
ਜਦ 1947 ਵਿਚ 6 ਸਾਲ ਦੀ ਉਮਰ ਵਿਚ ‘ਨਵੇਂ ਭਾਰਤ’ ਵਿਚ ਪੈਰ ਧਰਿਆ... 75 ਸਾਲਾਂ ਵਿਚ ਅੱਜ ਤਕ ‘‘ਸਾਡੇ ਨਾਲ ਵਿਤਕਰਾ ਕੀਤਾ ਜਾਂਦੈ’’ ....
ਪਾਕਿਸਤਾਨ ਵਿਚ ਮੈਂ ਜਿਥੇ ਜਨਮ ਲਿਆ, ਉਹ ਇਲਾਕਾ, ਇਤਿਹਾਸ ਦੀਆਂ ਕਿਤਾਬਾਂ ਵਿਚ ਤੇ ਪ੍ਰਸਿੱਧ ਲੜਾਈਆਂ ਦੇ ਸੰਸਾਰ ਨਕਸ਼ੇ ਵਿਚ ਤਾਂ ਬੜੀ ਵੱਡੀ ਥਾਂ ਮੱਲੀ ਬੈਠਾ ਹੈ ਕਿਉਂਕਿ ਉਥੇ ਅੰਗਰੇਜ਼ਾਂ-ਸਿੱਖਾਂ ਵਿਚਕਾਰ ਦੂਜੀ ਵੱਡੀ ਲੜਾਈ ਹੋਈ ਸੀ ਜੋ ਇਕੋ ਇਕ ਜੰਗ ਸੀ ਜਿਸ ਬਾਰੇ ਇਕ ਅੰਗਰੇਜ਼ ਕਵੀ ਜਾਰਜ ਮੈਰੀਡਿਥ ਨੇ ਅੰਗਰੇਜ਼ੀ ਕਵਿਤਾ ‘ਚੇਲੀਆਂਵਾਲਾ ਚੇਲੀਆਂਵਾਲਾ’ ਲਿਖੀ ਜੋ ਬਰਤਾਨਵੀ ਅਖ਼ਬਾਰ ‘ਟਾਈਮਜ਼ ਆਫ਼ ਲੰਡਨ’ ਨੇ ਛਾਪੀ ਸੀ ਤੇ ਇਹ ਵੀ ਲਿਖਿਆ ਸੀ ਕਿ ‘‘ਦੁਖ ਵਾਲੀ ਗੱਲ ਹੈ ਕਿ ਲਾਰਡ ਗੱਫ਼ ਚੇਲੀਆਂਵਾਲੇ ਵਿਚ ਸਾਡੇ ਫ਼ੌਜੀਆਂ ਦੀਆਂ ਜਾਨਾਂ ਨਾਲ ਖੇਡ ਰਿਹਾ ਹੈ ਤੇ ਉਸ ਨੂੰ ਇਨ੍ਹਾਂ ਦੀ ਜ਼ਰਾ ਵੀ ਪ੍ਰਵਾਹ ਨਹੀਂ।’’ ਇਸੇ ਤਰ੍ਹਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਰ ਵਿਨਸਟਨ ਚਰਚਲ ਨੇ ਅਪਣੀ ਕਿਤਾਬ ‘ਹਿਸਟਰੀ ਆਫ਼ ਇੰਗਲਿਸ਼ ਸਪੀਕਿੰਗ ਪੀਪਲ’ ਵਿਚ 1857 ਦੇ ਗ਼ਦਰ ਦਾ ਮੁੱਖ ਕਾਰਨ ‘ਚੇਲੀਆਂਵਾਲਾ’ ਦੀ ਲੜਾਈ ਵਿਚ ਅੰਗਰੇਜ਼ਾਂ ਦੀ ਹੋਈ ਦੁਰਗਤ ਨੂੰ ਹੀ ਦਸਿਆ ਜਿਥੇ ਗ਼ਦਰੀ ਲੋਕਾਂ ਦਾ ਮੁੱਖ ਨਾਹਰਾ ਸੀ, ‘‘ਫ਼ਰੰਗੀਆਂ ਨੂੰ ਚੇਲੀਆਂਵਾਲਾ ਯਾਦ ਕਰਵਾ ਦਿਉ’ ਜਾਂ ‘ਚੇਲੀਆਂਵਾਲਾ ਦੁਹਰਾ ਦਿਉ।’
Winston Churchill
ਹਾਂ, ਮੈਂ ਉਸੇ ਚੇਲੀਆਂਵਾਲਾ ਵਿਚ ਪੈਦਾ ਹੋਇਆ ਸੀ, ਪਹਿਲੀ ਮਈ 1941 ਨੂੰ। ਪਰ ਇਹ ਵੀ ਸੱਚ ਹੈ ਕਿ ਸਿੱਖ ਇਤਿਹਾਸ ਨਾਲ ਜੁੜੇ ਏਨੇ ਮਹੱਤਵਪੂਰਨ ਇਲਾਕੇ ਵਿਚ ਸਿੱਖਾਂ ਦਾ ਘਰ ਸਿਰਫ਼ ਇਕ ਹੀ ਸੀ - ਸਿਰਫ਼ ਮੇਰੇ ਪਿਤਾ ਦਾ। ਸਟੇਸ਼ਨ ਮਾਸਟਰ ਵੀ ਇਕ ਸਿੱਖ ਹੀ ਸੀ ਪਰ ਉਹ ਚੇਲੀਆਂਵਾਲੇ ਵਿਚ ਨਹੀਂ ਸੀ ਰਹਿੰਦਾ। ਰੇਲਵੇ ਲਾਈਨ ਦੇ ਪਰਲੇ ਪਾਸੇ ਹਿੰਦੂਆਂ ਦੀ ਇਕ ਕਾਲੋਨੀ ਸੀ ਜਿਥੇ ਕੇਵਲ 70-75 ਹਿੰਦੂ ਪ੍ਰਵਾਰ ਰਹਿੰਦੇ ਸਨ। ਉਥੇ ਵੀ ਕੁੱਝ ਘਰ ਮੁਸਲਮਾਨਾਂ ਦੇ ਉਸਰ ਗਏ ਸਨ। ਬਾਕੀ ਸਾਰਾ ਇਲਾਕਾ ਮੁਸਲਮਾਨਾਂ ਦਾ ਸੀ। ਮੇਰੇ ਪਿਤਾ ਡਾਕਟਰ ਸਨ ਤੇ ਅਪਣੇ ਮਾਪਿਆਂ ਕੋਲੋਂ ਕੋਈ ਪੈਸਾ ਧੇਲਾ ਲਏ ਬਿਨਾਂ ਇਥੇ ਆ ਗਏ ਸਨ ਕਿਉਂਕਿ ਇਥੇ ਖ਼ਰਚੇ ਦਾ ਬਹੁਤਾ ਫ਼ਿਕਰ ਨਹੀਂ ਸੀ ਕਰਨਾ ਪੈਣਾ। ਬਹੁਤ ਸਾਦੇ ਲੋਕ ਸਨ ਤੇ ਸਾਦਾ ਜੀਵਨ ਬਤੀਤ ਕਰਦੇ ਸਨ।
Winston Churchill
ਮੇਰੇ ਪਿਤਾ ਨੇ ਗ਼ਰੀਬਾਂ ਨੂੰ ਮੁਫ਼ਤ ਦਵਾਈ ਦੇਣੀ ਤੇ ਦੂਜੇ ਮਰੀਜ਼ਾਂ ਨੂੰ ਵੀ ਥੋੜ੍ਹੀ ਦਵਾਈ ਨਾਲ ਤੁਰਤ ਆਰਾਮ ਦਿਵਾ ਦੇਣਾ। ਇਲਾਕੇ ਦਾ ਸੱਭ ਤੋਂ ਵੱਡਾ ਜ਼ਿਮੀਦਾਰ ‘ਚੌਧਰੀ ਸਾਹਬ’ ਬੀਮਾਰ ਪੈ ਗਿਆ। ਉਹ ਠੀਕ ਨਾ ਹੋਵੇ। ਮੇਰੇ ਪਿਤਾ ਨੂੰ ਉਸ ਦੇ ਘਰ ਵਾਲੇ ਅਪਣੀ ਹਵੇਲੀ ਵਿਚ ਲੈ ਗਏ। ਪਿਤਾ ਜੀ ਉਸ ਦੀ ਦੇਖ ਪਰਖ ਕਰਨ ਮਗਰੋਂ ਏਨਾ ਹੀ ਬੋਲੇ, ‘‘ਚਾਰ ਦਿਨ ਦੀ ਦਵਾਈ ਦੇ ਚਲਿਆਂ। ਜੇ ਚਾਰ ਦਿਨ ’ਚ ਤੁਸੀ ਠੀਕ ਨਾ ਹੋਏ ਤਾਂ ਮੈਂ ਡਾਕਟਰੀ ਛੱਡ ਦਿਆਂਗਾ।’’ ਉਸ ਵੇਲੇ ਉਨ੍ਹਾਂ ਦੀ ਉਮਰ 25-26 ਸਾਲ ਦੀ ਹੋਵੇਗੀ। ਚਾਰ ਦਿਨਾਂ ਵਿਚ ਚੌਧਰੀ ਸਾਹਿਬ ਸਚਮੁਚ ਠੀਕ ਹੋ ਕੇ ਪੰਜਵੇਂ ਦਿਨ ਆਪ ਦੁਕਾਨ ’ਤੇ ਆ ਗਏ ਤੇ ਮਰੀਜ਼ਾਂ ਦੀ ਭੀੜ ਨੂੰ ਸੰਬੋਧਨ ਕਰ ਕੇ ਕਹਿਣ ਲੱਗੇ, ‘‘ਓਇ ਭਲਿਉ ਲੋਕੋ, ਇਹ ਡਾਕਟਰ ਨਹੀਂ, ਕੋਈ ਮਸੀਹਾ ਜੇ ਤੇ ਇਹਦੇ ਹੱਥ ਵਿਚ ਬੜੀ ਸ਼ਫ਼ਾ ਜੇ। ਮੈਂ ਥਾਂ-ਥਾਂ ਤੋਂ ਇਲਾਜ ਕਰਵਾ ਕੇ ਥੱਕ ਗਿਆ ਸੀ। ਇਸ ਫ਼ਰਿਸ਼ਤੇ ਨੇ ਸ਼ਰਤ ਲਾ ਕੇ ਚਾਰ ਦਿਨ ਵਿਚ ਮੈਨੂੰ ਠੀਕ ਕਰ ਦਿਤੈ। ਅੱਜ ਤੋਂ ਇਹ ਮੇਰਾ ਪੁੱਤਰ ਤੇ ਮੈਂ ਇਸ ਦਾ ਬਾਪ ਪਰ ਸ਼ਰਤ ਇਹ ਐ ਕਿ ਇਹ ਚੇਲੀਆਂਵਾਲਾ ਛੱਡ ਕੇ ਇਥੋਂ ਜਾਏਗਾ ਕਦੇ ਨਹੀਂ। ਇਥੋਂ ਦੇ ਗ਼ਰੀਬਾਂ ਦੀ ਖ਼ਿਦਮਤ ਵਿਚ ਹੀ ਉਮਰ ਗੁਜ਼ਾਰਨੀ ਹੋਵੇਗੀ।’’
Firing
ਮੇਰੇ ਤੋਂ ਬਾਅਦ ਚੇਲੀਆਂਵਾਲੇ ਵਿਚ ਮੇਰੀ ਇਕ ਭੈਣ ਜ਼ਰੂਰ ਪੈਦਾ ਹੋਈ ਸੀ ਪਰ ਹੋਰ ਕੋਈ ਸਿੱਖ ਉਥੇ ਅੱਜ ਤਕ ਪੈਦਾ ਨਹੀਂ ਹੋਇਆ। ਮੇਰੇ ਪਿਤਾ, ਚੌਧਰੀ ਸਾਹਿਬ ਤੋਂ ਬਾਅਦ, ਇਲਾਕੇ ਦੀ ਸੱਭ ਤੋਂ ਵੱਡੀ ਤੇ ਸਤਿਕਾਰਯੋਗ ਹਸਤੀ ਬਣ ਗਏ। ਮੈਂ ਵੀ ਪੰਜ ਸਾਲ ਦੀ ਉਮਰ ਵਿਚ ਸਵੇਰੇ ਦੁਕਾਨ ਅੱਗੇ ਜਾ ਖਲੋਂਦਾ ਤਾਂ ਹਰ ਲੰਘਦਾ ਜਾਂਦਾ ਬੰਦਾ ਮੇਰੀ ਜੇਬ ਵਿਚ ਕੁੱਝ ਨਾ ਕੁੱਝ ਪਾ ਕੇ ਈ ਲੰਘਦਾ। ਅਰਜਨ ਸਿੰਘ ਮੇਰੀ ਇਕ ਜੇਬ ਨੇਜ਼ਿਆਂ (ਚਿਲਗੋਜ਼ਿਆਂ) ਨਾਲ ਤੇ ਦੂਜੀ ਮਲੋਕਾਂ ਨਾਲ ਭਰ ਕੇ ਅਪਣਾ ਕੰਮ ਸ਼ੁਰੂ ਕਰਦਾ। ਠਾਕਰਾ ਹਲਵਾਈ ਹੱਟੀ ਤੇ ਜਾਣ ਤੋਂ ਪਹਿਲਾਂ ਮੇਰੇ ਪਿਤਾ ਦੀ ਦੁਕਾਨ ਸਾਹਮਣੇ ਮੱਥਾ ਟੇਕ ਕੇ ਲੰਘਦਾ ਤੇ ਮੇਰੇ ਮੂੰਹ ਵਿਚ ਬਰਫ਼ੀ ਤੁੰਨ ਕੇ ਹੱਟੀ ’ਤੇ ਜਾਂਦਾ। 5 ਸਾਲ ਦਾ ਹੋਇਆ ਤਾਂ ਮਦਰੱਸੇ ਵਿਚ ਪੜ੍ਹਨੇ ਪਾ ਦਿਤਾ ਗਿਆ। ਉਥੇ ਸਕੂਲ ਕੋਈ ਨਹੀਂ ਸੀ। ਮਸੀਤ ਵਿਚ ਹੀ ਮੌਲਵੀ ਕੋਲੋਂ ਪੜ੍ਹਨਾ ਹੁੰਦਾ ਸੀ।
ਫਿਰ ਅਚਾਨਕ ਇਕ ਦਿਨ ਰੇਲਵੇ ਸਟੇਸ਼ਨ ’ਤੇ ਗੱਡੀ ਨੂੰ ਘੇਰੀ ਬੈਠੇ ਮੁਸਲਿਮ ਲੀਗੀਆਂ ਨੂੰ ਨਾਹਰੇ ਲਾਉਂਦੇ ਸੁਣਿਆ, ‘‘ਖ਼ਿਜ਼ਰੂ ਕੁੱਤਾ ਹਾਏ ਹਾਏ’’, ‘‘ਸਰਕਾਰ ਬਣੇਗੀ ਲੀਗ ਦੀ’’ ਤੇ ‘ਪਾਕਿਸਤਾਨ ਬਣ ਕੇ ਰਹੇਗਾ।’ ਮੈਂ ਜਾਣਨਾ ਚਾਹਿਆ ਕਿ ਇਹ ਕੀ ਕਹਿ ਰਹੇ ਨੇ। ਮੈਨੂੰ ਮਾਪਿਆਂ ਨੇ ਚੁੱਪ ਕਰ ਕੇ ਡੱਬੇ ਅੰਦਰ ਚਲੇ ਜਾਣ ਲਈ ਕਿਹਾ ਤੇ ਹੋਰ ਕੁੱਝ ਨਾ ਬੋਲੇ।