ਪੱਕਾ ਕੋਠਾ ਉਸਾਰਨ ਦਾ, ਜੋਗਾ ਸਿੰਘ ਦਾ ਸੁਪਨਾ ਕਿਵੇਂ ਪੂਰਾ ਹੋਇਆ
Published : Jul 14, 2018, 10:27 pm IST
Updated : Jul 14, 2018, 10:27 pm IST
SHARE ARTICLE
Chaff Cutter
Chaff Cutter

ਮੈਨੂੰ ਯਾਦ ਆਉਂਦੇ ਹਨ ਬਚਪਨ ਦੇ ਉਹ ਦਿਨ ਜਦ ਮੈਂ 8ਵੀਂ ਜਮਾਤ ਵਿਚ ਪੜ੍ਹਦਾ ਸੀ............

ਮੈਨੂੰ ਯਾਦ ਆਉਂਦੇ ਹਨ ਬਚਪਨ ਦੇ ਉਹ ਦਿਨ ਜਦ ਮੈਂ 8ਵੀਂ ਜਮਾਤ ਵਿਚ ਪੜ੍ਹਦਾ ਸੀ। ਪਾਕਿਸਤਾਨ ਤੋਂ ਉਜੜ ਕੇ ਆਏ ਕਾਫ਼ੀ ਲੋਕ ਨਵੀਂ ਧਰਤੀ ਵਿਚ ਅਪਣੀਆਂ ਜੜ੍ਹਾਂ ਪੱਕੀਆਂ ਕਰ ਚੁੱਕੇ ਸਨ ਤੇ ਬਾਕੀ ਦੇ, ਅਜਿਹੇ ਯਤਨਾਂ ਵਿਚ ਅਜੇ ਲੱਗੇ ਹੋਏ ਸਨ। ਮੇਰੇ ਪਿਤਾ ਜੀ ਡਾਕਟਰੀ ਕਰਦੇ ਸਨ। ਸਵੇਰੇ 6 ਵਜੇ ਦੁਕਾਨ ਦੀ ਸਫ਼ਾਈ ਕਰਨ ਦੀ ਸੇਵਾ ਮੈਨੂੰ ਮਿਲੀ ਹੋਈ ਸੀ। ਜਾਗਦਿਆਂ ਸਾਰ ਦੁਕਾਨ ਵਲ ਭੱਜ ਉਠਦਾ ਜੋ ਘਰ ਤੋਂ ਥੋੜੀ ਦੂਰੀ ਤੇ ਹੀ ਸੀ। ਇਕ ਇਕ ਸ਼ੀਸ਼ੀ ਪੂੰਝ ਕੇ ਮਿੱਟੀ ਦਾ ਕਿਣਕਾ ਵੀ ਦੁਕਾਨ ਜਾਂ ਅਲਮਾਰੀਆਂ ਵਿਚ ਨਾ ਰਹਿ ਜਾਏ, ਇਹ ਵੇਖਣਾ ਮੇਰਾ ਕੰਮ ਹੁੰਦਾ ਸੀ। ਜਿਹੜੀਆਂ ਦਵਾਈਆਂ ਦਿਨੇ ਖ਼ਤਮ ਹੋ ਜਾਂਦੀਆਂ ਸਨ, ਉਨ੍ਹਾਂ ਦੀ ਸੂਚੀ ਵੀ ਮੈਂ

ਸਵੇਰ ਦੀ 'ਸਫ਼ਾਈ' ਵੇਲੇ ਹੀ ਤਿਆਰ ਕਰ ਦੇਂਦਾ ਸੀ ਤਾਕਿ ਉਹ ਸਵੇਰੇ ਕੈਮਿਸਟ ਦੀਆਂ ਦੁਕਾਨਾਂ ਖੁਲ੍ਹਦਿਆਂ ਹੀ ਮੰਗਵਾਈਆਂ ਜਾ ਸਕਣ। ਦੁਕਾਨ ਦੇ ਸਾਹਮਣੇ ਦੀ ਕੱਚੀ ਥਾਂ ਉਤੇ ਪਾਣੀ ਦਾ ਤਰੌਂਕਾ ਦੇਣ ਲਈ ਥੋੜੀ ਦੂਰੀ ਤੋਂ ਪਾਣੀ ਦੀਆਂ ਬਾਲਟੀਆਂ ਵੀ ਭਰ ਕੇ ਲਿਆਉਣੀਆਂ ਪੈਂਦੀਆਂ ਸਨ। ਇਕ ਘੰਟੇ ਦੀ ਮਿਹਨਤ ਮਗਰੋਂ ਜਦ ਸੱਭ ਕੁੱਝ 'ਟਿਚ' ਹੋ ਜਾਂਦਾ ਸੀ ਤਾਂ ਫਿਰ ਮੈਨੂੰ ਘਰ ਜਾ ਕੇ ਨਹਾਉਣ ਮਗਰੋਂ ਖਾਣ ਨੂੰ ਕੁੱਝ ਮਿਲਦਾ ਸੀ। ਅੱਧੇ ਘੰਟੇ ਮਗਰੋਂ ਸਕੂਲ ਜਾਣ ਦਾ ਵੇਲਾ ਹੋ ਜਾਂਦਾ ਸੀ ਤੇ ਪੈਦਲ ਸਕੂਲ ਵਲ ਦੌੜਨਾ ਪੈਂਦਾ ਸੀ। ਰਸਤੇ ਵਿਚ ਗੁਰਦਵਾਰੇ ਮੱਥਾ ਟੇਕਣਾ ਤੇ ਕੋਸ਼ਿਸ਼ ਕਰਨੀ ਕਿ ਗੁਰਦਵਾਰੇ ਦੀ ਲਾਇਬਰੇਰੀ ਵਿਚ ਅਖ਼ਬਾਰ ਜ਼ਰੂਰ ਵੇਖਦਾ ਜਾਵਾਂ!

ਮੇਰੇ ਪਿਤਾ ਕੋਲ ਇਕ ਮਾੜਚੂ ਜਿਹਾ ਮਰੀਜ਼ ਅਕਸਰ ਆਇਆ ਕਰਦਾ ਸੀ। ਉਸ ਨੇ ਪੱਠੇ ਕੁਤਰਨ ਦੀ ਮਸ਼ੀਨ (ਟੋਕਾ) ਥੋੜੀ ਦੂਰੀ ਤੇ ਲਗਾਈ ਹੋਈ ਸੀ। ਘਰ ਵਿਚ ਅਸੀ ਗਾਂ ਰੱਖੀ ਹੋਈ ਸੀ। ਉਹ ਦਵਾਈ ਦੇ ਪੈਸੇ ਨਹੀਂ ਸੀ ਦੇਂਦਾ ਤੇ ਕਹਿੰਦਾ ਸੀ, ''ਮੈਂ ਤੁਹਾਡੇ ਪੱਠੇ ਰੋਜ਼ ਕੁਤਰ ਦਿਆ ਕਰਾਂਗਾ ਤੇ ਪੈਸੇ ਨਹੀਂ ਮੰਗਾਂਗਾ, ਤੁਸੀ ਮੈਨੂੰ ਦਵਾ ਦਾਰੂ ਦੇ ਦਿਆ ਕਰੋ ਪਰ ਪੈਸੇ ਨਾ ਮੰਗਿਆ ਕਰੋ।''ਪਿਤਾ ਜੀ ਦੀ ਮਸ਼ਹੂਰੀ ਇਹੀ ਸੀ ਕਿ ਜਦ ਤਕ ਉਹ ਡਾਕਟਰੀ ਕਰਦੇ ਰਹੇ, ਗ਼ਰੀਬਾਂ ਦਾ ਇਲਾਜ ਬਿਲਕੁਲ ਮੁਫ਼ਤ ਕਰਦੇ ਰਹੇ ਤੇ ਗ਼ਰੀਬ ਉਨ੍ਹਾਂ ਦੇ ਗੁਣਗਾਨ ਵੀ ਬਹੁਤ ਕਰਿਆ ਕਰਦੇ ਸਨ। ਉਸ ਵੇਲੇ, ਲੋਕ ਅੱਜ ਨਾਲੋਂ ਕਿਤੇ ਜ਼ਿਆਦਾ ਗ਼ਰੀਬ ਹੁੰਦੇ ਸਨ ਅਤੇ ਡਾਕਟਰ ਦੀ ਫ਼ੀਸ ਜਾਂ

ਦਵਾਈ ਜੋਗੇ ਪੈਸੇ ਉਨ੍ਹਾਂ ਕੋਲ ਨਹੀਂ ਸਨ ਹੁੰਦੇ। ਦੋ ਕੁ ਸਾਲ ਬਾਅਦ ਇਕ ਦਿਨ ਜੋਗਾ ਸਿੰਘ ਆਇਆ ਅਤੇ ਬੜੀ ਅਧੀਨਗੀ ਨਾਲ ਬੋਲਿਆ, ''ਡਾਕਟਰ ਜੀ, ਤੁਸੀ ਬਹੁਤ ਵੱਡੇ ਬੰਦੇ ਹੋ ਤੇ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਵਰਗਾ ਵੀ ਨਹੀਂ। ਪਰ ਇਕ ਬੇਨਤੀ ਮੰਨ ਕੇ ਕਲ ਮੇਰੇ ਘਰ ਦੀ ਚੱਠ ਤੇ ਜ਼ਰੂਰ ਆਇਉ। ਮੈਨੂੰ ਨਾਂਹ ਨਾ ਕਰਿਉ, ਮੇਰਾ ਦਿਲ ਟੁਟ ਜਾਏਗਾ। ਗ਼ਰੀਬ ਦੇ ਘਰ ਤਾਂ ਰੱਬ ਵੀ ਨਹੀਂ ਆਉਂਦਾ ਪਰ ਤੁਸੀ ਜ਼ਰੂਰ ਆਇਉ। ਪੱਠੇ ਕੁਤਰ ਕੁਤਰ ਕੇ ਮੈਂ ਉਹ ਕੰਮ ਕਰ ਦਿਤੈ ਜੋ ਮੇਰਾ ਬਾਪ ਵੀ ਸਾਰੀ ਉਮਰ ਦੀ ਹੱਡ ਭੰਨਵੀਂ ਮਿਹਨਤ ਨਾਲ ਨਹੀਂ ਸੀ ਕਰ ਸਕਿਆ। ਮੈਂ ਇਕ ਪੱਕਾ ਕੋਠਾ ਪਾ ਲਿਐ ਤੇ ਹੁਣ ਮੈਂ ਆਂਢ-ਗੁਆਂਢ ਦੇ ਕੱਚੇ ਘਰਾਂ ਵਾਲਿਆਂ ਵਿਚ

ਇਕੋ ਇਕ ਪੱਕੇ ਕੋਠੇ ਵਾਲਾ ਬਣ ਗਿਆਂ। ਨਾਲ ਦੇ ਸਾਰਿਆਂ ਦੇ ਕੱਚੇ ਘਰਾਂ ਉਤੇ ਟੀਨ ਦੀਆਂ ਛੱਤਾਂ ਨੇ ਤੇ ਮੇਰੇ ਕੋਠੇ ਉਤੇ ਸਰੀਏ, ਬਜਰੀ ਤੇ ਸੀਮੈਂਟ ਵਾਲੀ ਪੱਕੀ ਛੱਤ। ਮੇਰੀ ਛਾਤੀ ਫ਼ੁਲ ਕੇ ਦੂਣੀ ਹੋ ਜਾਏਗੀ ਜੇ ਤੁਸੀ ਮੇਰੇ ਕੋਠੇ ਵਿਚ ਪੈਰ ਪਾ ਦਿਤੇ।''ਮੇਰੇ ਪਿਤਾ ਨੇ ਹਾਂ ਕਰ ਦਿਤੀ। ਉਹ ਗ਼ਰੀਬ ਦੀ ਮਿਹਨਤ ਨਾਲ ਬਣਾਈ ਵਲਗਣ ਲਈ ਉਸ ਦੀ ਹੌਸਲਾ ਅਫ਼ਜ਼ਾਈ ਕਰਨਾ ਚਾਹੁੰਦੇ ਸੀ। ਪਿਤਾ, ਮਾਤਾ ਤੇ ਮੈਂ ਤਿੰਨੇ ਉਥੇ ਪੁੱਜੇ। ਕਾਗ਼ਜ਼ ਦੀਆਂ ਲਾਲ ਪੀਲੀਆਂ ਝੰਡੀਆਂ ਲਗੀਆਂ ਹੋਈਆਂ ਸਨ। ਇਕ 15 ਫ਼ੁਟ 20 ਫ਼ੁਟ ਦਾ ਕਮਰਾ ਸੀ। ਹੇਠਾਂ ਫ਼ਰਸ਼ ਤਾਂ ਪੈ ਗਿਆ ਸੀ ਪਰ ਦੀਵਾਰਾਂ ਪਲੱਸਤਰ ਤੋਂ ਬਿਨਾਂ ਹੀ ਸਨ। ਛੱਤ ਦਾ ਲੈਂਟਰ ਖੋਲ੍ਹ ਦਿਤਾ ਗਿਆ ਸੀ ਪਰ ਉਸ ਉਤੇ ਵੀ

ਪਲੱਸਤਰ ਹੋਣਾ ਬਾਕੀ ਸੀ। ਸਪੱਸ਼ਟ ਸੀ ਕਿ ਉਸ ਕੋਲ ਪੈਸੇ ਮੁਕ ਗਏ ਸਨ। ਪਰ ਉਸ ਦੀ ਖ਼ੁਸ਼ੀ ਏਨੇ ਨਾਲ ਵੀ ਸਮਾਈ ਨਹੀਂ ਸੀ ਜਾ ਰਹੀ। ਉਹ ਵਾਰ ਵਾਰ ਦਸਦਾ ਸੀ ਕਿ ਉਸ ਦੇ ਬੀਵੀ ਬੱਚਿਆਂ ਨੂੰ ਮੀਂਹ ਕਣੀ ਤੇ ਹਨੇਰੀਆਂ ਹੁਣ ਤੰਗ ਨਹੀਂ ਕਰ ਸਕਣਗੀਆਂ। ਨਾਲ ਦੇ ਸਾਰੇ ਤਾਂ ਕੱਚੇ ਢਾਰਿਆਂ ਕਾਰਨ ਅਜਿਹੇ ਸਮਿਆਂ ਤੇ ਬਹੁਤ ਤੰਗ ਹੋ ਜਾਂਦੇ ਸਨ ਤੇ ਰੋਟੀ ਟੁਕ ਬਣਾਉਣ ਜਾਂ ਖਾਣ ਦੀ ਵੀ ਉਨ੍ਹਾਂ ਕੋਲ ਥਾਂ ਨਹੀਂ ਸੀ ਹੁੰਦੀ। ਆਂਢੀ ਗੁਆਂਢੀ ਰਿਸ਼ਤੇਦਾਰ ਆਉਂਦੇ ਤੇ ਉਸ ਨੂੰ ਇਕ ਰੁਪਏ ਦਾ ਜਾਂ ਅੱਠ ਆਨੇ (50 ਪੈਸੇ) ਦਾ ਸ਼ਗਨ ਪਾ ਕੇ, ਵਧਾਈ ਦੇਂਦੇ ਚਲਦੇ ਬਣਦੇ। ਉਹ ਵੀ ਉਨ੍ਹਾਂ ਅੱਗੇ ਕੱਚੀ ਲੱਸੀ ਦਾ ਇਕ ਗਲਾਸ ਰੱਖ ਦੇਂਦਾ। ਸਾਡੇ ਲਈ ਜੋਗਾ ਸਿੰਘ ਨੇ ਇਕ ਪਲੇਟ

ਵਿਚ ਬਰਫ਼ੀ ਦੇ 5-6 ਟੁਕੜੇ ਤੇ ਦੋ ਲੱਡੂ ਵਿਸ਼ੇਸ਼ ਤੌਰ ਤੇ ਮੰਗਵਾਏ ਹੋਏ ਸਨ ਤੇ ਬੰਟੇ ਵਾਲੀ ਇਕ ਬੋਤਲ ਖੋਲ੍ਹ ਕੇ, ਥੋੜੀ ਥੋੜੀ ਤਿੰਨ ਗਲਾਸਾਂ ਵਿਚ ਵੰਡ ਕੇ, ਸਾਡੇ ਅੱਗੇ ਰੱਖ ਦਿਤੀ ਸੀ। ਜਦ ਪਿਤਾ ਜੀ ਵਿਦਾਈ ਲੈਣ ਲਈ ਉਠੇ ਤਾਂ ਉਨ੍ਹਾਂ ਨੇ ਜੇਬ ਵਿਚੋਂ ਸੌ ਰੁਪਿਆਂ ਦੀ ਇਕ ਇਕ ਰੁਪਏ ਵਾਲੀ ਦੱਥੀ ਕੱਢੀ ਤੇ ਜੋਗਾ ਸਿੰਘ ਦੀ ਤਲੀ ਤੇ ਰਖਦੇ ਹੋਏ ਬੋਲੇ, ''ਸ਼ਾਬਾਸ਼ ਜੋਗਾ ਸਿੰਘ, ਇਸੇ ਤਰ੍ਹਾਂ ਮਿਹਨਤ ਕਰਦਾ ਰਹਿ, ਰੱਬ ਤੇਰੇ ਸੱਭ ਸੁਪਨੇ ਪੂਰੇ ਕਰੇਗਾ। ਕਮਰੇ ਨੂੰ ਪਲੱਸਤਰ ਕਰਵਾ ਲੈ। ਜਿੰਨੇ ਪੈਸੇ ਘਟੇ, ਮੈਂ ਦੇ ਦਿਆਂਗਾ।''ਜੋਗਾ ਸਿੰਘ ਰੋ ਪਿਆ ਤੇ ਉਪਰ ਵਲ ਮੂੰਹ ਕਰ ਕੇ ਬੋਲਿਆ, ''ਓਇ ਰੱਬਾ ਮੈਨੂੰ ਮਾਫ਼ ਕਰੀਂ, ਮੈਂ ਕਹਿੰਦਾ ਸੀ, ਤੂੰ ਗ਼ਰੀਬਾਂ ਦੇ ਘਰ ਨਹੀਂ ਆਉਂਦਾ। ਨਹੀਂ

ਨਹੀਂ ਤੂੰ ਆਊਂਦੈਂ, ਜ਼ਰੂਰ ਆਉਂਦੈਂ ਪਰ ਪਤਾ ਨਹੀਂ ਲਗਦਾ ਕਿਸ ਰੂਪ ਵਿਚ ਆਵੇਂਗਾ।''ਪਿਤਾ ਜੀ ਨੇ ਜੋਗਾ ਸਿੰਘ ਨੂੰ ਜੱਫ਼ੀ ਵਿਚ ਲੈ ਲਿਆ ਤੇ ਉਸ ਨੂੰ ਡਟੇ ਰਹਿਣ ਲਈ ਪ੍ਰੇਰਿਆ। ਮਹੀਨੇ ਵਿਚ  ਹੀ ਉਸ ਦਾ ਘਰ ਪਲੱਸਤਰ ਨਾਲ ਚਮਕਣ ਲੱਗ ਪਿਆ। ਭਲੇ ਦਿਨ ਸਨ। ਸੀਮਿੰਟ ਦੀ ਇਕ ਬੋਰੀ ਵੀ ਚਾਰ-ਪੰਜ ਰੁਪਏ ਵਿਚ ਆ ਜਾਂਦੀ ਸੀ। ਸ਼ਗਨਾਂ ਦੇ ਪੈਸਿਆਂ ਨਾਲ ਹੀ ਜੋਗਾ ਸਿੰਘ ਦਾ ਘਰ ਮੁਕੰਮਲ ਹੋ ਕੇ ਸੜਕ ਉਤੇ, ਟੀਨ ਦੀਆਂ ਛੱਤਾਂ ਵਾਲੇ ਢਾਰਿਆਂ ਸਾਹਮਣੇ ਚਮਕਾਂ ਮਾਰਨ ਲੱਗ ਪਿਆ।
ਬਚਪਨ ਦੀ ਇਹ ਭੁੱਲੀ ਵਿਸਰੀ ਯਾਦ ਇਹ ਸੋਚਦਿਆਂ ਆ ਗਈ ਕਿ ਜਿਵੇਂ ਜੋਗਾ ਸਿੰਘ ਦਾ ਮਕਾਨ, ਅਖ਼ੀਰ ਤੇ ਆ ਕੇ, ਸ਼ਗਨਾਂ ਤੇ ਨਿਉਂਦਰਿਆਂ ਦੇ ਪੈਸੇ ਨਾਲ ਹੀ

ਮੁਕੰਮਲ ਹੋ ਗਿਆ ਸੀ, ਜੇ ਸਪੋਕਸਮੈਨ ਦੇ ਸਾਰੇ ਪਾਠਕ ਤੇ ਉੱਚਾ ਦਰ ਦੇ ਸਾਰੇ ਮੈਂਬਰ, ਉੱਚਾ ਦਰ ਦਾ 90% ਤੋਂ ਵੱਧ ਕੰਮ ਪੂਰਾ ਹੋ ਜਾਣ ਤੇ ਇਸ ਨੂੰ ਸ਼ਗਨ ਅਤੇ ਨਿਉਂਦਰਾ ਹੀ ਖੁਲ੍ਹੇ ਦਿਲ ਨਾਲ ਦੇ ਦੇਣ ਤਾਂ 'ਉੱਚਾ ਦਰ' ਦਾ ਬਾਕੀ 10% ਕੰਮ ਵੀ ਪੂਰਾ ਹੋ ਸਕਦਾ ਹੈ ਤੇ ਮਾਨਵਤਾ ਨੂੰ ਬਾਬੇ ਨਾਨਕ ਦਾ ਸੰਦੇਸ਼ ਵੀ ਮਿਲਣਾ ਸ਼ੁਰੂ ਹੋ ਜਾਏਗਾ। ਮੈਂ ਜਾਂ ਕੋਈ ਵੀ ਹੋਰ ਵਿਅਕਤੀ 'ਉੱਚਾ ਦਰ' ਦਾ ਮਾਲਕ ਨਹੀਂ ਅਤੇ ਇਹ ਇਕ ਕੌਮੀ ਜਾਇਦਾਦ ਹੈ, ਇਸ ਲਈ ਮੈਂ ਸਾਰੇ ਪਾਠਕਾਂ ਤੋਂ ਸ਼ਗਣ ਤੇ ਨਿਉਂਦਰਾ ਮੰਗਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ।

ਆਉ ਅਗਲੇ ਐਤਵਾਰ 22 ਜੁਲਾਈ ਨੂੰ ਸ਼ਗਣਾਂ ਤੇ ਨਿਉਂਦਰਿਆਂ ਨਾਲ ਭਾਈ ਲਾਲੋਆਂ ਵਲੋਂ ਉਸਾਰੇ ਇਸ ਅਜੂਬੇ ਦੀਆਂ ਝੋਲੀਆਂ ਭਰ ਦਿਉ ਤਾਕਿ ਤੁਹਾਡੇ ਸਾਡੇ ਸੱਭ ਦੇ ਸੁਪਨੇ, ਏਨੇ ਨਾਲ ਹੀ ਪੂਰੇ ਹੋ ਜਾਣ। ਜਿਹੜੇ ਨਹੀਂ ਆ ਸਕਦੇ, ਉਹ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ ਨਾਂ ਦੇ ਚੈੱਕ/ਬੈਂਕ ਡਰਾਫ਼ਟ ਰਾਹੀਂ ਏਨੇ ਜ਼ਿਆਦਾ ਸ਼ਗਣ ਭੇਜ ਦੇਣ ਕਿ ਉਨ੍ਹਾਂ ਨੂੰ ਵੇਖ ਕੇ, ਜੋਗਾ ਸਿੰਘ ਵਾਂਗ ਹੀ 'ਉਚਾ ਦਰ' ਦੇ ਪ੍ਰਬੰਧਕਾਂ ਦੀਆਂ ਅੱਖਾਂ ਵਿਚ ਵੀ ਸ਼ੁਕਰਾਨੇ ਦੇ ਅਥਰੂ ਆ ਜਾਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement