ਮੈਂ ਸਾਰੀ ਉਮਰ ਸੌਖੇ ਰਾਹਾਂ ਨੂੰ ਛੱਡ ਕੇ, ਔਖੇ ਤੇ ਕੰਡਿਆਲੇ ਰਾਹਾਂ ’ਤੇ ਚਲਣ ਦੇ ਫ਼ੈਸਲੇ ਹੀ ਕਿਉਂ ਕਰਦਾ ਰਿਹਾ? ਕੀ ਇਹ ਕੋਈ ਬੀਮਾਰੀ ਸੀ ਜਾਂ..?
Published : Jul 27, 2025, 9:41 am IST
Updated : Jul 27, 2025, 9:41 am IST
SHARE ARTICLE
Sardar Joginder Singh
Sardar Joginder Singh

ਮੇਰੇ ਰੱਬ ਵਲੋਂ ਤਾਂ ਮੈਨੂੰ ਖੁਲ੍ਹ ਦਿਤੀ ਗਈ ਹੁੰਦੀ ਸੀ ਕਿ ਸੌਖਾ ਰਾਹ ਚੁਣਨਾ ਚਾਹਵਾਂ ਤਾਂ ਉਹ ਚੁਣ ਲਵਾਂ ਤੇ ਔਖਾ ਚੁਣਨਾ ਚਾਹਵਾਂ ਤਾਂ ਉਹ ਮੇਰੀ ਮਰਜ਼ੀ।

Sardar Joginder Singh: ਅੱਜ ਸਵੇਰੇ ਜਾਗ ਖੁਲ੍ਹਦਿਆਂ ਹੀ, ਅੱਖਾਂ ਬੰਦ ਕਰ ਕੇ ਐਵੇਂ ਸੌਣ ਦਾ ਬਹਾਨਾ ਕਰ ਰਿਹਾ ਸੀ ਜਦ ਮੇਰੀ ਸੋਚ-ਉਡਾਰੀ, ਮੇਰੀ ‘ਜੀਵਨ ਡਾਇਰੀ’ ਦੇ ਪਿਛਲੇ ਪੰਨਿਆਂ ਵਲ ਝਾਤ ਮਾਰਨ ਲੱਗ ਪਈ। ਮੈਂ ਵੇਖਿਆ, ਲਗਭਗ ਹਰ ਨਵੇਂ ਮੋੜ ਉਤੇ ਕਰੋੜਾਂ ਰੁਪਏ ਅਤੇ ਨਾਲ ਹੀ ਚੰਗਾ ਸੁਖੀ ਜੀਵਨ ਮੇਰੇ ਅੱਗੇ ਪਰੋਸੇ ਜਾਂਦੇ ਰਹੇ ਸਨ ਪਰ ਹਰ ਵਾਰ ਹੀ, ਮੈਂ ਪੈਸੇ ਅਤੇ ਰੁਤਬੇ ਵਲੋਂ ਮੂੰਹ ਮੋੜ ਕੇ, ਕਿਸੇ ਦੂਜੇ ਪਾਸੇ ਵਲ ਦੌੜਨ ਲੱਗ ਪੈਂਦਾ ਸੀ -- ਜਿਸ ਪਾਸੇ ਸੰਘਰਸ਼ ਹੁੰਦਾ ਸੀ, ਵਿਰੋਧਤਾ ਹੁੰਦੀ ਸੀ, ਠੋਕਰਾਂ ਹੁੰਦੀਆਂ ਸਨ, ਪੈਸੇ ਦੀ ਬਹੁਤ ਤੰਗੀ ਹੁੰਦੀ ਸੀ ਤੇ ਰੁਤਬੇ ਵਾਲੇ, ਮੇਰੇ ਦੁਸ਼ਮਣ ਬਣ ਜਾਂਦੇ ਸਨ। 

ਮੇਰੇ ਰੱਬ ਵਲੋਂ ਤਾਂ ਮੈਨੂੰ ਖੁਲ੍ਹ ਦਿਤੀ ਗਈ ਹੁੰਦੀ ਸੀ ਕਿ ਸੌਖਾ ਰਾਹ ਚੁਣਨਾ ਚਾਹਵਾਂ ਤਾਂ ਉਹ ਚੁਣ ਲਵਾਂ ਤੇ ਔਖਾ ਚੁਣਨਾ ਚਾਹਵਾਂ ਤਾਂ ਉਹ ਮੇਰੀ ਮਰਜ਼ੀ। ਫਿਰ ਹਰ ਵਾਰ ਮੈਂ ਔਖਾ ਰਾਹ ਹੀ ਕਿਉਂ ਚੁਣਿਆ? ਹਰ ਵਾਰ ਮੈਂ ਮਾਇਆ ਦੇ ਢੇਰਾਂ ਨੂੰ ਛੱਡ ਕੇ ਅਤੇ ਰੁਤਬੇ ਅਤੇ ਹਾਕਮ ਦੀ ਨੇੜਤਾ ਨੂੰ ਲੱਤ ਮਾਰ ਕੇ, ਸੰਘਰਸ਼ ਦਾ ਰਾਹ ਕਿਉਂ ਚੁਣਿਆ? ਪ੍ਰਭਾਤ ਦੀ ਪਹਿਲੀ ਕਿਰਨ ਹੀ ਅਜੇ ਧਰਤੀ ’ਤੇ ਉਤਰੀ ਸੀ। ਸਾਰੇ ਘੂਕ ਸੁੱਤੇ ਹੋਏ ਸਨ ਤੇ ਮੈਂ ਇਸ ‘ਫ਼ਜ਼ੂਲ ਜਹੇ’ ਸਵਾਲ ਦਾ ਜਵਾਬ ਅਪਣੇ ਆਪ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਇਹ ਕੋਈ ਬੀਮਾਰੀ ਸੀ ਜਿਸ ਦੇ ਅਸਰ ਹੇਠ, ਮੈਂ ਹਰ ਵਾਰ ਔਖੇ ਤੇ ਕੰਡਿਆਲੇ ਰਾਹਾਂ ’ਤੇ ਟੁਰਨ ਦਾ ਫ਼ੈਸਲਾ ਕਰਦਾ ਸੀ ਜਾਂ ਗੱਲ ਕੁੱਝ ਹੋਰ ਹੀ ਸੀ?

ਮੇਰੀ ਸੋਚ ਲਾਅ ਕਾਲਜ ਚੰਡੀਗੜ੍ਹ ਵਲ ਮੁੜ ਗਈ। ਵਕਾਲਤ ਪੜ੍ਹਦਿਆਂ ਪੜ੍ਹਦਿਆਂ, ਮੇਰੇ ਮਨ ਨੇ ਫ਼ੈਸਲਾ ਕੀਤਾ, ਇਕ ਬਹੁਤ ਵਧੀਆ ਪੰਜਾਬੀ ਰਸਾਲਾ ਛੇਤੀ ਹੀ ਸ਼ੁਰੂ ਕਰਾਂਗਾ -- ਜਿਹੋ ਜਿਹਾ ਪੰਜਾਬੀ ਵਿਚ ਪਹਿਲਾਂ ਕਿਸੇ ਨੇ ਨਹੀਂ ਸੀ ਕਢਿਆ। ਬਾਅਦ ਵਿਚ ਰੋਜ਼ਾਨਾ ਅਖ਼ਬਾਰ ਵੀ ਕੱਢ ਲਵਾਂਗਾ। ਪਿਤਾ ਨਾਲ ਗੱਲ ਕੀਤੀ। ਉਹ ਬੋਲੇ, ‘‘ਪੱਤਰਕਾਰੀ ਤਾਂ ਘਟੀਆ ਕਿਸਮ ਦੇ ਲੋਕਾਂ ਦਾ ਕਿੱਤਾ ਹੈ ਜੋ ਖ਼ਰਚੇ ਪੂਰੇ ਕਰਨ ਲਈ, ਇਸ਼ਤਿਹਾਰਾਂ ਖ਼ਾਤਰ ਲਿਲ੍ਹੜੀਆਂ ਕਢਦੇ ਰਹਿੰਦੇ ਨੇ ਜਾਂ ਬਲੈਕਮੇਲਿੰਗ ਕਰ ਕੇ, ਡਾਕੂਆਂ ਵਾਂਗ ਪੈਸੇ ਬਟੋਰਦੇ ਰਹਿੰਦੇ ਨੇ। ਇਸ ‘ਕੁੱਤੇ ਕੰਮ’ ਵਿਚ ਪੈਣ ਦਾ ਤੈਨੂੰ ਖ਼ਿਆਲ ਵੀ ਕਿਵੇਂ ਆਇਆ? ਮੈਂ ਤੇਰੇ ਲਈ ਇਕ ਚਲੀ ਚਲਾਈ ਫ਼ੈਕਟਰੀ ਖ਼ਰੀਦ ਲਈ ਏ। ਤੂੰ ਕਾਨੂੰਨ ਦੀ ਪੜ੍ਹਾਈ ਖ਼ਤਮ ਕਰ ਕੇ, ਸੰਭਾਲ ਇਸ ਨੂੰ। ਜਿਸ ਪੱਤਰਕਾਰ ਨੂੰ 10-20 ਹਜ਼ਾਰ ਦੇਵੇਂਗਾ, ਉਹ ਤੂੰ ਜੋ ਚਾਹੇਂਗਾ, ਉਹੀ ਲਿਖ ਦੇਵੇਗਾ। ਆਪ ਮੈਗਜ਼ੀਨ ਜਾਂ ਅਖ਼ਬਾਰ ਕਢਣੀ ਤਾਂ ਹੋਛੇ ਲੋਕਾਂ ਦਾ ਕੰਮ ਏ।’’

ਜਵਾਬ ਸੁਣ ਕੇ ਮੈਂ ਖਿਝ ਤਾਂ ਬਹੁਤ ਰਿਹਾ ਸੀ ਪਰ ਕੁੱਝ ਕਹਿ ਨਹੀਂ ਸੀ ਸਕਦਾ। ਫ਼ੈਕਟਰੀ ਖ਼ਰੀਦੀ ਜਾ ਚੁੱਕੀ ਸੀ। ਪਹਿਲੇ ਦਿਨ ਹੀ ਮੈਨੂੰ ਦਸਿਆ ਗਿਆ ਕਿ ਫ਼ੈਕਟਰੀ ਨੂੰ ਇਕ ਜਾਪਾਨੀ ਕੰਪਨੀ ਦਾ ਪੁਰਜ਼ਾ ਹਿੰਦੁਸਤਾਨ ਵਿਚ ਤਿਆਰ ਕਰਨ ਦਾ ਲਾਈਸੈਂਸ ਮਿਲਿਆ ਹੋਇਆ ਸੀ ਪਰ ਪਿਛਲੇ ਪ੍ਰਬੰਧਕਾਂ ਨੇ ਜਾਪਾਨੀ ਕੰਪਨੀ ਨੂੰ ਨਾਰਾਜ਼ ਕਰ ਲਿਆ ਸੀ ਤੇ ਉਸ ਨੇ ਅਪਣਾ ‘ਲਾਈਸੈਂਸ’ ਵਾਪਸ ਲੈ ਲਿਆ ਸੀ ਜਿਸ ਕਰ ਕੇ ਕੰਪਨੀ ਬੰਦ ਹੋ ਗਈ ਸੀ। ਮੈਨੂੰ ਕਿਹਾ ਗਿਆ ਕਿ ਮੈਂ ਜਾਪਾਨ ਵਿਚ ਜਾ ਕੇ, ਜਾਪਾਨੀਆਂ ਨਾਲ ਗੱਲਬਾਤ ਕਰਾਂ ਤੇ ‘ਲਾਈਸੈਂਸ’ ਫਿਰ ਤੋਂ ਲੈਣ ਦੀ ਕੋਸ਼ਿਸ਼ ਕਰਾਂ ਕਿਉਂਕਿ ਜੇ ਜਾਪਾਨੀ ਕੰਪਨੀ ਦਾ ਲਾਈਸੈਂਸ ਮਿਲ ਗਿਆ ਤਾਂ ਸਾਡੀ ਫ਼ੈਕਟਰੀ ਕਰੋੜਾਂ ਕਮਾ ਲਵੇਗੀ। ਉਹ ਪੁਰਜ਼ਾ, ਭਾਰਤ ਵਿਚ ਹੋਰ ਕੋਈ ਨਹੀਂ ਸੀ ਬਣਾਂਦਾ। 

ਮੈਂ ਸਾਰੀ ਫ਼ਾਈਲ ਪੜ੍ਹੀ ਤੇ ਫ਼ੈਸਲਾ ਕੀਤਾ ਕਿ ਮੈਂ ਜਾਪਾਨੀ ਕੰਪਨੀ ਨੂੰ ਪਹਿਲਾਂ ਇਕ ਚਿੱਠੀ ਲਿਖਾਂਗਾ ਤੇ ਜਵਾਬ ਆਉਣ ’ਤੇ ਹੀ ਜਾਪਾਨ ਜਾਵਾਂਗਾ। ਦੋ ਕੁ ਹਫ਼ਤੇ ਮਗਰੋਂ ਜਵਾਬ ਆ ਗਿਆ। ਲਿਖਿਆ ਸੀ, ‘‘ਅਸੀ ਫ਼ੈਸਲਾ ਕੀਤਾ ਸੀ ਕਿ ਕਿਸੇ ਭਾਰਤੀ ਫ਼ਰਮ ਨਾਲ ਕੋਈ ਲੈਣ ਦੇਣ ਨਹੀਂ ਕਰਨਾ। ਤੁਹਾਡੇ ਪਿਛਲੇ ਪ੍ਰਬੰਧਕਾਂ ਦੇ ਵਤੀਰੇ ਤੋਂ ਸਾਨੂੰ ਬਹੁਤ ਨਿਰਾਸ਼ਾ ਹੋਈ ਸੀ। ਪਰ ਤੁਹਾਡੀ ਚਿੱਠੀ ਨੂੰ ਪੜ੍ਹਨ ਅਤੇ ਵਿਚਾਰਨ ਮਗਰੋਂ ਸਾਡੇ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਅਸੀ ਅਪਣੇ ਪੁਰਜ਼ੇ ਦਾ ਲਾਈਸੈਂਸ ਦੇਣ ਅਤੇ ਤੁਹਾਡੇ ਨਾਲ ਮਿਲ ਕੇ, ਭਾਰਤ ਵਿਚ ਕੰਮ ਕਰਨ ਨੂੰ ਤਿਆਰ ਹਾਂ....।’’

ਮੈਨੂੰ ਖ਼ੂਬ ਵਧਾਈਆਂ ਦਿਤੀਆਂ ਗਈਆਂ। ਸੱਭ ਪਾਸੇ ਮੇਰੀ ਚਰਚਾ ਹੋਣ ਲੱਗੀ। ਪਰ ਇਕ ਦਿਨ ਮੈਨੂੰ ਝੱਲ ਉਠਿਆ ਤੇ ਮੈਂ ਕਹਿ ਦਿਤਾ, ‘‘ਮੈਂ ਹਾਈ ਕੋਰਟ ਵਿਚ ਵਕਾਲਤ ਕਰਾਂਗਾ। ਇਥੇ ਪੈਸਾ ਬਹੁਤ ਹੈ ਪਰ ਮੇਰਾ ਦਿਲ ਵਪਾਰ ਵਿਚ ਨਹੀਂ ਲੱਗ ਰਿਹਾ। ਮੈਂ ਘਰੋਂ ਲਵਾਂਗਾ ਵੀ ਕੁੱਝ ਨਹੀਂ ਤੇ ਅਪਣੇ ਪੈਰਾਂ ’ਤੇ ਖੜੇ ਹੋਣ ਦਾ ਤਜਰਬਾ ਕਰਾਂਗਾ।’’

ਕੋਈ ਦਲੀਲ ਮੈਨੂੰ ਰੋਕਣ ਲਈ ਕਾਫ਼ੀ ਨਹੀਂ ਸੀ। ਪਹਾੜਗੰਜ ਦਿੱਲੀ ਵਿਚ ਅਪਣਾ ਦਫ਼ਤਰ ਕੇਵਲ ਤਿੰਨ ਹਜ਼ਾਰ ਵਿਚ ਵੇਚ ਕੇ ਮੈਂ ਚੰਡੀਗੜ੍ਹ ਆ ਡੇਰਾ ਲਾਇਆ। ਕਾਲਾ ਕੋਟ ਸਿਲਵਾ ਕੇ, ਹਾਈ ਕੋਰਟ ਵਿਚ ਵਕਾਲਤ ਕਰਨ ਲੱਗ ਪਿਆ। ਮੇਲਾ ਰਾਮ ਸ਼ਰਮਾ ਮੇਰੇ ਸੀਨੀਅਰ ਵਕੀਲ ਸਨ। ਬਾਅਦ ਵਿਚ ਉੂਹ ਹਾਈ ਕੋਰਟ ਵਿਚ ਜੱਜ ਵੀ ਬਣ ਗਏ। ਮੇਰਾ ਨਾਂ ਚਲ ਪਿਆ ਤਾਂ ਇਕ ਦਮ ਫਿਰ ਝੱਲ ਉਠਿਆ ਤੇ ਮੈਂ ਸ਼ਰਮਾ ਜੀ ਨੂੰ ਕਹਿ ਦਿਤਾ, ‘‘ਕਲ ਤੋਂ ਹਾਈ ਕੋਰਟ ਨਹੀਂ ਆਵਾਂਗਾ। ਇਥੇ ਮੇਰਾ ਦਿਲ ਨਹੀਂ ਲੱਗ ਰਿਹਾ।’’

ਸ਼ਰਮਾ ਜੀ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਏ। ਬੋਲੇ, ‘‘ਜੋਗਿੰਦਰ ਸਿੰਘ, ਕੀ ਗੱਲ ਕਰਦੇ ਓ? ਤੁਹਾਨੂੰ ਨਹੀਂ ਪਤਾ, ਤੁਹਾਡੀ ਚਰਚਾ ਹਰ ਪਾਸੇ ਹੋ ਰਹੀ ਏ। ਤੁਹਾਡੀ ਡਰਾਫ਼ਟਿੰਗ (ਕੇਸ ਲਿਖ ਕੇ ਤਿਆਰ ਕਰਨ) ਦੀਆਂ ਧੁੰਮਾਂ ਜੱਜਾਂ ਵਿਚ ਵੀ ਪਈਆਂ ਹੋਈਆਂ ਨੇ। ਤੁਸੀ ਏਨਾ ਸੋਹਣਾ ਲਿਖਦੇ ਓ ਕਿ 10 ਸਾਲਾਂ ਦੇ ਅੰਦਰ ਅੰਦਰ ਤੁਸੀ ਸੱਭ ਤੋਂ ਛੋਟੀ ਉਮਰ ਦੇ ਜੱਜ ਬਣ ਜਾਣੈ। ਨਹੀਂ ਨਹੀਂ, ਤੁਸੀ ਬਿਲਕੁਲ ਵਕਾਲਤ ਨਹੀਂ ਛਡਣੀ। ਤੁਹਾਡਾ ਭਵਿੱਖ ਬਹੁਤ ਸ਼ਾਨਦਾਰ ਏ। ਮੈਂ ਜਾਣਦਾਂ, ਅਮੀਰ ਘਰ ’ਚੋਂ ਆਏ ਹੋ, ਇਸ ਲਈ ਅਜੇ ਪੈਸੇ ਦੀ ਕਮੀ ਮਹਿਸੂਸ ਹੁੰਦੀ ਹੋਵੇਗੀ। ਇਹ ਗੱਲ ਹੈ ਤਾਂ ਸ਼ਾਮ ਨੂੰ ਆਉ, ਖਾਣਾ ਮੇਰੇ ਨਾਲ ਖਾਉ ਤੇ ਦੋ ਚਾਰ ਲੱਖ ਜਿੰਨੇ ਵੀ ਪੈਸੇ ਦੀ ਲੋੜ ਹੈ, ਮੇਰੇ ਕੋਲੋਂ ਲੈ ਲਉ ਪਰ ਮੈਂ ਤੁਹਾਨੂੰ ਵਕਾਲਤ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣ ਦਿਆਂਗਾ ਕਿਉਂਕਿ ਤੁਹਾਡੀ ਲੋੜ ਇਥੇ ਹੈ ਤੇ ਤੁਹਾਡਾ ਭਵਿੱਖ ਬਹੁਤ ਸ਼ਾਨਦਾਰ ਹੈ।’’

ਸ਼ਰਮਾ ਜੀ ਦੀ ਗੱਲ ਅਣਸੁਣੀ ਕਰ ਕੇ ਮੈਂ ਘਰ ਜਾ ਕੇ ਸੋਚਾਂ ਵਿਚ ਪੈ ਗਿਆ ਕਿਉਂਕਿ ਸਾਡੇ ਕੋਲ ਏਨੇ ਪੈਸੇ ਨਹੀਂ ਸਨ ਕਿ ਇਕ ਵਧੀਆ ਪਰਚਾ ਕਢ ਸਕੀਏ। ਸਾਡੀ ਨਵੀਂ ਨਵੀਂ ਸ਼ਾਦੀ ਹੋਈ ਸੀ। ਮੇਰੀ ਪਤਨੀ ਨੇ ਅਪਣੇ ਗਹਿਣਿਆਂ ਦੀ ਪੋਟਲੀ ਮੇਰੇ ਅੱਗੇ ਲਿਆ ਰੱਖੀ ਤੇ ਬੋਲੀ, ‘‘ਇਨ੍ਹਾਂ ਨੂੰ ਵਰਤ ਕੇ ਪੈਸੇ ਲੈ ਆਉ ਤੇ ਮੈਗਜ਼ੀਨ ਸ਼ੁਰੂ ਕਰ ਲਉ। ਕਿਸੇ ਦੀ ਨਾ ਸੁਣੋ ਤੇ ਉਹੀ ਕਰੋ ਜੋ ਕੁੱਝ ਕਰਨ ਨੂੰ ਤੁਹਾਡਾ ਦਿਲ ਕਹਿੰਦਾ ਹੈ।’’

ਪਤਨੀ ਦੇ ਗਹਿਣਿਆਂ ਨੂੰ ‘ਗਹਿਣੇ’ ਰੱਖ ਕੇ, ‘ਯੰਗ ਸਿੱਖ’ ਮੈਗਜ਼ੀਨ 1970 ਵਿਚ ਸ਼ੁਰੂ ਕਰ ਲਿਆ ਜਿਸ ਦੇ ਪਹਿਲੇ ਇਕ ਦੋ ਪਰਚਿਆਂ ਨੇ ਹੀ ਪੱਤਰਕਾਰੀ ਦੇ ਖੇਤਰ ਵਿਚ ਹਲਚਲ ਮਚਾ ਦਿਤੀ। ਇਸ ਦੇ ਮੱਥੇ ਉਤੇ ਲਿਖਿਆ ਹੁੰਦਾ ਸੀ, ‘‘ਆਫ਼ਸੈੱਟ ’ਤੇ ਛਪਣ ਵਾਲਾ ਭਾਰਤ ਦਾ ਪਹਿਲਾ ਪੰਜਾਬੀ ਸਚਿੱਤਰ ਪਰਚਾ।’’ ਦੂਰ ਦੂਰ ਤੋਂ ਲੋਕ ਇਹ ਜਾਣਨ ਲਈ ਆਉਂਦੇ ਕਿ ਆਫ਼ਸੈੱਟ ਉਤੇ ਰੰਗੀਨ ਚਿਤਰਾਂ ਵਾਲਾ ਪੰਜਾਬੀ ਵਿਚ ਰਸਾਲਾ ਕੱਢਣ ਦੀ ਹਿੰਮਤ ਕਿਸ ਨੇ ਕੀਤੀ ਸੀ? ਉਸ ਵੇਲੇ ਸਾਰੇ ਭਾਰਤ ਵਿਚ ਕੇਵਲ ਦੋ ਹੋਰ, ਆਫ਼ਸੈੱਟ ’ਤੇ ਛਪਣ ਵਾਲੇ ਸਚਿੱਤਰ ਪਰਚੇ ਸਨ -- ਅੰਗਰੇਜ਼ੀ ਵਿਚ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਤੇ ਹਿੰਦੀ ਵਿਚ ‘ਧਰਮਯੁਗ’।

ਇਹ ਦੋ ਪਰਚੇ ਵੀ ਅਰਬਾਂਪਤੀ ਕੰਪਨੀ ਨੇ ਸ਼ੁਰੂ ਕੀਤੇ ਸਨ। ਸਾਰੇ ਪੁਛਦੇ ਸਨ, ਪੰਜਾਬੀ ਵਰਗੀ ਪਛੜੀ ਤੇ ਗ਼ਰੀਬ ਭਾਸ਼ਾ ਵਿਚ ਮੈਂ ਕਿਵੇਂ ਇਹ ਖ਼ਤਰਾ ਮੁੱਲ ਲੈਣ ਦਾ ਫ਼ੈਸਲਾ ਕਰ ਲਿਆ ਜਦਕਿ ਹੋਰ ਕਿਸੇ ਇਲਾਕਾਈ ਭਾਸ਼ਾ ਦੇ ਅਮੀਰਾਂ ਤਕ ਨੇ ਵੀ ਅਜਿਹੀ ਹਿੰਮਤ ਨਹੀਂ ਸੀ ਵਿਖਾਈ। ਮੇਰਾ ਜਵਾਬ ਇਹੀ ਹੁੰਦਾ ਸੀ ਕਿ ਮੈਂ ਪੰਜਾਬੀ ਨੂੰ ਹਿੰਦੁਸਤਾਨ ਦੀ ਸੱਭ ਤੋਂ ਅਮੀਰ ਭਾਸ਼ਾ ਸਮਝਦਾ ਹਾਂ ਤੇ ਇਸ ਦੇ ਪੁੱਤਰਾਂ ਦੀ ਬੇਰੁਖ਼ੀ ਕਾਰਨ ਪੈਦਾ ਹੋਈ ਇਸ ਦੀ ਗ਼ਰੀਬੀ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੁੰਦਾ ਹਾਂ। ਬੜੀਆਂ ਹਵਾਈਆਂ ਉਡੀਆਂ ਕਿ ਮੈਨੂੰ ਅਮਰੀਕਾ ਦਾ ਕੋਈ ਅਮੀਰ ਸਿੱਖ ਪੈਸਾ ਭੇਜਦਾ ਹੈ ਜਾਂ ਮੇਰਾ ਬਾਪ ਚੰਗੀ ਜਾਇਦਾਦ ਮੇਰੇ ਲਈ ਛੱਡ ਗਿਆ ਹੈ....। 

ਦੋ ਕੁ ਸਾਲ ਹੀ ਹੋਏ ਸਨ ਪਰਚੇ ਨੂੰ ਨਿਕਲਿਆਂ ਕਿ ਬੰਬਈ (ਮੁੰਬਈ) ਦੇ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਨੇ ਪੰਜਾਬੀ ਰਸਾਲਿਆਂ ਤੇ ਅਖ਼ਬਾਰਾਂ ਬਾਰੇ ਇਕ ਲੇਖ ਛਾਪਿਆ। ਉਸ ਵੇਲੇ ਇਲਸਟਰੇਟਿਡ ਵੀਕਲੀ ਦਾ ਐਡੀਟਰ ਖ਼ੁਸ਼ਵੰਤ ਸਿੰਘ ਸੀ ਜੋ ਹਰ ਮੁਸ਼ਕਲ ਸਮੇਂ ਮੈਨੂੰ ਥਾਪੜਾ ਦੇਂਦਾ ਰਿਹਾ ਹੈ ਪਰ ਅੱਜ ਤਕ ਉਸ ਨੂੰ ਆਹਮੋ ਸਾਹਮਣੇ ਹੋ ਕੇ ਨਹੀਂ ਵੇਖਿਆ। ਇਹ ਲੇਖ ‘ਈਕੋਨਾਮਿਕ ਟਾਈਮਜ਼’ ਦੇ ਸਤਿੰਦਰ ਸਿੰਘ ਨੇ ਲਿਖਿਆ ਸੀ। ਇਸ ਵਿਚ ਸਾਰੇ ਪੰਜਾਬੀ ਰਸਾਲਿਆਂ ਬਾਰੇ ਲਿਖਣ ਮਗਰੋਂ ‘ਯੰਗ ਸਿੱਖ’ ਬਾਰੇ ਇਹ ਲਫ਼ਜ਼ ਲਿਖੇ ਗਏ ਸਨ : 

‘‘ਹੁਣ ਤਕ ਦੇ ਸਾਰੇ ਪੰਜਾਬੀ ਰਸਾਲਿਆਂ ਵਿਚੋਂ ਸੱਭ ਤੋਂ ਵਧੀਆ ਪਰਚਾ ‘ਯੰਗ ਸਿੱਖ’ ਹੈ ਜੋ ਚੰਡੀਗੜ੍ਹ ਦੀ ਇਕ ਨੌਜੁਆਨ ਜੋੜੀ ਵਲੋਂ ਕਢਿਆ ਜਾ ਰਿਹਾ ਹੈ।” 
ਪਾਠਕਾਂ ਦਾ ਪਿਆਰ ਤਾਂ ਰੀਕਾਰਡ-ਤੋੜ ਸੀ ਤੇ ਪ੍ਰਸ਼ੰਸਾ ਵੀ ਦੂਰ ਦੂਰ ਤੋਂ ਮਿਲ ਰਹੀ ਸੀ ਪਰ ਪੈਸੇ ਵਲੋਂ ਅਸੀ ਟੁਟਦੇ ਜਾ ਰਹੇ ਸੀ ਕਿਉਂਕਿ ਮੈਨੂੰ ਇਸ਼ਤਿਹਾਰ ਮੰਗਣ ਦੀ ਜਾਚ ਨਹੀਂ ਸੀ ਆਉਂਦੀ। ਚੰਗੇ ਭਲੇ ਲੋਕ, ਮੈਨੂੰ ਇਕ ਦੋ ਵਜ਼ੀਰਾਂ ਕੋਲ ਵੀ ਲੈ ਗਏ ਤਾਕਿ ਮੈਂ ਉਨ੍ਹਾਂ ਕੋਲੋਂ ਇਸ਼ਤਿਹਾਰ ਮੰਗ ਸਕਾਂ।

ਮੈਂ ਉਥੋਂ ਵੀ ਖ਼ਾਲੀ ਹੱਥ ਪਰਤਿਆ ਕਿਉਂਕਿ ਨਾ ਮੈਨੂੰ ਕੁੱਝ ਮੰਗਣਾ ਆਉਂਦਾ ਸੀ, ਨਾ ਇਹ ਹੀ ਪਤਾ ਸੀ ਕਿ ਵਜ਼ੀਰਾਂ ਕੋਲ ਜਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਤਸਵੀਰਾਂ ਛਾਪ ਕੇ ਤੇ ਤਸਵੀਰ ਵਾਲਾ ਪੰਨਾ ਖੋਲ੍ਹ ਕੇ, ਵਜ਼ੀਰ ਨੂੰ ਵਿਖਾਉਂਦੇ ਹੋਏ, ਉਸ ਦੇ ਸਾਹਮਣੇ ਰੱਖ ਕੇ, ਗੱਲ ਸ਼ੁਰੂ ਕਰਨੀ ਚਾਹੀਦੀ ਹੈ ਵਰਨਾ ਵਜ਼ੀਰ ਨੂੰ ਚੰਗੇ ਰਸਾਲੇ ਵਿਚੋਂ ਵੀ ‘ਚੰਗਾ’ ਕੁੱਝ ਨਹੀਂ ਲਭਦਾ। ਦੂਜਾ, ਵਜ਼ੀਰਾਂ ਨਾਲ ਗੱਲ ਸ਼ੁਰੂ ਹੀ ਇਸ ਤਰ੍ਹਾਂ ਕਰਨੀ ਪੈਂਦੀ ਹੈ ਕਿ, ‘‘ਵਾਹ ਜੀ, ਵਜ਼ੀਰ ਸਾਹਿਬ, ਤੁਸੀ ਤਾਂ ਫ਼ਲਾਣਾ ਬਿਆਨ ਜਾਰੀ ਕਰ ਕੇ ਕਮਾਲ ਹੀ ਕਰ ਦਿਤਾ, ਧਰਤੀ ਹਿਲਾ ਦਿਤੀ ਤੇ ਸਾਰੀ ਦੁਨੀਆਂ ਦਾ ਧਿਆਨ ਅਪਣੇ ਵਲ ਖਿੱਚ ਲਿਆ...।’’

ਨਾ ਮੈਂ ਵਜ਼ੀਰਾਂ ਦੀਆਂ ਤਸਵੀਰਾਂ ਛਾਪ ਕੇ ਉਨ੍ਹਾਂ ਕੋਲ ਗਿਆ, ਨਾ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦੀ ਚਮਚਾਗੀਰੀ ਹੀ ਕਰ ਸਕਿਆ। ਜਿਹੜੇ ਭਲੇ ਲੋਕ ਮੈਨੂੰ ਵਜ਼ੀਰਾਂ ਕੋਲ ਲੈ ਕੇ ਗਏ ਸਨ, ਉਹ ਵੀ ਦੁਖੀ ਸਨ ਕਿ ਮੈਨੂੰ ਜਦ ਵਜ਼ੀਰਾਂ ਕੋਲ ਜਾ ਕੇ ਉਨ੍ਹਾਂ ਕੋਲੋਂ ਕੁੱਝ ਮੰਗਣ ਦਾ ਵੱਲ ਹੀ ਨਹੀਂ ਆਉਂਦਾ ਤੇ ਮਹਿਲਾਂ ਵਿਚ ਜਾ ਕੇ, ਦਰਬਾਰੀ ਬੋਲੀ ਵੀ ਬੋਲਣੀ ਨਹੀਂ ਆਉਂਦੀ ਅਰਥਾਤ ਮਨਿਸਟਰਾਂ ਨਾਲ ਗੱਲ ਕਰਨ ਦਾ ‘ਸਲੀਕਾ’ ਹੀ ਨਹੀਂ ਆਉਂਦਾ ਤਾਂ ਮੈਂ ਉਥੇ ਗਿਆ ਹੀ ਕਿਉਂ ਸੀ? ਮੈਂ ਮੰਨ ਲਿਆ ਕਿ ਇਹ ਦੋਵੇਂ ‘ਸਲੀਕੇ’ ਤਾਂ ਮੈਨੂੰ ਕਦੇ ਵੀ ਨਹੀਂ ਆਉਣੇ। ਮੈਂ ਫ਼ੈਸਲਾ ਕੀਤਾ ਕਿ ਮੈਂ ਕਿਸੇ ਵਜ਼ੀਰ ਕੋਲ ਹੁਣ ਕਦੇ ਜਾਵਾਂਗਾ ਹੀ ਨਹੀਂ। ਅੱਜ 42 ਸਾਲ ਹੋ ਗਏ ਨੇ ਮੈਨੂੰ ‘ਐਡੀਟਰੀ’ ਕਰਦਿਆਂ।

ਇਨ੍ਹਾਂ 42 ਵਰਿ੍ਹਆਂ ਵਿਚ ਮੈਂ ਕਿਸੇ ਇਕ ਵੀ ਵਜ਼ੀਰ ਨੂੰ ਉਸ ਦੇ ਘਰ ਜਾਂ ਦਫ਼ਤਰ ਵਿਚ ਜਾ ਕੇ ਨਹੀਂ ਮਿਲਿਆ (ਕੈਪਟਨ ਅਮਰਿੰਦਰ ਸਿੰਘ ਤੇ ਗਿਆਨੀ ਜ਼ੈਲ ਸਿੰਘ ਨੂੰ ਇਕ ਇਕ ਵਾਰੀ ਛੱਡ ਕੇ) ਨਾ ਪਾਣੀ ਦਾ ਗਲਾਸ ਹੀ ਕਿਸੇ ਵਜ਼ੀਰ ਕੋਲੋਂ ਪੀਤਾ ਹੈ। ਪਿਛਲੇ 15 ਸਾਲਾਂ ਵਿਚ ਮੈਂ ਸੈਕਟਰੀਏਟ ਅੰਦਰ ਜਾ ਕੇ ਵੀ ਨਹੀਂ ਵੇਖਿਆ। ਦਰਜਨਾਂ ਵਜ਼ੀਰ ਮੇਰੇ ਘਰ ਆਏ ਤੇ ਮੈਂ ਉਨ੍ਹਾਂ ਦੀ ਆਉ ਭਗਤ ਵੀ ਕੀਤੀ ਪਰ ਆਪ ਮੈਂ ਕਦੇ ਕਿਸੇ ਮਨਿਸਟਰ ਦੇ ਘਰ ਜਾ ਕੇ ਚਾਹ ਦਾ ਕੱਪ ਵੀ ਨਹੀਂ ਪੀਤਾ। ਜੇ ਵਿਆਹਾਂ ਜਾਂ ਸਮਾਗਮਾਂ ਤੇ ਜਾਣਾ ਵੀ ਪਿਆ ਤਾਂ ਮੈਂ ‘ਸ਼ਗਣ’ ਦੇ ਕੇ, ਸੁੱਚੇ ਮੂੰਹ ਹੀ ਵਾਪਸ ਪਰਤ ਆਉਂਦਾ ਰਿਹਾ। ਮੇਰੀ ਪਤਨੀ ਨੇ ਵੀ ਕਦੇ ਮੇਰੀ ਇਸ ਬੁਰੀ ਆਦਤ ਦਾ ਬੁਰਾ ਨਹੀਂ ਮਨਾਇਆ।

‘ਜੇਬ ਖ਼ਾਲੀ ਤੇ ਆਕੜ ਸ਼ਾਹੂਕਾਰਾਂ ਵਾਲੀ’ ਦਿਨ- ਬ-ਦਿਨ ਪੱਕੀ ਹੁੰਦੀ ਗਈ ਤੇ ਅਖ਼ੀਰ ਕਰਜ਼ੇ ਚੁਕ ਕੇ ਪਰਚਾ ਕਢਣਾ ਸ਼ੁਰੂ ਕਰ ਦਿਤਾ। ਇਸ ਦੌਰਾਨ ਗਿ. ਜ਼ੈਲ ਸਿੰਘ ਮੁੱਖ ਮੰਤਰੀ ਬਣ ਗਏ। ਉਹ ਮੇਰੀ ਲਿਖਤ ਦੇ ਬੜੇ ਪ੍ਰਸ਼ੰਸਕ ਸਨ। ਉਨ੍ਹਾਂ ਨੇ ਸੁਝਾਅ ਦਿਤਾ ਕਿ ਪਰਚੇ ਦਾ ਨਾਂ ਬਦਲ ਦਿਆਂ ਤਾਂ ਇਸ਼ਤਿਹਾਰ ਮਿਲਣੇ ਸੌਖੇ ਹੋ ਜਾਣਗੇ। ਮੈਂ ਨਾਂ ਬਦਲ ਕੇ ‘ਪੰਜ ਪਾਣੀ’ ਕਰ ਦਿਤਾ। ਪਰ ਇਸ਼ਤਿਹਾਰ ਕਿਸੇ ਚੰਗੇ ਪਰਚੇ ਨੂੰ ਨਹੀਂ ਮਿਲਦੇ, ‘ਚੰਗੇ’ ਐਡੀਟਰ ਜਾਂ ਮਾਲਕ ਨੂੰ ਮਿਲਦੇ ਹਨ ਜੋ ਵਜ਼ੀਰਾਂ ਅਮੀਰਾਂ ਤੋਂ ਪੈਸਾ ਤੇ ਇਸ਼ਤਿਹਾਰ ਲੈਣ ਦੀ ‘ਕਲਾ’ ਦਾ ਮਾਹਰ ਹੋਵੇ। ਇਸ ਕਲਾ ਤੋਂ ਮੈਂ ਅੱਜ ਤਕ ਵੀ ਪੂਰੀ ਤਰ੍ਹਾਂ ਅਣਜਾਣ ਹਾਂ। 

ਪਰਚੇ ਦਾ ਘਾਟਾ ਵਧਦਾ ਗਿਆ ਤੇ ਨਾਲ ਹੀ ਕਰਜ਼ੇ ਦਾ ਬੋਝ ਵੀ। ਪਰ ਮੈਂ ਵੀ ਫ਼ੈਸਲਾ ਕਰ ਲਿਆ ਸੀ ਕਿ ਪਰਚਾ ਬੰਦ ਹੁੰਦੈ ਤਾਂ ਹੋ ਜਾਏ, ਕੋਈ ਹੋਰ ਕੰਮ ਸ਼ੁਰੂ ਕਰ ਲਵਾਂਗਾ ਪਰ ਵਜ਼ੀਰਾਂ ਕੋਲ ਕੁੱਝ ਮੰਗਣ ਲਈ ਨਹੀਂ ਜਾਵਾਂਗਾ। ਗਿ. ਜ਼ੈਲ ਸਿੰਘ ਤੇ ਗਿ. ਗੁਰਮੁਖ ਸਿੰਘ ਮੁਸਾਫ਼ਰ, ਦੋ ਵੱਡੇ ਆਗੂ ਨਿਤਰੇ ਜਿਨ੍ਹਾਂ ਮੈਨੂੰ ਆਪ ਪੇਸ਼ਕਸ਼ ਕੀਤੀ ਕਿ ਉਹ ਮੈਨੂੰ ਇਸ਼ਤਿਹਾਰ ਦਿਵਾ ਦੇਣਗੇ। ਪਰ ਉਦੋਂ ਤਕ ਮੈਂ ਏਨਾ ਪੱਕਾ ਹੋ ਚੁੱਕਾ ਸੀ ਕਿ ਉਨ੍ਹਾਂ ਦੇ ਬਾਰ ਬਾਰ ਕਹਿਣ ’ਤੇ ਵੀ ਮੈਂ ਉਨ੍ਹਾਂ ਦੀ ਪੇਸ਼ਕਸ਼ ਪ੍ਰਵਾਨ ਨਾ ਕਰ ਸਕਿਆ ਕਿਉੁਂਕਿ ਹੁਣ ਤਕ ਮੇਰਾ ਦ੍ਰਿੜ ਨਿਸ਼ਚਾ ਬਣ ਚੁੱਕਾ ਸੀ ਕਿ ਵਜ਼ੀਰਾਂ ਕੋਲੋਂ ਨਾ ਕੁੱਝ ਮੰਗਣਾ ਹੈ, ਨਾ ਲੈਣਾ। 

ਪਰਚੇ ਨੂੰ ਸਪਤਾਹਕ ਬਣਾ ਦਿਤਾ। ਹਾਲਤ ਕੁੱਝ ਬਿਹਤਰ ਹੋਣੀ ਸ਼ੁਰੂ ਹੋ ਗਈ ਪਰ ਕਰਜ਼ਦਾਰਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿਤੇ। ਪੈਸੇ ਨਾ ਦੇ ਸਕੇ ਤਾਂ ਇਕ ਦੋ ਨੇ ਅਦਾਲਤ ਵਿਚ ਕੇਸ ਪਾ ਦਿਤੇ। ਅਖ਼ੀਰ ਅਸੀ ਫ਼ੈਸਲਾ ਕੀਤਾ ਕਿ ਘਾਟੇ ਵਾਲਾ ਸ਼ੁਗ਼ਲ ਬੰਦ ਕਰ ਕੇ, ਕੁੱਝ ਕਮਾਈ ਵਾਲਾ ਸੌਦਾ ਕਰ ਲਈਏ ਤੇ ਲੋਕਾਂ ਦੇ ਕਰਜ਼ੇ ਤੁਰਤ ਲਾਹੀਏ ਨਹੀਂ ਤਾਂ ਬੜੀ ਬਦਨਾਮੀ ਹੋ ਜਾਏਗੀ। ‘ਪੰਜ ਪਾਣੀ’ ਬੰਦ ਕਰ ਕੇ, ਵਪਾਰ ਵਿਚ ਮੂੰਹ ਮਾਰਿਆ ਤੇ ਕਰਜ਼ੇ ਲਾਹ ਦਿਤੇ। ਦੋਸਤਾਂ ਨੇ ਬੜਾ ਕਿਹਾ ਕਿ ਵਾਪਸ ਹਾਈ ਕੋਰਟ ਚਲਾ ਜਾ, ਉਥੇ ਜਾਂਦਿਆਂ ਹੀ ਸਾਰੀਆਂ ਔਕੜਾਂ ਦੂਰ ਹੋ ਜਾਣਗੀਆਂ। ਮੈਂ ਕਿਹਾ, ਨਹੀਂ, ਪਿੱਛੇ ਮੁੜਨ ਦਾ ਮਤਲਬ ਹੋਵੇਗਾ ਕਿ ਮੈਂ ਹਾਰ ਮੰਨ ਲਈ ਹੈ। ਮੈਂ ਹਾਰ ਤਾਂ ਸਕਦਾ ਹਾਂ ਪਰ ਹਾਰ ਮੰਨ ਨਹੀਂ ਸਕਦਾ।

ਵਪਾਰ ਵਿਚ ਹੱਥ ਮਾਰਦੇ ਮਾਰਦੇ, ਅਸੀ ਮੋਹਾਲੀ ਵਾਲੀ ਉਹ ਫ਼ੈਕਟਰੀ ਖੜੀ ਕਰ ਲਈ ਜਿਥੇ ਹੁਣ ਤਕ ਤੁਹਾਡਾ ‘ਰੋਜ਼ਾਨਾ ਸਪੋਕਸਮੈਨ’ ਛਪਦਾ ਆ ਰਿਹਾ ਹੈ। 1984 ਦੇ ਘਲੂਘਾਰੇ ਮਗਰੋਂ ਲੋਕ ਮੰਗ ਕਰਨ ਲੱਗੇ ਕਿ ਜੇ ਮੈਂ ਫਿਰ ਤੋਂ ‘ਪੰਜ ਪਾਣੀ’ ਸ਼ੁਰੂ ਕਰ ਦਿਆਂ ਤਾਂ ਇਸ ਵਾਰ ਲੋਕ ਪੈਸੇ ਦੀ ਕਮੀ ਨਹੀਂ ਆਉਣ ਦੇਣਗੇ। ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਵੀ ਦਿਲ ਕਰ ਆਉੁਂਦਾ ਕਿ ਚੰਗੀ ਭਲੀ ਸੌਖੀ ਜ਼ਿੰਦਗੀ ਨੂੰ ਛੱਡ ਕੇ, ਫਿਰ ਤੋਂ ਪਰਚਾ ਸ਼ੁਰੂ ਕਰ ਲਵਾਂ ਤੇ ਫਿਰ ਤੋਂ ਕੰਡਿਆਲੇ ਰਾਹਾਂ ’ਤੇ ਚਲਣਾ ਸ਼ੁਰੂ ਕਰ ਦੇਵਾਂ। 

ਪਰ ਮੇਰੇ ਅੰਦਰ ਦੀ ਸੋਝੀ ਨੇ ਮੈਨੂੰ ਕਿਹਾ, ‘‘ਦੇਖ ਜੋਗਿੰਦਰ ਸਿੰਘਾ, ਤੂੰ ਅਖ਼ਬਾਰ ਕੱਢੇ ਬਿਨਾ ਰਹਿ ਤਾਂ ਸਕਣਾ ਨਹੀਂ ਤੇ ਮੁਸੀਬਤਾਂ ਨੂੰ ਸੱਦਾ ਵੀ ਦੇ ਕੇ ਹੀ ਰਹਿਣੈ ਪਰ ਮੇਰੀ ਗੱਲ ਸੁਣ ਲੈ ਤੇ ਸਮਝ ਲੈ ਕਿ ਤੈਨੂੰ ਨਾ ਮੰਗਣਾ ਆਉਂਦੈ, ਨਾ ਹੀ ਆਉਣੈ ਤੇ ਨਾ ਹੀ ਤੈਨੂੰ ਵਜ਼ੀਰਾਂ, ਸਰਕਾਰਾਂ ਦੀ ਖ਼ੁਸ਼ਾਮਦ ਹੀ ਕਰਨੀ ਆਉਣੀ ਏ -- ਇਸ ਲਈ ਪਰਚਾ ਉਦੋਂ ਤਕ ਸ਼ੁਰੂ ਨਾ ਕਰੀਂ ਜਦ ਤਕ ਤੂੰ ਸਰਕਾਰੀ ਇਸ਼ਤਿਹਾਰਾਂ ਤੋਂ ਬਗ਼ੈਰ ਚਲਣ ਵਾਲਾ ਪਰਚਾ ਨਾ ਕੱਢ ਸਕੇਂ ਤੇ ਅਪਣੇ ਪਰਚੇ ਨੂੰ ਸਰਕਾਰਾਂ ਦੇ ਰਹਿਮ ਤੋਂ ਮੁਕਤ ਹੋ ਕੇ ਨਾ ਕੱਢ ਸਕੇਂ।’’

ਮੈਨੂੰ ਇਹ ਸਲਾਹ ਚੰਗੀ ਲੱਗੀ। ਪੰਜਾਬ ਵਿਚ ਜ਼ੁਲਮ ਦੀ ਹਨੇਰੀ ਚੱਲੀ ਹੋਈ ਸੀ। ਸ. ਪ੍ਰਕਾਸ਼ ਸਿੰਘ ਬਾਦਲ ਗੱਦੀਉਂ ਲੱਥੇ ਨੇਤਾ ਸਨ ਜਦ ਮੇਰੀ ਉਨ੍ਹਾਂ ਨਾਲ ਚੰਗੀ ਨੇੜਤਾ ਹੋ ਗਈ। ਲਗਭਗ ਹਰ ਰੋਜ਼ ਹੀ ਮੁਲਾਕਾਤ ਹੁੰਦੀ ਸੀ। ਮੇਰੀ ਗੱਲ ‘ਸਪੋਕਸਮੈਨ’ ਦੇ ਮਾਲਕਾਂ ਨਾਲ ਚਲ ਰਹੀ ਸੀ। ਮੈਂ ਇਕ ਦਿਨ ਉਨ੍ਹਾਂ ਨੂੰ ਦਸਿਆ ਕਿ ਮੈਂ ‘ਸਪੋਕਸਮੈਨ’ ਦਾ ਟਾਈਟਲ ਖ਼ਰੀਦ ਰਿਹਾ ਹਾਂ। ਬਹੁਤ ਖ਼ੁਸ਼ ਹੋਏ। ਪਰਚੇ ਦਾ ਉਦਘਾਟਨ ਵੀ ਜਨਵਰੀ, 1994 ਵਿਚ ਉਨ੍ਹਾ ਨੇ ਹੀ ਕੀਤਾ। ਇਕ ਦਿਨ ਕਹਿਣ ਲੱਗੇ, ‘‘ਜੇ ਮੈਂ ਹੁਣ ਮੁੱਖ ਮੰਤਰੀ ਬਣ ਗਿਆ ਤਾਂ ਇਸ਼ਤਿਹਾਰਾਂ ਦਾ ਮਹਿਕਮਾ ਤੁਹਾਡੇ ਹੱਥ ਫੜਾ ਦਿਆਂਗਾ।’’

ਪਰ ਮੇਰੀ ਸੋਚ ਜੋ ਕੁੱਝ ਬਣ ਚੁੱਕੀ ਸੀ, ਉਸ ਬਾਰੇ ਉਪਰ ਦਸ ਹੀ ਚੁੱਕਾ ਹਾਂ। ਮੈਂ ਪਰਚੇ ਵਿਚ ਐਲਾਨ ਕਰ ਦਿਤਾ ਕਿ ਮਾਸਕ ਸਪੋਕਸਮੈਨ ਵਿਚ ਉਦੋਂ ਤਕ ਸਰਕਾਰੀ ਇਸ਼ਤਿਹਾਰ ਬਿਲਕੁਲ ਨਹੀਂ ਲਏ ਜਾਣਗੇ ਜਦ ਤਕ ਇਹ ਰੋਜ਼ਾਨਾ ਅਖ਼ਬਾਰ ਨਹੀਂ ਬਣ ਜਾਂਦਾ। 

ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ। ਸੱਭ ਪਾਸੇ ਇਹੀ ਚਰਚਾ ਸੀ ਕਿ ਹੁਣ ਸਪੋਕਸਮੈਨ ਦਾ ਰਾਜ ਆ ਗਿਆ ਸਮਝੋ। ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਕਿ ਮੈਂ ਜੋ ਇਹ ਐਲਾਨ ਕੀਤਾ ਹੈ ਕਿ ਅਸੀ ਸਰਕਾਰੀ ਇਸ਼ਤਿਹਾਰ ਬਿਲਕੁਲ ਨਹੀਂ ਲਵਾਂਗੇ, ਇਸ ਉਤੇ ਕਾਇਮ ਵੀ ਰਹਾਂਗੇ। ਜਦ ਮੈਨੂੰ ਇਸ਼ਤਿਹਾਰਾਂ ਦੀ ਪੇਸ਼ਕਸ਼ ਕੀਤੀ ਵੀ ਗਈ ਤੇ ਦੋ ਵਜ਼ੀਰ ਆਪ 40 ਪੰਨੇ ਇਸ਼ਤਿਹਾਰਾਂ ਦੇ ਲੈ ਕੇ ਵੀ ਆਏ ਤਾਂ ਮੈਂ ਲੈਣ ਤੋਂ ਨਾਂਹ ਕਰ ਦਿਤੀ।

ਸੌਖੇ ਦਿਨਾਂ ਨੂੰ ਔਖੇ ਦਿਨਾਂ ਵਿਚ ਬਦਲਣ ਦਾ ਫ਼ੈਸਲਾ ਮੇਰਾ ਅਪਣਾ ਸੀ ਤੇ ਮੈਂ ਕਿਸੇ ਦਾ ਨਾਂ ਲੈ ਕੇ ਗਿਲਾ ਨਹੀਂ ਕਰ ਸਕਦਾ ਕਿ ਉਸ ਨੇ ਮੈਨੂੰ ਔਖਾ ਰਾਹ ਚੁਣਨ ਲਈ ਮਜਬੂਰ ਕੀਤਾ। ਹਰ ਵਾਰ, ਕੰਡਿਆਂ ’ਤੇ ਚਲਣ ਦਾ ਫ਼ੈਸਲਾ ਮੈਂ ਆਪ ਕੀਤਾ। ਕਿਉੁਂ ਕੀਤਾ? ਇਸ ਸਵਾਲ ਦਾ ਜਵਾਬ ਲੱਭਣ ਲਈ ਅੱਜ ਤਕ ਦੀ ਬਾਕੀ ਦੀ ਕਹਾਣੀ ਵੀ ਬਿਆਨ ਕਰਨੀ ਪਵੇਗੀ ਜੋ ਅਗਲੇ ਐਤਵਾਰ ਦੀ ਦੂਜੀ ਕਿਸ਼ਤ ਵਿਚ ਬਿਆਨ ਕਰਾਂਗਾ। ਤੁਸੀ ਵੀ ਸੁਣਨਾ ਚਾਹੋ ਤਾਂ ਅਗਲੇ ਐਤਵਾਰ ਇਥੇ ਹੀ ਆ ਜਾਣਾ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM
Advertisement