੇ ਉਥੇ ਬਹੁਤ ਕੁੱਝ ਵੇਖਿਆ ਤੇ ਫ਼ੌਜੀਆਂ ਦੇ ਰੋਕਣ ਦੇ ਬਾਵਜੂਦ, ਬਹੁਤ ਸਾਰੀਆਂ ਤਸਵੀਰਾਂ ਵੀ ਖਿੱਚ ਲਈਆਂ। ਉਹ ਵੀ ਤਬਾਹੀ ਨੂੰ ਵੇਖ ਕੇ ਏਨਾ ਹੀ ਦੁਖੀ ਲਗਦਾ ਸੀ ਜਿੰਨਾ ਮੈਂ। ਉਸ ਨੇ ਦਸਿਆ ਤਾਂ ਬਹੁਤ ਕੁੱਝ ਪਰ ਤਸਵੀਰਾਂ ਨਾਲ ਨਾ ਲਿਆਂਦੀਆਂ। ਮੈਂ ਇਸਰਾਰ ਕੀਤਾ ਕਿ ਮੈਂ ਤਸਵੀਰਾਂ ਜ਼ਰੂਰ ਵੇਖਣੀਆਂ ਹਨ। ਕਹਿਣ ਲੱਗਾ, ‘‘ਤੁਸੀ ਮੇਰੇ ਘਰ ਕਦੇ ਨਹੀਂ ਆਏ। ਪਰ ਜੇ ਤਸਵੀਰਾਂ ਵੇਖਣੀਆਂ ਜੇ ਤਾਂ ਮੇਰੇ ਘਰ ਆਉਣਾ ਪਵੇਗਾ।’’
ਮੈਂ ਉਸ ਦੇ ਘਰ ਚਲਾ ਗਿਆ। ਉਸ ਨੇ ਕੁੱਝ ਤਸਵੀਰਾਂ ਤਾਂ ਵਿਖਾ ਦਿਤੀਆਂ ਪਰ ਕੁੱਝ ਹੋਰ ਤਸਵੀਰਾਂ ਵਿਖਾਣ ਲਈ ਉਹ ਮੈਨੂੰ ‘ਡਾਰਕ ਰੂਮ’ ਵਿਚ ਲੈ ਗਿਆ ਤੇ ਇਸ ਤਰ੍ਹਾਂ ਵਿਖਾਈਆਂ ਜਿਵੇਂ ਕਿਸੇ ਵੱਡੇ ਰਾਜ਼ ਤੋਂ ਪਰਦਾ ਹੌਲੀ ਹੌਲੀ ਚੁੱਕੀਦਾ ਹੈ। ਇਨ੍ਹਾਂ ਵਿਚ ਦਰਬਾਰ ਸਾਹਿਬ ਅੰਦਰ ਬੂਟ ਪਾਈ ਫ਼ੌਜੀ ਘੁੰਮ ਰਹੇ ਸਨ, ਸਿਗਰਟਾਂ ਵੀ ਪੀ ਰਹੇ ਸਨ ਤੇ ਧੂੰਆਂ ਜਾਣ ਕੇ ਦਰਬਾਰ ਸਾਹਿਬ ਵਲ ਸੁਟ ਰਹੇ ਸਨ। ਪਰ ਇਨ੍ਹਾਂ ਵਿਚ ਸੱਭ ਤੋਂ ਜ਼ਿਆਦਾ ਮਨ ਨੂੰ ਟੁੰਬ ਦੇਣ ਵਾਲੀ ਫ਼ੋਟੋ ਉਹ ਸੀ ਜਿਸ ਵਿਚ ਸੱਤੀ ਸਵੇਰੇ, ਜਦ ਦਰਬਾਰ ਸਾਹਿਬ ਅੰਦਰ ਜਾਣ ਦੀ ਪੂਰੀ ਮਨਾਹੀ ਸੀ, ਇਕ ਬੀਬੀ, ਫ਼ੌਜੀਆਂ ਤੋਂ ਛਿਪਦੀ ਛੁਪਾਂਦੀ, ਬਾਹਰਲੇ ਵੱਡੇ ਦਰਵਾਜ਼ੇ ਕੋਲ ਪਹੁੰਚ ਗਈ ਸੀ। ਗੇਟ ਬੰਦ ਸੀ ਤੇ ਬੀਬੀ ਉਸ ਦੀਆਂ ਝੀਤਾਂ ਵਿਚੋਂ, ਬੜੀ ਔਖੀ ਹੋ ਕੇ, ਦਰਬਾਰ ਸਾਹਿਬ ਦੀ ਇਮਾਰਤ ਦੀ ਝਲਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੋਈ, ਰੋ ਰਹੀ ਸੀ। ਯੋਗ ਜਾਏ ਪਤਾ ਨਹੀਂ ਕਿਵੇਂ, ਇਹ ਫ਼ੋਟੋ ਲੈਣ ਵਿਚ ਕਾਮਯਾਬ ਹੋ ਗਿਆ। ਹੋਰ ਕਈ ਫ਼ੋਟੋ ਤਾਂ ਅਖ਼ਬਾਰਾਂ ਵਿਚ ਛਪੀਆਂ ਮੈਂ ਵੇਖੀਆਂ ਹਨ ਪਰ ਇਹ ਫ਼ੋਟੋ ਅਜੇ ਤਕ ਛਪੀ ਹੋਈ ਨਹੀਂ ਵੇਖੀ।
ਮੈਂ ਯੋਗ ਜਾਏ ਨੂੰ ਕਿਹਾ, ‘‘ਮੈਂ ਬਲੂ ਸਟਾਰ ਆਪ੍ਰੇਸ਼ਨ ਬਾਰੇ ਇਕ ਕਿਤਾਬ ਲਿਖਾਂਗਾ। ਮੈਨੂੰ ਇਹ ਫ਼ੋਟੋ ਉਸ ਕਿਤਾਬ ਲਈ ਮਿਲ ਸਕਦੀਆਂ ਨੇ?’’
ਯੋਗ ਜਾਏ ਬੋਲਿਆ, ‘‘ਤੁਸੀ ਨਾ ਵੀ ਮੰਗਦੇ ਤਾਂ ਵੀ ਮੈਂ ਇਹ ਤੁਹਾਨੂੰ ਹੀ ਦੇਣੀਆਂ ਸਨ। ਹੋਰ ਤਾਂ ਸਾਰੇ ਵਪਾਰੀ ਹੀ ਲਗਦੇ ਨੇ। ਤੁਸੀ ਇਨ੍ਹਾਂ ਨੂੰ ਵਰਤੋਗੇ ਤਾਂ ਇਹ ਇਤਿਹਾਸ ਬਣ ਜਾਣਗੀਆਂ। ਪਰ ਅਜੇ ਨਹੀਂ, ਦੋ ਤਿੰਨ ਸਾਲ ਠਹਿਰ ਕੇ ਵਰਤਣਾ। ਅਜੇ ਫ਼ੌਜ ਝਪਟ ਪਵੇਗੀ।’’ ਪਰ ਅਫ਼ਸੋਸ! ਉਹ ਤਸਵੀਰਾਂ ਮੈਨੂੰ ਮਿਲ ਨਾ ਸਕੀਆਂ ਕਿਉਂਕਿ ਨਵੰਬਰ ’84 ਦੀਆਂ ਖ਼ਬਰਾਂ ਨੇ ਮੇਰੇ ਦਿਲ ਤੇ ਬਹੁਤ ਅਸਰ ਕੀਤਾ ਤੇ ਮੈਨੂੰ ਦਿਲ ਦਾ ਦੌਰਾ ਪੈ ਗਿਆ ਜਿਸ ’ਚੋਂ ਮੈਂ ਮਸਾਂ ਹੀ ਬਚਿਆ ਜਦਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਇਕ ਵਾਰ ਮੇਰੇ ਘਰਦਿਆਂ ਨੂੰ ਕਹਿ ਦਿਤਾ ਸੀ, ‘‘ਬਚਣ ਦੀ ਉਮੀਦ ਬਹੁਤ ਘੱਟ ਹੈ। ਇਸ ਤੋਂ ਵੱਧ ਅਸੀ ਕੁੱਝ ਨਹੀਂ ਕਹਿ ਸਕਦੇ।’’ ਮੈਂ ਬਚ ਤਾਂ ਗਿਆ ਪਰ ਮੇਰਾ ਬਾਹਰ ਨਿਕਲਣਾ ਤੇ ਮਿਲਣਾ ਜੁਲਣਾ ਬਹੁਤ ਘੱਟ ਕਰ ਦਿਤਾ ਗਿਆ। ਫਿਰ ਯੋਗ ਜਾਏ ਵੀ ਅਚਾਨਕ ਸੰਸਾਰ ਛੱਡ ਗਿਆ ਤੇ ਮੈਨੂੰ ਪਤਾ ਵੀ ਬੜੀ ਦੇਰ ਬਾਅਦ ਲੱਗਾ।
ਜੂਨ, ’84 ਦੀ ਯਾਦ ਦੇ ਨਾਲ ਨਾਲ ਨਵੰਬਰ ’84 ਦੀ ਇਕ ਯਾਦ ਦਾ ਜ਼ਿਕਰ ਕਰਨਾ ਚਾਹਾਂਗਾ। ਯੋਗ ਜਾਏ ਸ਼ਾਇਦ 2 ਨਵੰਬਰ ਨੂੰ ਬੱਸ ਰਾਹੀਂ ਦਿੱਲੀ ਗਿਆ। ਟੈਕਸੀਆਂ, ਸਕੂਟਰ ਮਿਲਦੇ ਨਹੀਂ ਸਨ। ਸਰਦਾਰ ਡਰਾਈਵਰ ਤਾਂ ਉਂਜ ਮਾਰੇ ਜਾ ਰਹੇ ਸਨ ਜਾਂ ਛੁਪੇ ਬੈਠੇ ਸਨ। ਗ਼ੈਰ-ਸਿੱਖ ਡਰਾਈਵਰ ਆਪ ਲੁਟ ਮਾਰ ਵਿਚ ਰੁੱਝੇ ਹੋਏ ਸਨ। ਸੋ ਜਿਹੜੇੇ ਥੋੜ੍ਹੇ ਜਹੇ ਆਟੋ, ਸਵਾਰੀਆਂ ਢੋਹ ਰਹੇ ਸਨ, ਉਹ ਤਿੰਨ ਤਿੰਨ ਚਾਰ ਸਵਾਰੀਆਂ ਬਿਠਾ ਰਹੇ ਸਨ। ਯੋਗ ਜਾਏ ਨੂੰ ਵੀ ਜਿਹੜਾ ਆਟੋ ਮਿਲਿਆ, ਉਸ ਵਿਚ ਦੋ ਸਵਾਰੀਆਂ ਪਹਿਲਾਂ ਹੀ ਬੈਠੀਆਂ ਹੋਈਆਂ ਸਨ। ਰਸਤੇ ਵਿਚ ਸਾਰੀਆਂ ਸਵਾਰੀਆਂ, ਯੋਗ ਜਾਏ ਨਾਲ ਗੱਲਾਂ ਕਰਦੀਆਂ ਹੋਈਆਂ, ਸਿੱਖ ਕਤਲੇਆਮ ਦੀ ਖ਼ੂਬ ਨਿੰਦਾ ਕਰ ਰਹੀਆਂ ਸਨ ਤੇ ਸਿੱਖਾਂ ਦੀਆਂ ਦੁਕਾਨਾਂ ਲੁੱਟਣ ਨੂੰ ਡਕੈਤੀ ਕਹਿ ਰਹੀਆਂ ਸਨ। ਉਹ ਇਸ ਗੱਲ ਤੇ ਵੀ ਹੈਰਾਨ ਸਨ ਕਿ ਪੁਲਿਸ ਇਨ੍ਹਾਂ ਡਾਕੂਆਂ ਲੁਟੇਰਿਆਂ ਨੂੰ ਖੁਲ੍ਹੀ ਛੁੱਟੀ ਕਿਉਂ ਦੇ ਰਹੀ ਹੈ।
ਆਟੋ ਚਲਦਾ ਜਾ ਰਿਹਾ ਸੀ। ਚਾਰੇ ਪਾਸੇ ਅੱਗਾਂ ਲਗੀਆਂ ਹੋਈਆਂ ਸਨ ਤੇ ਤਿੰਨੇ ਸਵਾਰੀਆਂ ਇਸ ਦੀ ਨਿਖੇਧੀ ਕਰ ਰਹੀਆਂ ਸਨ। ਫਿਰ ਆਟੋ ਕਨਾਟ ਪਲੇਸ ਵਿਚ ਦਾਖ਼ਲ ਹੋਇਆ। ਉਥੇ ਸਰਦਾਰਾਂ ਦੇ ਤਿੰਨ ਵੱਡੇ ਸਟੋਰ ਲੁੱਟੇ ਜਾ ਰਹੇ ਸਨ। ਸਕੂਟਰ ਵਿਚ ਯੋਗ ਜਾਏ ਨਾਲ ਬੈਠੀਆਂ ਦੋਹਾਂ ਸਵਾਰੀਆਂ ਨੇ ਅਚਾਨਕ ਆਟੋ ਡਰਾਈਵਰ ਨੂੰ ਰੁਕਣ ਲਈ ਕਿਹਾ ਤੇ ਇਹ ਕਹਿੰਦਿਆਂ ਬਾਹਰ ਨਿਕਲ ਗਈਆਂ ਕਿ ‘‘ਸਿਰਫ਼ ਇਕ ਮਿੰਟ ਲਈ ਰੁਕੀਂ। ਅਸੀ ਹੁਣੇ ਆਏ।’’
ਦੋਵੇਂ ਸਵਾਰੀਆਂ ਕਪੜੇ ਦੇ ਦੋੋ ਦੋ ਥਾਣ ਲੁਟ ਕੇ ਵਾਪਸ ਆ ਕੇ ਆਟੋ ਰਿਕਸ਼ਾ ਵਿਚ ਬੈਠ ਗਈਆਂ। ਯੋਗ ਜਾਏ ਤੋਂ ਰਿਹਾ ਨਾ ਗਿਆ, ‘‘ਓ ਯਾਰੋ ਤੁਸੀ ਤਾਂ ਲੁਟੇਰਿਆਂ ਨੂੰ ਡਾਕੂ ਕਹਿ ਰਹੇ ਸੀ, ਤੁਸੀ ਵੀ...?’’
ਦੋਵੇਂ ਸਵਾਰੀਆਂ ਬੋਲੀਆਂ ਕੁੱਝ ਨਾ, ਬਸ ‘ਹੀਂ ਹੀਂ’ ਕਰ ਕੇ ਹੱਸ ਛਡਿਆ ਤੇ ਡਰਾਈਵਰ ਨੂੰ ਗੱਡੀ ਤੇਜ਼ ਚਲਾਉਣ ਲਈ ਹਦਾਇਤਾਂ ਦੇਣ ਲਗੀਆਂ।
ਯੋਗ ਜਾਏ ਨੇ ਮੱਥੇ ਤੇ ਹੱਥ ਮਾਰ ਕੇ ਏਨਾ ਹੀ ਕਿਹਾ, ‘‘ਅੱਜ ਅਸਲੀ ਭਾਰਤ ਦੇ ਦਰਸ਼ਨ ਕਰ ਲਏ ਨੇ। ਗੱਲਾਂ ਕਰਨ ਵੇਲੇ ਅਸੀ ਕੁੱਝ ਹੋਰ ਹੁੰਦੇ ਹਾਂ ਤੇ ਅਮਲੀ ਜੀਵਨ ਵਿਚ ਕੁੱਝ ਹੋਰ। ਰੱਬ ਬਚਾਏ ਇਸ ਦੇਸ਼ ਨੂੰ ਪਰ ਮੈਨੂੰ ਤਾਂ ਬਿਲਕੁਲ ਨਾ ਬਚਾਵੇ। ਮੈਂ ਇਸ ਦੇਸ਼ ਦੇ ਦੋਵੇਂ ਚਿਹਰੇ ਵੇਖ ਲਏ ਨੇ, ਹੋਰ ਕੁੱਝ ਵੇਖਣ ਦੀ ਚਾਹ ਨਹੀਂ ਰਹੀ।’’ (9 ਜੂਨ, 2019 ਸਪੋਕਸਮੈਨ) ਜੋਗਿੰਦਰ ਸਿੰਘ