Nijji Diary De Panne : ਚੌਧਰੀ ਦੇਵੀ ਲਾਲ ਦੀ ਗੱਲ ਪੰਜਾਬੀ ਤੇ ਹਰਿਆਣਵੀ ਆਗੂ ਅੱਜ ਵੀ ਸੁਣ ਲੈਣ ਤਾਂ...  (2)
Published : May 11, 2025, 6:28 am IST
Updated : May 11, 2025, 6:28 am IST
SHARE ARTICLE
Chaudhary Devi Lal Nijji Diary De Panne  joginder Singh
Chaudhary Devi Lal Nijji Diary De Panne joginder Singh

Nijji Diary De Panne : ਪ੍ਰੇਮ ਮਹਿੰਦਰਾ ਬੋਲਿਆ, ‘‘ਚੰਡੀਗੜ੍ਹ ਗਵਾ ਲਉਗੇ, ਭਾਖੜਾ ਗਵਾ ਲਉਗੇ, ਸੱਭ ਕੁੱਝ ਹੀ ਗਵਾ ਲਉਗੇ ਤਾਂ ਅੱਧਾ-ਅੱਧਾ ਪੰਜਾਬ ਵੰਡਣ ਦੀ ਗੱਲ ...

Chaudhary Devi Lal Nijji Diary De Panne  joginder Singh : ਪਿਛਲੀ ਕਿਸਤ ਵਿਚ ਮੈਂ ਜ਼ਿਕਰ ਕਰ ਰਿਹਾ ਸੀ ਹਰਿਆਣਵੀ ਨੇਤਾ ਤੇ ਸਾਬਕਾ ਡਿਪਟੀ ਪ੍ਰਾਈਮ ਮਨਿਸਟਰ ਚੌਧਰੀ ਦੇਵੀ ਲਾਲ ਨਾਲ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਪ੍ਰੇਮ ਮਹਿੰਦਰਾ ਵਲੋਂ ਕੀਤੀ ਇੰਟਰਵਿਊ ਦਾ ਜਿਸ ਵਿਚ ਉਹ ਮੈਨੂੰ ਵੀ ‘ਇਕ ਚੰਗੇ ਨੇਤਾ’ ਨਾਲ ਮਿਲਾਉਣ ਦਾ ਲਾਲਚ ਦੇ ਕੇ ਲੈ ਗਏ ਸਨ। ਪ੍ਰੇਮ ਮਹਿੰਦਰਾ ਬੋਲਿਆ, ‘‘ਚੰਡੀਗੜ੍ਹ ਗਵਾ ਲਉਗੇ, ਭਾਖੜਾ ਗਵਾ ਲਉਗੇ, ਸੱਭ ਕੁੱਝ ਹੀ ਗਵਾ ਲਉਗੇ ਤਾਂ ਅੱਧਾ-ਅੱਧਾ ਪੰਜਾਬ ਵੰਡਣ ਦੀ ਗੱਲ ਕਿਉਂ ਨਹੀਂ ਕਰਦੇ? ਬਰਾਬਰ-ਬਰਾਬਰ ਵੰਡ ਲਉ ਸੱਭ ਕੁੱਝ। ਪਰ ਤੁਸੀ ਤਾਂ ਮੰਗ ਹੀ ਨਹੀਂ ਕਰ ਰਹੇ....।’’

ਚੌਧਰੀ ਦੇਵੀ ਲਾਲ ਤਣ ਕੇ ਬੈਠ ਗਏ ਤੇ ਬੋਲੇ, ‘‘ਸੁਣ ਮੇਰੇ ਭਾਈ, ਪੰਜਾਬੀ ਸੂਬਾ ਸਿੱਖਾਂ ਨੇ ਮੰਗਿਆ ਸੀ। ਪਹਿਲਾਂ ਉਨ੍ਹਾਂ ਨੂੰ ਮੁਕੰਮਲ ਸੂਬਾ ਦੇ ਦਿਉ। ਹਰਿਆਣੇ ਨੂੰ ਪਿੱਦੀ ਸੂਬਾ ਕਹਿ ਕੇ ਪੰਜਾਬ ਦੇ ਸਿੱਖਾਂ ਨਾਲ ਲੜਾਉਗੇ ਤਾਂ ਉਹ ਕਿਥੇ ਜਾਣਗੇ? ਪਾਕਿਸਤਾਨ ਵਲ ਕਿਉਂ ਧਕੇਲਦੇ ਹੋ ਸਿੱਖਾਂ ਨੂੰ? ਪਹਿਲ ਉਨ੍ਹਾਂ ਦੀ ਹੈ। ਉਹ ਪੰਜਾਬੀ ਸੂਬਾ ਉਨ੍ਹਾਂ ਨੂੰ ਦੇ ਦਿਉ ਜੋ ਮੁਕੰਮਲ ਤੇ ਮੁਨਾਫ਼ੇ ਵਾਲਾ ਸੂਬਾ ਹੋਵੇ ਤੇ ਉਨ੍ਹਾਂ ਦੀ ਤਸੱਲੀ ਕਰਦਾ ਹੋਵੇ। ਤੁਸੀ ਦਿਉਗੇ ਵੀ ਪਰ ਨਾਲ ਇਹ ਗਿਲਾ ਵੀ ਬਣਿਆ ਰਹਿਣ ਦਿਉਗੇ ਕਿ ਤੁਹਾਡਾ ਮਨ ਸਾਫ਼ ਨਹੀਂ ਸੀ। ਸਿੱਖਾਂ ਮਗਰੋਂ ਸਾਡੀ ਵਾਰੀ ਆਵੇਗੀ ਤਾਂ ਸਾਰਾ ਹਿੰਦੁਸਤਾਨ ਪਿਆ ਹੈ ਸਾਡੇ ਲਈ।

ਯੂ.ਪੀ ਇਕੱਲਾ ਹੀ ਬਹੁਤ ਵੱਡਾ ਹੈ। ਸਾਨੂੰ ਉਥੋਂ ਸੱਭ ਕੁੱਝ ਮਿਲ ਜਾਏਗਾ ਪਰ ਸਿੱਖਾਂ ਨੂੰ ਹੋਰ ਕਿਸੇ ਪਾਸਿਉਂ ਕੁੱਝ ਨਹੀਂ ਮਿਲ ਸਕਦਾ। ਮੇਰੇ ਕਈ ਸਾਥੀ ਵੀ ਕੇਂਦਰ ਵਾਲਿਆਂ ਦੀ ਸ਼ਹਿ ’ਤੇ ਪੰਜਾਬ ਦੇ ਬਣਦੇ ਹਿੱਸੇ ਨੂੰ ਅਪਣੇ ਲਈ ਖੋਹਣਾ ਮੰਗਦੇ ਹਨ। ਇਹ ਨਹੀਂ ਸਮਝਦੇ ਕਿ ਪੰਜਾਬ ਨੂੰ ਵੀ ਉੱਤਮ ਸੂਬਾ ਬਣਾਈ ਰਖਣਾ ਸਾਡਾ ਤੇ ਸਾਰੇ ਹਿੰਦੁਸਤਾਨ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਦੀ ਤਸੱਲੀ ਹੋ ਜਾਣ ਮਗਰੋਂ, ਅਸੀ ਹਿੰਦੁਸਤਾਨ ਕੋਲੋਂ ਤੇ ਯੂ.ਪੀ ਕੋਲੋਂ ਜੋ ਮੰਗਾਂਗੇ, ਸਾਨੂੰ ਮਿਲ ਜਾਏਗਾ। ਪੰਜਾਬ ਤੋਂ ਵੀ ਜਿੰਨੀ ਮਦਦ ਮੰਗਾਂਗੇ, ਮਿਲ ਜਾਏਗੀ। ਭਰਾਵਾਂ ਦੀ ਤਰ੍ਹਾਂ ਅਲੱਗ ਹੋਵਾਂਗੇ ਤਾਂ ਦੋਹਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ, ਦੁਸ਼ਮਣ ਬਣ ਕੇ ਅਲੱਗ ਹੋਵਾਂਗੇ ਤਾਂ ਦੋਵੇਂ ਰਾਜ ਨੁਕਸਾਨ ਉਠਾਉਣਗੇ। ਦਿੱਲੀ ਵਾਲੇ ਇਹੀ ਚਾਹੁੰਦੇ ਹਨ। ਮੇਰੇ ਕੁੱਝ ਸਾਥੀ ਵੀ ਇਹੀ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਸਮਝਾ ਲਵਾਂਗਾ...।’’

ਮੈਂ ਸਚਮੁਚ ਦੇਵੀ ਲਾਲ ਨੂੰ ਪਹਿਲੀ ਵਾਰ ਮਿਲ ਕੇ ਹੀ ਨਿਹਾਲ ਹੋ ਗਿਆ। ਅੱਜ ਵੀ ਦੇਵੀ ਲਾਲ ਦਾ ਇਕ ਇਕ ਫ਼ਿਕਰਾ ਯਾਦ ਰੱਖਣ ਵਾਲਾ ਹੈ। ਦੋਹਾਂ ਰਾਜਾਂ ਦੇ ਸਿਆਣੇ ਲੋਕਾਂ ਨੂੰ ਇਹ ਨਾਹਰਾ ਲਾ ਕੇ ਕਿ ‘‘ਪੰਜਾਬ ਨੂੰ ਪੰਜਾਬ ’ਚੋਂ ਉਸ ਦਾ ਪੂਰਾ ਹੱਕ ਦਿਉ,  ਹਰਿਆਣੇ ਨੂੰ ਹਿੰਦੁਸਤਾਨ ’ਚੋਂ ਪੂਰਾ ਹੱਕ ਦੇ ਕੇ ਆਤਮ-ਨਿਰਭਰ ਤੇ ਸੰਤੁਸ਼ਟ ਬਣਾਉ, ਦੋਵੇਂ ਸੂਬੇ ਹਿੰਦੁਸਤਾਨ ਦੇ ਹਨ, ਦੋਹਾਂ ਨੂੰ ਖ਼ੁਦ ਕਫ਼ੈਲ, ਸੰਤੁਸ਼ਟ ਤੇ ਭਰਾ ਭਰਾ ਬਣੇ ਰਹਿਣ ਵਿਚ ਮਦਦ ਕਰਨਾ ਸਾਰੇ ਹਿੰਦੁਸਤਾਨ ਦਾ ਫ਼ਰਜ਼ ਬਣਦਾ ਹੈ, 56 ਸਾਲਾਂ ਦੀ ਕਿੜ-ਕਿੜ ਖ਼ਤਮ ਕਰ ਇਕੋ ਵਾਰੀ ਦੋ ਮਜ਼ਬੂਤ ਗਵਾਂਢੀ ਰਾਜ ਬਣਾ ਕੇ ਇਨ੍ਹਾਂ ਦਾ ਨਕਲੀ ਝਗੜਾ ਸਦਾ ਲਈ ਖ਼ਤਮ ਕਰੋ, ਦੋ ਗਵਾਂਢੀ ਸੂਬੇ ਸੰਤੁਸ਼ਟ ਅਤੇ ਪ੍ਰਸੰਨ-ਚਿਤ ਬਣਾਉਣ ਲਈ ਘਰ ਘਰ ਜਾ ਕੇ ਇਹ ਧੱਕਾ ਵੀ ਖ਼ਤਮ ਕਰਵਾਉਣ ਲਈ ਦੋਹਾਂ ਗਵਾਂਢੀ ਰਾਜਾਂ ਦੇ ਲੋਕਾਂ ਨੂੰ ਜਗਾਉਣਾ ਚਾਹੀਦਾ ਹੈ ਕਿਉਂਕਿ ਇਹ ਧੱਕਾ ਪਾਪ ’ਚੋਂ ਨਿਕਲਿਆ ਹੈ ਤੇ ਇਸ ਪਿੱਛੇ ਗੰਦੀ ਰਾਜਨੀਤੀ ਕੰਮ ਕਰਦੀ ਆ ਰਹੀ ਹੈ ਜਿਸ ਦਾ ਬੂਥਾ ਭੰਨ ਕੇ ‘ਭਰਾ-ਭਰਾ’ ਵਾਲਾ ਮਾਹੌਲ ਦੋਹਾਂ ਰਾਜਾਂ ਵਿਚ ਸਦਾ ਲਈ ਸਿਰਜਿਆ ਜਾ ਸਕਦਾ ਹੈ ਜਿਸ ਨਾਲ 100 ਫ਼ੀ ਸਦੀ ਸੰਤੁਸ਼ਟ ਪੰਜਾਬ, 100 ਫ਼ੀ ਸਦੀ ਸੰਤੁਸ਼ਟ ਹਰਿਆਣਾ ਇਕੋ ਸਮੇਂ ਹੋਂਦ ਵਿਚ ਆ ਸਕਦੇ ਹਨ। ਚੌਧਰੀ ਦੇਵੀ ਲਾਲ ਨੂੰ ਪੰਜਾਬ-ਹਰਿਆਣੇ ਦੀ ਇਹ ਸੱਚੀ ਸ਼ਰਧਾਂਜਲੀ ਹੋਵੇਗੀ। 

ਪ੍ਰੇਮ ਮਹਿੰਦਰਾ ਦੇ ਸਵਾਲਾਂ ਦੇ ਜੋ ਜਵਾਬ ਚੌਧਰੀ ਦੇਵੀ ਲਾਲ ਨੇ ਦਿਤੇ, ਉਨ੍ਹਾਂ ਨੂੰ ਸੁਣ ਕੇ ਮਹਿੰਦਰਾ ਤਾਂ ਹੈਰਾਨ ਨਹੀਂ ਸਨ ਹੋਏ ਪਰ ਮੈਂ ਸਚਮੁਚ ਬਹੁਤ ਹੈਰਾਨ ਹੋ ਗਿਆ ਸੀ। ਇੰਟਰਵਿਊ ਖ਼ਤਮ ਹੋ ਗਿਆ ਤਾਂ ਅਸੀ ਉਠ ਪਏ। ਪਰ ਮਹਿੰਦਰਾ ਨੇ ਅਪਣੀ ਆਦਤ ਮੁਤਾਬਕ, ਚੌਧਰੀ ਲਾਲ ਨੂੰ ਫਿਰ ਛੇੜ ਦਿਤਾ। ਬੋਲਿਆ, ‘‘ਚੌਧਰੀ ਦੇਵੀ ਲਾਲ ਤਾਂ ਅਕਾਲੀ ਦਲ ਵਿਚ ਹੋਣੇ ਚਾਹੀਦੇ ਨੇ। ਜਿੰਨੀ ਸਿਆਣਪ ਨਾਲ ਇਹ ਅਕਾਲੀਆਂ ਦਾ ਕੇਸ ਪੇਸ਼ ਕਰਦੇ ਨੇ, ਕੋਈ ਅਕਾਲੀ ਲੀਡਰ ਵੀ ਨਹੀਂ ਕਰ ਸਕਦਾ। ਮੇਰਾ ਤੇ ਦਿਲ ਕਰਦੈ, ਅੱਜ ਖ਼ਬਰ ਦਾ ਅਨੁਵਾਨ ਹੀ ਇਹ ਲਾ ਦੇਵਾਂ ਕਿ ‘‘ਅਕਾਲੀਆਂ ਦਾ ਕੇਸ ਚੌਧਰੀ ਦੇਵੀ ਲਾਲ ਦੀ ਜ਼ਬਾਨੀ।’’

ਉੱਚੇ ਲੰਮੇ ਚੌਧਰੀ ਲਾਲ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਫਿਰ ਤੋਂ ਬਿਠਾ ਲਿਆ। ਚੌਧਰੀ ਦੇਵੀ ਲਾਲ, ਸਾਡੇ ਨਾਲ ਬੜੀ ਚੰਗੀ ਪੰਜਾਬੀ ਬੋਲ ਲੈਂਦੇ ਸਨ ਪਰ ਗੁੱਸੇ ਵਿਚ ਹਰਿਆਣਵੀ ਭਾਸ਼ਾ ਵੀ ਉਨ੍ਹਾਂ ਦੇ ਮੂੰਹ ’ਚੋਂ ਫੁਟ ਪੈਂਦੀ ਸੀ। ਬੋਲੇ, ‘‘ਰੈ ਬੈਠ ਜਾ ਰੈ ਇਬ ਤੋ। ਤੂੰ ਮੰਨੇ ਅਕਾਲੀਉਂ ਕਾ ਖ਼ੈਰਖ਼ਵਾਹ ਕਹਵੈ ਹੈ। ਨਾ ਮੈਂ ਕਿਸੀ ਕਾ ਨਹੀਂ, ਅਪਣੇ ਦੇਸ਼ ਕਾ ਖ਼ੈਰ ਖ਼ਵਾਹ ਹੋਣ ਕਰ ਕੇ ਸੱਚ ਬੋਲ ਰਿਹਾ ਹੂੰ। ਸੁਣ ਮੇਰੀ ਬਾਤ, ਹਿੰਦੁਸਤਾਨ ਕੋ ਜਬ ਭੀ ਕੋਈ ਮੁਸ਼ਕਲ ਆ ਪੜੀ, ਕੌਣ ਕਾਮ ਆਇਆ? ਕੌਣ ਅਪਣਾ ਸਿਰ ਲੇ ਕੇ ਦੇਸ਼ ਕੀ ਮਦਦ ਪਰ ਆਇਆ? ਮੁਗ਼ਲ ਆਏ, ਅੰਗਰੇਜ਼ ਆਏ, ਚੀਨੀ ਆਏ, ਪਾਕਿਸਤਾਨੀ ਆਏ, ਕਿਸ ਪੇ ਟੇਕ ਰੱਖੀ ਹਿੰਦੁਸਤਾਨ ਨੇ? ਅਨਾਜ ਅਮਰੀਕਾ ਸੈ ਮਾਂਗੇ ਥਾ ਹਿੰਦੁਸਤਾਨ, ਕਿਸ ਨੇ ਭੰਡਾਰ ਭਰੇ ਦੇਸ਼ ਕੇ? ਅਰੇ ਥਾਰੇ (ਤੁਹਾਡੇ) ਲਾਖੋਂ ਮੰਦਰ ਹੈਂ ਦੇਸ਼ ਮੇਂ, ਕੋਈ ਗ਼ੈਰ-ਹਿੰਦੂ ਯਾਤਰੀ ਤੋ ਕਿਆ, ਹਿੰਦੂ ਭੀ ਜਾ ਕੇ ਮੁਫ਼ਤ ਰੋਟੀ ਔਰ ਰਿਹਾਇਸ਼ ਹੱਕ ਸੇ ਮਾਂਗ ਸਕੇ ਹੈ?

ਔਰ ਇਧਰ ਦੇਖੋ, ਹਿੰਦੁਸਤਾਨ ਕੇ ਕਿਸੀ ਭੀ ਕੋਨੇ ਮੇਂ ਗੁਰਦਵਾਰਾ ਦੇਖ ਕੇ ਅੰਦਰ ਚਲੇ ਜਾਉ, ਨਾਮ, ਜਾਤ, ਧਰਮ ਬਤਾਨੇ ਕੀ ਕੋਈ ਜ਼ਰੂਰਤ ਨਾ ਹੋਵੈ, ਬਸ ਲੰਗਰ ਖਾ ਕੇ ਬਿਸਤਰਾ ਔਰ ਕਮਰਾ ਮਾਂਗ ਲੋ। ਕੋਈ ਨਾਂਹ ਨਾ ਕਰੈਗਾ। ਇਨ ਸਿੱਖੋਂ ਕੋ ਛੋਟੀ ਛੋਟੀ ਮਾਂਗ ਮਨਵਾਨੀ ਹੋ ਤੋ ਲੰਬੇ ਸਤਿਆਗ੍ਰਹਿ ਕਰਨੇ ਪੜੇ ਹੈਂ, ਜੇਲੇਂ ਭਰਨੀ ਪੜਤੀ ਹੈਂ। ਕਿਉਂ ਭਾਈ? ਇਨ ਸੇ ਐਸਾ ਸਲੂਕ ਕਰਤੇ ਰਹੋਗੇ ਤੋ ਪਾਕਿਸਤਾਨ ਇਨ ਕੇ ਮਨ ਅੰਦਰ ਖ਼ਾਲਿਸਤਾਨ ਕਾ ਜਜ਼ਬਾ ਤੋ ਭਰੇਗਾ ਹੀ। ਨਾ ਧਕੇਲੋ ਇਨ ਕੋ ਪਾਕਿਸਤਾਨ ਕੀ ਓਰ। ਮੈਂ ਕਹੂੰ, ਸੰਤੁਸ਼ਟ ਸਿੱਖ ਹਿੰਦੁਸਤਾਨ ਕੇ ਸੱਭ ਸੇ ਬੜ੍ਹੀਆ ਸਿਪਾਹੀ ਹੈਂ, ਜਰਨੈਲ ਹੈਂ, ਮਦਦਗਾਰ ਹੈਂ, ਹਮਦਰਦ ਹੈਂ, ਦਾਨੀ ਹੈਂ। ਯੇਹ ਜਿਸ ਦਿਨ ਜ਼ਿਆਦਾ ਨਾਰਾਜ਼ ਹੋ ਗਏ, ਹਿੰਦੁਸਤਾਨ ਕੋ ਬਚਾਨੇ ਵਾਲਾ ਔਰ ਕੋਈ ਨਾ ਮਿਲੈਗਾ। ਜੋ ਕੋਈ ਕੱਟੜ ਹਿੰਦੂ ਯੇਹ ਸੋਚੇ ਹੈਂ ਕਿ ਬੋਧੀਉਂ ਕੀ ਤਰ੍ਹਾ ਥੋੜੇ ਸੇ ਸਿੱਖੋਂ ਕੋ ਭੀ ਖ਼ਤਮ ਕਰ ਲਵੈਂਗੇ, ਵੋਹ ਯਾਦ ਰੱਖੇਂ, ਬੋਧੀਉਂ ਕੇ ਬਾਅਦ ਕਿਤਨੀ ਸਦੀਆਂ ਹਿੰਦੂਉਂ ਕੋ ਗ਼ੁਲਾਮ ਰਹਿਨਾ ਪੜਾ ਥਾ। ਸਿੱਖ ਨਾ ਰਹੇ ਤੋ ਉਸ ਸੇ ਬੜੀ ਗ਼ੁਲਾਮੀ ਕੁਦਰਤ ਦੇਗੀ। ਕੁਦਰਤ ਐਸੇ ਹੀ ਸਜ਼ਾ ਦੇਵੈ ਸੈ।’’

ਚੌਧਰੀ ਦੇਵੀ ਲਾਲ ਬੜੀ ਗਰਮਜੋਸ਼ੀ ਨਾਲ ਬੋਲ ਰਹੇ ਸਨ। ਪ੍ਰੇਮ ਮਹਿੰਦਰਾ ਨੇ ਉਨ੍ਹਾਂ ਨੂੰ ਠੇਠ ਪੰਜਾਬੀ ਵਿਚ ਟੋਕਿਆ, ‘‘ਚੌਧਰੀ ਸਾਹਬ ਤੁਹਾਡੇ ਨਾਲ ਹਰਿਆਣੇ ਬਾਰੇ ਗੱਲ ਕਰਨ ਆਏ ਸੀ ਕਿਉਂਕਿ ਐਡੀਟਰ ਨੇ ਤੁਹਾਡੇ ਵਿਚਾਰ ਜਾਣਨ ਲਈ ਕਿਹਾ ਸੀ ਪਰ ਤੁਸੀ ਤਾਂ ਗਰਮੀ ਹੀ ਖਾ ਗਏ।’’ ਚੌਧਰੀ ਦੇਵੀ ਲਾਲ ਨਰਮ ਪੈਂਦੇ ਹੋਏ ਫਿਰ ਪੰਜਾਬੀ ਵਿਚ ਬੋਲਣ ਲੱਗ ਪਏ, ‘‘ਨਾ ਭਾਈ, ਗਰਮੀ ਕਿਹੜੀ ਗੱਲ ਦੀ? ਮੈਂ ਵੀ ਹਰਿਆਣਾ ਬਾਰੇ ਹੀ ਗੱਲ ਕਰ ਰਿਹਾ ਸੀ ਕਿ ਦੇ ਦਿਉ ਪੰਜਾਬ ਦਾ ਪਾਣੀ ਤੇ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ। ਕਾਨੂੰਨ ਤੋਂ ਬਾਹਰ ਜਾ ਕੇ ਅਸੀ ਲੈ ਵੀ ਲਵਾਂਗੇ ਤਾਂ ਸਾਨੂੰ ਫਲਣਗੇ ਨਹੀਂ। ਅਸੀ ਨਵੀਂ ਰਾਜਧਾਨੀ ਦਿੱਲੀ ਦੇ ਨੇੜੇ ਫ਼ਰੀਦਾਬਾਦ ’ਚ ਬਣਾ ਲਵਾਂਗੇ ਜੋ ਹਰਿਆਣਾ ਲਈ ਜ਼ਿਆਦਾ ਲਾਭਦਾਇਕ ਰਹੇਗੀ। ਚੰਡੀਗੜ੍ਹ ਵਿਚ ਹਰਿਆਣੇ ਦਾ ਕੀ ਪਿਐ? ਸਿੱਖਾਂ ਨੇ ਪੰਜਾਬੀ ਸੂਬਾ ਮੰਗਿਆ। ਤੁਸੀ ਇਨ੍ਹਾਂ ਨੂੰ ਸੱਭ ਤੋਂ ਪਹਿਲਾਂ ਸੰਤੁਸ਼ਟ ਕਰੋ। ਫਿਰ ਸਾਨੂੰ ਅਪਣੇ ਸੂਬੇ ਵਿਚ ਜਿਹੜੀਆਂ ਕਮੀਆਂ ਲਗੀਆਂ, ਉਹ ਤੁਸੀ ਯੂਪੀ ਤੋਂ ਲੈ ਕੇ ਸਾਨੂੰ ਵੀ ਸੰਤੁਸ਼ਟ ਕਰ ਦੇਣਾ।

ਕੋਈ ਨਵੀਂ ਗੱਲ ਨਹੀਂ ਕਰ ਰਹੇ ਅਸੀ। ਸਦੀਆਂ ਤੋਂ ਕਹਿ ਰਹੇ ਹਾਂ ਕਿ ਯੂਪੀ ਦਾ ਜਾਟੂ (ਮੇਰਠ) ਡਵੀਜ਼ਨ ਹਰਿਆਣੇ ਨਾਲ ਮਿਲਾ ਕੇ ਮਹਾਂ ਹਰਿਆਣਾ ਬਣਾ ਦਿਉ। ਜਾਂ ਕੀ ਤੁਸੀ ਹਰਿਆਣੇ ਨੂੰ ਕਹਿਣਾ ਚਾਹੁੰਦੇ ਹੋ ਕਿ ਜੇ ਅਸੀ ਪੰਜਾਬ ਦਾ ਹੱਕ ਜਬਰੀ ਨਾ ਖੋਹਿਆ ਤਾਂ ਹਿੰਦੁਸਤਾਨ ਤੋਂ ਕਿਸੇ ਗੱਲ ਦੀ ਆਸ ਨਾ ਰਖੀਏ? ਸਿੱਖਾਂ ਨੂੰ ਨਾਰਾਜ਼ ਕਰਨ ਦੀ ਨਾ ਸੋਚੋ, ਖ਼ੁਸ਼ ਕਰਨ ਦੀ ਸੋਚੋ ਕਿਉਂਕਿ ਹਰ ਔਖੇ ਵੇਲੇ, ਦੇਸ਼ ਦੇ ਕੰਮ ਆਉਣ ਵਾਲਾ, ਸਿੱਖਾਂ ਤੋਂ ਚੰਗਾ ਕੋਈ ਹਿੰਦੁਸਤਾਨੀ ਨਹੀਂ ਜੇ। ਪਰ ਦਿੱਲੀ ਵਾਲੇ ਸਿੱਖਾਂ ਦਾ ਹੱਕ ਮਾਰਨ ਲਈ ਸਾਨੂੰ ਲਾਲਚ ਦੇ ਰਹੇ ਨੇ ਕਿ ‘‘ਪੰਜਾਬ ਦੀ ਫ਼ਲਾਣੀ ਕੀਮਤੀ ਚੀਜ਼ ਤੁਹਾਨੂੰ (ਹਰਿਆਣਾ ਨੂੰ) ਦੇ ਦਿਆਂਗੇ, ਤੁਸੀ ਮੰਗ ਨਾ ਛਡਿਉ ਜਦ ਤਕ ਅਸੀ ਤੁਹਾਨੂੰ ਨਾ ਕਹੀਏ....।’’ ਦਸੋ ਇਹ ਕੋਈ ਸਾਊਆਂ ਵਾਲੀ ਰਾਜਨੀਤੀ ਹੈ ਕਿ ਦੋ ਭਰਾਵਾਂ ਨੂੰ, ਦੋ ਗਵਾਂਢੀਆਂ ਨੂੰ ਲੜਾ ਦਿਉ ਤਾਕਿ ਇਸ ’ਚੋਂ ਤੁਸੀ ਅਪਣੀਆਂ ਰੋਟੀਆਂ ਸੇਕ ਸਕੋ....?’’

ਅਗਲੇ ਦਿਨ ਟ੍ਰਿਬਿਊਨ ਵਿਚ ਸਿਰਫ਼ ਏਨੀ ਹੀ ਖ਼ਬਰ ਲੱਗੀ ਕਿ ਚੰਡੀਗੜ੍ਹ ਬੇਸ਼ੱਕ ਪੰਜਾਬ ਨੂੰ ਦੇ ਦਿਤਾ ਜਾਏ, ਅਸੀ ਨਵੀਂ ਰਾਜਧਾਨੀ ਦਿੱਲੀ ਦੇ ਨੇੜੇ ਬਣਾ ਲਵਾਂਗੇ - ਦੇਵੀ ਲਾਲ। ਪਰ ਮੇਰਾ ਦਿਲ ਕਹਿੰਦਾ ਹੈ, ਪੰਜਾਬ-ਪ੍ਰਸਤ ਪੰਜਾਬੀਆਂ ਤੇ ਹਰਿਆਣਾ-ਪ੍ਰਸਤ ਹਰਿਆਣਵੀਆਂ ਦਾ ਇਕ ਜੱਥਾ ਚੌਧਰੀ ਦੇਵੀ ਲਾਲ ਦੇ ਕਥਨਾਂ ਨੂੰ ਪ੍ਰਧਾਨ ਮੰਤਰੀ ਅਤੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਇਕੱਠਿਆਂ ਜਾ ਮਿਲੇ ਤੇ ਮੰਗ ਕਰੇ ਕਿ ਚੌਧਰੀ ਦੇਵੀ ਲਾਲ ਦਾ ਬੋਲਿਆ ਇਕ-ਇਕ ਅੱਖਰ ਜੋ ਸੋਨੇ ਵਿਚ ਤੋਲਿਆ ਜਾਣ ਵਾਲਾ ਹੈ, ਉਸ ਨੂੰ ਮਾਨਤਾ ਦਿਤੀ ਜਾਵੇ ਤੇ ਪੌਣੀ ਸਦੀ ਤੋਂ ਲਟਕਦੇ ਚਲੇ ਆ ਰਹੇ ਮਸਲੇ ਨੂੰ ਖ਼ਤਮ ਕਰਨ ਲਈ ਇਕੋ ਸਮੇਂ ਦੋ ਖ਼ੁਸ਼ਹਾਲ ਤੇ ਸੰਤੁਸ਼ਟ, ਮੁਕੰਮਲ ਸੂਬੇ ਬਣਾ ਦਿਤੇ ਜਾਣ (ਮੁਕੰਮਲ ਪੰਜਾਬ ਤੇ ਮੁਕੰਮਲ ਮਹਾਂ ਹਰਿਆਣਾ), ਦੋਹਾਂ ਦੇ ਕੁਦਰਤੀ ਤੇ ਕਾਨੂੰਨੀ ਅਧਿਕਾਰਾਂ ਨੂੰ ਹਮੇਸ਼ਾ ਲਈ ਮਾਨਤਾ ਦਿਤੀ ਜਾਏ ਤੇ ਦੋ ਆਪਸ ਵਿਚ ਲੜਦੀਆਂ ਸਟੇਟਾਂ ਨਹੀਂ, ‘ਭਾਈ-ਭਾਈ ਸਟੇਟਾਂ’ ਕਾਇਮ ਕਰਨ ਦਾ ਮੁਢ ਬੰਨਿ੍ਹਆ ਜਾਏ (ਹਰਿਆਣੇ ਦਾ ਮੂੰਹ ਪੰਜਾਬ ਵਲੋਂ ਮੋੜ ਕੇ ਕੁਦਰਤੀ ਜਾਟੂ ਰਾਜ ਯੂਪੀ ਦੇ ਮੇਰਠ ਡਵੀਜ਼ਨ ਵਲ ਕਰ ਕੇ)। ਪੰਜਾਬ-ਹਰਿਆਣੇ ਦਾ ਝਗੜਾ ਤਾਂ ਹੈ ਈ ਕੋਈ ਨਹੀਂ, ਐਵੇਂ ਖ਼ਾਹਮਖ਼ਾਹ ਖੜਾ ਕੀਤਾ ਗਿਆ ਸੀ ਤਾਕਿ ਸਿੱਖਾਂ ਨੂੰ ਪੰਜਾਬੀ ਸੂਬਾ ਮੰਗਣ ਬਦਲੇ ਸਬਕ ਸਿਖਾਇਆ ਜਾਵੇ। 
(17 ਅਤੇ 24 ਅਪ੍ਰੈਲ 2022 ਦੇ ਪਰਚੇ ਵਿਚੋਂ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement