Nijji Diary De Panne : ਰਾਜਨੀਤੀ ਵਿਚ ਭਰਿਆ ਮੇਲਾ ਛੱਡ ਕੇ ਚਲੇ ਜਾਣ ਦੀ ਕਲਾ ਕਿਸੇ ਕਿਸੇ ਨੂੰ ਹੀ ਆਉਂਦੀ ਹੈ
Published : Feb 11, 2024, 8:58 am IST
Updated : Feb 11, 2024, 9:04 am IST
SHARE ARTICLE
The art of leaving a party full of politics is known only to some  Nijji Diary De Panne news in punjabi
The art of leaving a party full of politics is known only to some Nijji Diary De Panne news in punjabi

Nijji Diary De Panne:ਰਾਜਸੀ ਯੁਗ ਦੇ ਪਹਿਲੇ ਸਿੱਖ ਆਗੂ ਮਹਾਰਾਜਾ ਰਣਜੀਤ ਸਿੰਘ ਨੇ ਹਜ਼ਾਰ ਗੁਣਾਂ ਦੇ ਬਾਵਜੂਦ, ਇਕ ਕਮਜ਼ੋਰੀ ਕਾਰਨ ਸੱਭ ਕੁੱਝ ਗਵਾ ਲਿਆ .

The art of leaving a party full of politics is known only to some  Nijji Diary De Panne news in punjabi : ਇਹ ਹਿੰਦੁਸਤਾਨ ਦੀ ਪੁਰਾਣੀ ਰਵਾਇਤ ਹੈ ਕਿ ਗੱਦੀ ਇਕ ਵਾਰ ਮਿਲ ਜਾਏ ਤਾਂ ਉਦੋਂ ਤਕ ਨਹੀਂ ਛਡਣੀ ਜਦ ਤਕ ਰੱਬ ਨਹੀਂ ਬੁਲਾ ਲੈਂਦਾ। ਇਸ ਦੌਰਾਨ ਜਨਤਾ ਲੱਖ ਰੌਲਾ ਪਾ ਲਵੇ ਤੇ ‘ਗੱਦੀ ਛੋੜ ਦੋ’ ਦੇ ਨਾਹਰੇ ਲਾਈ ਜਾਵੇ ਪਰ ਹਿੰਦੁਸਤਾਨੀ ਰਵਾਇਤ ਇਹੀ ਹੈ ਕਿ ਗੱਦੀ ਨਹੀਂ ਛਡਣੀ, ਹੋਰ ਭਾਵੇਂ ਸੱਭ ਕੁੱਝ ਹੀ ਚਲਾ ਜਾਏ।

ਸਿੱਖਾਂ ਵਿਚ ਤਾਂ ਇਹ ਰਵਾਇਤ ਏਨੀ ਮਕਬੂਲ ਹੋ ਗਈ ਹੈ ਕਿ ਲਗਦਾ ਹੈ, ਇਹ ਸਿੱਖਾਂ ਨੂੰ ਗੁੜ੍ਹਤੀ ਵਿਚ ਹੀ ਮਿਲੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਿਹਤ ਅਖ਼ੀਰ ਵਿਚ ਠੀਕ ਨਹੀਂ ਸੀ ਰਹਿੰਦੀ, ਉਸ ਨੂੰ ਸਲਾਹ ਵੀ ਦਿਤੀ ਗਈ ਕਿ ਸਿੱਖ ਸਰਦਾਰਾਂ ਦੀ ਬੈਠਕ ਬੁਲਾ ਕੇ, ਕਿਸੇ ਹੋਰ ਸਿੱਖ ਸਰਦਾਰ ਨੂੰ ਰੋਜ਼ ਦਾ ਕੰਮ-ਕਾਜ ਸੌਂਪ ਦਿਤਾ ਜਾਏ, ਭਾਵੇਂ ਸਾਰਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਨਾਂ ’ਤੇ ਹੀ ਹੁੰਦਾ ਰਹੇ। ਡੋਗਰੇ ਦਰਬਾਰੀਆਂ ਨੇ ਮਹਾਰਾਜੇ ਦੇ ਕੰਨ ਵਿਚ ਫੂਕ ਮਾਰ ਦਿਤੀ, ‘‘ਇਕ ਵਾਰ ਕੋਈ ਬਾਹਰ ਦਾ ਸਿੱਖ, ਤੁਹਾਡੀ ਬੀਮਾਰੀ ਕਾਰਨ ਰਾਜ-ਕਾਜ ਤੇ ਕਾਬਜ਼ ਹੋ ਗਿਆ ਤਾਂ ਫਿਰ ਉਸ ਨੇ ਅਗਲਾ ‘ਮਹਾਰਾਜ’ ਬਣਨ ਦਾ ਤੁਹਾਡੀ ਸੰਤਾਨ ਦਾ ਹੱਕ ਖੋਹ ਲੈਣਾ ਹੈ।’’

ਇਹ ਗੱਲ ਮਹਾਰਾਜੇ ਦੇ ਕੰਨਾਂ ਵਿਚ ਪਾ ਕੇ, ਪਹਿਲਾਂ ਵੀ ਡੋਗਰਿਆਂ ਤੇ ਮਿਸਰਾਂ ਨੇ ਕਿਸੇ ਸਿੱਖ ਸਰਦਾਰ ਨੂੰ ਮਹਾਰਾਜੇ ਦੇ ‘ਖ਼ਾਲਸਾ ਦਰਬਾਰ’ ਵਿਚ ਨਹੀਂ ਸੀ ਰਹਿਣ ਦਿਤਾ ਤਾਕਿ ਲਾਹੌਰ ਵਿਚ ਬੈਠ ਕੇ ਕੋਈ ਸਿੱਖ ਸਰਦਾਰ, ਮਹਾਰਾਜੇ ਦੀ ਸੰਤਾਨ ਦਾ ਹੱਕ ਨਾ ਮਾਰ ਲਵੇ। ਕਈ ਸਿੱਖ ਸਰਦਾਰ ਵੀ ਬੜਬੋਲੇ ਸਨ। ਉਹ ਕਹਿ ਦੇਂਦੇ ਸਨ ਕਿ ਇਹ ਸਿੱਖ ਰਾਜ ਹੈ, ਕਿਸੇ ਇਕ ਵਿਅਕਤੀ ਦਾ ਨਹੀਂ, ਇਸ ਲਈ ਸਿੱਖ ਸਰਦਾਰ ਮਿਲ ਕੇ ਫ਼ੈਸਲਾ ਕਰਨਗੇ ਕਿ ਖ਼ਾਲਸਾ ਰਾਜ ਦਾ ਅਗਲਾ ਮੁਖੀ ਕੌਣ ਹੋਵੇਗਾ। ਇਸ ਡਰ ਦੇ ਮਾਰੇ, ਰਣਜੀਤ ਸਿੰਘ ਨੀਮ-ਬੇਹੋਸ਼ੀ ਵਿਚ ਵੀ ਡੋਗਰਿਆਂ ਕੋਲੋਂ ਇਹ ਸੁਣ ਕੇ ਖ਼ੁਸ਼ ਹੋ ਜਾਂਦਾ ਰਿਹਾ ਕਿ ‘‘ਸਾਨੂੰ ਅਪਣਾ ਵਚਨ ਯਾਦ ਹੈ ਕਿ ਆਪ ਦੀ ਸੰਤਾਨ ਤੋਂ ਬਿਨਾਂ ਕਿਸੇ ਹੋਰ ਨੂੰ ਰਾਜਗੱਦੀ ਦੇ ਨੇੜੇ ਨਹੀਂ ਫਟਕਣ ਦੇਣਾ। ਅਸੀ ਅਪਣਾ ਵਚਨ ਨਿਭਾ ਕੇ ਰਹਾਂਗੇ।’’

ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪ ਆਖ਼ਰੀ ਸਾਹ ਤਕ ਨਾ ਗੱਦੀ ਛੱਡੀ, ਨਾ ਅਪਣੀ ਸੰਤਾਨ ਦਾ ਇਸ ਉਪਰ ਦਾਅਵਾ ਛਡਿਆ ਭਾਵੇਂ ਇਸ ਤਰ੍ਹਾਂ ਕਰ ਕੇ ਉਸ ਨੇ ਸਿੱਖ ਰਾਜ ਪੂਰਾ ਦਾ ਪੂਰਾ ਹੀ ਗਵਾ ਲਿਆ ਤੇ ਗ਼ਲਤ ਡੋਗਰਾ ਸਲਾਹਕਾਰਾਂ ਨੇ ਕਸ਼ਮੀਰ ਮੁਫ਼ਤ ਵਿਚ ਹਥਿਆ ਲਿਆ ਤੇ ਅੰਗਰੇਜ਼, ਸਿੱਖ ਰਾਜ ਖ਼ਤਮ ਕਰ ਕੇ, ਰਣਜੀਤ ਸਿੰਘ ਪ੍ਰਵਾਰ ਦੇ ਅਗਲੇ ‘ਮਹਾਰਾਜੇ’ ਨੂੰ ਕੋਹਿ-ਨੂਰ ਹੀਰੇ ਸਮੇਤ ਚੁੱਕ ਕੇ ਇੰਗਲੈਂਡ ਲੈ ਗਏ। ਸੰਖੇਪ ਵਿਚ, ਮਰਨ ਤੋਂ ਬਾਅਦ ਵੀ ਗੱਦੀ ਉਤੇ ਅਪਣੀ ਸੰਤਾਨ ਰਾਹੀਂ ਕਾਬਜ਼ ਰਹਿਣ ਦੀ ਇਕ ਕਮਜ਼ੋਰੀ ਕਾਰਨ, ਮਹਾਰਾਜੇ ਨੇ ਅਪਣੇ 100 ਚੰਗੇ ਗੁਣਾਂ ਦੇ ਬਾਵਜੂਦ, ਸੱਭ ਕੁੱਝ ਗਵਾ ਲਿਆ।

ਉਸ ਮਗਰੋਂ ਸਿਆਸੀ ਲੀਡਰਾਂ ਦਾ ਯੁਗ ਸ਼ੁਰੂ ਹੋਇਆ ਤਾਂ ਗੱਦੀ ’ਤੇ ਕਾਬਜ਼ ਹੋਣ ਦੀ ਲੜਾਈ, ਉਪਰ ਤੋਂ ਲੈ ਕੇ ਹੇਠਾਂ ਤਕ ਅਜਿਹੀ ਸ਼ੁਰੂ ਹੋਈ ਕਿ  ਅੱਜ ਤਕ ਪੰਥ ਦਾ ਹਰ ‘ਮਹਾਨ ਆਗੂ’, ‘ਪੰਥ ਦਾ ਗੱਦਾਰ’ ਵੀ ਜ਼ਰੂਰ ਗਰਦਾਨਿਆ ਜਾਂਦਾ ਰਿਹਾ ਹੈ। ਬਾਬਾ ਖੜਕ ਸਿੰਘ ਤੋਂ ਬਿਨਾਂ ਕੋਈ ਵੱਡਾ ਅਕਾਲੀ ਲੀਡਰ ਅਜਿਹਾ ਨਹੀਂ ਹੋਇਆ ਜਿਸ ਨੇ ਮਰਜ਼ੀ ਨਾਲ ਗੱਦੀ ਛੱਡੀ ਹੋਵੇ। ਬਾਬਾ ਖੜਕ ਸਿੰਘ ਅਪਣੇ ਵੇਲੇ ‘ਪੰਥ ਦੇ ਬਾਦਸ਼ਾਹ’ ਵੀ ਅਖਵਾਏ ਪਰ ਅੰਦਰ ਦਾ ਹਾਲ ਵੇਖ ਕੇ, ਅਖੀਰ ਆਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ਦੇ ਜ਼ਿਆਦਾ ਨੇੜੇ ਹੋ ਗਏ। ਉਹ ਇਕੋ ਇਕ ਅਕਾਲੀ ਲੀਡਰ ਹੋਏ ਹਨ ਜਿਨ੍ਹਾਂ ਦੀ ਮੌਤ ਮਗਰੋਂ ਕੇਂਦਰ ਨੇ ਦਿੱਲੀ ਵਿਚ ਕੇਂਦਰ ਨੇ ਇਕ ਸੜਕ ਦਾ ਨਾਂ ‘ਬਾਬਾ ਖੜਕ ਸਿੰਘ ਮਾਰਗ’ ਰੱਖ ਦਿਤਾ।

ਬਾਬਾ ਖੜਕ ਸਿੰਘ ਮਗਰੋਂ ਮਾ: ਤਾਰਾ ਸਿੰਘ ਨੇ ਕਮਾਨ ਸੰਭਾਲੀ ਪਰ ਉਹ ਪੰਥ ਦੇ ਹੱਕ ਵਿਚ ਬੋਲਣ ਵਾਲੇ ਬੜਬੋਲੇ ਆਗੂ ਸਨ ਜਿਨ੍ਹਾਂ ਨੂੰ ਸਿੱਖਾਂ ਨੇ ਤਾਂ ਅਪਣਾ ਵਾਹਦ ਆਗੂ ਮੰਨ ਲਿਆ ਪਰ ਮਹਾਤਮਾ ਗਾਂਧੀ ਉਨ੍ਹਾਂ ਨਾਲ ਇਸ ਕਾਰਨ ਨਾਰਾਜ਼ ਰਹੇ ਕਿ  ਫ਼ੌਜ ਵਿਚ ਸਿੱਖਾਂ ਨੂੰ ਭਰਤੀ ਹੋ ਜਾਣ ਲਈ ਕਹਿਣ ਵਾਲੇ ਉਹ ਸੱਭ ਤੋਂ ਵੱਡੇ ਆਗੂ ਬਣ ਗਏ ਤਾਂ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਟੋਕਿਆ ਕਿ ਕਾਂਗਰਸ-ਅਕਾਲੀ ਸਮਝੌਤੇ ਕਾਰਨ ਉਹ ਕਾਂਗਰਸ ਦੀਆਂ ਨੀਤੀਆਂ ਦੇ ਉਲਟ ਨਹੀਂ ਜਾ ਸਕਦੇ (ਯਾਦ ਰਹੇ, ਉਸ ਵੇਲੇ, ਸਮਝੌਤੇ ਅਧੀਨ ਕੋਈ ਵੀ ਸਿੱਖ ਅਕਾਲੀ ਦਲ ਤੇ ਕਾਂਗਰਸ, ਦੁਹਾਂ ਦਾ ਸਾਂਝਾ ਮੈਂਬਰ ਬਣ ਸਕਦਾ ਸੀ) ਮਾਸਟਰ ਜੀ ਨੇ ਜਵਾਬ ਵਿਚ ਲਿਖਿਆ ਕਿ ਕਾਂਗਰਸ ਨਾਲ ਸਮਝੌਤਾ ਕੇਵਲ ਆਜ਼ਾਦੀ ਦੀ ਲੜਾਈ ਇਕੱਠਿਆਂ ਲੜਨ ਲਈ ਕੀਤਾ ਗਿਆ ਸੀ ਪਰ ਪੰਥਕ ਹਿਤਾਂ ਦੀ ਰਖਿਆ ਲਈ ਅਕਾਲੀ ਦਲ ਅਪਣੇ ਫ਼ੈਸਲੇ ਆਪ ਲੈਣ ਵਿਚ ਆਜ਼ਾਦ ਹੈ ਤੇ ਫ਼ੈਸਲਿਆਂ ਬਾਰੇ ਅਕਾਲੀ ਦਲ ਨੂੰ ਟੋਕਣ ਦੀ ਕੋਸ਼ਿਸ਼ ਨਾ ਕੀਤੀ ਜਾਏ ਅਤੇ ਜੇ ਇਹ ਮਨਜ਼ੂਰ ਨਹੀਂ ਤਾਂ ਉਨ੍ਹਾਂ ਦੀ ਚਿੱਠੀ ਨੂੰ ਕਾਂਗਰਸ ਤੋਂ ਅਸਤੀਫ਼ਾ ਸਮਝ ਕੇ ਪ੍ਰਵਾਨ ਕਰ ਲਿਆ ਜਾਏ ਪਰ ਉਹ ਪੰਥ ਦੀ ਆਜ਼ਾਦ ਹਸਤੀ ਨੂੰ ਕਿਸੇ ਗ਼ੈਰ ਦੇ ਅਧੀਨ ਕਰਨ ਨੂੰ ਤਿਆਰ ਨਹੀਂ ਹੋਣਗੇ। ਗਾਂਧੀ ਹਮੇਸ਼ਾ ਲਈ ਮਾਸਟਰ ਜੀ ਨਾਲ ਨਾਰਾਜ਼ ਹੋ ਗਏ।

ਨਹਿਰੂ ਮਿੱਠੇ ਮਿੱਠੇ ਬਣੇ ਰਹੇ ਪਰ ਦਿਲੋਂ ਉਹ ਵੀ ਮਾ: ਤਾਰਾ ਸਿੰਘ ਦੀ ਬਜਾਏ ਕਾਂਗਰਸ ਲਈ ਬਾਬਾ ਖੜਕ ਸਿੰਘ ਨੂੰ ਚੰਗਾ ਸਮਝਦੇ ਸਨ ਪਰ ਇਸ ਮਾਮਲੇ ਵਿਚ ਨਹਿਰੂ ਉਸ ਵੇਲੇ ਕਰ ਕੁੱਝ ਨਾ ਸਕੇ। ਇਸੇ ਤਰ੍ਹਾਂ ਪਟੇਲ ਵੀ ਮਾ: ਤਾਰਾ ਸਿੰਘ ਦੇ ਪੰਥਕ ਜਜ਼ਬੇ ਕਾਰਨ ਉਨ੍ਹਾਂ ਨੂੰ ਨਫ਼ਰਤ ਕਰਦਾ ਸੀ। ਅੰਗਰੇਜ਼ ਵੀ ਮਾ: ਤਾਰਾ ਸਿੰਘ ਨਾਲ ਖ਼ੁਸ਼ ਨਹੀਂ ਸੀ ਕਿਉਂਕਿ ਉਹ ਅੰਗਰੇਜ਼ ਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸਨ ਹੋਏ ਕਿ ਅਕਾਲੀ ਮੁਸਲਿਮ ਲੀਗ ਦੀ ਪੇਸ਼ਕਸ਼ ਮੰਨ ਕੇ ਪਾਕਿਸਤਾਨ ਦੀ ਸਰਹੱਦ ਗੁੜਗਾਉਂ ਤਕ ਲਿਜਾਣ ਦੇਣ ਕਿਉਂਕਿ ਰਾਵਲਪਿੰਡੀ ਤੋਂ ਗੁੜਗਾਉਂ ਤਕ ਸਾਰੇ ਇਲਾਕੇ ਵਿਚ ਹਿੰਦੂ-ਸਿੱਖਾਂ ਦੇ ਮੁਕਾਬਲੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ।

ਅੰਗਰੇਜ਼ ਤੇ ਮੁਸਲਿਮ ਲੀਗ ਦੀ ਸਾਂਝੀ ਰਾਏ ਨਾਲ ਪਾਕਿਸਤਾਨ ਦੇ ਦੋ ਚਾਰ ਜ਼ਿਲ੍ਹਿਆਂ ਦੀ ਇਕ ਸਿੱਖ ਸਟੇਟ ਬਣਾ ਦੇਣ ਦੀ ਪੇਸ਼ਕਸ਼ ਰੱਦ ਕਰਨ ਦੀ ਹਿੰਮਤ ਵੀ ਮਾ: ਤਾਰਾ ਸਿੰਘ ਨੇ ਹੀ ਵਿਖਾਈ ਕਿਉਂਕਿ ਉਹ ਜਾਣਦੇ ਸਨ ਕਿ ਕਿਸੇ ਵੀ ਮੁਸਲਮਾਨ ਦੇਸ਼ ਵਿਚ ਗ਼ੈਰ-ਮੁਸਲਮਾਨ ਕੌਮ ਨੂੰ ਕੋਈ ਸੰਵਿਧਾਨਕ ਅਧਿਕਾਰ ਨਹੀਂ ਦਿਤੇ ਜਾਂਦੇ ਤੇ ਜਦੋਂ ਕਿਸੇ ਗੱਲ ਤੋਂ ਨਾਰਾਜ਼ ਹੋ ਜਾਣ ਤਾਂ ਸਾਰੇ ਗ਼ੈਰ-ਮੁਸਲਮਾਨਾਂ ਨੂੰ ਇਕੋ ਸਾਹੇ ਬਾਹਰ ਕੱਢ ਸੁੱਟਣ ਦਾ ਫ਼ੈਸਲਾ ਤੁਰਤ ਲੈ ਲੈਂਦੇ ਹਨ। ਸ. ਕਪੂਰ ਸਿੰਘ ਆਈ.ਸੀ.ਐਸ. ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਸਨ ਤੇ ਉਨ੍ਹਾਂ ਦੀ ਡਿਊਟੀ ਵੀ ਇਹ ਲਗਾਈ ਗਈ ਸੀ ਕਿ ਉਹ ‘ਪਾਕਿਸਤਾਨ ਵਿਚ ਟੁੱਟੀ ਭੱਜੀ’ ਸਿੱਖ ਸਟੇਟ ਲਈ ਮਾ. ਤਾਰਾ ਸਿੰਘ ਤੇ ਹੋਰ ਅਕਾਲੀ ਲੀਡਰਾਂ ਨੂੰ ਰਾਜ਼ੀ ਕਰ ਲੈਣ ਜਿਸ ਦਾ ਪ੍ਰਧਾਨ ਮੰਤਰੀ ਸ. ਕਪੂਰ ਸਿੰਘ ਨੂੰ ਹੀ ਬਣਾਇਆ ਜਾਏਗਾ। ਪਰ ਉਹ ਵੀ ਮਾ. ਤਾਰਾ ਸਿੰਘ ਨੂੰ ਮੁਸਲਿਮ ਲੀਗ ਦੀ ਤਜਵੀਜ਼ ਮੰਨਣ ਲਈ ਰਾਜ਼ੀ ਨਾ ਕਰ ਸਕੇ।

ਮੁਸਲਿਮ ਲੀਗ ਤਾਂ ਮਾਸਟਰ ਤਾਰਾ ਸਿੰਘ ਨੂੰ ਇਸ ‘ਜੁਰਮ’ ਦਾ ਵੱਡਾ ਤੇ ਨਾ ਮਾਫ਼ ਕੀਤਾ ਜਾ ਸਕਣ ਵਾਲਾ ਦੋਸ਼ੀ ਮੰਨਦੀ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ‘ਲੰਗੜਾ’ ਬਣਾ ਦਿਤਾ ਸੀ। ਇਸੇ ਲਈ ਵੰਡ ਦੇ ਐਲਾਨ ਮਗਰੋਂ ਲੀਗੀ ਜਥੇ ਮਾ. ਤਾਰਾ ਸਿੰਘ ਦੇ ਜੱਦੀ ਪਿੰਡ ਵਲ ਦੌੜੇ, ਮਾ. ਤਾਰਾ ਸਿੰਘ ਦਾ ਘਰ ਡੇਗ ਦਿਤਾ, ਮਲਬੇ ਉਤੇ ਜੁੱਤੀਆਂ ਮਾਰੀਆਂ ਤੇ ਮਾ. ਤਾਰਾ ਸਿੰਘ ਨੂੰ ਹਜ਼ਾਰ ਗਾਲਾਂ ਕਢੀਆਂ। ਅਜਿਹਾ ਮਾੜਾ ਵਿਉਹਾਰ ਹੋਰ ਕਿਸੇ ਆਗੂ ਨਾਲ ਨਾ ਕੀਤਾ ਗਿਆ।
ਸੋ ਸਿੱਖ ਜਨਤਾ ਨੂੰ ਛੱਡ ਕੇ ਮਾਸਟਰ ਤਾਰਾ ਸਿੰਘ ਦਾ ਹਮਾਇਤੀ ਜਦ ਕੋਈ ਵੀ ਨਹੀਂ ਸੀ ਤਾਂ ਕੁਦਰਤੀ ਹੈ ਕਿ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾਹ ਕੇ ਉਨ੍ਹਾਂ ਦੀ ਲੀਡਰੀ ਨੂੰ ਖ਼ਤਮ ਕਰਨ ਲਈ, ਹਰ ਦੋ ਚਾਰ ਸਾਲ ਬਾਅਦ, ਯਤਨ ਸ਼ੁਰੂ ਹੋ ਜਾਂਦੇ ਸਨ। ਇਹ ਸਾਰੇ ਯਤਨ ਫ਼ੇਲ੍ਹ ਹੋ ਜਾਂਦੇ ਰਹੇ ਕਿਉਂਕਿ ਆਮ ਸਿੱਖ ਨੂੰ ਉਹ ਹਮੇਸ਼ਾ ਅਪਣੇ ਨਾਲ ਜੋੜੀ ਰੱਖਣ ਵਿਚ ਕਾਮਯਾਬ ਰਹੇ।

ਇਹ ਸਿਲਸਿਲਾ ਆਜ਼ਾਦੀ ਤੋਂ ਬਾਅਦ ਵੀ ਇਸੇ ਤਰ੍ਹਾਂ ਚਲਦਾ ਰਿਹਾ ਤੇ ਨਹਿਰੂ, ਪਟੇਲ ਨੇ ਉਨ੍ਹਾਂ ਨੂੰ ਅਪਣੇ ਲਈ ‘ਮੁਸੀਬਤ’ ਸਮਝ ਕੇ ਪ੍ਰਤਾਪ ਸਿੰਘ ਕੈਰੋਂ ਨੂੰ ਇਹ ਕੰਮ ਸੌਂਪਿਆ ਤੇ ਮਾ. ਤਾਰਾ ਸਿੰਘ ਪਹਿਲੀ ਤੇ ਆਖ਼ਰੀ ਵਾਰ ਹਾਰ ਗਏ ਕਿਉਂਕਿ ਕੈਰੋਂ ਇਕ ਖ਼ਾਸ ਤੇ ਘਟੀਆ ਚਾਲ ਖੇਡ ਕੇ ਤੇ ਸਿੱਖਾਂ ਨੂੰ ਵੰਡ ਕੇ, ਬਹੁਗਿਣਤੀ ਸਿੱਖਾਂ ਨੂੰ ਮਾ. ਤਾਰਾ ਸਿੰਘ ਵਿਰੁਧ ਲਾਮਬੰਦ ਕਰ ਗਿਆ ਸੀ।

ਹਜ਼ਾਰ ਖ਼ੂਬੀਆਂ ਵਾਲੇ ਮਾ. ਤਾਰਾ ਸਿੰਘ ਇਸ ਨਵੀਂ ਤਬਦੀਲੀ ਦੇ ਅਰਥ ਨਾ ਸਮਝ ਸਕੇ ਤੇ ਗੱਦੀ ਨਾ ਛੱਡ ਕੇ, ਸੱਭ ਕੁੱਝ ਗੁਆ ਬੈਠੇ। ਉਹ ਅਪਣਾ ਅਕਾਲੀ ਦਲ ਕਾਇਮ ਰੱਖ ਕੇ ਦੁਬਾਰਾ ਜਿੱਤਣ ਦੀ ਆਸ ਨਾ ਛੱਡ ਸਕੇ ਤੇ ਇਸੇ ਕਮਜ਼ੋਰੀ ਨੂੰ ਭਾਂਪ ਕੇ, ਨਹਿਰੂ ਅਕਾਲੀ ਦਲ ਨੂੰ ਪੰਥਕ ਤੋਂ ਅਪੰਥਕ ਬਣਾਉਣ ਦੀਆਂ ਗੋਂਦਾਂ ਗੁੰਦਣ ਲੱਗ ਪਿਆ। ਜੇ ਅਕਾਲੀ ਧੜਿਆਂ ਦੀ ਗਹਿਗੱਚ ਲੜਾਈ ਨਾ ਛਿੜਨ ਦਿਤੀ ਜਾਂਦੀ ਤਾਂ ਨਹਿਰੂ-ਕੈਰੋਂ ਦੀ ਯੋਜਨਾ ਨਾਕਾਮ ਹੋ ਜਾਣੀ ਸੀ ਕਿਉਂਕਿ ਸੰਤ ਫ਼ਤਿਹ ਸਿੰਘ ਦੇ ਅਕਾਲੀ ਦਲ ਨੇ ਕਾਂਗਰਸ ਦੀ ਮਦਦ ’ਤੇ ਨਿਰਭਰ ਨਹੀਂ ਸੀ ਹੋਣਾ ਤੇ ਨਹਿਰੂ ਦੀਆਂ ਸ਼ਰਤਾਂ ਮੰਨਣ ਦੀ ਲੋੜ ਨਹੀਂ ਸੀ ਪੈਣੀ। ਪ੍ਰਤਾਪ ਸਿੰਘ ਕੈਰੋਂ ਅਖ਼ੀਰ ਮਾ. ਤਾਰਾ ਸਿੰਘ ਦੀ ਲੀਡਰੀ ਖ਼ਤਮ ਕਰਨ ਵਿਚ ਵੀ ਕਾਮਯਾਬ ਹੋ ਗਿਆ। ਬਾਕੀ ਅਗਲੇ ਹਫ਼ਤੇ।                  
(ਚਲਦਾ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement