S.Joginder Singh : ਉਨ੍ਹਾਂ ਵਲੋਂ ਆਪ ਸਾਰਿਆਂ ਨੂੰ ਆਖ਼ਰੀ ਵਾਰ ‘‘ਗੁਰਬਰ ਅਕਾਲ, ਸਤਿ ਸ੍ਰੀ ਅਕਾਲ’’
Warm-sweet memories with papa ji nimrat kaur article : ਮੇਰੇ ਪਿਤਾ ਸ. ਜੋਗਿੰਦਰ ਸਿੰਘ ਜੀ ਦੇ ਜਾਣ ਨਾਲ ਸਾਡੀ ਜ਼ਿੰਦਗੀ ਵਿਚ ਤਾਂ ਸੰਨਾਟਾ ਹੀ ਛਾ ਗਿਆ ਹੈ ਪਰ ਅਸੀ ਸਮਝਦੇ ਹਾਂ ਕਿ ਪਾਠਕ ਵੀ ਉਨ੍ਹਾਂ ਦੀ ਬਹੁਤ ਕਮੀ ਮਹਿਸੂਸ ਕਰ ਰਹੇ ਹੋਣਗੇ। ਖ਼ਾਸ ਕਰ ਕੇ ਐਤਵਾਰ ਦੀ ‘ਨਿੱਜੀ ਡਾਇਰੀ’ ਜਿਸ ਨੇ ਉਨ੍ਹਾਂ ਅਤੇ ਤੁਹਾਡੇ ਵਿਚਕਾਰ ਦਾ ਇਕ ਗੂੜ੍ਹਾ ਰਿਸ਼ਤਾ ਬਣਾ ਦਿਤਾ ਸੀ ਜੋ ਉਨ੍ਹਾਂ ਵਾਸਤੇ ਵੀ ਬਹੁਤ ਮਹੱਤਵਪੂਰਨ ਸੀ। ਉਨ੍ਹਾਂ ਦੇ ਕਿਰਦਾਰ ਨੂੰ ਤੇ ਇਨ੍ਹਾਂ ਜਜ਼ਬਾਤੀ ਪਲਾਂ ਨੂੰ ਅਲਫ਼ਾਜ਼ ਵਿਚ ਸਮੇਟਣਾ ਬੜਾ ਔਖਾ ਹੈ ਪਰ ਸ਼ਾਇਦ ਤੁਹਾਡੇ ਨਾਲ ਕੁੱਝ ਨਿੱਜੀ ਯਾਦਾਂ ਸਾਂਝੀਆਂ ਕਰਨ ਨਾਲ ਮੇਰਾ ਦਿਲ ਥੋੜ੍ਹਾ ਹਲਕਾ ਹੋ ਜਾਵੇ।
ਉਨ੍ਹਾਂ ਦੇ ਯੋਗਦਾਨ, ਦਲੇਰੀ, ਕਲਮ ਦੀ ਤਾਕਤ ਬਾਰੇ ਅੱਜ ਗੱਲ ਹੋ ਰਹੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਇਸ ਤਰ੍ਹਾਂ ਦੇ ਕਿਵੇਂ ਸਨ? ਉਨ੍ਹਾਂ ਦੇ ਵਜੂਦ ਦੀ ਬੁਨਿਆਦ ਬਾਬਾ ਨਾਨਕ ਅਤੇ ਬਾਣੀ ਸੀ। ਗੁਰੂ ਦਾ ਸ਼ਬਦ ਉਨ੍ਹਾਂ ਵਾਸਤੇ ਇਕ ਦਹਿਲੀਜ਼ ਸੀ ਤੇ ਉਨ੍ਹਾਂ ਨੇ ਕਦੇ ਵੀ ਉਸ ਦਹਿਲੀਜ਼ ਨੂੰ ਪਾਰ ਕਰਨ ਦਾ ਸੋਚਿਆ ਵੀ ਨਹੀਂ। ਉਨ੍ਹਾਂ ਦੀਆਂ ਲੜਾਈਆਂ ਨਿੱਜੀ ਨਹੀਂ ਸਨ ਬਲਕਿ ਉਹ ਸਿਰਫ਼ ਸਿਧਾਂਤਕ ਲੜਾਈਆਂ ਸਨ ਅਤੇ ਉਨ੍ਹਾਂ ਨੂੰ ਬਹੁਤ ਔਕੜਾਂ/ਮੁਸੀਬਤਾਂ ਝਲਣੀਆਂ ਪਈਆਂ ਪਰ ਉਹ ਡੋਲੇ ਨਹੀਂ। ਤਨਖ਼ਾਹੀਆ ਦਾ ਖ਼ਿਤਾਬ, ਅਦਾਲਤੀ ਕਾਰਵਾਈਆਂ ਦੀਆਂ ਪੇਸ਼ੀਆਂ, ਪੈਸੇ ਦੀ ਤੰਗੀ ਦਾ ਹੱਲ, ਹੁਕਮਰਾਨਾਂ ਸਾਹਮਣੇ ਇਕ ਲਿਖਤੀ ਮਾਫ਼ੀ ਸੀ ਪਰ ਉਹ ਆਖਦੇ ਸਨ ਕਿ ਮੈਂ ਸੱਭ ਕੁੱਝ ਝੱਲ ਲਵਾਂਗਾ ਪਰ ਅਪਣੇ ਗੁਰੂ ਨਾਲ ਦਗ਼ਾ ਨਹੀਂ ਕਰ ਸਕਦਾ। ਜਦੋਂ ਮੈਂ ਅਪਣੇ ਅਕਾਲ ਪੁਰਖ ਨੂੰ ਮਿਲਾਂਗਾ ਤਾਂ ਮੈਂ ਉਸ ਨਾਲ ਅੱਖ ਮਿਲਾਉਣ ਕਾਬਲ ਹੋਣਾ ਚਾਹੀਦਾ ਹਾਂ ਤੇ ਉਨ੍ਹਾਂ ਨੇ ਆਖ਼ਰੀ ਸਾਹ ਤਕ ਗੁਰੂ ਦੇ ਮਾਰਗ ਅਤੇ ਸੱਚ ਨਾਲ ਇਮਾਨਦਾਰੀ ਨਿਭਾਈ।
ਉਨ੍ਹਾਂ ਦੇ ਜੀਵਨ ਦਾ ਦੂਜਾ ਮੰਤਰ ਹੁੰਦਾ ਸੀ ਕਿ ਹਰ ਫ਼ੈਸਲਾ ਬਹੁਤ ਸੋਚ ਸਮਝ ਕੇ ਕਰਨਾ ਪਰ ਜਦ ਉਹ ਕੋਈ ਫ਼ੈਸਲਾ ਕਰ ਲੈਂਦੇ ਸੀ ਤਾਂ ਉਸ ਤੋਂ ਪਿੱਛੇ ਨਹੀਂ ਸਨ ਹਟਦੇ। ਉਨ੍ਹਾਂ ਅਪਣੀ ਜ਼ਿੰਦਗੀ ਦੇ ਤਜਰਬਿਆਂ ਨਾਲ ਸਿਆਸਤਦਾਨਾਂ ਅਤੇ ਪੱਤਰਕਾਰੀ ਤੋਂ ਵੀ ਆਸ ਛੱਡ ਦਿਤੀ ਸੀ। ਉਹ ਚਾਹੁੰਦੇ ਸਨ ਕਿ ਉਹ ਗੁਰੂ ਨਾਨਕ ਦੀ ਬੁਨਿਆਦੀ ਸੋਚ ਨੂੰ ਸਰਲ ਤਰੀਕੇ ਨਾਲ ਮੁੜ ਤੋਂ ਭਟਕਿਆਂ ਹੋਇਆਂ ਨੂੰ ਮਿਲਾ ਦੇਣ। ਫਿਰ ਉਹ ‘ਉੱਚਾ ਦਰ’ ਦੀ ਉਸਾਰੀ ਵਾਸਤੇ ਡਟ ਗਏ ਤੇ ਇਸ ਫ਼ੈਸਲੇ ਵਾਸਤੇ ਉਨ੍ਹਾਂ ਨੇ ਹਰ ਕੁਰਬਾਨੀ ਦਿਤੀ। ਅਪਣਾ ਧਨ/ਪੈਸਾ ਤਾਂ ਦਿਤਾ ਹੀ ਨਾਲ ਹੀ ਅਪਣੀਆਂ ਸਰੀਰਕ ਤਕਲੀਫ਼ਾਂ ਨੂੰ ਵੀ ਚੁੱਪ-ਚਾਪ ਝਲਦੇ ਰਹੇ ਤਾਕਿ ਉਹ ‘ਉੱਚਾ ਦਰ’ ਨੂੰ ਪੂਰਾ ਕਰ ਕੇ ਤੁਹਾਡੇ ਸਾਹਮਣੇ ਰੂਬਰੂ ਕਰ ਜਾਣ। ਜਦੋਂ ਸਾਨੂੰ ਉਨ੍ਹਾਂ ਦੀ ਬਿਮਾਰੀ ਦਾ ਪਤਾ ਚਲਿਆ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।
ਉਨ੍ਹਾਂ ਦੇ ਜਾਣ ਉਪਰੰਤ ਹੁਣ ਸਾਨੂੰ ਇਹ ਸਮਝ ਆਇਆ ਕਿ ਉਹ ਕਿੰਨੀ ਤਕਲੀਫ਼ ਵਿਚ ਰਹੇ ਹੋਣਗੇ। ਉਨ੍ਹਾਂ ਨੇ ਕਦੇ ਉਫ਼ ਤਕ ਨਹੀਂ ਸੀ ਕੀਤੀ ਕਿਉਂਕਿ ਉਹ ਜਾਣਦੇ ਸਨ ਜੇ ਪ੍ਰਵਾਰ ਨੂੰ ਅਪਣੀ ਤਕਲੀਫ਼ ਬਾਰੇ ਦਸਿਆ ਤਾਂ ਉਨ੍ਹਾਂ ਨੂੰ ਇਲਾਜ ਵਾਸਤੇ ਹਸਪਤਾਲ ਲੈ ਜਾਣਗੇ ਅਤੇ ਉਹ ਸਮਾਂ ਬਰਬਾਦ ਨਹੀਂ ਸਨ ਕਰਨਾ ਚਾਹੁੰਦੇ। ‘ਉੱਚਾ ਦਰ’ ਵਾਸਤੇ ਸਿਰਫ਼ ਉਨ੍ਹਾਂ ਨੇ ਤਕਲੀਫ਼ਾਂ ਹੀ ਨਹੀਂ ਝਲੀਆਂ ਬਲਕਿ ਉਸ ਵਾਸਤੇ ਇਸ ਦੁਨੀਆਂ ਤੋਂ ਰੁਖ਼ਸਤ ਵੀ ਹੋ ਗਏ। ਮੈਂ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਆਪ ਸਾਰੇ ਸਮਾਂ ਕੱਢ ਕੇ ‘ਉੱਚਾ ਦਰ’ ਜ਼ਰੂਰ ਵੇਖ ਕੇ ਆਉਣਾ ਤੇ ਇਹੀ ਉਨ੍ਹਾਂ ਵਾਸਤੇ ਸੱਚੀ ਸ਼ਰਧਾਂਜਲੀ ਹੋਵੇਗੀ।
ਅਕਾਲ ਪੁਰਖ ਨੇ ਜੋ ਜ਼ਿੰਮੇਵਾਰੀਆਂ ਪਾਪਾ ਦੇ ਲੇਖੇ ਲਾਈਆਂ ਸਨ, ਸ਼ਾਇਦ ਉਹ ਇਕੱਲੇ ਇਹ ਪੂਰੀਆਂ ਨਾ ਕਰ ਪਾਉਂਦੇ, ਇਸ ਲਈ ਅਕਾਲ ਪੁਰਖ ਨੇ ਉਨ੍ਹਾਂ ਦੀ ਮਦਦ ਲਈ, ਜੀਵਨ ਸਾਥਣ ਦੇ ਰੂਪ ਵਿਚ ਬੀਬੀ ਜਗਜੀਤ ਕੌਰ ਨੂੰ ਇਕ ਸੌਗਾਤ ਵਜੋਂ ਦੇ ਦਿਤਾ। ਦੋਹਾਂ ਵਿਚਕਾਰ ਪਿਆਰ ਅਜਿਹਾ ਕਿ ਹੀਰ-ਰਾਂਝੇ ਦੀ ਕਹਾਣੀ ਵੀ ਉਨ੍ਹਾਂ ਅੱਗੇ ਫਿੱਕੀ ਪੈ ਜਾਂਦੀ ਹੈ। ਆਪਸ ਵਿਚ ਐਸੇ ਜੁੜੇ ਸਨ ਕਿ ਪਤਾ ਹੀ ਨਹੀਂ ਸੀ ਚਲਦਾ ਕਿ ਜੋਗਿੰਦਰ ਸਿੰਘ ਕਿਥੇ ਖ਼ਤਮ ਹੁੰਦੇ ਹਨ ਤੇ ਕਿਥੋਂ ਜਗਜੀਤ ਕੌਰ ਸ਼ੁਰੂ ਹੁੰਦੀ ਹੈ। ਕਮਲਾ ਇਸ਼ਕ ਇਕ ਦੂਜੇੇ ਨਾਲ ਕਰਦੇ ਸਨ ਤੇ ਵਿਆਹ ਦੇ 55 ਸਾਲ ਵਿਚ ਸ਼ਾਇਦ 6-7 ਰਾਤਾਂ ਹੀ ਇਕ-ਦੂਜੇ ਤੋਂ ਵੱਖ ਹੋਏ ਹੋਣ ਪਰ ਜ਼ਬਰਦਸਤੀ ਨਹੀਂ, ਦੋਹਾਂ ਦਾ ਅੱਡ ਹੋਣ ਨੂੰ ਦਿਲ ਨਹੀਂ ਸੀ ਕਰਦਾ। ਇਕ ਦੂਜੇ ਦੀਆਂ ਜ਼ਿੱਦਾਂ ਵੀ ਮੰਨਦੇ ਅਤੇ ਮਨਾਉਂਦੇ, ਝਗੜਦੇ ਤੇ ਫਿਰ ਮਨਾਉਂਦੇ (ਤੇ ਜੇ ਘੰਟੇ ਕੁ ਦੇ ਸਮੇਂ ਵਿਚ ਉਹ ਨਾ ਮਨਾਉਂਦੇ ਤਾਂ ਜਗਜੀਤ ਜੀ ਯਾਦ ਕਰਵਾ ਦੇਂਦੇ ਕਿ ਮਨਾ ਲਉ)।
ਰਾਤ ਨੂੰ ਹੱਥ ਫੜ ਕੇ ਸੌਂਦੇ ਤੇ ਸਵੇਰ ਦੀ ਚਾਹ ਅਤੇ ਰਾਤ ਤਕ ਅਖ਼ਬਾਰ ਦਾ ਸਾਰਾ ਕੰਮ ਇਕੱਠੇ ਹੀ ਕਰਦੇ। ਪਿਆਰ, ਬੇਹੱਦ ਪਿਆਰ, ਜਿਸਮਾਨੀ, ਰੂਹਾਨੀ ਪਿਆਰ ਦੀ ਹਰ ਹੱਦ ਪਾਰ ਕੀਤੀ। ਇਕ ਦੂਜੇ ਨੂੰ ਤਾਕਤ ਦਿਤੀ ਤੇ ਸਾਂਝੇ ਸੁਪਨੇ ਬੁਣੇ ਅਤੇ ਉਨ੍ਹਾਂ ਨੂੰ ਪੂਰਾ ਵੀ ਕੀਤਾ। ਪਾਪਾ ਨੂੰ ਮੰਮੀ ਦੀ ਖ਼ੂਬਸੂਰਤੀ, ਸਾਫ਼ ਦਿਲੀ, ਦਲੇਰੀ, ਕਾਬਲੀਅਤ ਪਸੰਦ ਸੀ ਅਤੇ ਮੰਮੀ ਵਲੋਂ ਬਣਾਏ ਖਾਣੇ ਦਾ ਸਵਾਦ ਵੀ ਬੇਮਿਸਾਲ ਸੀ ਤੇ ਉਨ੍ਹਾਂ ਵਰਗਾ ਕੋਈ ਨਹੀਂ ਅਤੇ ਮੰਮੀ ਨੂੰ ਵੀ ਪਾਪਾ ਵਿਚ ਰੱਬ ਦਿਸਦਾ ਸੀ। ਉਨ੍ਹਾਂ ਦੇ ਪਿਆਰ ਦੇ ਨਿੱਘ ਨੇ ਸਾਡੇ ਪ੍ਰਵਾਰ ਵਿਚ ਅਜਿਹੇ ਗੂੜ੍ਹੇ ਰਿਸ਼ਤੇ ਬਣਾਏ ਕਿ ਅਸੀ ਸਾਰੇ ਉਸ ਨਾਲ ਝੰਬੇ ਹੋਏ ਹਾਂ।
ਉਨ੍ਹਾਂ ਕਦੇ ਸਾਨੂੰ ਜਾਤ-ਪਾਤ ਬਾਰੇ ਨਹੀਂ ਸਿਖਾਇਆ ਤੇ ਨਾ ਹੀ ਇਹ ਅਹਿਸਾਸ ਹੋਣ ਦਿਤਾ ਕਿ ਅਸੀ ਔਰਤਾਂ ਹੋਣ ਕਾਰਨ ਕਮਜ਼ੋਰ ਹਾਂ ਕਿਉਂਕਿ ਬਰਾਬਰੀ ਨੂੰ ਜੀਵਨ ਵਿਚ ਲਿਆਉਣਾ ਹੀ ਸਿੱਖੀ ਦੀ ਅਸਲ ਬੁਨਿਆਦੀ ਸੋਚ ਹੈ। ਮੈਨੂੰ ਬਚਪਨ ਵਿਚ ਸਕੂਲ ਤੋਂ ਲਿਆਉਣਾ ਅਤੇ ਸਕੂਟਰ ਅੱਗੇ ਖੜਾ ਕਰ ਕੇ ਸੁਣਾਉਂਦੇ ਆਉਣਾ ‘‘ਬਿਨੂੰ ਸਿੰਘ ਸਰਦਾਰ, ਘੋੜੇ ਪੰਜ ਬੰਦੂਕਾਂ ਚਾਰ, ਲੜਦਾ ਜਾਂਦਾ ਫ਼ੌਜਾਂ ਨਾਲ, ਕਰਦਾ ਜਾਂਦਾ ਮਾਰੋ ਮਾਰ।’’ ਜੇ ਸਾਰੇ ਪਿਤਾ ਅਪਣੀਆਂ ਬੇਟੀਆਂ ਦਾ ਪਾਲਣ ਪੋਸਣ ਇਸੇ ਤਰ੍ਹਾਂ ਸਿੱਖੀ ਸੋਚ ਨਾਲ ਕਰਨ ਤਾਂ ਕੋਈ ਵੀ ਬੇਟੀ ਅਬਲਾ ਨਹੀਂ ਰਹੇਗੀ। ਉਹ ਡਾਢੇ ਸਨ, ਕੌੜੇ ਅਲਫ਼ਾਜ਼ ਆਖ ਜਾਂਦੇ ਸਨ ਪਰ ਕੱਟੜ ਨਹੀਂ ਸਨ। ਉਨ੍ਹਾਂ ਵਿਚ ਸਹਿਣ-ਸ਼ਕਤੀ ਐਸੀ ਸੀ ਕਿ ਤੁਸੀ ਕਿਸੇ ਵੀ ਵਿਸ਼ੇ ’ਤੇ, ਕਿਸੇ ਵੀ ਤਰ੍ਹਾਂ ਦੀ ਚਰਚਾ ਛੇੜ ਸਕਦੇ ਸੀ। ਉਨ੍ਹਾਂ ਨੂੰ ਵਿਚਾਰਾਂ ਦੀ ਉਡਾਣ ਵਿਚੋਂ ਜੋ ਆਜ਼ਾਦੀ ਮਹਿਸੂਸ ਹੁੰਦੀ ਸੀ, ਉਹ ਉਨ੍ਹਾਂ ਨੇ ਸਾਨੂੰ ਦੋਵਾਂ ਭੈਣਾਂ ਨੂੰ ਵੀ ਦਿਤੀ। ਭਾਵੇਂ ਸਾਡੇ ਵਿਚਾਰ ਵਖਰੇ ਹੋਣ, ਉਨ੍ਹਾਂ ਨੇ ਸਾਨੂੰ ਰੋਕਣ ਦਾ ਯਤਨ ਕਦੇ ਨਹੀਂ ਸੀ ਕੀਤਾ ਤੇ ਨਾ ਹੀ ਅਪਣੇ ਦੋਹਤੇ-ਦੋਹਤੀਆਂ ਨੂੰ ਰੋਕਿਆ। ਬੱਚਿਆਂ ਨਾਲ ਊਟ-ਪਟਾਂਗ ਦੀਆਂ ਗੱਲਾਂ ਵੀ ਉਸੇ ਮਜ਼ੇ ਨਾਲ ਕਰਨੀਆਂ ਜਿਵੇਂ ਕਿਸੇ ਵਿਦਵਾਨ ਨਾਲ ਕਿਸੇ ਖ਼ਾਸ ਵਿਸ਼ੇ ’ਤੇ ਕਰਨੀਆਂ। ਉਨ੍ਹਾਂ ਨੂੰ ਗੱਲਾਂ ਨਾਲ ਛੇੜ ਕੇ ਮਜ਼ਾ ਆਉਂਦਾ ਤੇ ਫਿਰ ਉਹ ਅਪਣੀ ਦੱਬੀ ਹੱਸੀ ਵਿਚ ਦੂਹਰੇ ਹੋ ਜਾਂਦੇ।
ਉਨ੍ਹਾਂ ਵਲੋਂ ਆਪ ਸਾਰਿਆਂ ਨੂੰ ਆਖ਼ਰੀ ਵਾਰ ‘‘ਗੁਰਬਰ ਅਕਾਲ, ਸਤਿ ਸ੍ਰੀ ਅਕਾਲ’’
ਉਨ੍ਹਾਂ ਨੇ ਹਸਣਾ ਵੀ ਖੁਲ੍ਹ ਕੇ ਅਤੇ ਰੋਣਾ ਵੀ ਬਿਨਾਂ ਕਿਸੇ ਝਿਜਕ ਤੋਂ। ਅੱਜ ਜਦੋਂ ਕੋਈ ਹੰਝੂ ਰੋਕਣ ਵਾਸਤੇ ਆਖਦਾ ਹੈ ਤਾਂ ਮੈਂ ਕਹਿੰਦੀ ਹਾਂ ਕਿ ਮੇਰੇ ਪਿਤਾ ਨੇ ਮੈਨੂੰ ਖੁਲ੍ਹ ਕੇ ਅਹਿਸਾਸਾਂ ਨੂੰ ਮਹਿਸੂਸ ਕਰਨਾ ਸਿਖਾਇਆ ਹੈ ਅਤੇ ਉਨ੍ਹਾਂ ਵਲੋਂ ਮਿਲੀ ਦਾਤ ਨੂੰ ਮੈਂ ਕਦੀ ਨਹੀਂ ਛਡਾਂਗੀ। ਆਖ਼ਰੀ ਪਲਾਂ ਵਿਚ ਮੰਮੀ ਜਗਜੀਤ ਕੌਰ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ’ਚੋਂ ਵੀ ਹੰਝੂ ਆ ਗਏ ਸਨ ਤੇ ਉਹ ਜਾਣਦੇ ਸਨ ਕਿ ਸਾਡੇ ਦਿਲਾਂ ਵਿਚੋਂ ਦੁੱਖ ਦੇ ਦਰਿਆਵਾਂ ਨੂੰ ਹੰਝੂ ਦੇ ਰੂਪ ਵਿਚ ਉਹ ਹਲਕਾ ਕਰ ਰਹੇ ਹਨ। ਪਰ ਅੱਜ ਉਨ੍ਹਾਂ ਦੀ ਕਮੀ ਇੰਨੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਹੰਝੂ ਰੋਕਿਆਂ ਵੀ ਨਹੀਂ ਰੁਕਦੇ।
ਅਸੀ ਬਚਪਨ ਵਿਚ ਦੋਵੇਂ ਭੈਣਾਂ ਕਈ ਵਾਰ ਗੱਲ ਕਰਦੀਆਂ ਹੁੰਦੀਆਂ ਸਾਂ ਕਿ ਸਾਡੇ ਮਾਂ-ਬਾਪ ਇੰਨੇ ਵਖਰੇ ਕਿਉਂ ਹਨ ਤੇ ਬਾਕੀਆਂ ਵਾਂਗ ਆਮ ਤਰ੍ਹਾਂ ਦੇ ਕਿਉਂ ਨਹੀਂ ਹਨ? ਵੱਡੇ ਹੋ ਕੇ ਸਮਝ ਆਇਆ ਕਿ ਅਸੀ ਕਿੰਨੇ ਖ਼ੁਸ਼ਨਸੀਬ ਹਾਂ ਕਿ ਸਾਨੂੰ ਇਨ੍ਹਾਂ ਦੇ ਘਰ ਪੈਦਾ ਹੋਣ ਦੀ ਦਾਤ ਮਿਲੀ। ਅਜੀਬ ਤੇ ਹਰ ਗੱਲ ਵਿਚ ਵਖਰੇ ਸਨ। ਕਿਸੇ ਵੀ ਅਖ਼ਬਾਰ ਦਾ ਸੰਪਾਦਕ ਅਪਣਾ ਦਫ਼ਤਰ ਬੈਡਰੂਮ ਵਿਚ ਬੈੱਡ (ਪਲੰਘ) ’ਤੇ ਮੂਧੇ ਪੈ ਕੇ ਨਹੀਂ ਚਲਾਉਂਦਾ ਪਰ ਇਨ੍ਹਾਂ ਨੇ ਉਸੇ ਪਲੰਘ ’ਤੇ ਬੈਠ ਕੇ ਲਿਖੀਆਂ ਅਪਣੀਆਂ ਲਿਖਤਾਂ ਨਾਲ ਪੰਜਾਬ ਦੀ ਸਿਆਸਤ ਤਕ ਹਿਲਾ ਦਿਤੀ।
ਉਹ ਵਿਲੱਖਣ ਨਾ ਹੁੰਦੇ ਤਾਂ ਸਾਨੂੰ ਅਪਣੇ ਅੰਦਰ ਵਸਦੀ ਦੌਲਤ ਦੀ ਖਾਣ ਤੋਂ ਜਾਣੂ ਨਾ ਕਰਵਾਉਂਦੇ। ਕਿਸੇ ਸਮਾਜਕ ਰੀਤ ਨੂੰ, ਜਿਹੜੀ ਸਾਨੂੰ ਕਮਜ਼ੋਰ ਕਰਦੀ ਸੀ, ਉਸ ਨੂੰ ਤੋੜਨ ਵਿਚ ਉਨ੍ਹਾਂ ਨੇ ਬਿਲਕੁਲ ਝਿਜਕ ਨਾ ਕੀਤੀ। ਉਹ ਵਖਰੇ ਰਾਹਾਂ ’ਤੇ ਚੱਲਣ ਤੋਂ ਨਹੀਂ ਸਨ ਘਬਰਾਉਂਦੇ, ਜਦ ਤਕ ਉਹ ਗੁਰੂ ਸ਼ਬਦ ਵਲੋਂ ਦਰਸਾਏ ਰਾਹਾਂ ਤੋਂ ਵਖਰੇ ਨਾ ਹੋਣ। ਆਪ ਭਾਵੇਂ ਪਰਬਤਾਂ ਦਾ ਭਾਰ ਚੁੱਕ ਲੈਂਦੇੇ ਸਨ ਪਰ ਸਾਨੂੰ ਕਦੇ ਤਿਤਲੀਆਂ ਵਾਂਗ ਉੱਡਣ ਤੋਂ ਨਾ ਰੋਕਦੇ ਅਤੇ ਨਾ ਹੀ ਕਦੇ ਸ਼ੇਰਾਂ ਵਾਂਗ ਗਰਜਣ ਤੋਂ ਟੋਕਦੇ।
ਉਨ੍ਹਾਂ ਦਾ ਜਦ ਆਖ਼ਰੀ ਪਲ ਨੇੜੇ ਆ ਗਿਆ ਸੀ ਤਾਂ ਉਹ ਬੜੇ ਅਸ਼ਾਂਤ ਸਨ ਤੇ ਅਸੀ ਜਪੁਜੀ ਸਾਹਿਬ ਦਾ ਪਾਠ ਲਗਾ ਦਿਤਾ। ਉਹ ਵੈਂਟੀਲੇਟਰ ’ਤੇ ਸਨ, ਇਸ ਕਾਰਨ ਬੋਲ ਨਹੀਂ ਸਨ ਪਾ ਰਹੇ ਪਰ ਜ਼ੁਬਾਨ ਹਿਲਦੀ ਦਿਸਦੀ ਸੀ ਤੇ ਉਨ੍ਹਾਂ ਨੇ ਪਾਠ ਪੂਰਾ ਕੀਤਾ। ਮੰਮੀ ਨੇ ਉਨ੍ਹਾਂ ਵਾਸਤੇ ਇਕ ਗੀਤ ਵੀ ਗਾਇਆ ‘‘ਅਭੀ ਨਾ ਜਾਉ ਛੋੜ ਕਰ, ਕੇ ਦਿਲ ਅਭੀ ਭਰਾ ਨਹੀਂ।’’ ਦਿਲ ਤਾਂ ਲਾਲਚੀ ਹੈ, ਕਦੇ ਭਰਦਾ ਨਹੀਂ ਪਰ ਉਨ੍ਹਾਂ ਦਾ ਜਾਣ ਦਾ ਸਮਾਂ ਆ ਗਿਆ ਸੀ। ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਅੱਜ ਬਾਬੇ ਦੇ ਵਿਹੜੇ ਵਿਚ ਉਨ੍ਹਾਂ ਨੂੰ ਸ਼ਾਬਾਸ਼ੀ ਮਿਲੀ ਹੋਵੇਗੀ ਤੇ ਉਹ ਹੁਣ ਸਕੂਨ ਵਿਚ ਹੋਣਗੇ।
ਸਾਡੇ ਵਾਸਤੇ ਪਿਆਰ ਨਾਲ ਗੜੁਚ ਯਾਦਾਂ ਤਾਂ ਹਨ ਪਰ ਪਾਠਕਾਂ ਵਾਸਤੇ ਬੜੇ ਵੱਡੇ ਸਵਾਲ ਛੱਡ ਗਏ ਹਨ। ਉਸ ਕਲਮ ਦੀ ਸਿਆਹੀ ਖ਼ਤਮ ਹੋ ਗਈ ਹੈ ਤੇ ਆਸ ਕਰਦੇ ਹਾਂ ਜਿਸ ਨਿਡਰਤਾ ਨਾਲ ਉਨ੍ਹਾਂ ਨੇ ਗੁਰਬਾਣੀ ਦੀ ਸੋਚ ਤੋਂ ਵਿਖੜਦੀਆਂ ਕੁਰੀਤੀਆਂ ’ਤੇ ਸਵਾਲ ਚੁਕੇ ਸਨ, ਤੁਸੀ ਉਨ੍ਹਾਂ ’ਤੇ ਪਹਿਰਾ ਦਿੰਦੇ ਰਹੋਗੇ ਅਤੇ ਗੁਰੂ ਦੀ ਸਿਖਿਆ ਦੀ ਪਹਿਰੇੇਦਾਰੀ ਕਰੋਗੇ। ਉਨ੍ਹਾਂ ਨੇ ਗੁਰੂ ਦਾ ਹੁਕਮ ਮੰਨਦਿਆਂ ਅਪਣਾ ਜੀਵਨ, ਕਰਮਕਾਂਡ, ਪੁਜਾਰੀਵਾਦ ਤੋਂ ਆਜ਼ਾਦ ਹੋ ਕੇ ਗੁਜ਼ਾਰਿਆ ਅਤੇ ਅਪਣੀਆਂ ਅੰਤਮ ਰਸਮਾਂ ਵੀ ਸਿੱਖੀ ਸਿਧਾਂਤਾਂ ਦੀ ਸਾਦਗੀ ਨਾਲ ਕਰਨ ਦੀ ਹਦਾਇਤ ਕਰ ਗਏ ਸੀ। ਸੋ ਅਸੀ ਆਸ ਕਰਦੇ ਹਾਂ ਕਿ ਤੁਸੀ ਸਾਰੇ ਪਾਪਾ ਦੀ ਯਾਦ ਵਿਚ, ਉਨ੍ਹਾਂ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਜਾਤ-ਪਾਤ, ਨਾ-ਬਰਾਬਰੀ, ਪੁਜਾਰੀਵਾਦ, ਡੇਰਾਵਾਦ, ਝੂਠੀਆਂ ਰੀਤਾਂ ਤੋਂ ਅਪਣੇ ਆਪ ਨੂੰ ਆਜ਼ਾਦ ਕਰਨ ਦਾ ਯਤਨ ਕਰਦੇ ਰਹੋਗੇ।
ਉਨ੍ਹਾਂ ਵਲੋਂ ਆਪ ਸਾਰਿਆਂ ਨੂੰ ਆਖ਼ਰੀ ਵਾਰ
‘‘ਗੁਰਬਰ ਅਕਾਲ, ਸਤਿ ਸ੍ਰੀ ਅਕਾਲ’’।