
ਲੱਖਾਂ ਸਮਝਦਾਰ ਸਿੱਖ ਤਾਂ ਪਹਿਲਾਂ ਹੀ ਨਿਰਾਸ਼ ਹੋਏ ਬੈਠੇ ਨੇ...
ਪਿਛਲੇ ਹਫ਼ਤੇ, ਅਪਣੀ ਨਿਜੀ ਡਾਇਰੀ ਵਿਚ ਮੈਂ ਕੌਮ ਦਾ ਧਿਆਨ ਇਸ ਗੱਲ ਵਲ ਦਿਵਾਇਆ ਸੀ ਕਿ ਜੇ ਅਕਾਲ ਤਖ਼ਤ ਦੇ ਨਾਂ ’ਤੇ ਪੁਜਾਰੀ ਸ਼ੇ੍ਰਣੀ ਨੂੰ ਵਿਦਵਾਨਾਂ, ਪੱਤਰਕਾਰਾਂ ਤੇ ਇਤਿਹਾਸਕਾਰਾਂ ਦੀਆਂ ਕਲਮਾਂ ਉਤੇ ਅਪਣਾ ‘ਕਰਫ਼ੀਊ’ ਲਗਾਉਣ ਦੀ ਖੁਲ੍ਹ ਦਿਤੀ ਰੱਖੀ ਤਾਂ ਇਹ ਲੋਕ ਕਲਮਾਂ ਸੁਟ ਕੇ ਟਰੱਕ ਚਲਾ ਲੈਣਗੇ ਪਰ ਪੁਜਾਰੀ ਸ਼ੇ੍ਰਣੀ ਨੂੰ ਇਹ ਹੱਕ ਨਹੀਂ ਦੇਣਗੇ ਕਿ ਉਹ ਇਨ੍ਹਾਂ ਨੂੰ ਜ਼ਲੀਲ ਕਰਨਾ ਜਾਰੀ ਰੱਖੇ। ਮੈਂ ਕੁੱਝ ਮਿਸਾਲਾਂ ਦਿਤੀਆਂ ਸਨ ਕਿ ਕਿਵੇਂ ਕਈ ਵਿਦਵਾਨ, ਪੁਜਾਰੀਆਂ ਤੋਂ ਅਪਣਾ ਕਸੂਰ ਪੁਛਦੇ ਪੁਛਦੇ ਹੀ ਮਰ ਗਏ ਪਰ ਪੁਜਾਰੀ ਟੱਸ ਤੋਂ ਮੱਸ ਨਾ ਹੋਏ! ਮੈਨੂੰ ਖ਼ੁਸ਼ੀ ਹੈ ਕਿ ਮੇਰੀ ਡਾਇਰੀ ਨੇ ਇਸ ਵਿਸ਼ੇ ਤੇ ਦੇਸ਼-ਵਿਦੇਸ਼ ਵਿਚ ਜ਼ਬਰਦਸਤ ਚਰਚਾ ਛੇੜੀ ਰੱਖੀ।
ਇਸ ਸਬੰਧ ਵਿਚ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਦਾ ਬਿਆਨ ਵੀ ਉਹ ਸੱਚ ਬਿਆਨ ਕਰ ਗਿਆ ਜਿਸ ਦਾ ਪਤਾ ਤਾਂ ਸੱਭ ਨੂੰ ਹੈ ਪਰ ਜਿਸ ਦਾ ਚਸ਼ਮ ਦੀਦ ਗਵਾਹ ਜਦ ਇਸ ਨੂੰ ਬਿਆਨ ਕਰਦਾ ਹੈ ਤਾਂ ਗੱਲ ਦੀ ਗੰਭੀਰਤਾ ਹੋਰ ਵੀ ਵੱਧ ਜਾਂਦੀ ਹੈ। ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਦਸਿਆ ਕਿ ਹਰਿਆਣੇ ਦੇ ਅਕਾਲੀ ਆਗੂਆਂ ਦੀਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝੀਂਡਾ ਨੂੰ ਕਿਵੇਂ ਪੁਜਾਰੀਆਂ ਨੂੰ ਹੁਕਮ ਦੇ ਕੇ ਛੇਕਵਾਇਆ ਗਿਆ ਸੀ। ਸ. ਬਲਵੰਤ ਸਿੰਘ ਰਾਮੂਵਾਲੀਆ ਦਾ ਬਿਆਨ ਹੀ ਦੁਬਾਰਾ ਪੜ੍ਹ ਲਉ :
‘‘ਮੈਂ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਸੀ ਜਦ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੜੀ ਅਭੱਦਰ ਤੇ ਅਸਭਿਅਕ ਭਾਸ਼ਾ ਅਤੇ ਸਖ਼ਤ ਸ਼ਬਦਾਵਲੀ ਵਰਤਦਿਆਂ ਹੁਕਮ ਦਿਤਾ ਕਿ ਦੀਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝੀਂਡਾ ਨੂੰ ਸਿੱਖੀ ਵਿਚੋਂ ਖ਼ਾਰਜ ਕਰਨ ਵਾਲਾ ਹੁਕਮਨਾਮਾ ਜਾਰੀ ਕਰ ਦਿਉ। ‘ਜਥੇਦਾਰ’ ਨੇ ਜਵਾਬ ਦਿਤਾ ਕਿ ਦੂਜੇ ਤਖ਼ਤਾਂ ਦੇ ਜਥੇਦਾਰਾਂ ਦੇ ਦਸਤਖ਼ਤਾਂ ਬਿਨਾਂ ਹੁਕਮਨਾਮਾ ਜਾਰੀ ਕਰਨਾ ਸੰਭਵ ਨਹੀਂ। ਅਨੇਕਾਂ ਅਕਾਲੀ
ਆਗੂਆਂ ਦੀ ਹਾਜ਼ਰੀ ਵਿਚ ਸੁਖਬੀਰ ਸਿੰਘ ਬਾਦਲ ਨੇ ਗਰਜ ਕੇ ਕਿਹਾ, ‘‘ਮਰੋ, ਦੂਜੇ ਜਥੇਦਾਰਾਂ ਦੇ ਦਸਤਖ਼ਤ ਫਿਰ ਹੋ ਜਾਣਗੇ। ਜਲਦੀ ਨਾਲ ਨਲਵੀ ਅਤੇ ਝੀਂਡਾ ਨੂੰ ਪੰਥ ਵਿਚੋਂ ਛੇਕਣ ਵਾਲੇ ਹੁਕਮਨਾਮੇ ਬਾਰੇ ਅਖ਼ਬਾਰਾਂ ਨੂੰ ਖ਼ਬਰ ਭੇਜ ਦਿਉ।’’ .... ਜਦ ਮੈਂ ਸੁਖਬੀਰ ਬਾਦਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਲਵੀ ਤੇ ਝੀਂਡਾ ਦੇ ਵੱਡੇ ਵਡੇਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ, ਪੀੜ੍ਹੀ ਦਰ ਪੀੜ੍ਹੀ ਸਾਰਾ ਪ੍ਰਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਨੂੰ ਸਿੱਖੀ ਵਿਚੋਂ ਖ਼ਾਰਜ ਨਾ ਕਰੋ.... ਤਾਂ ਸੁਖਬੀਰ ਬੋਲਿਆ, ‘‘ਰਾਮੂਵਾਲੀਆ ਤੂੰ ਚੁੱਪ ਕਰ ਜਾ।’’ ਮੈਂ ਚੁੱਪ ਕਰ ਗਿਆ ਤੇ ਹੋਰ ਕਿਸੇ ਅਕਾਲੀ ਆਗੂ ਨੇ ਕੁਸਕਣ ਦੀ ਜੁਰਅਤ ਤਕ ਨਾ ਕੀਤੀ।’’
ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਬਿਆਨ ਵਿਚ ਇਹ ਵੀ ਦਸਿਆ ਕਿ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਪੋਪ ਵਲੋਂ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਲੀਡਰਾਂ ਦੀ ਹਮਾਇਤ ਵਿਚ ਬਿਆਨ ਜਾਰੀ ਕਰਨ ਦੀ ਇਕ ਵੀ ਮਿਸਾਲ ਪੜ੍ਹਨ ਜਾਂ ਸੁਣਨ ਨੂੰ ਨਹੀਂ ਮਿਲਦੀ। ਮੱਕੇ ਮਦੀਨੇ ਦੇ ਰਹਿਬਰੇ ਆਲਮ ਨੇ ਵੀ ਇਸ ਤਰ੍ਹਾਂ ਦਾ ਕਦੇ ਕੋਈ ਹੁਕਮ ਨਹੀਂ ਸੁਣਾਇਆ ਪਰ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਕਦਰ ਏਨੀ ਘਟਾ ਕੇ ਰੱਖ ਦਿਤੀ ਹੈ ਕਿ ਤਾਸ਼ ਦੇ ਪੱਤੇ ਤਾਂ 52 ਹਨ ਪਰ ਇਨ੍ਹਾਂ ਜਥੇਦਾਰਾਂ ਦੇ ਹੁਕਮਨਾਮੇ 552 ਕਹੇ ਜਾ ਸਕਦੇ ਹਨ। ਸ. ਰਾਮੂਵਾਲੀਆ ਨੇ ਜਥੇਦਾਰ ਨੂੰ ਨਸੀਹਤ ਦਿਤੀ ਕਿ ਉਹ ਬਾਦਲ ਨੂੰ ਅਕਾਲ ਤਖ਼ਤ ਤੇ ਸੱਦ ਕੇ ਪੁੱਛਣ ਕਿ ਉਨ੍ਹਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਕਿਉਂ ਦਿਵਾਈ ਆਦਿ ਆਦਿ। ਸੁਖਬੀਰ ਬਾਦਲ ਨੇ ਰਾਮੂਵਾਲੀਆ ਦੇ ਬਿਆਨ ਨੂੰ ਗ਼ਲਤ ਨਹੀਂ ਆਖਿਆ।
Sukhbir Badal and Parkash Singh Badal
ਸ. ਰਾਮੂਵਾਲੀਆ ਦਾ ਇਹ ਬਿਆਨ ਬੜਾ ਮਹੱਤਵਪੂਰਨ ਹੈ ਕਿ ਜਿਨ੍ਹਾਂ ਪੁਜਾਰੀਆਂ ਨੂੰ, ਸਿਆਸੀ ਲੀਡਰ, ਲੋਕਾਂ ਸਾਹਮਣੇ ‘ਇਲਾਹੀ ਹੁਕਮਨਾਮੇ ਜਾਰੀ ਕਰਨ ਵਾਲੇ’ ਦਸਦੇ ਹਨ ਤੇ ਉਨ੍ਹਾਂ ਦੇ ਹਰ ਹੁਕਮਨਾਮੇ ਅੱਗੇ ਸਿਰ ਝੁਕਾ ਦੇਣ ਦੀ ਪ੍ਰੇਰਨਾ ਕਰਦੇ ਹਨ, ਪਰਦੇ ਪਿੱਛੇ ਉਨ੍ਹਾਂ ਨੂੰ ‘ਅਭੱਦਰ, ਅਸਭਿਅਕ ਤੇ ਸਖ਼ਤ’ ਭਾਸ਼ਾ ਵਰਤ ਕੇ ਮਨ-ਮਰਜ਼ੀ ਦੇ ਹੁਕਮਨਾਮੇ ਉਨ੍ਹਾਂ ਕੋਲੋਂ ਜਬਰੀ ਜਾਰੀ ਕਰਵਾਉਂਦੇ ਹਨ। ਮੈਂ ਖ਼ੁਦ ਇਸ ਗੱਲ ਦਾ ਗਵਾਹ ਹਾਂ ਕਿ ਜਿਹੜੇ ਸਿਆਸਤਦਾਨ ਸਟੇਜਾਂ ਤੋਂ ਮੈਨੂੰ ‘ਹੁਕਮਨਾਮੇ’ ਅੱਗੇ ਸਿਰ ਝੁਕਾ ਦੇਣ ਲਈ ਕਹਿੰਦੇ ਸਨ, ਉਹ ਮੇਰੇ ਕੋਲ ਆ ਕੇ ਜਥੇਦਾਰਾਂ ਲਈ ਬੜੀ ਹੀ ਘਟੀਆ ਸ਼ਬਦਾਵਲੀ (ਨੰਗੀਆਂ ਗਾਲ੍ਹਾਂ) ਵਰਤ ਕੇ ਕਹਿੰਦੇ ਸਨ, ‘‘ਇਹ ਕੋਈ ਬੰਦੇ ਨੇ? ਮੂਰਖ ਜਹੇ ਬੰਦੇ, ਸਮਝਦੇ ਹੀ ਨਹੀਂ ਕਿ ਕਿਸੇ ਹੋਰ ਦੀ ਵੀ ਇੱਜ਼ਤ ਹੁੰਦੀ ਏ। ਆਪਾਂ ਛੇਤੀ ਹੀ ਇਨ੍ਹਾਂ ਨੂੰ ਬੰਦੇ ਬਣਾ ਦੇਵਾਂਗੇ, ਤੁਸੀ ਫ਼ਿਕਰ ਨਾ ਕਰੋ।’’ ਮੈਂ ਸਗੋਂ ਕਹਿੰਦਾ ਸੀ ਨਹੀਂ, ਹੁਣ ਜੇ ਅਕਾਲ ਤਖ਼ਤ ’ਤੇ ਬਿਠਾ ਹੀ ਦਿਤੇ ਜੇ ਤਾਂ ਅਹੁਦੇ ਦਾ ਸਤਿਕਾਰ ਤਾਂ ਰਖਣਾ ਚਾਹੀਦੈ....।
ਸੋ ਵਿਚਾਰੇ ‘ਜਥੇਦਾਰ’ ਆਪ ਸਿਆਸੀ ਲੋਕਾਂ ਹੱਥੋਂ ਜ਼ਲਾਲਤ ਸਹਿ ਚੁੱਕਣ ਮਗਰੋਂ ਤੇ ਉਨ੍ਹਾਂ ਦੇ ਹੁਕਮ ਮੰਨ ਕੇ ਹੁਕਮਨਾਮੇ ਜਾਰੀ ਕਰਨ ਮਗਰੋਂ, ਲੇਖਕਾਂ, ਵਿਦਵਾਨਾਂ ਤੇ ਹੋਰ ਪੇਸ਼ ਹੋਣ ਵਾਲਿਆਂ ਨੂੰ ਜ਼ਲੀਲ ਕਰ ਕੇ ਸ਼ਾਇਦ ਸਿਆਸਤਦਾਨਾਂ ਹੱਥੋਂ ਅਪਣੀ ਹੋਈ ਜ਼ਲਾਲਤ ਦਾ ਬਦਲਾ ਹੀ ਲੈ ਰਹੇ ਹੁੰਦੇ ਨੇ। ਪਾਠਕ ਪੁੱਛਣਗੇ, ਮੈਂ ਅਪਣੇ ਤਜਰਬੇ ਦੀ ਵਾਰਤਾ, ਰਾਮੂਵਾਲੀਆ ਵਾਂਗ, ਪਹਿਲਾਂ ਕਿਉਂ ਨਹੀਂ ਕਦੇ ਲਿਖੀ? ਇਸ ਲਈ ਨਹੀਂ ਸੀ ਲਿਖੀ ਕਿਉਂਕਿ ਮੈਂ ਸਮਝਦਾ ਸੀ, ਸਿਆਸਤਦਾਨਾਂ ਨੇ ਸ਼ਾਇਦ ਮੈਨੂੰ ਖ਼ੁਸ਼ ਕਰਨ ਲਈ, ਇਸ ਤਰ੍ਹਾਂ ਦੇ ‘ਅਸਭਿਅਕ’ ਫ਼ਿਕਰੇ, ਵੇਗ ਵਿਚ ਆ ਕੇ ਬੋਲ ਦਿਤੇ ਹੋਣਗੇ ਜਿਨ੍ਹਾਂ ਨੂੰ ਜਨਤਕ ਨਹੀਂ ਕਰਨਾ ਚਾਹੀਦਾ। ਪਰ ਸ. ਬਲਵੰਤ ਸਿੰਘ ਰਾਮੂਵਾਲੀਆ ਦਾ ਬਿਆਨ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਪਾਰਟੀ ਦੀ ਭਰੀ ਮੀਟਿੰਗ ਵਿਚ, ਸੱਭ ਦੇ ਸਾਹਮਣੇ, ਬੜੀ ਅਸਭਿਅਕ ਭਾਸ਼ਾ ਵਿਚ ‘ਜਥੇਦਾਰਾ’ ਨੂੰ ਜ਼ਲੀਲ ਕੀਤਾ ਜਾਂਦਾ ਹੈ ਤੇ ਬੜੀ ਮਾੜੀ ਭਾਸ਼ਾ ਵਰਤ ਕੇ ਉਨ੍ਹਾਂ ਕੋਲੋਂ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ।
ਸੋ ਜੇ ਸੈਂਕੜੇ ਨਹੀਂ ਤਾਂ ਦਰਜਨਾਂ ਲੀਡਰ, ਇਸ ‘ਅਸਭਿਅਕ’ ਵਿਉਹਾਰ ਦੇ ਚਸ਼ਮਦੀਦ ਗਵਾਹ ਜ਼ਰੂਰ ਹਨ ਪਰ ਅਪਣੇ ਨਿਜੀ ਫ਼ਾਇਦੇ ਵਿਚਾਰ ਕੇ, ਚੁੱਪ ਵੱਟੀ ਰਖਦੇ ਹਨ। ਨਹੀਂ ਜਾਣਦੇ ਕਿ ਇਸ ਤਰ੍ਹਾਂ ਕਰ ਕੇ ਉਹ ਅਕਾਲ ਤਖ਼ਤ ਨੂੰ ਖ਼ਤਮ ਕਰਨ ਦੀ ਨੀਂਹ ਰੱਖ ਰਹੇ ਹਨ। ਪਰਦੇ ਪਿਛੇ ਰੱਜ ਕੇ ਉਨ੍ਹਾਂ ਨੂੰ ਜ਼ਲੀਲ ਕਰੋ ਤੇ ਬਾਹਰ ਆ ਕੇ ਆਖੋ, ਇਨ੍ਹਾਂ ਦੇ ਹੁਕਮਨਾਮੇ ਹਰ ਸਿੱਖ ਲਈ ਮੰਨਣੇ ਲਾਜ਼ਮੀ ਹਨ। ਇਹ ਦੋਗਲੀ ਨੀਤੀ, ਕਿਸੇ ਵੀ ਸੰਸਥਾ ਨੂੰ ਖ਼ਤਮ ਕਰਨ ਵਾਲੀ ਨੀਤੀ ਹੈ - ਅਕਾਲ ਤਖ਼ਤ ’ਤੇ ਵੀ ਲਾਗੂ ਹੋਣੀ ਹੀ ਹੋਣੀ ਹੈ।
ਪਰ ਇਕ ਸਵਾਲ ‘ਜਥੇਦਾਰਾਂ’ ਤੋਂ ਵੀ ਪੁਛਣਾ ਬਣਦਾ ਹੈ ਕਿ ਆਖ਼ਰ ਉਹ ਏਨੀ ‘ਜ਼ਲਾਲਤ’ ਸਹਿਣ ਲਈ ਤਿਆਰ ਕਿਉਂ ਹੋ ਜਾਂਦੇ ਹਨ? ਉਨ੍ਹਾਂ ਵਿਚ ਮਰਦਊਪੁਣਾ, ਅਣਖ ਤੇ ਸਵੈ-ਮਾਣ ਨਾਂ ਦੀ ਚੀਜ਼ ਕਿਥੇ ਉਡ ਪੁਡ ਜਾਂਦੀ ਹੈ? ਪੱਤਰਕਾਰ ਚਰਨਜੀਤ ਸਿੰਘ ਗਵਾਹ ਹੈ, ਅੰਮ੍ਰਿਤਸਰ ਤੋਂ ਉਸ ਦਾ ਟੈਲੀਫ਼ੋਨ ਆਇਆ ਕਿ ਜੋਗਿੰਦਰ ਸਿੰਘ ਵੇਦਾਂਤੀ ਕਹਿੰਦਾ ਹੈ, ਬਿਨਾਂ ਪੇਸ਼ ਹੋਏ, 24 ਘੰਟੇ ਵਿਚ ਮੇਰੇ ਵਿਰੁਧ ਹੁਕਮਨਾਮਾ ਉਹ ਖ਼ਤਮ ਕਰਵਾ ਸਕਦਾ ਹੈ, ਇਸ ਲਈ ਜੇ ਮੈਂ ਇਹ ਚਾਹੁੰਦਾ ਹਾਂ ਤਾਂ ਵੇਦਾਂਤੀ ਨੂੰ ਆ ਕੇ ਮਿਲ ਲਵਾਂ। ਮੈਨੂੰ ਦਸਿਆ ਗਿਆ ਕਿ ਵੇਦਾਂਤੀ ਸ਼ਾਇਦ ਪਛਤਾਵਾ ਕਰਨਾ ਚਾਹੁੰਦਾ ਹੈ ਤੇ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋਣ ਮਗਰੋਂ ਆਪ ਬਾਹਰ ਨਹੀਂ ਸੀ ਜਾਂਦਾ ਪਰ ਮੇਰੇ ਅੱਗੇ ਕੁੱਝ ਸ਼ਰਤਾਂ ਰੱਖ ਕੇ ਐਲਾਨ ਕਰਨਾ ਚਾਹੁੰਦਾ ਹੈ ਕਿ ਉਹ ਤਾਂ ਮੇਰੇ ਵਿਰੁਧ ਹੁਕਮਨਾਮਾ ਜਾਰੀ ਕਰਨ ਦਾ ਕੱਟੜ ਵਿਰੋਧੀ ਸੀ ਪਰ ਐਲਾਨ ਕਰਨਾ ਚਾਹੁੰਦਾ ਸੀ ਕਿ ਕਿਸ-ਕਿਸ ਦੀ ਧਮਕੀ ਅੱਗੇ ਝੁਕ ਕੇ ਉਸ ਨੇ ਇਹ ‘ਗੁਨਾਹ’ ਕੀਤਾ ਸੀ।
ਮੈਂ ਜਵਾਬ ਦਿਤਾ ਕਿ ਜੇ ਉਹ ਦਿਲੋਂ ਮਨੋਂ ਹੋ ਕੇ ਸੱਚ ਬੋਲਣਾ ਚਾਹੁੰਦਾ ਹੈ ਤਾਂ ਕੋਈ ਸੌਦੇਬਾਜ਼ੀ ਨਾ ਕਰੇ, ਅਪਣੇ ਆਪ ਸੱਚ ਬੋਲ ਪਵੇ। ਜਦ ਉਹ ਸੱਚ ਬੋਲ ਦੇਵੇਗਾ, ਮੈਂ ਆਪੇ ਉਸ ਨੂੰ ਮਿਲ ਕੇ ਧਨਵਾਦ ਕਰਨ ਆ ਜਾਵਾਂਗਾ। ਮੈਂ ਕਿਹਾ, ਮੈਂ ਅਪਣੀ ਲੜਾਈ ਨਹੀਂ ਲੜ ਰਿਹਾ। ਮੈਨੂੰ ਤਾਂ ਇਹੋ ਜਹੀਆਂ ਪੇਸ਼ਕਸ਼ਾਂ ਕਈ ਸਾਲਾਂ ਤੋਂ ਆ ਰਹੀਆਂ ਹਨ। ਪਰ ਮੇਰਾ ਟੀਚਾ ਕੁੱਝ ਹੋਰ ਹੈ - ਕਿ ਸਿਆਸਤਦਾਨਾਂ ਦੇ ਗ਼ੁਲਾਮ ਪੁਜਾਰੀਵਾਦ ਨੂੰ ਸਿੱਖੀ ’ਚੋਂ ਉਸ ਤਰ੍ਹਾਂ ਹੀ ਖ਼ਤਮ ਕੀਤਾ ਜਾਏ ਜਿਵੇਂ ਈਸਾਈਅਤ ਵਿਚੋਂ 500 ਸਾਲ ਪਹਿਲਾਂ ਮਾਰਟਨ ਲੂਥਰ ਨੇ ਪੋਪ ਦੇ ‘ਪੁਜਾਰੀਵਾਦ’ ਨੂੰ ਖ਼ਤਮ ਕਰਨ ਲਈ ਘਾਲਣਾ ਘਾਲੀ ਸੀ।
ਸਿੱਖ ਇਤਿਹਾਸ ਵਿਚ, ਪੁਜਾਰੀਵਾਦ ਵਿਰੁਧ ਲੜਾਈ ਲੜਦਿਆਂ ਜਿੰਨਾ ਨੁਕਸਾਨ ਮੈਨੂੰ ਸਹਿਣਾ ਪਿਆ ਹੈ, ਏਨਾ ਕਿਸੇ ਹੋਰ ਸਿੱਖ ਨੂੰ ਨਹੀਂ ਸਹਿਣਾ ਪਿਆ ਤੇ ਮੈਂ ਇਸ ਗੱਲ ’ਤੇ ਫ਼ਖ਼ਰ ਕਰ ਸਕਦਾ ਹਾਂ। ਝੂਠ ਬੋਲਦੇ ਹਨ ਉਹ ਜੋ ਕਹਿੰਦੇ ਹਨ ਕਿ ਮੈਂ ਅਕਾਲ ਤਖ਼ਤ ਦੀ ਵਡਿਆਈ ਖ਼ਤਮ ਕਰਨਾ ਚਾਹੁੰਦਾ ਹਾਂ। ਨਹੀਂ ਮੈਂ ਸਿਆਸਤਦਾਨਾਂ ਵਲੋਂ ਜ਼ਲੀਲ ਕੀਤੇ ਜਾਂਦੇ ਤੇ ਅਸਭਿਅਕ ਭਾਸ਼ਾ ਵਰਤ ਕੇ ਜਿਸ ਪੁਜਾਰੀਵਾਦ ਕੋਲੋਂ ਜਬਰੀ ਹੁਕਮਨਾਮੇ ਜਾਰੀ ਕਰਵਾ ਕੇ ਭਲੇ ਪੁਰਸ਼ਾਂ ਨੂੰ ਜ਼ਲੀਲ ਕਰਵਾਇਆ ਜਾਂਦਾ ਹੈ, ਉਸ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ ਤੇ ਉਸੇ ਲਈ ਆਪ ਉਨ੍ਹਾਂ ਦੇ ਜਬਰ ਅੱਗੇ ਅਪਣੀ ਛਾਤੀ ਡਾਹੀ ਬੈਠਾ ਹਾਂ ਵਰਨਾ ਮੈਨੂੰ ਤਾਂ ਇਹ ਕਈ ਪ੍ਰਕਾਰ ਦੇ ਵੱਡੇ ਲਾਲਚ ਦੇ ਕੇ ਕਦੋਂ ਦੇ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਮੈਂ ਉਦੋਂ ਤਕ ਅਪਣੀ ਲੜਾਈ ਨਹੀਂ ਛੱਡਾਂਗਾ ਜਦ ਤਕ ਸਿਆਸਤਦਾਨਾਂ ਦਾ ਗ਼ੁਲਾਮ ਪੁਜਾਰੀਵਾਦ, ਅਕਾਲ ਤਖ਼ਤ ਨੂੰ ਆਜ਼ਾਦ ਨਹੀਂ ਕਰ ਦੇਂਦਾ। ਇਹ ਉਹੋ ਜਹੀ ਲੜਾਈ ਹੀ ਹੈ ਜਿਹੜੀ ਅਕਾਲ ਤਖ਼ਤ ਤੇ ਨਿਮਾਣੇ ਸਿੱਖਾਂ (ਕਥਿਤ ਦਲਿਤਾਂ) ਦਾ ਕੜਾਹ ਪ੍ਰਸ਼ਾਦ ਲੈਣ ਤੋਂ ਪੁਜਾਰੀਆਂ ਵਲੋਂ ਕੀਤੇ ਇਨਕਾਰ ਤੋਂ ਬਾਅਦ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਲੜਾਈ ਆਪ ਅੱਗੇ ਹੋ ਕੇ ਲੜੀ ਸੀ ਤੇ ਪੁਜਾਰੀਆਂ ਨੂੰ ਭਜਾ ਕੇ ਹੀ ਸਾਹ ਲਿਆ ਸੀ।
ਪਰ ਪੁਜਾਰੀ ਖ਼ੁਦ ਸਿਆਸਤਦਾਨਾਂ ਹੱਥੋਂ ਜ਼ਲੀਲ ਹੋਣਾ ਪ੍ਰਵਾਨ ਕਿਉਂ ਕਰ ਲੈਂਦੇ ਹਨ? ਕੀ ਉਨ੍ਹਾਂ ਦੀ ਹੁੰਦੀ ‘ਜ਼ਲਾਲਤ’ ਰੋਕੀ ਜਾ ਸਕਦੀ ਤੇ ਅਕਾਲ ਤਖ਼ਤ ਦਾ ਸਨਮਾਨ ਬਹਾਲ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ? ਇਸ ਬਾਰੇ ਅਗਲੇ ਹਫ਼ਤੇ ਵਿਚਾਰ ਕਰਾਂਗੇ।
(ਚਲਦਾ)